Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



Mahan Kosh Encyclopedia

ਸਰਦਾਰ ਜੈਮਲ ਸਿੰਘ ਕਨ੍ਹੈਯਾ ਮਿਸਲ ਦੇ ਰਈਸ ਦੀ ਪੁਤ੍ਰੀ ਚੰਦ ਕੌਰ ਦੇ ਉਦਰ ਤੋਂ ਸ਼ਾਹਜ਼ਾਦਾ ਖੜਗ ਸਿੰਘ ਦਾ ਪੁਤ੍ਰ, ਜਿਸ ਦਾ ਜਨਮ ਫੱਗੁਣ ਸੰਮਤ ੧੮੭੭ (੧੧ ਫਰਵਰੀ ਸਨ ੧੮੨੦) ਨੂੰ ਲਾਹੌਰ ਹੋਇਆ. ਮਹਾਰਾਜਾ ਰਣਜੀਤ ਸਿੰਘ ਜੀ ਇਸ ਰਾਜਕੁਮਾਰ ਨੂੰ ਮੁੱਢੋਂ ਹੀ ਬਹੁਤ ਪ੍ਯਾਰ ਕਰਦੇ ਸਨ. ਸਮੇਂ ਸਿਰ ਇਸ ਦੀ ਧਾਰਮਿਕ ਸਿਖ੍ਯਾ ਭਾਈ ਸੰਤ ਸਿੰਘ ਗ੍ਯਾਨੀ ਦੇ ਸਪੁਰਦ ਹੋਈ ਅਤੇ ਸ਼ਸਤ੍ਰ ਵਿਦ੍ਯਾ ਦੇ ਉਸਤਾਦ ਸਰਦਾਰ ਲਹਿਣਾ ਸਿੰਘ ਮਜੀਠੀਆ, ਸਰਦਾਰ ਹੀਰ ਸਿੰਘ ਨਲਵਾ ਅਤੇ ਜਨਰਲ ਵੈਂਤੂਰਾ ਥਾਪੇਗਏ.
ਸਰਦਾਰ ਸ਼ਾਮ ਸਿੰਘ ਰਈਸ ਅਟਾਰੀ ਦੀ ਸੁਪੁਤ੍ਰੀ ਨਾਨਕੀ ਨਾਲ ਕੌਰ ਨੌਨਿਹਾਲ ਸਿੰਘ ਦਾ ਵਿਆਹ ੨੩ ਫੱਗੁਣ ੧੮੯੩ (ਮਾਰਚ ਸਨ ੧੮੩੭) ਨੂੰ ਵਡੀ ਧੂਮਧਾਮ ਨਾਲ ਹੋਇਆ, ਜਿਸ ਵਿੱਚ ਪੰਜਾਬ ਦੇ ਸਾਰੇ ਰਾਜੇ ਮਹਾਰਾਜੇ ਅਤੇ ਗਵਰਨਮੇਂਟ ਇੰਡੀਆ ਦਾ ਪ੍ਰਤਿਨਿਧਿ ਸਰ ਹੈਨਰੀ ਫ਼ੇਨ (Sir Henry Fane) ਕਮਾਂਡਰਿਨ ਚੀਫ ਆਦਿ ਸ਼ਾਮਿਲ ਸਨ.
ਕੌਰ ਨੌਨਿਹਾਲ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਆਸ਼ਾ ਅਨੁਸਾਰ ਯੋਗ੍ਯ ਰਾਜਕੁਮਾਰ ਸਾਬਤ ਹੋਇਆ, ਇਸ ਨੇ ਦਾਦੇ ਦੇ ਹੁਕਮ ਨਾਲ ਕਈ ਇਲਾਕੇ ਸਿੱਖਰਾਜ ਨਾਲ ਮਿਲਾਏ, ਖ਼ਾਸ ਕਰਕੇ ੬ ਮਈ ਸਨ ੧੮੩੪ ਦੀ ਪਿਸ਼ੌਰ ਦੀ ਫਤੇ ਨੇ ਇਸ ਦਾ ਪ੍ਯਾਰ ਸਾਰੇ ਪੰਜਾਬ ਵਿੱਚ ਅਤੇ ਖ਼ਾਸ ਕਰਕੇ ਫੌਜ ਦੇ ਚਿੱਤ ਵਿੱਚ ਡੂੰਘਾ ਵਸਾ ਦਿੱਤਾ.
ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ਪਿੱਛੋਂ ਜਦ ਕੌਰ ਨੇ ਪਿਤਾ ਮਹਾਰਾਜਾ ਖੜਗ ਸਿੰਘ ਪੰਜਾਬ ਦੇ ਤਖ਼ਤ ਤੇ ਵਿਰਾਜੇ, ਤਦ ਉਨ੍ਹਾਂ ਪਾਸ ਸਰਦਾਰ ਚੇਤ ਸਿੰਘ ਦਾ ਦਖ਼ਲ ਵੇਖਕੇ ਅਤੇ ਕੌਰ ਸਾਹਿਬ ਦੀ ਚਤੁਰਾਈ ਅਤੇ ਰਾਜਨੀਤਿ ਨੂੰ ਵਿਚਾਰਕੇ ਰਾਜਾ ਧ੍ਯਾਨ ਸਿੰਘ ਡੋਗਰੇ ਨੇ ਈਰਖਾ ਦੀ ਅੱਗ ਵਿੱਚ ਸੜਕੇ ਅਤੇ ਸ੍ਵਾਰਥ ਨਾਲ ਅੰਨ੍ਹਿਆਂ ਹੋਕੇ ਪਿਤਾ ਪੁਤ੍ਰ ਵਿੱਚ ਫੋਟਕ ਪਾਉਣ ਵਿੱਚ ਵਡੀ ਸਫਲਤਾ ਪ੍ਰਾਪਤ ਕੀਤੀ. ਚੇਤ ਸਿੰਘ ਨੂੰ ਤਾਂ ਮਹਾਰਾਜਾ ਦੇ ਸਾਮ੍ਹਣੇ ਧ੍ਯਾਨ ਸਿੰਘ ਨੇ ਕਤਲ ਕੀਤਾ ਅਤੇ ਕੌਰ ਜੀ ਨੂੰ ਇਹ ਸਮਝਾਕੇ ਕਿ ਮਹਾਰਾਜਾ ਲਾਹੌਰ ਦਾ ਰਾਜ ਅੰਗ੍ਰੇਜ਼ਾਂ ਦੇ ਹਵਾਲੇ ਕਰਨਾ ਚਾਹੁੰਦੇ ਹਨ, ਪਿਤਾ ਦਾ ਜਾਨੀ ਦੁਸ਼ਮਨ ਬਣਾਦਿੱਤਾ.
ਕੌਰ ਨੌਨਿਹਾਲ ਸਿੰਘ ਨੇ ਆਪਣੇ ਪਿਤਾ ਨੂੰ ਨਜ਼ਰਬੰਦ ਰੱਖਕੇ ਰਾਜਕਾਜ ਆਪਣੇ ਹੱਥ ਲਿਆ. ੫ ਨਵੰਬਰ ਸਨ ੧੮੪੦ (੨੧ ਕੱਤਕ ਸੰਮਤ ੧੮੯੭) ਨੂੰ ਜਦਕਿ ਕੌਰ ਨੌਨਿਹਾਲ ਸਿੰਘ ਆਪਣੇ ਪਿਤਾ ਦਾ ਸਸਕਾਰ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਪਾਸ ਕਰਕੇ ਕਿਲੇ ਨੂੰ ਵਾਪਿਸ ਆਰਿਹਾ ਸੀ, ਤਦ ਸਮਾਧਾਂ ਨੂੰ ਵੜਦੇ ਜੋ ਖੱਬੇ ਪਾਸੇ ਦਰਵਾਜਾ ਹੈ ਉਸ ਦਾ ਉੱਤੋਂ ਪੜਦਾ ਅਜੇਹਾ ਡਿੱਗਾ ਜੋ ਕੋਰ ਦੀ ਮੌਤ ਦਾ ਕਾਰਣ ਹੋਇਆ. ਕਈ ਇਤਿਹਾਸਕਾਰਾਂ ਨੇ, ਅਤੇ ਕਰਨੈਲ ਅਲੈਗਜ਼ੈਂਡਰ ਗਾਡਨਰ ਨੇ ਜੋ ਅੱਖੀਂ ਵੇਖੇ ਹਾਲ ਲਿਖੇ ਹਨ, ਉਨ੍ਹਾਂ ਤੋਂ ਪ੍ਰਤੀਤ ਹੁੰਦਾ ਹੈ ਕਿ ਕੌਰ ਨੌਨਿਹਾਲ ਸਿੰਘ ਖ਼ਾਸ ਬ੍ਯੋਂਤ ਕਰਕੇ ਮਾਰਿਆ ਗਿਆ.{1299}.

Footnotes:
{1299} ਇਸ ਦੇ ਸੰਬੰਧ ਵਿੱਚ ਦੇਖੋ- ਬਾਬਾ ਪ੍ਰੇਮਸਿੰਘ ਹੋਤੀ ਨਿਵਾਸੀ ਦਾ ਲਿਖਿਆ “ਜੀਵਨ ਬ੍ਰਿਤਾਂਤ ਮਹਾਰਜਾ ਨੌਨਿਹਾਲਸਿੰਘ.”


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits