Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਲੈ ਫਾਹੇ ਉਠਿ ਧਾਵਤੇ ਸਿ ਜਾਨਿ ਮਾਰੇ ਭਗਵੰਤ ॥੧੦॥  

They take the noose and run around; but rest assured that God shall destroy them. ||10||  

ਲੈ = ਲੈ ਕੇ। ਉਠਿ ਧਾਵਤੇ = ਉਠ ਦੌੜਦੇ ਹਨ। ਸਿ = ਅਜੇਹੇ ਬੰਦੇ, ਐਸੇ ਮਨੁੱਖ। ਜਾਨਿ = ਜਾਣ ਲੈ, ਸਮਝ ਲੈ, ਯਕੀਨ ਰੱਖ। ਮਾਰੇ ਭਗਵੰਤ = ਰੱਬ ਦੇ ਮਾਰੇ ਹੋਏ, ਰੱਬ ਤੋਂ ਬਹੁਤ ਦੂਰ ॥੧੦॥
ਫਾਹੇ ਲੈ ਕੇ (ਦੂਜਿਆਂ ਦੇ ਘਰ ਲੁੱਟਣ ਲਈ) ਤੁਰ ਪੈਂਦੇ ਹਨ, ਪਰ ਯਕੀਨ ਜਾਣੋ ਅਜੇਹੇ ਬੰਦੇ ਰੱਬ ਵਲੋਂ ਮਾਰੇ ਹੋਏ ਹਨ ॥੧੦॥


ਕਬੀਰ ਚੰਦਨ ਕਾ ਬਿਰਵਾ ਭਲਾ ਬੇੜ੍ਹ੍ਹਿਓ ਢਾਕ ਪਲਾਸ  

Kabeer, the sandalwood tree is good, even though it is surrounded by weeds.  

ਬਿਰਵਾ = ਨਿੱਕਾ ਜਿਹਾ ਬੂਟਾ। ਬੇੜ੍ਹ੍ਹਿਓ = ਵੇੜ੍ਹਿਆ ਹੋਇਆ ਘਿਰਿਆ ਹੋਇਆ। ਪਲਾਸ = ਪਲਾਹ, ਛਿਛਰਾ।
ਹੇ ਕਬੀਰ! ਚੰਦਨ ਦਾ ਨਿੱਕਾ ਜਿਹਾ ਭੀ ਬੂਟਾ ਚੰਗਾ ਜਾਣੋ, ਭਾਵੇਂ ਉਹ ਢਾਕ ਪਲਾਹ ਆਦਿਕ ਵਰਗੇ ਰੁੱਖਾਂ ਨਾਲ ਘਿਰਿਆ ਹੋਇਆ ਹੋਵੇ।


ਓਇ ਭੀ ਚੰਦਨੁ ਹੋਇ ਰਹੇ ਬਸੇ ਜੁ ਚੰਦਨ ਪਾਸਿ ॥੧੧॥  

Those who dwell near the sandalwood tree, become just like the sandalwood tree. ||11||  

ਓਇ = ਉਹ ਢਾਕ ਪਲਾਹ ਦੇ ਰੁੱਖ। ਜੁ = ਜੇਹੜੇ ਰੁੱਖ। ਬਸੇ = ਵੱਸਦੇ ਹਨ, ਉੱਗੇ ਹੋਏ ਹਨ। ਪਾਸਿ = ਨੇੜੇ ॥੧੧॥
ਉਹ (ਢਾਕ ਪਲਾਹ ਵਰਗੇ ਨਿਕੰਮੇ ਰੁੱਖ) ਭੀ, ਜੋ ਚੰਦਨ ਦੇ ਨੇੜੇ ਉੱਗੇ ਹੋਏ ਹੁੰਦੇ ਹਨ, ਚੰਦਨ ਹੀ ਹੋ ਜਾਂਦੇ ਹਨ ॥੧੧॥


ਕਬੀਰ ਬਾਂਸੁ ਬਡਾਈ ਬੂਡਿਆ ਇਉ ਮਤ ਡੂਬਹੁ ਕੋਇ  

Kabeer, the bamboo is drowned in its egotistical pride. No one should drown like this.  

ਬਡਾਈ = ਅਹੰਕਾਰ ਵਿਚ, ਉੱਚਾ ਲੰਮਾ ਹੋਣ ਦੇ ਮਾਣ ਵਿਚ। ਬੂਡਿਆ = ਡੁਬਿਆ ਹੋਇਆ ਜਾਣੋ। ਕੋਇ = ਤੁਸੀਂ ਕੋਈ ਧਿਰ। ਇਉ = ਇਸ ਤਰ੍ਹਾਂ। ਮਤ ਡੂਬਹੁ = ਨਾਹ ਡੁੱਬਣਾ।
ਹੇ ਕਬੀਰ! ਬਾਂਸ ਦਾ ਬੂਟਾ (ਉੱਚਾ ਲੰਮਾ ਹੋਣ ਦੇ) ਮਾਣ ਵਿਚ ਡੁੱਬਿਆ ਹੋਇਆ ਹੈ; ਤੁਸੀਂ ਕੋਈ ਧਿਰ ਬਾਂਸ ਵਾਂਗ (ਹਉਮੈ ਵਿਚ) ਨਾਹ ਡੁੱਬ ਜਾਇਓ, ਕਿਉਂਕਿ,


ਚੰਦਨ ਕੈ ਨਿਕਟੇ ਬਸੈ ਬਾਂਸੁ ਸੁਗੰਧੁ ਹੋਇ ॥੧੨॥  

Bamboo also dwells near the sandalwood tree, but it does not take up its fragrance. ||12||  

ਨਿਕਟੇ = ਨੇੜੇ। ਸੁਗੰਧੁ = ਸੁਗੰਧੀ ਵਾਲਾ ॥੧੨॥
ਬਾਂਸ ਭਾਵੇਂ ਚੰਦਨ ਦੇ ਨੇੜੇ ਭੀ ਉੱਗਾ ਹੋਇਆ ਹੋਵੇ, ਉਸ ਵਿਚ ਚੰਦਨ ਵਾਲੀ ਸੁਗੰਧੀ ਨਹੀਂ ਆਉਂਦੀ ॥੧੨॥


ਕਬੀਰ ਦੀਨੁ ਗਵਾਇਆ ਦੁਨੀ ਸਿਉ ਦੁਨੀ ਚਾਲੀ ਸਾਥਿ  

Kabeer, the mortal loses his faith, for the sake of the world, but the world shall not go along with him in the end.  

ਦੀਨੁ = ਮਜ਼ਹਬ, ਧਰਮ। ਸਿਉ = ਦੀ ਖ਼ਤਾਰ, ਵਾਸਤੇ।
ਹੇ ਕਬੀਰ! ਗ਼ਾਫ਼ਲ ਮਨੁੱਖ ਨੇ 'ਦੁਨੀਆ' (ਦੇ ਧਨ-ਪਦਾਰਥ) ਦੀ ਖ਼ਾਤਰ 'ਦੀਨ' ਗਵਾ ਲਿਆ, (ਅਖ਼ੀਰ ਵੇਲੇ ਇਹ) ਦੁਨੀਆ ਭੀ ਮਨੁੱਖ ਦੇ ਨਾਲ ਨਾਹ ਤੁਰੀ।


ਪਾਇ ਕੁਹਾੜਾ ਮਾਰਿਆ ਗਾਫਲਿ ਅਪੁਨੈ ਹਾਥਿ ॥੧੩॥  

The idiot strikes his own foot with the axe by his own hand. ||13||  

ਪਾਇ = ਪੈਰ ਉਤੇ। ਗਾਫਿਲ = ਗ਼ਾਫ਼ਿਲ (ਮਨੁੱਖ) ਨੇ ॥੧੩॥
(ਸੋ) ਲਾ-ਪਰਵਾਹ ਬੰਦੇ ਨੇ ਆਪਣੇ ਪੈਰ ਉਤੇ ਆਪਣੇ ਹੀ ਹੱਥ ਨਾਲ ਕੁਹਾੜਾ ਮਾਰ ਲਿਆ (ਭਾਵ, ਆਪਣਾ ਨੁਕਸਾਨ ਆਪ ਹੀ ਕਰ ਲਿਆ) ॥੧੩॥


ਕਬੀਰ ਜਹ ਜਹ ਹਉ ਫਿਰਿਓ ਕਉਤਕ ਠਾਓ ਠਾਇ  

Kabeer, wherever I go, I see wonders everywhere.  

ਜਹ ਜਹ = ਜਿਥੇ ਜਿਥੇ। ਹਉ = ਮੈਂ। ਕਉਤਕ = ਤਮਾਸ਼ੇ, ਰੰਗ-ਤਮਾਸ਼ੇ। ਠਾਓ ਠਾਇ = ਥਾਂ ਥਾਂ ਤੇ, ਹਰੇਕ ਥਾਂ।
ਹੇ ਕਬੀਰ! ਮੈਂ ਜਿਥੇ ਜਿਥੇ ਗਿਆ ਹਾਂ, ਥਾਂ ਥਾਂ 'ਦੁਨੀਆ' ਵਾਲੇ ਰੰਗ-ਤਮਾਸ਼ੇ ਹੀ (ਵੇਖੇ ਹਨ);


ਇਕ ਰਾਮ ਸਨੇਹੀ ਬਾਹਰਾ ਊਜਰੁ ਮੇਰੈ ਭਾਂਇ ॥੧੪॥  

But without the devotees of the One Lord, it is all wilderness to me. ||14||  

ਸਨੇਹੀ = ਸਨੇਹ ਕਰਨ ਵਾਲਾ, ਪਿਆਰ ਕਰਨ ਵਾਲਾ। ਬਾਹਰਾ = ਬਿਨ, ਬਗੈਰ। ਊਜਰੁ = ਉਜਾੜ ਥਾਂ। ਮੇਰੈ ਭਾਂਇ = ਮੇਰੇ ਭਾ ਦਾ। ਰਾਮ ਸਨੇਹੀ = ਰਾਮ ਨਾਲ ਸਨੇਹ ਕਰਨ ਵਾਲਾ, ਪਰਮਾਤਮਾ ਨਾਲ ਪਿਆਰ ਕਰਨ ਵਾਲਾ ॥੧੪॥
ਪਰ ਮੇਰੇ ਭਾ ਦਾ ਉਹ ਥਾਂ ਉਜਾੜ ਹੈ ਜਿਥੇ ਪਰਮਾਤਮਾ ਨਾਲ ਪਿਆਰ ਕਰਨ ਵਾਲਾ (ਸੰਤ) ਕੋਈ ਨਹੀਂ (ਕਿਉਂਕਿ ਉਥੇ 'ਦੁਨੀਆ' ਹੀ 'ਦੁਨੀਆ' ਵੇਖੀ ਹੈ 'ਦੀਨ' ਦਾ ਨਾਮ-ਨਿਸ਼ਾਨ ਨਹੀਂ) ॥੧੪॥


ਕਬੀਰ ਸੰਤਨ ਕੀ ਝੁੰਗੀਆ ਭਲੀ ਭਠਿ ਕੁਸਤੀ ਗਾਉ  

Kabeer, the dwelling of the Saints is good; the dwelling of the unrighteous burns like an oven.  

ਝੁੰਗੀਆ = ਨਿੱਕੀ ਜਿਹੀ ਝੁੱਗੀ, ਭੈੜੀ ਜਿਹੀ ਕੁੱਲੀ। ਭਲੀ = ਸੋਹਣੀ। ਭਠਿ = ਭੱਠੀ (ਵਰਗਾ)। ਗਾਉ = ਪਿੰਡ। ਕੁਸਤੀ = ਕੁਸੱਤੀ, ਬੇਈਮਾਨ, ਖੋਟਾ ਮਨੁੱਖ।
ਹੇ ਕਬੀਰ! ਸੰਤਾਂ ਦੀ ਭੈੜੀ ਜਿਹੀ ਕੁੱਲੀ ਭੀ (ਮੈਨੂੰ) ਸੋਹਣੀ (ਲੱਗਦੀ) ਹੈ, (ਉਥੇ 'ਦੀਨ' ਵਿਹਾਝੀਦਾ ਹੈ) ਪਰ ਖੋਟੇ ਮਨੁੱਖ ਦਾ ਪਿੰਡ (ਸੜਦੀ) ਭੱਠੀ ਵਰਗਾ (ਜਾਣੋ) (ਉਥੇ ਹਰ ਵੇਲੇ 'ਦੁਨੀਆ' ਦੀ ਤ੍ਰਿਸ਼ਨਾ ਦੀ ਅੱਗ ਬਲ ਰਹੀ ਹੈ)।


ਆਗਿ ਲਗਉ ਤਿਹ ਧਉਲਹਰ ਜਿਹ ਨਾਹੀ ਹਰਿ ਕੋ ਨਾਉ ॥੧੫॥  

Those mansions in which the Lord's Name is not chanted might just as well burn down. ||15||  

ਆਗਿ = ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ ਹੈ; ਜਿਵੇਂ 'ਭਿਜਉ ਸਿਜਉ ਕੰਬਲੀ, ਅਲਹ ਵਰਸਉ ਮੇਹ' ਵਿਚ ਲਫ਼ਜ਼ 'ਭਿਜਉ' ਅਤੇ 'ਵਰਸਉ' ਹਨ)। ਤਿਹ ਧਉਲਹਰ = ਉਸ ਮਹਲ-ਮਾੜੀ ਨੂੰ। ਜਿਹ = ਜਿਸ (ਧਉਲਹਰ) ਵਿਚ। ਕੋ = ਦਾ। ਨਾਉ = ਨਾਮ ॥੧੫॥
ਜਿਸ ਮਹਲ-ਮਾੜੀ ਵਿਚ ਪਰਮਾਤਮਾ ਦਾ ਨਾਮ ਨਹੀਂ ਸਿਮਰੀਦਾ, ਉਸ ਨੂੰ ਪਈ ਅੱਗ ਲੱਗੇ (ਮੈਨੂੰ ਅਜੇਹੇ ਮਹਲ-ਮਾੜੀਆਂ ਦੀ ਲੋੜ ਨਹੀਂ) ॥੧੫॥


ਕਬੀਰ ਸੰਤ ਮੂਏ ਕਿਆ ਰੋਈਐ ਜੋ ਅਪੁਨੇ ਗ੍ਰਿਹਿ ਜਾਇ  

Kabeer, why cry at the death of a Saint? He is just going back to his home.  

ਕਿਆ ਰੋਈਐ = ਰੋਣ ਦੀ ਲੋੜ ਨਹੀਂ, ਕਿਉਂ ਰੋਣਾ ਹੋਇਆ? ਗ੍ਰਿਹਿ = ਘਰ ਵਿਚ। ਅਪੁਨੇ ਗ੍ਰਿਹਿ = ਆਪਣੇ ਘਰ ਵਿਚ, ਉਸ ਘਰ ਵਿਚ ਜੋ ਨਿਰੋਲ ਉਸ ਦਾ ਆਪਣਾ ਹੈ ਜਿਥੋਂ ਉਸ ਨੂੰ ਕੋਈ ਕੱਢੇਗਾ ਨਹੀਂ। ਜਾਇ = ਜਾਂਦਾ ਹੈ।
ਹੇ ਕਬੀਰ! ਕਿਸੇ ਸੰਤ ਦੇ ਮਰਨ ਤੇ ਅਫ਼ਸੋਸ ਕਰਨ ਦੀ ਲੋੜ ਨਹੀਂ, ਕਿਉਂਕਿ ਉਹ ਸੰਤ ਤਾਂ ਉਸ ਘਰ ਵਿਚ ਜਾਂਦਾ ਹੈ ਜਿਥੋਂ ਉਸ ਨੂੰ ਕੋਈ ਕੱਢੇਗਾ ਨਹੀਂ (ਭਾਵ, ਉਹ ਸੰਤ 'ਦੀਨ' ਦਾ ਵਪਾਰੀ ਹੋਣ ਕਰਕੇ ਪ੍ਰਭੂ-ਚਰਨਾਂ ਵਿਚ ਜਾ ਅੱਪੜਦਾ ਹੈ);


ਰੋਵਹੁ ਸਾਕਤ ਬਾਪੁਰੇ ਜੁ ਹਾਟੈ ਹਾਟ ਬਿਕਾਇ ॥੧੬॥  

Cry for the wretched, faithless cynic, who is sold from store to store. ||16||  

ਸਾਕਤ = ਰੱਬ ਨਾਲੋਂ ਟੁੱਟਾ ਹੋਇਆ, ਪਰਮਾਤਮਾ ਤੋਂ ਵਿਛੁੜਿਆ ਹੋਇਆ ਜੀਵ, ਜੋ 'ਦੁਨੀਆ' ਦੀ ਖ਼ਾਤਰ 'ਦੀਨ' ਗਵਾ ਰਿਹਾ ਹੈ। ਬਾਪੁਰਾ = ਵਿਚਾਰਾ, ਬਦਨਸੀਬ, ਮੰਦ ਭਾਗੀ। ਰੋਵਹੁ = ਅਫ਼ਸੋਸ ਕਰੋ। ਜੁ = ਜੋ। ਹਾਟੈ ਹਾਟ = ਹੱਟੀ ਹੱਟੀ ਤੇ, ਹਰੇਕ ਹੱਟੀ ਤੇ, ਇਕ ਹੱਟੀ ਤੋਂ ਦੂਜੀ ਹੱਟੀ ਤੇ। ਬਿਕਾਇ = ਵਿਕਦਾ ਫਿਰਦਾ ਹੈ, ਕੀਤੇ ਵਿਕਾਰਾਂ ਦੇ ਵੱਟੇ ਭਵਾਂਈਦਾ ਹੈ ॥੧੬॥
(ਜੇ ਅਫ਼ਸੋਸ ਕਰਨਾ ਹੈ ਤਾਂ) ਉਸ ਮੰਦ-ਭਾਗੀ (ਦੇ ਮਰਨ) ਤੇ ਅਫ਼ਸੋਸ ਕਰੋ ਜੋ ਪ੍ਰਭੂ-ਚਰਨਾਂ ਤੋਂ ਵਿਛੁੜਿਆ ਹੋਇਆ ਹੈ, (ਉਹ ਆਪਣੇ ਕੀਤੇ ਮੰਦ-ਕਰਮਾਂ ਦੇ ਵੱਟੇ) ਹਰੇਕ ਹੱਟੀ ਤੇ ਵਿਕਦਾ ਹੈ (ਭਾਵ, ਸਾਰੀ 'ਦੁਨੀਆ' ਦੀ ਖ਼ਾਤਰ ਭਟਕਣ ਕਰਕੇ ਹੁਣ ਕਈ ਜੂਨਾਂ ਵਿਚ ਭਟਕਦਾ ਹੈ) ॥੧੬॥


ਕਬੀਰ ਸਾਕਤੁ ਐਸਾ ਹੈ ਜੈਸੀ ਲਸਨ ਕੀ ਖਾਨਿ  

Kabeer, the faithless cynic is like a piece of garlic.  

ਸਾਕਤੁ = ਪ੍ਰਭੂ ਨਾਲੋਂ ਟੁੱਟਾ ਹੋਇਆ ਮਨੁੱਖ, 'ਦੁਨੀਆ' ਦੀ ਖ਼ਾਤਰ 'ਦੀਨ' ਨੂੰ ਗਵਾਉਣ ਵਾਲਾ ਬੰਦਾ। ਲਸਨ = ਥੋਮ। ਖਾਨਿ = ਕੋਠੀ, ਸਟੋਰ।
ਹੇ ਕਬੀਰ! ਜੋ ਮਨੁੱਖ ਰੱਬ ਨਾਲੋਂ ਟੁੱਟਾ ਹੋਇਆ ਹੈ (ਜੋ 'ਦੁਨੀਆ' ਦੀ ਖ਼ਾਤਰ 'ਦੀਨ' ਨੂੰ ਗਵਾਈ ਜਾ ਰਿਹਾ ਹੈ) ਉਸ ਨੂੰ ਇਉਂ ਸਮਝੋ ਜਿਵੇਂ ਥੋਮ ਦੀ ਭਰੀ ਹੋਈ ਕੋਠੜੀ ਹੈ।


ਕੋਨੇ ਬੈਠੇ ਖਾਈਐ ਪਰਗਟ ਹੋਇ ਨਿਦਾਨਿ ॥੧੭॥  

Even if you eat it sitting in a corner, it becomes obvious to everyone. ||17||  

ਕੋਨੈ = (ਕਿਸੇ ਘਰ ਦੀ) ਨੁੱਕਰ ਵਿਚ, ਕਿਤੇ ਲੁਕਵੇਂ ਥਾਂ। ਬੈਠੇ = ਬੈਠਿ, ਬਹਿ ਕੇ। ਪਰਗਟ ਹੋਇ = ਉੱਘੜ ਪੈਂਦਾ ਹੈ, ਨਸ਼ਰ ਹੋ ਜਾਂਦਾ ਹੈ। ਨਿਦਾਨਿ = ਓੜਕ ਨੂੰ, ਆਖ਼ਰ ਨੂੰ, ਜ਼ਰੂਰ ॥੧੭॥
ਥੋਮ ਨੂੰ ਕਿਤੇ ਲੁਕਵੇਂ ਥਾਂ ਭੀ ਬਹਿ ਕੇ ਖਾ ਲਈਏ, ਤਾਂ ਭੀ ਉਹ ਜ਼ਰੂਰ (ਆਪਣੀ ਬੋ ਤੋਂ) ਉੱਘੜ ਪੈਂਦਾ ਹੈ (ਸਾਕਤ ਦੇ ਅੰਦਰੋਂ ਭੀ ਜਦੋਂ ਨਿਕਲਣਗੇ ਮੰਦੇ ਬਚਨ ਹੀ ਨਿਕਲਣਗੇ) ॥੧੭॥


ਕਬੀਰ ਮਾਇਆ ਡੋਲਨੀ ਪਵਨੁ ਝਕੋਲਨਹਾਰੁ  

Kabeer, Maya is the butter-churn, and the breath is the churning-stick.  

ਮਾਇਆ = 'ਦੁਨੀਆ'। ਡੋਲਨੀ = ਚਾਟੀ, ਦੁੱਧ ਦੀ ਚਾਟੀ। ਪਵਨੁ = ਹਵਾ, ਸੁਆਸ। ਝਕੋਲਨਹਾਰੁ = ਉਹ ਚੀਜ਼ ਜਿਸ ਨਾਲ ਦੁੱਧ ਰਿੜਕੀਦਾ ਹੈ, ਮਧਾਣੀ।
ਹੇ ਕਬੀਰ! ਇਸ 'ਦੁਨੀਆ' ('ਮਾਇਆ') ਨੂੰ ਦੁੱਧ ਦੀ ਭਰੀ ਚਾਟੀ ਸਮਝੋ, (ਹਰੇਕ ਜੀਵ ਦਾ) ਸੁਆਸ ਸੁਆਸ (ਉਸ ਚਾਟੀ ਨੂੰ ਰਿੜਕਣ ਲਈ) ਮਧਾਣੀ ਮਿਥ ਲਵੋ।


ਸੰਤਹੁ ਮਾਖਨੁ ਖਾਇਆ ਛਾਛਿ ਪੀਐ ਸੰਸਾਰੁ ॥੧੮॥  

The Saints eat the butter, while the world drinks the whey. ||18||  

ਸੰਤਹੁ = ਸੰਤਾਂ ਨੇ, ਉਹਨਾਂ ਬੰਦਿਆਂ ਨੇ ਜੋ 'ਦੁਨੀਆ' ਦੀ ਖ਼ਾਤਰ 'ਦੀਨ' ਨੂੰ ਗੁਆਚਣ ਨਹੀਂ ਦੇਂਦੇ। ਛਾਛਿ = ਲੱਸੀ। ਸੰਸਾਰੁ = 'ਦੁਨੀਆ' ਦਾ ਵਪਾਰੀ ॥੧੮॥
(ਜਿਨ੍ਹਾਂ ਨੂੰ ਇਹ ਦੁੱਧ ਰਿੜਕਣ ਦੀ ਜਾਚ ਆ ਗਈ, ਜਿਨ੍ਹਾਂ ਪਰਮਾਤਮਾ ਦਾ ਸਿਮਰਨ ਕਰਦਿਆਂ ਇਸ ਮਾਇਆ ਨੂੰ ਵਰਤਿਆ, ਜਿਨ੍ਹਾਂ ਨੇ 'ਦੁਨੀਆ' ਨੂੰ ਵਣ-ਜਿਆ ਪਰ 'ਦੀਨ' ਭੀ ਗੁਆਚਨ ਨਾਹ ਦਿੱਤਾ) ਉਹਨਾਂ ਸੰਤ ਜਨਾਂ ਨੇ (ਇਸ ਰੇੜਕੇ ਵਿਚੋਂ) ਮੱਖਣ (ਹਾਸਲ ਕੀਤਾ ਤੇ) ਖਾਧਾ (ਭਾਵ; ਮਨੁੱਖਾ ਜਨਮ ਦਾ ਅਸਲ ਮਨੋਰਥ ਹਾਸਲ ਕੀਤਾ, ਜਿਵੇਂ ਦੁੱਧ ਨੂੰ ਰਿੜਕਣ ਦਾ ਮਨੋਰਥ ਹੈ ਮੱਖਣ ਕੱਢਣਾ); ਪਰ ਨਿਰੀ 'ਦੁਨੀਆ' ਦਾ ਵਪਾਰੀ (ਮਾਨੋ,) ਲੱਸੀ ਹੀ ਪੀ ਰਿਹਾ ਹੈ (ਮਨੁੱਖਾ ਜਨਮ ਦਾ ਅਸਲੀ ਮਨੋਰਥ ਨਹੀਂ ਪਾ ਸਕਿਆ) ॥੧੮॥


ਕਬੀਰ ਮਾਇਆ ਡੋਲਨੀ ਪਵਨੁ ਵਹੈ ਹਿਵ ਧਾਰ  

Kabeer, Maya is the butter-churn; the breath flows like ice water.  

ਵਹੈ = ਚੱਲਦੀ ਹੈ। ਹਿਵ = ਬਰਫ਼। ਹਿਵਧਾਰ = ਬਰਫ਼ ਦੀ ਧਾਰ ਵਾਲਾ, ਠੰਢਾ, ਸੀਤਲ। ਪਵਨੁ = ਸੁਆਸ। ਪਵਨੁ ਹਿਵਧਾਰ ਵਹੈ = (ਜਿਸ ਚਾਟੀ ਵਿਚ) ਸ਼ਾਂਤ ਸੁਆਸ-ਰੂਪ ਮਧਾਣੀ ਚੱਲਦੀ ਹੈ, ਨਾਮ ਦੀ ਠੰਢਕ ਵਾਲੇ ਸੁਆਸਾਂ ਦੀ ਮਧਾਣੀ ਹਿਲਦੀ ਹੈ।
ਹੇ ਕਬੀਰ! ਇਹ 'ਦੁਨੀਆ' (ਮਾਇਆ') ਮਾਨੋ, ਦੁੱਧ ਦੀ ਚਾਟੀ ਹੈ, (ਇਸ ਚਾਟੀ ਵਿਚ ਨਾਮ ਦੀ) ਠੰਢਕ ਵਾਲੇ ਸੁਆਸ, ਮਾਨੋ, ਮਧਾਣੀ ਹਿਲਾਈ ਜਾ ਰਹੀ ਹੈ।


ਜਿਨਿ ਬਿਲੋਇਆ ਤਿਨਿ ਖਾਇਆ ਅਵਰ ਬਿਲੋਵਨਹਾਰ ॥੧੯॥  

Whoever does the churning eats the butter; the others are just churning-sticks. ||19||  

ਜਿਨਿ = ਜਿਸ ਮਨੁੱਖ ਨੇ। ਬਿਲੋਇਆ = (ਇਸ ਮਧਾਣੀ ਨਾਲ) ਰਿੜਕਿਆ ਹੈ। ਅਵਰ = ਹੋਰ ਲੋਕ। ਬਿਲੋਵਨਹਾਰ = ਨਿਰੇ ਰਿੜਕ ਹੀ ਰਹੇ ਹਨ ॥੧੯॥
ਜਿਸ (ਭਾਗਾਂ ਵਾਲੇ ਮਨੁੱਖ) ਨੇ (ਇਸ ਮਧਾਣੀ ਨਾਲ ਦੁੱਧ) ਰਿੜਕਿਆ ਹੈ ਉਸ ਨੇ (ਮੱਖਣ) ਖਾਧਾ ਹੈ, ਬਾਕੀ ਦੇ ਹੋਰ ਲੋਕ ਨਿਰਾ ਰਿੜਕ ਹੀ ਰਹੇ ਹਨ (ਉਹਨਾਂ ਨੂੰ ਮੱਖਣ ਖਾਣ ਨੂੰ ਨਹੀਂ ਮਿਲਦਾ) (ਭਾਵ, ਜੋ ਲੋਕ ਨਿਰਬਾਹ-ਮਾਤ੍ਰ ਮਾਇਆ ਨੂੰ ਵਰਤਦੇ ਹਨ, ਤੇ ਨਾਲ ਨਾਲ ਸੁਆਸ ਸੁਆਸ ਪਰਮਾਤਮਾ ਨੂੰ ਯਾਦ ਰੱਖਦੇ ਹਨ, ਉਹਨਾਂ ਦਾ ਜੀਵਨ ਸ਼ਾਂਤੀ-ਭਰਿਆ ਹੁੰਦਾ ਹੈ, ਮਨੁੱਖਾ ਜਨਮ ਦਾ ਅਸਲ ਮਨੋਰਥ ਉਹ ਪ੍ਰਾਪਤ ਕਰ ਲੈਂਦੇ ਹਨ। ਪਰ ਜੋ ਲੋਕ 'ਦੀਨ' ਵਿਸਾਰ ਕੇ ਨਿਰੀ 'ਦੁਨੀਆ' ਪਿੱਛੇ ਦੌੜ-ਭੱਜ ਕਰਦੇ ਹਨ, ਉਹ ਖ਼ੁਆਰ ਹੁੰਦੇ ਹਨ, ਤੇ ਜੀਵਨ ਅਜਾਈਂ ਗੰਵਾ ਜਾਂਦੇ ਹਨ) ॥੧੯॥


ਕਬੀਰ ਮਾਇਆ ਚੋਰਟੀ ਮੁਸਿ ਮੁਸਿ ਲਾਵੈ ਹਾਟਿ  

Kabeer, Maya is the thief, which breaks in and plunders the store.  

ਚੋਰਟੀ = (ਲਫ਼ਜ਼ 'ਚੋਰ' ਤੋਂ 'ਚੋਰਟਾ' ਅਲਪਾਰਥਕ ਨਾਂਵ ਪੁਲਿੰਗ ਹੈ, 'ਚੋਰਟੀ' ਇਸ ਦਾ ਇਸਤ੍ਰੀਲਿੰਗ ਹੈ) ਚੰਦਰੀ ਜਿਹੀ, ਚੋਰ, ਠਗਣੀ, ਮੋਮੋ-ਠਗਣੀ। ਮੁਸਿ = ਠੱਗ ਕੇ। ਮੁਸਿ ਮੁਸਿ = ਸਦਾ ਠੱਗ ਠੱਗ ਕੇ। ਲਾਵੈ ਹਾਟਿ = ਹੱਟੀ ਸਜਾਂਦੀ ਹੈ।
ਹੇ ਕਬੀਰ! ਇਹ ਦੁਨੀਆ, ਇਹ ਮਾਇਆ, ਮੋਮੋ-ਠੱਗਣੀ ਹੈ (ਜੋ ਲੋਕ 'ਦੀਨ' ਵਿਸਾਰ ਕੇ ਨਿਰੀ 'ਦੁਨੀਆ' ਦੀ ਖ਼ਾਤਰ ਭਟਕ ਰਹੇ ਹਨ, ਉਹਨਾਂ ਨੂੰ) ਠੱਗ ਠੱਗ ਕੇ ਇਹ ਮਾਇਆ ਆਪਣੀ ਹੱਟੀ (ਹੋਰ ਹੋਰ) ਸਜਾਂਦੀ ਹੈ।


ਏਕੁ ਕਬੀਰਾ ਨਾ ਮੁਸੈ ਜਿਨਿ ਕੀਨੀ ਬਾਰਹ ਬਾਟ ॥੨੦॥  

Only Kabeer is not plundered; he has cut her into twelve pieces. ||20||  

ਨਾ ਮੁਸੈ = ਨਹੀਂ ਠੱਗਿਆ ਜਾਂਦਾ। ਜਿਨਿ = ਜਿਸ ਨੇ। ਬਾਰਹ ਬਾਟ = ਬਾਰਾਂ ਟੋਟੇ, ਬਾਰਾਂ ਵੰਡੀਆਂ ॥੨੦॥
ਹੇ ਕਬੀਰ! ਸਿਰਫ਼ ਉਹ ਮਨੁੱਖ ਇਸ ਦੀ ਠੱਗੀ ਤੋਂ ਬਚਿਆ ਰਹਿੰਦਾ ਹੈ ਜਿਸ ਨੇ ਇਸ ਮਾਇਆ ਦੀਆਂ ਬਾਰਾਂ ਵੰਡੀਆਂ ਕਰ ਦਿੱਤੀਆਂ ਹਨ (ਜਿਸ ਨੇ ਇਸ ਦੀ ਠੱਗੀ ਨੂੰ ਭੰਨ ਕੇ ਰੱਖ ਦਿੱਤਾ ਹੈ) ॥੨੦॥


ਕਬੀਰ ਸੂਖੁ ਏਂਹ ਜੁਗਿ ਕਰਹਿ ਜੁ ਬਹੁਤੈ ਮੀਤ  

Kabeer, peace does not come in this world by making lots of friends.  

ਏਂਹ ਜੁਗਿ = ਇਹ ਮਨੁੱਖਾ ਜਨਮ ਵਿਚ, ਇਹ ਮਨੁੱਖਾ ਜਨਮ ਪਾ ਕੇ। ਕਰਹਿ ਜੁ = ਤੂੰ ਜੋ ਬਣਾ ਰਿਹਾ ਹੈਂ। ਬਹੁਤੈ ਮੀਤ = (ਕਿਤੇ ਪੁਤ੍ਰ, ਕਿਤੇ ਇਸਤ੍ਰੀ, ਕਿਤੇ ਧਨ, ਕਿਤੇ ਰਾਜ-ਭਾਗ ਆਦਿਕ) ਕਈ ਯਾਰ।
ਹੇ ਕਬੀਰ! ('ਦੀਨ' ਵਿਸਾਰ ਕੇ, ਪਰਮਾਤਮਾ ਨੂੰ ਭੁਲਾ ਕੇ ਤੂੰ ਜੋ ਪੁਤ੍ਰ ਇਸਤ੍ਰੀ ਧਨ ਮਿਲਖ ਆਦਿਕ) ਕਈ ਮਿਤ੍ਰ ਬਣਾ ਰਿਹਾ ਹੈਂ, ਇਸ ਮਨੁੱਖਾ ਜਨਮ ਵਿਚ (ਇਹਨਾਂ ਮਿਤ੍ਰਾਂ ਤੋਂ) ਸੁਖ ਨਹੀਂ ਮਿਲੇਗਾ।


ਜੋ ਚਿਤੁ ਰਾਖਹਿ ਏਕ ਸਿਉ ਤੇ ਸੁਖੁ ਪਾਵਹਿ ਨੀਤ ॥੨੧॥  

Those who keep their consciousness focused on the One Lord shall find eternal peace. ||21||  

ਏਕ ਸਿਉ = ਇੱਕ ਪਰਮਾਤਮਾ ਨਾਲ। ਰਾਖਹਿ = ਜੋੜ ਰੱਖਦੇ ਹਨ। ਤੇ = ਉਹ ਬੰਦੇ ॥੨੧॥
ਸਿਰਫ਼ ਉਹ ਮਨੁੱਖ ਸਦਾ ਸੁਖ ਮਾਣਦੇ ਹਨ ਜੋ ('ਦੁਨੀਆ' ਵਿਚ ਵਰਤਦੇ ਹੋਏ ਭੀ) ਇੱਕ ਪਰਮਾਤਮਾ ਨਾਲ ਆਪਣਾ ਮਨ ਜੋੜ ਰੱਖਦੇ ਹਨ ॥੨੧॥


ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ  

Kabeer, the world is afraid of death - that death fills my mind with bliss.  

ਮਰਨੇ ਤੇ = ਮਰਨ ਤੋਂ; ਪੁਤ੍ਰ ਇਸਤ੍ਰੀ ਧਨ ਮਿਲਖ ਆਦਿਕ ਨਾਲੋਂ ਮੋਹ ਤੋੜਨ ਦੀ ਮੌਤ ਤੋਂ, 'ਦੁਨੀਆ' ਦੇ ਮੋਹ ਵਲੋਂ ਮਰਨ ਤੋਂ, 'ਦੁਨੀਆ' ਨਾਲੋਂ ਮੋਹ ਤੋੜਨ ਤੋਂ। ਜਗੁ ਡਰੈ = ਜਗਤ ਡਰਦਾ ਹੈ, ਜਗਤ ਸੰਕੋਚ ਕਰਦਾ ਹੈ, ਜਗਤ ਝੱਕਦਾ ਹੈ। ਆਨੰਦੁ = ਖ਼ੁਸ਼ੀ।
('ਦੁਨੀਆ' ਦੀ ਖ਼ਾਤਰ 'ਦੀਨ' ਨੂੰ ਵਿਸਾਰ ਕੇ ਮਨੁੱਖ ਧਨ-ਪਦਾਰਥ ਪੁਤ੍ਰ ਇਸਤ੍ਰੀ ਆਦਿਕ ਕਈ ਮਿਤ੍ਰ ਬਣਾਂਦਾ ਹੈ, ਅਤੇ ਇਹਨਾਂ ਤੋਂ ਸੁਖ ਦੀ ਆਸ ਰੱਖਦਾ ਹੈ, ਇਸ ਆਸ ਦੇ ਕਾਰਨ ਹੀ ਇਹਨਾਂ ਨਾਲੋਂ ਮੋਹ ਤੋੜ ਨਹੀਂ ਸਕਦਾ; ਪਰ) ਹੇ ਕਬੀਰ! ਜਿਸ (ਮੋਹ ਦੇ ਤਿਆਗ-ਰੂਪ) ਮੌਤ ਤੋਂ ਜਗਤ ਝੱਕਦਾ ਹੈ, ਉਸ ਨਾਲ ਮੇਰੇ ਮਨ ਵਿਚ ਖ਼ੁਸ਼ੀ ਪੈਦਾ ਹੁੰਦੀ ਹੈ;


ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ ॥੨੨॥  

It is only by death that perfect, supreme bliss is obtained. ||22||  

ਮਰਨੇ ਹੀ ਤੇ = ਪੁਤ੍ਰਾਦਿਕ ਬਹੁਤੇ ਮ੍ਰਿਤਾਂ ਨਾਲੋਂ ਮੋਹ ਤੋੜਿਆਂ ਹੀ। ਪਰਮਾਨੰਦ = ਉਹ ਪਰਮਾਤਮਾ ਜਿਸ ਵਿਚ ਪਰਮ ਆਨੰਦ ਹੈ, ਉਹ ਪ੍ਰਭੂ ਜੋ ਉੱਚੀ ਤੋਂ ਉੱਚੀ ਖ਼ੁਸ਼ੀ ਦਾ ਮਾਲਕ ਹੈ ॥੨੨॥
'ਦੁਨੀਆ' ਦੇ ਇਸ ਮੋਹ ਵਲੋਂ ਮਰਿਆਂ ਹੀ ਉਹ ਪਰਮਾਤਮਾ ਮਿਲਦਾ ਹੈ ਜੋ ਮੁਕੰਮਲ ਤੌਰ ਤੇ ਆਨੰਦ ਸਰੂਪ ਹੈ ॥੨੨॥


ਰਾਮ ਪਦਾਰਥੁ ਪਾਇ ਕੈ ਕਬੀਰਾ ਗਾਂਠਿ ਖੋਲ੍ਹ੍ਹ  

The Treasure of the Lord is obtained, O Kabeer, but do not undo its knot.  

ਪਦਾਰਥੁ = ਸੋਹਣੀ ਵਸਤ। ਪਾਇ ਕੈ = ਹਾਸਲ ਕਰ ਕੇ, ਜੇ ਤੈਨੂੰ ਮਿਲ ਗਿਆ ਹੈ।
(ਜਿਧਰ ਤੱਕੋ, 'ਦੁਨੀਆ' ਦੀ ਖ਼ਾਤਰ ਹੀ ਦੌੜ-ਭੱਜ ਹੈ; ਸੋ) ਹੇ ਕਬੀਰ! (ਚੰਗੇ ਭਾਗਾਂ ਨਾਲ) ਜੇ ਤੈਨੂੰ ਪਰਮਾਤਮਾ ਦੇ ਨਾਮ ਦੀ ਸੋਹਣੀ ਵਸਤ ਮਿਲ ਗਈ ਹੈ ਤਾਂ ਇਹ ਗਠੜੀ ਹੋਰਨਾਂ ਅੱਗੇ ਨਾਹ ਖੋਲ੍ਹਦਾ ਫਿਰ।


ਨਹੀ ਪਟਣੁ ਨਹੀ ਪਾਰਖੂ ਨਹੀ ਗਾਹਕੁ ਨਹੀ ਮੋਲੁ ॥੨੩॥  

There is no market to sell it, no appraiser, no customer, and no price. ||23||  

ਪਟਣੁ = ਸ਼ਹਰ। ਪਾਰਖੂ = ਪਰਖ ਕਰਨ ਵਾਲਾ, ਕਦਰ ਜਾਨਣ ਵਾਲਾ। ਗਾਹਕੁ = ਖ਼ਰੀਦਣ ਵਾਲਾ। ਮੋਲੁ = ('ਮਰਨੇ ਹੀ ਤੇ ਪਾਈਐ') 'ਦੁਨੀਆ' ਨਾਲੋਂ ਮੋਹ ਦੀ ਤਿਆਗ-ਰੂਪ ਕੀਮਤ ॥੨੩॥
(ਜਗਤ 'ਦੁਨੀਆ' ਵਿਚ ਇਤਨਾ ਮਸਤ ਹੈ ਕਿ ਨਾਮ-ਪਦਾਰਥ ਦੇ ਖ਼ਰੀਦਣ ਲਈ) ਨਾਹ ਕੋਈ ਮੰਡੀ ਹੈ ਨਾ ਕੋਈ ਇਸ ਵਸਤ ਦੀ ਕਦਰ ਕਰਨ ਵਾਲਾ ਹੈ, ਨਾਹ ਇਹ ਕੋਈ ਵਸਤ ਖ਼ਰੀਦਣੀ ਚਾਹੁੰਦਾ ਹੈ, ਤੇ ਨਾਹ ਕੋਈ ਇਤਨੀ ਕੀਮਤ ਹੀ ਦੇਣ ਨੂੰ ਤਿਆਰ ਹੈ (ਕਿ 'ਦੁਨੀਆ' ਨਾਲੋਂ ਪ੍ਰੀਤ ਤੋੜੇ) ॥੨੩॥


ਕਬੀਰ ਤਾ ਸਿਉ ਪ੍ਰੀਤਿ ਕਰਿ ਜਾ ਕੋ ਠਾਕੁਰੁ ਰਾਮੁ  

Kabeer, be in love with only that one, whose Master is the Lord.  

ਤਾ ਸਿਉ = ਉਸ (ਸਤਸੰਗੀ) ਨਾਲ। ਜਾ ਕੋ = ਜਿਸ ਦਾ (ਆਸਰਾ-ਪਰਨਾ)। ਠਾਕੁਰੁ = ਪਾਲਕ।
ਹੇ ਕਬੀਰ! ਉਸ (ਸਤਸੰਗੀ) ਨਾਲ ਸਾਂਝ ਬਣਾ ਜਿਸ ਦਾ (ਆਸਰਾ-ਪਰਨਾ) ਉਹ ਪਰਮਾਤਮਾ ਹੈ ਜੋ ਸਭ ਦਾ ਪਾਲਕ ਹੈ, ('ਰਾਮ ਪਦਾਰਥ' ਦੇ ਵਣਜਾਰਿਆਂ ਨਾਲ ਬਣੀ ਹੋਈ ਪ੍ਰੀਤ ਤੋੜ ਨਿਭ ਸਕਦੀ ਹੈ,


ਪੰਡਿਤ ਰਾਜੇ ਭੂਪਤੀ ਆਵਹਿ ਕਉਨੇ ਕਾਮ ॥੨੪॥  

The Pandits, the religious scholars, kings and landlords - what good is love for them? ||24||  

ਭੂਪਤਿ = (ਭੂ = ਧਰਤੀ। ਪਤੀ = ਖਸਮ) ਜ਼ਮੀਨਾਂ ਦੇ ਮਾਲਕ, ਰਾਜੇ। ਕਉਨੇ ਕਾਮ ਆਵਹਿ = ਕਿਸ ਕੰਮ ਆਉਂਦੇ ਹਨ? ਕਿਸੇ ਕੰਮ ਨਹੀਂ ਆਉਂਦੇ; ਸਾਥ ਨਹੀਂ ਨਿਬਾਹੁੰਦੇ ॥੨੪॥
ਪਰ ਜਿਨ੍ਹਾਂ ਨੂੰ ਵਿਦਿਆ ਰਾਜ ਭੁਇਂ ਆਦਿਕ ਦਾ ਮਾਣ ਹੈ, ਜੋ 'ਦੁਨੀਆ' ਦੇ ਵਪਾਰੀ ਹਨ ਉਹ) ਪੰਡਿਤ ਹੋਣ ਚਾਹੇ ਰਾਜੇ ਹੋਣ ਚਾਹੇ ਬੜੀ ਭੁਇਂ ਦੇ ਮਾਲਕ ਹੋਣ ਕਿਸੇ ਕੰਮ ਨਹੀਂ ਆਉਂਦੇ ॥੨੪॥


ਕਬੀਰ ਪ੍ਰੀਤਿ ਇਕ ਸਿਉ ਕੀਏ ਆਨ ਦੁਬਿਧਾ ਜਾਇ  

Kabeer, when you are in love with the One Lord, duality and alienation depart.  

ਆਨ = ਹੋਰ, 'ਦੁਨੀਆ' ਵਾਲੀ। ਦੁਬਿਧਾ = ਦੁਚਿਤਾ-ਪਨ, ਸਹਿਮ। ਜਾਇ = ਦੂਰ ਹੋ ਜਾਂਦਾ ਹੈ।
ਹੇ ਕਬੀਰ! ('ਦੁਨੀਆ' ਵਾਲਾ) ਹੋਰ ਹੋਰ ਸਹਿਮ ਤਦੋਂ ਹੀ ਦੂਰ ਹੁੰਦਾ ਹੈ ਜੇ ਇੱਕ ਪਰਮਾਤਮਾ ਨਾਲ ਪਿਆਰ ਪਾਇਆ ਜਾਏ।


ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁਡਾਇ ॥੨੫॥  

You may have long hair, or you may shave your head bald. ||25||  

ਭਾਵੈ = ਚਾਹੇ। ਲਾਂਬੇ ਕੇਸ ਕਰੁ = (ਸੁਆਹ ਮਲ ਮਲ ਕੇ) ਜਟਾਂ ਵਧਾ ਲੈ (ਤੇ 'ਦੁਨੀਆ' ਛੱਡ ਕੇ ਬਾਹਰ ਡੇਰਾ ਜਾ ਕਰ)। ਘਰਰਿ ਮੁਡਾਇ = ਸਿਰ ਉੱਕਾ ਹੀ ਮੁਨਾ ਕੇ ਰੋਡ ਮੋਡ ਸਾਧੂ ਬਣ ਕੇ 'ਦੁਨੀਆ' ਤਿਆਗ ਦੇਹ। ਕੀਏ = ਜੇ ਕੀਤੀ ਜਾਏ ॥੨੫॥
(ਜਦ ਤਕ ਪ੍ਰਭੂ ਨਾਲ ਪ੍ਰੀਤ ਨਹੀਂ ਜੋੜੀ ਜਾਂਦੀ, 'ਦੁਨੀਆ' ਵਾਲੀ 'ਦੁਬਿਧਾ' ਮਿਟ ਨਹੀਂ ਸਕਦੀ) ਚਾਹੇ (ਸੁਆਹ ਮਲ ਕੇ) ਲੰਮੀਆਂ ਜਟਾਂ ਰਖ ਲੈ, ਚਾਹੇ ਉੱਕਾ ਹੀ ਸਿਰ ਰੋਡ-ਮੋਡ ਕਰ ਲੈ (ਅਤੇ ਜੰਗਲਾਂ ਜਾਂ ਤੀਰਥਾਂ ਤੇ ਜਾ ਕੇ ਡੇਰਾ ਲਾ ਲੈ) ॥੨੫॥


ਕਬੀਰ ਜਗੁ ਕਾਜਲ ਕੀ ਕੋਠਰੀ ਅੰਧ ਪਰੇ ਤਿਸ ਮਾਹਿ  

Kabeer, the world is a room filled with black soot; the blind fall into its trap.  

ਜਗੁ = ਜਗਤ, 'ਦੁਨੀਆ' ਦਾ ਮੋਹ। ਅੰਧ = ਅੰਨ੍ਹੇ ਮਨੁੱਖ, ਉਹ ਬੰਦੇ ਜਿਨ੍ਹਾਂ ਨੂੰ 'ਦੀਨ' ਦੀ ਸੋਝੀ ਨਹੀਂ, ਜਿਨ੍ਹਾਂ ਦੀਆਂ ਅੱਖਾਂ ਨਹੀਂ ਖੁਲ੍ਹੀਆਂ। ਤਿਸ ਮਹਿ = ਉਸ ਕੋਠੜੀ ਵਿਚ (ਜਿਥੇ 'ਦੁਨੀਆ' ਦੇ ਮੋਹ ਦੀ ਕਾਲਖ ਹੈ)। ਕਾਜਲ = ਕਾਲਖ।
ਹੇ ਕਬੀਰ! 'ਦੁਨੀਆ' ਦਾ ਮੋਹ, ਮਾਨੋ, ਇਕ ਐਸੀ ਕੋਠੜੀ ਹੈ ਜੋ ਕਾਲਖ ਨਾਲ ਭਰੀ ਹੋਈ ਹੈ; ਇਸ ਵਿਚ ਉਹ ਬੰਦੇ ਡਿੱਗੇ ਪਏ ਹਨ ਜਿਨ੍ਹਾਂ ਦੀਆਂ ਅੱਖਾਂ ਬੰਦ ਹਨ (ਜਿਨ੍ਹਾਂ ਨੂੰ 'ਦੀਨ' ਦੀ ਸੂਝ ਨਹੀਂ ਆਈ, ਚਾਹੇ ਉਹ ਪੰਡਿਤ ਰਾਜੇ ਭੂਪਤੀ ਹਨ, ਚਾਹੇ ਜਟਾਧਾਰੀ ਸੰਨਿਆਸੀ ਆਦਿਕ ਤਿਆਗੀ ਹਨ)।


ਹਉ ਬਲਿਹਾਰੀ ਤਿਨ ਕਉ ਪੈਸਿ ਜੁ ਨੀਕਸਿ ਜਾਹਿ ॥੨੬॥  

I am a sacrifice to those who are thrown in, and still escape. ||26||  

ਬਲਿਹਾਰੀ = ਸਦਕੇ। ਹਉ = ਮੈਂ। ਪੈਸਿ = ਪੈ ਕੇ, ਡਿੱਗ ਕੇ, ਵਸ ਕੇ। ਨੀਕਸਿ ਜਾਹਿ = ਨਿਕਲ ਜਾਂਦੇ ਹਨ ॥੨੬॥
ਪਰ, ਮੈਂ ਉਹਨਾਂ ਤੋਂ ਸਦਕੇ ਹਾਂ, ਜੋ ਇਸ ਵਿਚ ਡਿੱਗ ਕੇ ਮੁੜ ਨਿਕਲ ਆਉਂਦੇ ਹਨ-(ਜੋ ਇੱਕ ਪਰਮਾਤਮਾ ਨਾਲ ਪਿਆਰ ਪਾ ਕੇ 'ਦੁਨੀ' ਦੇ ਮੋਹ ਨੂੰ ਤਿਆਗ ਦੇਂਦੇ ਹਨ) ॥੨੬॥


ਕਬੀਰ ਇਹੁ ਤਨੁ ਜਾਇਗਾ ਸਕਹੁ ਲੇਹੁ ਬਹੋਰਿ  

Kabeer, this body shall perish; save it, if you can.  

ਜਾਇਗਾ = ਨਾਸ ਹੋ ਜਾਇਗਾ। ਸਕਹੁ = (ਜੇ ਬਹੋਰਿ) ਸਕਹੁ, ਜੇ ਨਾਸ ਹੋਣ ਤੋਂ ਰੋਕ ਸਕਦੇ ਹੋ। ਤ = ਤਾਂ। ਲੇਹੁ ਬਹੋਰਿ = ਰੋਕ ਲਵੋ, ਬਚਾ ਲਵੋ।
ਹੇ ਕਬੀਰ! ਇਹ ਸਾਰਾ ਸਰੀਰ ਨਾਸ ਹੋ ਜਾਇਗਾ, ਜੇ ਤੁਸੀਂ ਇਸ ਨੂੰ ਨਾਸ ਹੋਣ ਤੋਂ ਬਚਾ ਸਕਦੇ ਹੋ ਤਾਂ ਬਚਾ ਲਵੋ (ਭਾਵ, ਕੋਈ ਭੀ ਆਪਣੇ ਸਰੀਰ ਨੂੰ ਨਾਸ ਹੋਣ ਤੋਂ ਬਚਾ ਨਹੀਂ ਸਕਦਾ, ਇਹ ਜ਼ਰੂਰ ਨਾਸ ਹੋਵੇਗਾ)।


ਨਾਂਗੇ ਪਾਵਹੁ ਤੇ ਗਏ ਜਿਨ ਕੇ ਲਾਖ ਕਰੋਰਿ ॥੨੭॥  

Even those who have tens of thousands and millions, must depart bare-footed in the end. ||27||  

ਤੇ = ਉਹ ਬੰਦੇ। ਨਾਂਗੇ ਪਾਵਹੁ = ਨੰਗੀ ਪੈਰੀਂ, ਕੰਗਾਲਾਂ ਵਾਂਗ ਹੀ। ਜਿਨ ਕੇ = ਜਿਨ੍ਹਾਂ ਦੇ ਪਾਸ ॥੨੭॥
ਜਿਨ੍ਹਾਂ ਬੰਦਿਆਂ ਦੇ ਪਾਸ ਲੱਖਾਂ ਕ੍ਰੋੜਾਂ ਰੁਪਏ ਜਮ੍ਹਾ ਸਨ, ਉਹ ਭੀ ਇਥੋਂ ਨੰਗੀ ਪੈਰੀਂ ਹੀ (ਭਾਵ, ਕੰਗਾਲਾਂ ਵਾਂਗ ਹੀ) ਚਲੇ ਗਏ (ਸਾਰੀ ਉਮਰ 'ਦੁਨੀਆ' ਦੀ ਖ਼ਾਤਰ ਭਟਕਦੇ ਰਹੇ, 'ਦੀਨ' ਨੂੰ ਵਿਸਾਰ ਦਿੱਤਾ; ਆਖ਼ਰ ਇਹ 'ਦੁਨੀਆ' ਤਾਂ ਇਥੇ ਰਹਿ ਗਈ, ਇਥੋਂ ਆਤਮਕ ਜੀਵਨ ਵਿਚ ਨਿਰੋਲ ਕੰਗਾਲ ਹੋ ਕੇ ਤੁਰੇ) ॥੨੭॥


ਕਬੀਰ ਇਹੁ ਤਨੁ ਜਾਇਗਾ ਕਵਨੈ ਮਾਰਗਿ ਲਾਇ  

Kabeer, this body shall perish; place it on the path.  

ਕਵਨੈ ਮਾਰਿਗ = ਕਿਸੇ ਰਸਤੇ ਤੇ, ਕਿਸੇ ਆਹਰੇ, ਕਿਸੇ ਉਸ ਕੰਮ ਵਿਚ ਜੋ ਲਾਹੇਵੰਦ ਹੋਵੇ।
ਹੇ ਕਬੀਰ! ਇਹ ਸਰੀਰ ਨਾਸ ਹੋ ਜਾਇਗਾ, ਇਸ ਨੂੰ ਕਿਸੇ (ਉਸ) ਕੰਮ ਵਿਚ ਜੋੜ (ਜੋ ਤੇਰੇ ਲਈ ਲਾਹੇਵੰਦਾ ਹੋਵੇ);


ਕੈ ਸੰਗਤਿ ਕਰਿ ਸਾਧ ਕੀ ਕੈ ਹਰਿ ਕੇ ਗੁਨ ਗਾਇ ॥੨੮॥  

Either join the Saadh Sangat, the Company of the Holy, or sing the Glorious Praises of the Lord. ||28||  

ਕੈ = ਜਾਂ ॥੨੮॥
ਸੋ, ਸਾਧ ਸੰਗਤ ਕਰ ਅਤੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ('ਦੁਨੀ' ਤਾਂ ਇਥੇ ਹੀ ਰਹਿ ਜਾਂਦੀ ਹੈ, 'ਦੀਨ' ਹੀ ਸਾਥੀ ਬਣਦਾ ਹੈ) ॥੨੮॥


ਕਬੀਰ ਮਰਤਾ ਮਰਤਾ ਜਗੁ ਮੂਆ ਮਰਿ ਭੀ ਜਾਨਿਆ ਕੋਇ  

Kabeer, dying, dying, the whole world has to die, and yet, none know how to die.  

ਮਰਤਾ ਮਰਤਾ = ਮੁੜ ਮੁੜ ਮਰਦਾ, ਰੋਜ਼ ਰੋਜ਼ ਮਰਦਾ, ਹਰ ਰੋਜ਼ ਮੌਤ ਦੇ ਸਹਿਮ ਦਾ ਦਬਾਇਆ ਹੋਇਆ। ਮਰਿ ਨ ਜਾਨਿਆ = (ਮੌਤ ਦੇ ਸਹਿਮ ਵਲੋਂ) ਮਰਨ ਦੀ ਜਾਚ ਨਾਹ ਸਿੱਖੀ, ਮੌਤ ਦਾ ਸਹਿਮ ਮੁਕਾਣ ਦੀ ਜਾਚ ਨਾਹ ਸਿੱਖੀ। ਐਸੇ ਮਰਨੇ ਜੋ ਮਰੈ = ਜੋ ਇਸ ਤਰ੍ਹਾਂ ਮਾਇਆ ਵਲੋਂ ਮਰੇ (ਜਿਵੇਂ ਪਿਛਲੇ ਸਲੋਕ ਨੰ: ੨੮ ਵਿਚ ਦੱਸਿਆ ਹੈ) ਜੋ ਸਾਧ ਸੰਗਤ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ ਮਾਇਆ ਵਲੋਂ ਮਰੇ।
ਹੇ ਕਬੀਰ! (ਨਿਰੀ 'ਦੁਨੀਆ' ਦਾ ਵਪਾਰੀ) ਜਗਤ ਹਰ ਵੇਲੇ ਮੌਤ ਦੇ ਸਹਿਮ ਦਾ ਦਬਾਇਆ ਰਹਿੰਦਾ ਹੈ, (ਨਿਰੀ ਮਾਇਆ ਦਾ ਵਪਾਰੀ) ਕਿਸੇ ਧਿਰ ਨੂੰ ਭੀ ਸਮਝ ਨਹੀਂ ਆਉਂਦੀ ਕਿ ਮੌਤ ਦਾ ਇਹ ਸਹਿਮ ਕਿਵੇਂ ਮੁਕਾਇਆ ਜਾਏ।


        


© SriGranth.org, a Sri Guru Granth Sahib resource, all rights reserved.
See Acknowledgements & Credits