Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:
ਹਰਿ ਹਰਿ ਅਗਮ ਅਗਾਧਿ ਬੋਧਿ ਅਪਰੰਪਰ ਪੁਰਖ ਅਪਾਰੀ
ਸੁਆਮੀ ਵਾਹਿਗੁਰੂ ਪਹੁੰਚ ਤੋਂ ਪਰ੍ਹੇ ਅਥਾਹ ਸਿਆਣਪ ਵਾਲਾ, ਹੱਦ-ਬੰਨਾ ਰਹਿਤ, ਸਰਬ-ਸ਼ਕਤੀਵਾਨ ਅਤੇ ਬੇਅੰਤ ਹੈ।

ਜਨ ਕਉ ਕ੍ਰਿਪਾ ਕਰਹੁ ਜਗਜੀਵਨ ਜਨ ਨਾਨਕ ਪੈਜ ਸਵਾਰੀ ॥੪॥੧॥
ਹੇ ਜਗਤ ਦੀ ਜਿੰਦ ਜਾਨ, ਆਪਣੇ ਗੋਲੇ ਤੇ ਰਹਿਮਤ ਧਾਰ ਅਤੇ ਦਾਸ ਨਾਨਕ ਦੀ ਇਜ਼ਤ ਆਬਰੂ ਰੱਖ।

ਧਨਾਸਰੀ ਮਹਲਾ
ਧਨਾਸਰੀ ਚੌਥੀ ਪਾਤਿਸ਼ਾਹੀ।

ਹਰਿ ਕੇ ਸੰਤ ਜਨਾ ਹਰਿ ਜਪਿਓ ਤਿਨ ਕਾ ਦੂਖੁ ਭਰਮੁ ਭਉ ਭਾਗੀ
ਰੱਬ ਦੇ ਪਵਿੱਤਰ ਪੁਰਸ਼, ਰੱਬ ਦਾ ਸਿਮਰਨ ਕਰਦੇ ਹਨ। ਉਹਨਾਂ ਦਾ ਦੁਖੜਾ, ਸੰਦੇਹ ਅਤੇ ਡਰ ਦੌੜ ਜਾਂਦੇ ਹਨ।

ਅਪਨੀ ਸੇਵਾ ਆਪਿ ਕਰਾਈ ਗੁਰਮਤਿ ਅੰਤਰਿ ਜਾਗੀ ॥੧॥
ਸੁਆਮੀ ਖੁਦ ਹੀ ਆਪਣੀ ਟਹਿਲ ਉਹਨਾਂ ਕੋਲੋਂ ਕਰਵਾਉਂਦਾ ਹੈ ਅਤੇ ਗੁਰਾਂ ਦੇ ਉਪਦੇਸ਼ ਦਾ ਨੂਰ ਉਹਨਾਂ ਦੇ ਅੰਦਰ ਚਮਕਦਾ ਹੈ।

ਹਰਿ ਕੈ ਨਾਮਿ ਰਤਾ ਬੈਰਾਗੀ
ਕੇਵਲ ਉਹ ਹੀ ਸੱਚਾ ਵੈਰਾਗੀ ਹੈ ਜੋ ਪ੍ਰਭੂ ਦੇ ਨਾਮ ਨਾਲ ਰੰਗਿਆ ਹੋਇਆ ਹੈ।

ਹਰਿ ਹਰਿ ਕਥਾ ਸੁਣੀ ਮਨਿ ਭਾਈ ਗੁਰਮਤਿ ਹਰਿ ਲਿਵ ਲਾਗੀ ॥੧॥ ਰਹਾਉ
ਸੁਆਮੀ ਵਾਹਿਗੁਰੂ ਦੀ ਕਥਾਵਾਰਤਾ ਦਾ ਸੁਣਨਾ ਉਸ ਦੇ ਚਿੱਤ ਨੂੰ ਚੰਗਾ ਲੱਗਾਦ ਹੈ ਅਤੇ ਗੁਰਾਂ ਦੇ ਉਪਦੇਸ਼ ਰਾਹੀਂ ਉਸ ਦਾ ਪ੍ਰਭੂ ਨਾਲ ਪ੍ਰੇਮ ਪੈ ਜਾਂਦਾ ਹੈ। ਠਹਿਰਾਓ।

ਸੰਤ ਜਨਾ ਕੀ ਜਾਤਿ ਹਰਿ ਸੁਆਮੀ ਤੁਮ੍ਹ੍ਹ ਠਾਕੁਰ ਹਮ ਸਾਂਗੀ
ਸੁਆਮੀ ਵਾਹਿਗੁਰੂ ਸਾਧ ਸਰੂਪ ਪੁਰਸ਼ਾਂ ਦੀ ਜਾਤ ਹੈ। ਤੂੰ ਮੇਰਾ ਸਾਹਿਬ ਹੈਂ ਅਤੇ ਮੈਂ ਤੇਰੀ ਗੁੱਡੀ ਹਾਂ।

ਜੈਸੀ ਮਤਿ ਦੇਵਹੁ ਹਰਿ ਸੁਆਮੀ ਹਮ ਤੈਸੇ ਬੁਲਗ ਬੁਲਾਗੀ ॥੨॥
ਹੇ ਸੁਆਮੀ! ਮਾਲਕ, ਜੇਹੋ ਜੇਹੀ ਸਮਝ ਤੂੰ ਸਾਨੂੰ ਦਿੰਦਾ ਹੈਂ, ਓਹੋ ਜੇਹੇ ਹੀ ਬਚਨ ਅਸੀਂ ਬੋਲਦੇ ਹਾਂ।

ਕਿਆ ਹਮ ਕਿਰਮ ਨਾਨ੍ਹ੍ਹ ਨਿਕ ਕੀਰੇ ਤੁਮ੍ਹ੍ਹ ਵਡ ਪੁਰਖ ਵਡਾਗੀ
ਅਸੀਂ ਕੀ ਹਾਂ? ਨੰਨ੍ਹੇ ਜਿਹੇ ਕੀੜੇ, ਤੇ ਨਿੱਕਾ ਜਰਾਸੀਮ। ਤੂੰ ਸਾਡਾ ਮਹਾਨ ਵਿਸ਼ਾਲ ਸੁਆਮੀ ਹੈਂ।

ਤੁਮ੍ਹ੍ਹਰੀ ਗਤਿ ਮਿਤਿ ਕਹਿ ਸਕਹ ਪ੍ਰਭ ਹਮ ਕਿਉ ਕਰਿ ਮਿਲਹ ਅਭਾਗੀ ॥੩॥
ਤੇਰੀ ਅਵਸਥਾ ਅਤੇ ਕੀਮਤ ਮੈਂ ਬਿਆਨ ਨਹੀਂ ਕਰ ਸਕਦਾ, ਹੇ ਮੇਰੇ ਸਾਹਿਬ! ਮੈਂ ਨਿਕਰਮਣ ਕਿਸ ਤਰ੍ਹਾਂ ਤੇਰੇ ਨਾਲ ਮਿਲ ਸਕਦਾ ਹਾਂ?

ਹਰਿ ਪ੍ਰਭ ਸੁਆਮੀ ਕਿਰਪਾ ਧਾਰਹੁ ਹਮ ਹਰਿ ਹਰਿ ਸੇਵਾ ਲਾਗੀ
ਹੇ ਵਾਹਿਗੁਰੂ ਸੁਆਮੀ! ਮੇਰੇ ਮਾਲਕ, ਮੇਰੇ ਤੇ ਮਿਹਰ ਕਰ। ਤਾਂ ਜੋ ਮੈਂ ਤੇਰੀ ਟਹਿਲ ਅੰਦਰ ਜੁੜ ਜਾਵਾਂ।

ਨਾਨਕ ਦਾਸਨਿ ਦਾਸੁ ਕਰਹੁ ਪ੍ਰਭ ਹਮ ਹਰਿ ਕਥਾ ਕਥਾਗੀ ॥੪॥੨॥
ਮੇਰੇ ਸੁਆਮੀ ਮੈਨੂੰ ਆਪਣੇ ਗੋਲਿਆਂ ਦਾ ਗੋਲਾ ਬਣਾ ਲੈ। ਮੈਂ ਸਦੀਵ ਹੀ ਈਸ਼ਵਰੀ ਕਥਾ ਵਾਰਤਾ ਉਚਾਰਨ ਕਰਦਾ ਹਾਂ।

ਧਨਾਸਰੀ ਮਹਲਾ
ਧਨਾਸਰੀ ਚੌਥੀ ਪਾਤਿਸ਼ਾਹੀ।

ਹਰਿ ਕਾ ਸੰਤੁ ਸਤਗੁਰੁ ਸਤ ਪੁਰਖਾ ਜੋ ਬੋਲੈ ਹਰਿ ਹਰਿ ਬਾਨੀ
ਸੱਚੇ ਗੁਰਦੇਵ ਜੀ ਸੁਆਮੀ ਦੇ ਸਾਧੂ ਅਤੇ ਸੱਚੇ ਪੁਰਸ਼ ਹਨ ਜੋ ਸੁਆਮੀ ਮਾਲਕ ਦੀ ਗੁਰਬਾਣੀ ਦਾ ਉਚਾਰਨ ਕਰਦੇ ਹਨ।

ਜੋ ਜੋ ਕਹੈ ਸੁਣੈ ਸੋ ਮੁਕਤਾ ਹਮ ਤਿਸ ਕੈ ਸਦ ਕੁਰਬਾਨੀ ॥੧॥
ਜੋ ਕੋਈ ਭੀ ਗੁਰਾਂ ਦੀ ਬਾਣੀ ਨੂੰ ਉਚਾਰਦਾ ਤੇ ਸ੍ਰਵਣ ਕਰਦਾ ਹੈ, ਉਹ ਮੁਕਤ ਹੋ ਜਾਂਦਾ ਹੈ। ਮੈਂ ਉਸ ਤੇ ਹਮੇਸ਼ਾਂ ਬਲਿਹਾਰ ਜਾਂਦਾ ਹਾਂ।

ਹਰਿ ਕੇ ਸੰਤ ਸੁਨਹੁ ਜਸੁ ਕਾਨੀ
ਹੇ ਰੱਬ ਦੇ ਸਾਧੂਓ! ਤੁਸੀਂ ਆਪਣੇ ਕੰਨਾਂ ਨਾਲ ਸਾਹਿਬ ਦੀ ਸਿਫ਼ਤ-ਸ਼ਲਾਘਾ ਸ੍ਰਵਣ ਕਰੋ।

ਹਰਿ ਹਰਿ ਕਥਾ ਸੁਨਹੁ ਇਕ ਨਿਮਖ ਪਲ ਸਭਿ ਕਿਲਵਿਖ ਪਾਪ ਲਹਿ ਜਾਨੀ ॥੧॥ ਰਹਾਉ
ਇਕ ਮੁਹਤ ਤੇ ਛਿਨ ਲਈ ਤੂੰ ਸੁਆਮੀ ਮਾਲਕ ਧਰਮ-ਉਪਦੇਸ਼ ਨੂੰ ਸ੍ਰਵਣ ਕਰ ਅਤੇ ਤੇਰੇ ਸਾਰੇ ਗੁਨਾਹ ਤੇ ਕੁਕਰਮ ਨਾਸ ਹੋ ਜਾਣਗੇ। ਠਹਿਰਾਓ।

ਐਸਾ ਸੰਤੁ ਸਾਧੁ ਜਿਨ ਪਾਇਆ ਤੇ ਵਡ ਪੁਰਖ ਵਡਾਨੀ
ਵੱਡਿਆਂ ਵਿੱਚੋਂ ਪਰਮ ਵੱਡੇ ਹਨ ਉਹ ਪੁਰਸ਼ ਜੋ ਐਹੋ ਜੇਹੇ ਜਗਿਆਸੂ ਤੇ ਨੇਕ ਬੰਦੇ ਨੂੰ ਪ੍ਰਾਪਤ ਕਰਦੇ ਹਨ।

ਤਿਨ ਕੀ ਧੂਰਿ ਮੰਗਹ ਪ੍ਰਭ ਸੁਆਮੀ ਹਮ ਹਰਿ ਲੋਚ ਲੁਚਾਨੀ ॥੨॥
ਮੈਂ ਉਹਨਾਂ ਦੇ ਪੈਰਾਂ ਦੀ ਧੂੜ ਦੀ ਯਾਚਨਾ ਕਰਦਾ ਹਾਂ ਅਤੇ ਮੈਨੂੰ ਤੇਰੀ ਚਾਹ ਲੱਗੀ ਹੋਈ ਹੈ, ਹੇ ਮੇਰੇ ਸੁਆਮੀ ਮਾਲਕ!

ਹਰਿ ਹਰਿ ਸਫਲਿਓ ਬਿਰਖੁ ਪ੍ਰਭ ਸੁਆਮੀ ਜਿਨ ਜਪਿਓ ਸੇ ਤ੍ਰਿਪਤਾਨੀ
ਵਾਹਿਗੁਰੂ ਦਾ ਨਾਮ ਅਤੇ ਸੁਆਮੀ ਮਾਲਕ ਇੱਕ ਫਲਦਾਰ ਪੌਦਾ ਹੈ। ਜੋ ਉਸ ਦਾ ਆਰਾਧਨ ਕਰਦੇ ਹਨ, ਉਹ ਰੱਜ ਜਾਂਦੇ ਹਨ।

ਹਰਿ ਹਰਿ ਅੰਮ੍ਰਿਤੁ ਪੀ ਤ੍ਰਿਪਤਾਸੇ ਸਭ ਲਾਥੀ ਭੂਖ ਭੁਖਾਨੀ ॥੩॥
ਸੁਆਮੀ ਵਾਹਿਗੁਰੂ ਦਾ ਆਬਿ-ਹਿਯਾਤ ਪਾਨ ਕਰਨ ਦੁਆਰਾ ਮੈਂ ਰੱਜ ਗਿਆ ਹਾਂ ਅਤੇ ਮੇਰੀ ਸਾਰੀ ਭੁੱਖ ਤੇ ਤੇਹ ਲਹਿ ਗਈ ਹੈ।

ਜਿਨ ਕੇ ਵਡੇ ਭਾਗ ਵਡ ਊਚੇ ਤਿਨ ਹਰਿ ਜਪਿਓ ਜਪਾਨੀ
ਜਿਨ੍ਹਾਂ ਦੀ ਵਿਸ਼ਾਲ, ਪਰਮ ਵਿਸ਼ਾਲ ਪ੍ਰਾਲਬਧ ਹੈ, ਕੇਵਲ ਓਹੀ ਵਾਹਿਗੁਰੂ ਦਾ ਸਿਮਰਨ ਤੇ ਆਰਾਧਨ ਕਰਦੇ ਹਨ।

ਤਿਨ ਹਰਿ ਸੰਗਤਿ ਮੇਲਿ ਪ੍ਰਭ ਸੁਆਮੀ ਜਨ ਨਾਨਕ ਦਾਸ ਦਸਾਨੀ ॥੪॥੩॥
ਹੇ ਮੇਰੇ ਮਾਲਕ! ਸੁਆਮੀ ਵਾਹਿਗੁਰੂ, ਨੌਕਰ ਨਾਨਕ ਨੂੰ ਉਹਨਾਂ ਦੇ ਜੋੜ-ਮੇਲ ਨਾਲ ਜੋੜ ਦੇ, ਅਤੇ ਉਸ ਨੂੰ ਉਹਨਾਂ ਦੇ ਗੋਲਿਆਂ ਦਾ ਗੋਲਾ ਕਰ ਦੇ।

ਧਨਾਸਰੀ ਮਹਲਾ
ਧਨਾਸਰੀ ਚੌਥੀ ਪਾਤਿਸ਼ਾਹੀ।

ਹਮ ਅੰਧੁਲੇ ਅੰਧ ਬਿਖੈ ਬਿਖੁ ਰਾਤੇ ਕਿਉ ਚਾਲਹ ਗੁਰ ਚਾਲੀ
ਮੈਂ, ਅੰਨ੍ਹਾ ਅਨਜਾਣ ਵਿਕਾਰਾਂ ਦੇ ਪਾਪਾਂ ਵਿੱਚ ਖੱਚਤ ਹੋਇਆ ਹੋਇਆ ਹਾਂ। ਗੁਰਾਂ ਦੇ ਰਸਤੇ ਮੈਂ ਕਿਸ ਤਰ੍ਹਾਂ ਟੁਰ ਸਕਦਾ ਹਾਂ?

ਸਤਗੁਰੁ ਦਇਆ ਕਰੇ ਸੁਖਦਾਤਾ ਹਮ ਲਾਵੈ ਆਪਨ ਪਾਲੀ ॥੧॥
ਅਨੰਦ ਬਖਸ਼ਣਹਾਰ ਸੱਚੇ ਗੁਰੂ ਆਪਣੀ ਰਹਿਮਤ ਕਰਨ ਅਤੇ ਮੈਨੂੰ ਆਪਣੇ ਪੱਲੇ ਨਾਲ ਜੋੜ ਲੈਣ।

ਗੁਰਸਿਖ ਮੀਤ ਚਲਹੁ ਗੁਰ ਚਾਲੀ
ਹੇ ਗੁਰ ਸਿੱਖੋ! ਅਤੇ ਮਿਤਰੋ! ਤੁਸੀਂ ਗੁਰਾਂ ਦੇ ਮਾਰਗ ਟੁਰੋ।

ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ ॥੧॥ ਰਹਾਉ
ਜਿਹੜਾ ਕੁਛ ਗੁਰੂ ਜੀ ਆਖਦੇ ਹਨ, ਉਸ ਨੂੰ ਚੰਗਾ ਸਮਝ ਸਵੀਕਾਰ ਕਰ। ਅਨੋਖੀ ਹੈ ਸੁਆਮੀ ਵਾਹਿਗੁਰੂ ਦੀ ਕਥਾ ਵਾਰਤਾ। ਠਹਿਰਾਓ।

ਹਰਿ ਕੇ ਸੰਤ ਸੁਣਹੁ ਜਨ ਭਾਈ ਗੁਰੁ ਸੇਵਿਹੁ ਬੇਗਿ ਬੇਗਾਲੀ
ਹੇ ਸਾਧੂਓ! ਰੱਬ ਦੇ ਗੋਲਿਓ ਅਤੇ ਭਰਾਓ, ਤੁਸੀਂ ਸਾਰੇ ਇਹ ਸਰਵਣ ਕਰੋ ਤੇ ਤੁਰਤ ਹੀ ਗੁਰਾਂ ਦੀ ਸੇਵਾ ਵਿੱਚ ਜੁਟ ਜਾਓ।

ਸਤਗੁਰੁ ਸੇਵਿ ਖਰਚੁ ਹਰਿ ਬਾਧਹੁ ਮਤ ਜਾਣਹੁ ਆਜੁ ਕਿ ਕਾਲ੍ਹ੍ਹੀ ॥੨॥
ਸੱਚੇ ਗੁਰਾਂ ਦੀ ਘਾਲ ਸੇਵਾ ਨੂੰ ਰੱਬ ਦੇ ਰਾਹ ਦੇ ਤੋਸੇ ਵਜੋਂ ਬੰਨ੍ਹ ਅਤੇ ਅੱਜ ਤੇ ਕੱਲ੍ਹ ਦਾ ਖਿਆਲ ਨਾਂ ਕਰ।

ਹਰਿ ਕੇ ਸੰਤ ਜਪਹੁ ਹਰਿ ਜਪਣਾ ਹਰਿ ਸੰਤੁ ਚਲੈ ਹਰਿ ਨਾਲੀ
ਹੇ ਹਰੀ ਦੇ ਸੰਤੋ! ਤੁਸੀਂ ਰੱਬ ਦੇ ਨਾਮ ਦਾ ਜਾਪ ਕਰੋ। ਵਾਹਿਗੁਰੂ ਦਾ ਬੰਦਾ ਵਾਹਿਗੁਰੂ ਦੇ ਨਾਲ ਤੁਰਦਾ ਹੈ।

ਜਿਨ ਹਰਿ ਜਪਿਆ ਸੇ ਹਰਿ ਹੋਏ ਹਰਿ ਮਿਲਿਆ ਕੇਲ ਕੇਲਾਲੀ ॥੩॥
ਜੋ ਵਾਹਿਗੁਰੂ ਨੂੰ ਸਿਮਰਦੇ ਹਨ, ਉਹ ਵਾਹਿਗੁਰੂ ਵਰਗੇ ਹੋ ਜਾਂਦੇ ਹਨ ਅਤੇ ਕੌਤਕੀ ਤੇ ਖਿਲੰਦੜਾ ਸਾਈਂ ਉਹਨਾਂ ਨੂੰ ਮਿਲ ਪੈਂਦਾ ਹੈ।

ਹਰਿ ਹਰਿ ਜਪਨੁ ਜਪਿ ਲੋਚ ਲੋੁਚਾਨੀ ਹਰਿ ਕਿਰਪਾ ਕਰਿ ਬਨਵਾਲੀ
ਸੁਆਮੀ ਵਾਹਿਗੁਰੂ ਦੇ ਨਾਮ ਉਚਾਰਨ ਕਰਨ ਦੀ ਚਾਹਣਾ ਨੂੰ ਮੈਂ ਲੋਚਦਾ ਹਾਂ। ਹੇ ਜੰਗਲ ਦੇ ਵਾਸੀ ਵਾਹਿਗੁਰੂ! ਮੇਰੇ ਤੇ ਰਹਿਮਤ ਧਾਰ।

ਜਨ ਨਾਨਕ ਸੰਗਤਿ ਸਾਧ ਹਰਿ ਮੇਲਹੁ ਹਮ ਸਾਧ ਜਨਾ ਪਗ ਰਾਲੀ ॥੪॥੪॥
ਮੇਰੇ ਮਾਲਕ, ਮੈਂ ਗੋਲੇ ਨਾਨਕ ਨੂੰ ਸੰਤ-ਸਮਾਗਮ ਨਾਲ ਜੋੜ ਦੇ ਅਤੇ ਨੇਕ ਬੰਦਿਆਂ ਦੇ ਪੈਰਾਂ ਦੀ ਧੂੜ ਬਣਾ ਦੇ।

        


© SriGranth.org, a Sri Guru Granth Sahib resource, all rights reserved.
See Acknowledgements & Credits