Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/HindiSGGS Gurmukhi/Hindi to Punjabi-English/Hindi Dictionary
Ḏẖunī. 1. ਨਾਦ, ਸੰਗੀਤ। 2. ਅਲਾਪੀ, ਗਾਈ। 1. music, melody, celestial strain. 2. sung. 1. ਉਦਾਹਰਨ: ਅਨਹਦ ਧੁਨੀ ਦਰਿ ਵਜਦੇ ਦਰਿ ਸਚੈ ਸੋਭਾ ਪਾਇ ॥ Raga Sireeraag 4, 70, 3:3 (P: 42). 2. ਉਦਾਹਰਨ: ਸੋਰਠਿ ਗੋਂਡ ਮਲਾਰੀ ਧੁਨੀ ॥ Raagmaalaa, 1:51 (P: 1430).

English Translation
n.f. tune musical mode, musical sound, tone, melody, sound speech sound.

Mahan Kosh Encyclopedia

ਸੰ. ਨਾਮ/n. ਨਦੀ ਦਰਿਆ। 2. ਸੰ. ਧ੍ਵਨਿ. ਸ਼ਬਦ. ਨਾਦ. “ਅਨਹਦ ਧੁਨੀ ਦਰਿ ਵਜਦੇ.” (ਸ੍ਰੀ ਮਃ ੪) 3. ਆਵਾਜ਼ ਦੀ ਗੂੰਜ। 4. ਕਾਵ੍ਯ ਅਨੁਸਾਰ ਉਹ ਗੂਢ ਅਰਥ ਦਾ ਭਾਵ, ਜੋ ਅੱਖਰਾਂ ਦੇ ਅਰਥ ਤੋਂ ਭਿੰਨ ਵ੍ਯੰਜਨਾ ਸ਼ਕਤਿ ਦ੍ਵਾਰਾ ਪ੍ਰਗਟ ਹੋਵੇ, ਜਿਵੇਂ. “ਮੇਟੀ ਜਾਤਿ ਹੂਏ ਦਰਬਾਰਿ.” (ਗੌਂਡ ਰਵਿਦਾਸ) ਇਸ ਤੋਂ ਉਹ ਧੁਨੀ (ਧ੍ਵਨਿ) ਨਿਕਲੀ ਕਿ ਜੋ ਜਾਤਿਅਭਿਮਾਨੀ ਹਨ, ਉਹ ਕਰਤਾਰ ਦੇ ਦਰਬਾਰ ਦੇ ਅਧਿਕਾਰੀ ਨਹੀਂ।{1179} 5. ਗਾਉਣ ਦੀ ਧਾਰਨਾ. ਗਾਉਣ ਦਾ ਢੰਗ. ਸ਼੍ਰੀ ਗੁਰੂ ਅਰਜਨ ਸਾਹਿਬ ਨੇ ਨੌ ਵਾਰਾਂ ਅਜੇਹੀਆਂ ਚੁਣੀਆਂ, ਜਿਨ੍ਹਾਂ ਦੇ ਗਾਉਣ ਦੀ ਧਾਰਨਾ ਪੁਰਾਣੇ ਯੋਧਿਆਂ ਦੀਆਂ ਵਾਰਾਂ ਅਨੁਸਾਰ ਰਬਾਬੀਆਂ ਨੂੰ ਦੱਸੀ, ਅਰ ਪੁਰਾਣੀਆਂ ਵਾਰਾਂ ਦੇ ਪਤੇ ਵਾਰਾਂ ਦੇ ਮੁੱਢ ਲਿਖੇ. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਢਾਡੀਆਂ ਤੋਂ ਇਹ ਨੌ ਧੁਨੀਆਂ ਵੀਰ ਰਸ ਦੀ ਵ੍ਰਿੱਧੀ ਲਈ ਗਵਾਈਆਂ, ਜੋ ਹੁਣ ਤਕ ਟਕਸਾਲੀਏ ਰਾਗੀ ਰਬਾਬੀ ਗਾਉਂਦੇ ਹਨ. ਬਹੁਤ ਲੇਖਕਾਂ ਨੇ ਲਿਖਿਆ ਹੈ ਕਿ ਧੁਨੀਆਂ ਛੀਵੇਂ ਸਤਿਗੁਰੂ ਨੇ ਚੜ੍ਹਾਈਆਂ ਹਨ, ਪਰ ਇਹ ਅਸਤ੍ਯ ਹੈ.{1180}
ਨੌ ਧੁਨੀਆਂ ਇਹ ਹਨ:-
(ੳ) ਮਾਝ ਕੀ ਵਾਰ- ਮਲਕ ਮੁਰੀਦ ਤਥਾ- ਚੰਦ੍ਰਹੜਾ ਸੋਹੀਆ ਕੀ ਧੁਨੀ. ਮਲਿਕ ਜਾਤੀ ਦਾ ਮੁਰੀਦ ਖ਼ਾਂਨ ਅਤੇ ਸੋਹੀ ਜਾਤਿ ਦਾ ਚੰਦ੍ਰਹੜਾ ਦੋਵੇਂ ਅਕਬਰ ਦੇ ਫ਼ੌਜੀ ਸਰਦਾਰ ਆਪੋ ਵਿੱਚੀ ਵਿਰੋਧ ਰਖਦੇ ਸਨ. ਇੱਕ ਵਾਰ ਬਾਦਸ਼ਾਹ ਨੇ ਸਰਹੱਦੀ ਮੁੰਹਿਮ ਤੇ ਮਲਿਕ ਨੂੰ ਤੋਰਦਿੱਤਾ. ਮਾਲਿਕ ਨੇ ਵੈਰੀ ਨੂੰ ਜਿੱਤਕੇ ਮੁਲਕ ਪੁਰ ਕ਼ਬਜ਼ਾ ਕੀਤਾ ਅਤੇ ਅਮਨ ਕ਼ਾਇਮ ਕਰਨ ਲਈ ਕੁਝ ਸਮਾਂ ਉੱਥੇ ਠਹਿਰਿਆ. ਚੰਦ੍ਰਹੜਾ ਨੇ ਚਾਲਾਕੀ ਨਾਲ ਬਾਦਸ਼ਾਹ ਨੂੰ ਇਹ ਜਤਾਇਆ ਕਿ ਮਲਿਕ ਮੁਲਕ ਤੇ ਕ਼ਾਬਿਜ਼ ਹੋਕੇ ਬਾਗ਼ੀ ਹੋ ਗਿਆ ਹੈ. ਇਸ ਪੁਰ ਬਾਦਸ਼ਾਹ ਨੇ ਚੰਦ੍ਰਹੜਾ ਨੂੰ ਮਲਿਕ ਦੇ ਹੋਸ਼ ਠਿਕਾਣੇ ਕਰਨ ਭੇਜਿਆ. ਦੋਵੇਂ ਯੋਧਾ ਮੈਦਾਨ ਜੰਗ ਵਿੱਚ ਕਟਕੇ ਮਰਗਏ. ਢਾਡੀਆਂ ਨੇ ਉਨ੍ਹਾਂ ਦੀ ਵਾਰ ਇਸ ਵਜ਼ਨ ਤੇ ਬਣਾਈ-
“ਕਾਬੁਲ ਵਿੱਚ ਮੁਰੀਦਖਾਂ ਫੜਿਆ ਬਡ ਜੋਰ,
ਚੰਦ੍ਰਹੜਾ ਲੈ ਫੌਜ ਕੋ ਚੜ੍ਹਿਆ ਬਡ ਤੌਰ,
ਦੁਹਾਂ ਕੰਧਾਰਾਂ ਮੁਹ ਜੁੜੇ ਦਾਮਾਮੇ ਦੌਰ,
ਸਸਤ੍ਰ ਪਜੂਤੇ ਸੂਰਿਆਂ ਸਿਰ ਬੱਧੇ ਟੌਰ,
ਹੋਲੀ ਖੇਲੇ ਚੰਦ੍ਰਹੜਾ ਰੰਗ ਲੱਗੇ ਸੌਰ,
ਦੋਵੇਂ ਤਰਫਾਂ ਜੁੱਟੀਆਂ ਸਰ ਵੱਗਨ ਕੌਰ,
ਮੈ ਭੀ ਰਾਇ ਸਦਾਇਸਾਂ ਵੜਿਆ ਲਾਹੌਰ,
ਦੋਵੇਂ ਸੂਰੇ ਸਾਮਣੇ ਜੂਝੇ ਉਸ ਠੌਰ.”
ਇਸ ਨਾਲ ਅਠ ਤੁਕੀ ਪੌੜੀ ਮਾਝ ਵਾਰ ਦੀ ਦੇਖੋ- “ਤੂੰ ਕਰਤਾ ਪੁਰਖੁ ਅਗੰਮੁ ਹੈ ਆਪਿ ਸ੍ਰਿਸਟਿ ਉਪਾਤੀ.” ×××
(ਅ) ਗਉੜੀ ਕੀ ਵਾਰ ਮਹਲਾ 5- ਰਾਇ ਕਮਾਲਦੀ ਮੋਜਦੀ ਕੀ ਵਾਰ ਕੀ ਧੁਨੀ. ਵਾਰ ਦੇਸ਼ ਦੇ ਮਾਲਿਕ ਕਮਾਲੁੱਦੀਨ ਨੇ ਆਪਣੇ ਭਾਈ ਨੂੰ ਛਲ ਨਾਲ ਜ਼ਹਿਰ ਦੇਕੇ ਮਾਰਦਿੱਤਾ. ਉਸ ਦੀ ਇਸਤ੍ਰੀ ਨਾਬਾਲਿਗ਼ ਮੁਅ਼ੱਜ਼ੁੱਦੀਨ [مُعّزالدین] ਨੂੰ ਲੈਕੇ ਪੇਕੇ ਘਰ ਜਾ ਰਹੀ. ਜਦ ਮੁਅ਼ੱਜ਼ੁੱਦੀਨ ਜਵਾਨ ਹੋਇਆ ਤਦ ਨਾਨਕਿਆਂ ਦੀ ਭਾਰੀ ਜਮਾਤ ਨਾਲ ਲੈਕੇ ਆਪਣੇ ਚਾਚੇ ਨੂੰ ਜੰਗ ਲਈ ਵੰਗਾਰਿਆ ਅਰ ਅਜੇਹੀ ਬਹਾਦੁਰੀ ਨਾਲ ਲੜਿਆ ਕਿ ਕਮਾਲੁੱਦੀਨ ਨੂੰ ਸੰਸਾਰ ਤ੍ਯਾਗਣਾ ਪਿਆ. ਢਾਡੀਆਂ ਨੇ ਇਸ ਜੰਗ ਦੀ ਵਾਰ ਇਸ ਵਜ਼ਨ ਪੁਰ ਰਚੀ:-
“ਰਾਣਾ ਰਾਇ ਕਮਾਲਦੀਂ ਰਣ ਭਾਰਾ ਬਾਹੀ,
ਮੌਜੁੱਦੀਂ ਤਲਵੰਡੀਓਂ ਚੜਿਆ ਸਾਬਾਹੀ,
ਢਾਲੀਂ ਅੰਬਰ ਛਾਇਆ ਫੁੱਲੇ ਅਕ ਕਾਹੀ,
ਜੁੱਟੇ ਆਮ੍ਹੋ ਸਾਮ੍ਹਣੇ ਨੇਜੇ ਝਲਕਾਹੀ,
ਮੌਜੇ ਘਰ ਵਾਧਾਈਆਂ ਘਰ ਚਾਚੇ ਧਾਹੀ.”
ਇਸ ਨਾਲ ਧੁਨੀ ਮਿਲਾਉਣ ਲਈ ਪੰਜ ਤੁਕੀ ਪੌੜੀ ਗਉੜੀ ਵਾਰ ਦੀ ਦੇਖੋ- “ਜੋ ਤੁਧੁ ਭਾਵੈ ਸੋ ਭਲਾ ਸਚੁ ਤੇਰਾ ਭਾਣਾ.” ×××
(ੲ) ਆਸਾ ਕੀ ਵਾਰ- ਟੁੰਡੇ ਅਸਰਾਜੈ ਕੀ ਧੁਨੀ. ਸਾਰੰਗ ਦਾ ਪੁਤ੍ਰ ਅਸਰਾਜ ਸੀ. ਉਸ ਦੀ ਛੋਟੀ ਮਾਂ ਜੋ ਨਵਯੋਵਨਾ ਸੀ, ਅਸਰਾਜ ਤੇ ਮੋਹਿਤ ਹੋਗਈ, ਅਰ ਆਪਣੀ ਮੰਦਭਾਵਨਾ ਪ੍ਰਗਟ ਕੀਤੀ, ਪਰ ਧਰਮਾਤਮਾ ਅਸ ਨੇ ਦ੍ਰਿੜ੍ਹਤਾ ਨਾਲ ਧਰਮ ਪਾਲਿਆ. ਮਤੇਈ ਨੇ ਵਿਸ਼ਯਲੰਪਟ ਰਾਜੇ ਨੂੰ ਭੜਕਾਕੇ ਪੁਤ੍ਰ ਤੇ ਅਯੋਗ ਕਲੰਕ ਲਾਇਆ ਅਤੇ ਹੱਥ ਕਟਵਾਕੇ ਦੇਸੋਂ ਕਢਵਾਦਿੱਤਾ. ਦੈਵਯੋਗ ਨਾਲ ਟੁੰਡਾ ਅਸਰਾਜ ਵਿਦੇਸ਼ ਵਿੱਚ ਜਾਕੇ ਆਪਣੇ ਸ਼ੁਭ ਗੁਣਾਂ ਦ੍ਵਾਰਾ ਸਭ ਸੰਪਦਾ ਸਹਿਤ ਹੋ ਗਿਆ. ਜਦ ਪਿਤਾ ਨੂੰ ਸਮਾਂ ਪਾਕੇ ਅਸਲ ਹਾਲ ਮਲੂਮ ਹੋਇਆ ਤਦ ਪੁਤ੍ਰ ਨੂੰ ਚਿੱਠੀ ਲਿਖਕੇ ਬੁਲਾਇਆ, ਪਰ ਅਸਰਾਜ ਦੀ ਮਤੇਈ ਦੇ ਪੁਤ੍ਰ ਖਾਨ ਅਤੇ ਸੁਲਤਾਨ ਨੇ ਫ਼ੌਜ਼ਾਂ ਲੈਕੇ ਵਡੇ ਭਾਈ ਦਾ ਮੁਕ਼ਾਬਲਾ ਕੀਤਾ. ਕਰਤਾਰ ਦੀ ਕ੍ਰਿਪਾ ਨਾਲ ਅਸਰਾਜ ਨੇ ਫਤੇ ਪਾਕੇ ਪਿਤਾ ਦੇ ਚਰਣਾਂ ਪੁਰ ਪ੍ਰਣਾਮ ਕੀਤਾ. ਸਾਰੰਗ ਨੇ ਪਿਛਲੀ ਆਪਣੀ ਕਰਤੂਤ ਪੁਰ ਲੱਜਿਤ ਹੋਕੇ ਅਸਰਾਜ ਨੂੰ ਰਾਜ ਸਿੰਘਾਸਨ ਤੇ ਬੈਠਾਕੇ ਆਪ ਏਕਾਂਤਾਸ ਅਖਤਿਆਰ ਕੀਤਾ. ਇਸ ਘਟਨਾ ਦੀ ਵਾਰ ਜੋ ਰਚੀ ਉਸ ਦੀ ਪੌੜੀ ਇਹ ਹੈ:-
ਭਬਕਿਆ ਸੇਰ ਸਰਦੂਲ ਰਾਇ ਰਣ ਮਾਰੂ ਬੱਜੇ,
ਸੁਲਤਾਨ ਖਾਨ ਬਡ ਸੂਰਮੇ ਵਿਚ ਰਣ ਦੇ ਗੱਜੇ,
ਖਤ ਲਿਖੇ ਟੁੰਡੇ ਅਸਰਾਜ ਨੂੰ ਪਤਸਾਹੀ ਅੱਜੇ,
ਟਿੱਕਾ ਸਾਰੰਗ ਬਾਪ ਨੇ ਦਿਤਾ ਭਰ ਲੱਜੇ,
ਫਤੇ ਪਾਇ ਅਸਰਾਜ ਜੀ ਸ਼ਾਹੀ ਪਰ ਸੱਜੇ.
ਇਸ ਪੰਜ ਤੁਕੀ ਪੌੜੀ ਨਾਲ ਆਸਾ ਵਾਰ ਦੀ ਪੰਜ ਤੁਕੀ ਪੌੜੀ ਦੀ ਧੁਨੀ ਸਤਿਗੁਰੂ ਨੇ ਮਿਲਾਈ “ਆਪੀ ਨੈ ਆਪੁ ਸਾਜਿਓ ਆਪੀਨੈ ਰਚਿਓ ਨਾਉ.”
(ਸ) ਗੂਜਰੀ ਕਾ ਵਾਰ- ਸਿਕੰਦਰ ਬਿਰਾਹਿਮ ਕੀ ਧੁਨੀ. ਸਿਕੰਦਰ ਅਤੇ ਇਬਰਾਹੀਮ ਦੋ ਇੱਕੇ ਖ਼ਾਨਦਾਨ ਦੇ ਰਈਸ ਸਨ. ਇਬਰਾਹੀਮ ਵਿਭਚਾਰੀ ਅਤੇ ਸਿਕੰਦਰ ਧਰਮਾਤਮਾ ਸੀ. ਇੱਕ ਵਾਰ ਇਬਰਾਹੀਮ ਨੇ ਕਿਸੇ ਦੀ ਕੰਨ੍ਯਾ ਦਾ ਧਰਮਭੰਗ ਕਰਨਾ ਚਾਹਿਆ. ਕੰਨ੍ਯਾ ਦਾ ਪਿਤਾ ਸਿਕੰਦਰ ਦੀ ਸ਼ਰਣ ਗਿਆ ਅਰ ਇਬਰਾਹੀਮ ਦਾ ਅਤ੍ਯਾਚਾਰ ਦੱਸਿਆ. ਸਿਕੰਦਰ ਸੈਨਾ ਲੈਕੇ ਇਬਰਾਹੀਮ ਪੁਰ ਚੜ੍ਹਆਇਆ ਅਤੇ ਜੰਗ ਜਿੱਤਕੇ ਕ਼ੈਦੀ ਕਰਲਿਆ. ਅੰਤ ਨੂੰ ਇਬਰਾਹੀਮ ਨੇ ਆਪਣੇ ਜੀਵਨ ਨੂੰ ਸੁਧਾਰਣ ਦਾ ਪ੍ਰਣ ਕਰਕੇ ਸਿਕੰਦਰ ਤੋਂ ਛੁਟਕਾਰਾ ਪਾਇਆ. ਇਸ ਪ੍ਰਸੰਗ ਦੀ ਵਾਰ ਜੋ ਬਣੀ ਉਸ ਦੀ ਪੌੜੀ ਇਹ ਹੈ:-
“ਪਾਪੀ ਖਾਨ ਬਿਰਾਮ ਪਰ ਚੜਿਆ ਸੇਕੰਦਰ,
ਭੇੜ ਦੁਹਾਂ ਦਾ ਮੱਚਿਆ ਬਡ ਰਣ ਦੇ ਅੰਦਰ,
ਫੜਿਆ ਖਾਨ ਬਿਰਾਮ ਨੂੰ ਕਰ ਬਡ ਆਡੰਬਰ,
ਬੱਧਾ ਸੰਗਲ ਪਾਇਕੈ ਜਣੁ ਕੀਲੇ ਬੰਦਰ,
ਅਪਨਾ ਹੁਕਮ ਮਨਾਇਕੈ ਛੱਡਿਆ ਜਗ ਅੰਦਰ.”
ਇਸ ਪੰਜ ਤੁਕੀ ਪੌੜੀ ਨਾਲ ਗੂਜਰੀ ਦੀ ਪੰਜ ਤੁਕੀ ਪੌੜੀ ਦੇਖੋ- “ਆਪਣਾ ਆਪੁ ਉਪਾਇਓਨੁ ਤਦਹੁ ਹੋਰੁ ਨ ਕੋਈ.” ×××
(ਹ) ਵਡਹੰਸ ਕੀ ਵਾਰ- ਲਲਾ ਬਹਿਲੀਮਾ ਕੀ ਧੁਨੀ. ਲਲਾ ਅਤੇ ਬਹਿਲੀਮ ਪੜੋਸੀ ਪਹਾੜੀ ਰਾਜਾ ਸਨ. ਲਲਾ ਦਾ ਇ਼ਲਾਕ਼ਾ ਖ਼ੁਸ਼ਕ ਅਰ ਬਹਿਲੀਮ ਦਾ ਸਰਸਬਜ਼ ਸੀ. ਇੱਕ ਵਾਰ ਬਰਸਾਤ ਕਮ ਹੋਣ ਕਰਕੇ ਲਲਾ ਨੇ ਬਹਿਲੀਮ ਤੋਂ ਨਿੱਤ ਵਹਿਣ ਵਾਲੀ ਕੂਲ੍ਹ ਦਾ ਪਾਣੀ ਮੰਗਿਆ ਅਰ ਪੈਦਾਵਾਰ ਦਾ ਛੀਵਾਂ ਹਿੱਸਾ ਦੇਣਾ ਕੀਤਾ, ਪਰ ਫਸਲ ਤਿਆਰ ਹੋਣ ਪੁਰ ਲਲਾ ਬਚਨੋਂ ਫਿਰਗਿਆ, ਜਿਸ ਪੁਰ ਦੋਹਾਂ ਦਾ ਯੁੱਧ ਹੋਇਆ ਅਰ ਫਤੇ ਬਹਿਲੀਮ ਦੇ ਹਿੱਸੇ ਆਈ. ਉਨ੍ਹਾਂ ਦੀ ਵਾਰ ਦੀ ਪੌੜੀ ਇਉਂ ਹੈ-
“ਕਾਲ ਲਲਾ ਦੇ ਦੇਸ ਦਾ ਖੋਇਆ ਬਹਿਲੀਮਾ,
ਹਿੱਸਾ ਛਠਾ ਮਨਾਇਕੈ ਜਲ ਨਹਿਰੋਂ ਦੀਮਾ,
ਫਿਰਾਹੂਨ ਹੁਇ ਲਲਾ ਨੇ ਰਣ ਮੰਡਿਆ ਧੀਮਾ,
ਭੇੜ ਦੁਹੂੰ ਦਿਸ ਮੱਚਿਆ ਸਟਪਈ ਅਜੀਮਾ,
ਸਿਰ ਧੜ ਡਿੱਗੇ ਖੇਤ ਵਿੱਚ ਜਿਉ ਵਾਹਣ ਢੀਮਾ,
ਮਾਰ ਲਲਾ ਬਹਲੀਮ ਨੇ ਰਣ ਮੇ ਧਰ ਸੀਮਾ.”
ਇਸ ਪੌੜੀ ਦੇ ਬਹਰ ਨਾਲ ਗੁਰੂ ਸਾਹਿਬ ਨੇ ਵਡਹੰਸ ਵਾਰ ਦੀ ਪੌੜੀ ਦੀ ਧੁਨੀ ਮਿਲਾਈ- “ਤੂ ਆਪੇ ਹੀ ਆਪਿ ਆਪਿ ਹੈ ਆਪਿ ਕਾਰਣੁ ਕੀਆ.” ××
(ਕ) ਰਾਮਕਲੀ ਕੀ ਵਾਰ ਮਃ ੩- ਜੋਧੇ ਵੀਰੈ ਪੂਰਬਾਣੀ ਕੀ ਧੁਨੀ. ਪੂਰਬਾਣੀ ਰਾਜਪੂਤ ਦੇ ਪੁਤ੍ਰ ਜੋਧ ਅਤੇ ਵੀਰ ਮਸ਼ਹੂਰ ਧਾੜਵੀ ਸਨ. ਇਨ੍ਹਾਂ ਨੂੰ ਕਈ ਵਾਰ ਅਕਬਰ ਨੇ ਸ਼ਾਹੀ ਨੌਕਰ ਹੋਣ ਲਈ ਆਖਿਆ ਪਰ ਇਨ੍ਹਾਂ ਨੇ ਸਦਾ ਇਹ ਕਰਾਰਾ ਉੱਤਰ ਦਿੱਤਾ ਕਿ ਅਸੀਂ ਓਹ ਰਾਜਪੂਤ ਨਹੀਂ ਜੋ ਧੀਆਂ ਵੇਚਕੇ ਤੇਰੀ ਗ਼ੁਲਾਮੀ ਕਰਨ ਵਾਲੇ ਹਨ. ਇਹ ਚੁਭਵੀਂ ਗੱਲ ਸੁਣਕੇ ਅਕਬਰ ਨੇ ਇਨ੍ਹਾਂ ਦੀ ਆਕੜ ਭੰਨਣ ਨੂੰ ਫੌਜ ਭੇਜੀ ਅਰ ਇਹ ਦੋਵੇਂ ਭਾਈ ਬਹਾਦੁਰੀ ਨਾਲ ਮੁਕ਼ਾਬਲਾ ਕਰਕੇ ਲੜ ਮੋਏ. ਭੱਟਾਂ ਨੇ ਇਸ ਵਜ਼ਨ ਦੀ ਵਾਰ ਬਣਾਈ-
ਜੋਧ ਵੀਰ ਪੂਰਬਾਣੀਏ ਦੋ ਗੱਲਾਂ ਕਰੀ ਕਰਾਰੀਆਂ,
ਫੌਜ ਚੜਾਈ ਬਾਦਸ਼ਾਹ ਅਕਬਰ ਰਣ ਭਾਰੀਆਂ,
ਸਨਮੁਖ ਹੋਏ ਰਾਜਪੂਤ ਸ਼ੁਤਰੀ ਰਣਕਾਰੀਆਂ,
ਧੂਹ ਮਿਆਨੋ ਕੱਢੀਆਂ ਬਿਜੁੱਲਚਮਕਾਰੀਆਂ,
ਇੰਦਰ ਸਣੇ ਅਪੱਛਰਾਂ ਮਿਲ ਕਰਨ ਜੁਹਾਰੀਆਂ,
ਏਹੀ ਕੀਤੀ ਜੋਧ ਵੀਰ ਪਤਸ਼ਾਹੀ ਗੱਲਾਂ ਸਾਰੀਆਂ.
ਇਸ ਛੀ ਤੁਕੀ ਪੋੜੀ ਨਾਲ ਰਾਮਕਲੀ ਦੀ ਛੀ ਤੁਕੀ ਪੌੜੀ ਦੀ ਧੁਨਿ ਮਿਲਾਈ-
“ਸਚੈ ਤਖਤੁ ਰਚਾਇਆ ਬੈਸਣ ਕਉ ਜਾਈ.” ×××
(ਖ) ਸਾਰੰਗ ਕੀ ਵਾਰ- ਰਾਇ ਮਹਮੇ ਹਸਨੇ ਕੀ ਧੁਨਿ. ਮਹਿਮਾ ਹਸਨਾ ਭਟੀ ਰਾਜਪੂਤ ਸਨ. ਹਸਨਾ ਸ਼ਾਹੀ ਮੁਲਾਜ਼ਮ ਸੀ ਪਰ ਕਿਸੇ ਅਪਰਾਧ ਤੋਂ ਮੌਕ਼ੂਫ਼ ਹੋ ਗਿਆ ਅਰ ਮਹਿਮੇ ਦੀ ਪਨਾਹ ਲਈ. ਮਹਿਮੇ ਨੇ ਉਸ ਨੂੰ ਆਪਣਾ ਪ੍ਰਧਾਨ ਥਾਪਿਆ ਅਤੇ ਸ਼ਾਹੀ ਟੈਕ੍‌ਸ ਅਦਾ ਕਰਨ ਲਈ ਉਸੇ ਨੂੰ ਭੇਜਦਾ ਰਿਹਾ. ਹਸਨੇ ਨੇ ਰਾਜਕਰ (ਸਰਕਾਰੀ ਮੁਆਮਲਾ) ਸਦਾ ਆਪਣੇ ਨਾਮ ਦਾਖ਼ਿਲ ਕਰਵਾਕੇ ਮਹਿਮੇ ਨੂੰ ਗ਼ੈਰਹ਼ਾਜ਼ਿਰ ਲਿਖਵਾਇਆ. ਮੁਆਮਲਾ ਨਾ ਦੇਣ ਦੇ ਅਪਰਾਧ ਵਿਚ ਮਹਿਮਾ ਕ਼ੈਦ ਕੀਤਾ ਗਿਆ ਪਰ ਅੰਤ ਭੇਦ ਖੁਲ੍ਹਜਾਣ ਪੁਰ ਮਹਿਮਾ ਸ਼ਾਹੀ ਫੌਜ ਨਾਲ ਹਸਨੇ ਨੂੰ ਕਰਮਫਲ ਭੁਗਤਾਉਣ ਲਈ ਭੇਜਿਆਗਿਆ. ਮਹਿਮੇ ਨੇ ਫਤੇ ਪਾਕੇ ਹਸਨਾ ਕ਼ੈਦ ਕੀਤਾ, ਪਰ ਉਸ ਦੀ ਦੀਨਤਾ ਪੁਰ ਆਪਣੇ ਕ੍ਰਿਪਾਲੁ ਸੁਭਾਉ ਅਨੁਸਾਰ ਹਸਨੇ ਦਾ ਅਪਰਾਧ ਬਖ਼ਸ਼ਦਿੱਤਾ. ਢਾਡੀਆਂ ਨੇ ਇਸ ਦੀ ਵਾਰ ਰਚੀ-
ਮਹਿਮਾ ਹਸਨਾ ਰਾਜਪੂਤ ਰਾਇ ਭਾਰੇ ਭੱਟੀ,
ਹਸਨੇ ਬੇਈਮਾਨਗੀ ਨਾਲ ਮਹਿਮੇ ਥੱਟੀ,
ਭੇੜ ਦੁਹਾਂ ਦਾ ਮੱਚਿਆ ਸਰ ਵਗੇ ਸਫੱਟੀ,
ਮਹਿਮੇ ਪਾਈ ਫਤੇ ਰਨ ਗਲ ਹਸਨੇ ਘੱਟੀ,
ਬੰਨ ਹਸਨੇ ਨੂੰ ਛੱਡਿਆ ਜਸ ਮਹਿਮੇ ਖੱਟੀ.
ਇਸ ਪੰਜਤੁਕੀ ਪੌੜੀ ਨਾਲ ਸਾਰੰਗ ਵਾਰ ਦੀ ਪੰਜਤੁਕੀ ਪੌੜੀ ਮਿਲਾਈ ਗਈ-
“ਆਪੇਆਪਿ ਨਿਰੰਜਨਾ ਜਿਨਿ ਆਪੁ ਉਪਾਇਆ.”
(ਗ) ਮਲਾਰ ਕੀ ਵਾਰ- ਰਾਣੇ ਕੈਲਾਸ ਤਥਾ- ਮਾਲਦੇ ਕੀ ਧੁਨਿ. ਰਾਣਾ ਕੈਲਾਸਦੇਵ ਅਤੇ ਮਾਲਦੇਵ ਰਾਜਪੂਤ, ਦੋਵੇਂ ਸਕੇ ਭਾਈ ਪਹਾੜੀ ਰਈਸ ਸਨ. ਵਡੇ ਭਾਈ ਨੇ ਰਾਜ ਪਾਕੇ ਛੋਟੇ ਭਾਈ ਨਾਲ ਅਯੋਗ ਵਰਤਾਉ ਕੀਤਾ. ਮਾਲਦੇਵ ਅਣਖ ਵਾਲਾ ਯੋਧਾ ਸੀ, ਉਸ ਨੇ ਆਪਣੇ ਰਸੂਖ਼ ਨਾਲ ਸੈਨਾ ਅਤੇ ਪ੍ਰਜਾ ਨੂੰ ਆਪਣੀ ਵੱਲ ਕਰ ਲੀਤਾ, ਅਰ ਕੈਲਾਸਦੇਵ ਨੂੰ ਜੰਗ ਵਿੱਚ ਸ਼ਿਕਸ੍ਤ ਦੇਕੇ ਰਿਆਸਤ ਦਾ ਪ੍ਰਬੰਧ ਆਪਣੇ ਹੱਥ ਲਿਆ. ਜਦ ਕੈਲਾਸ ਨੇ ਪਛਤਾਕੇ ਭਾਈ ਤੋਂ ਮੁਆਫ਼ੀ ਮੰਗੀ, ਤਦ ਧਰਮਾਤਮਾ ਮਾਲਦੇਉ ਨੇ ਅੱਧੀ ਰਿਆਸਤ ਉਸ ਦੇ ਹਵਾਲੇ ਕਰਦਿੱਤੀ. ਇਨ੍ਹਾਂ ਦੋਹਾਂ ਰਾਜਪੁਤ੍ਰਾਂ ਦੀ ਵਾਰ ਜੋ ਢਾਡੀਆਂ ਨੇ ਬਣਾਈ, ਉਸ ਦਾ ਨਮੂਨਾ ਇਹ ਹੈ-
“ਧਰਤ ਘੋੜਾ ਪਰਬਤ ਪਲਾਣ ਸਿਰ ਟੱਟਰ ਅੰਬਰ,
ਨਉ ਸੈ ਨਦੀ ਨੜਿੰਨਵੇ ਰਾਣਾ ਜਲ ਕੰਧਰ,
ਢੁੱਕਾ ਰਾਇ ਅਮੀਰਦੇ ਕਰ ਮੇਘਅਡੰਬਰ,
ਆਨਤ ਖੰਡਾ ਰਾਣਿਆ ਕੈਲਾਸੇ ਅੰਦਰ,
ਬਿਜੁੱਲ ਜ੍ਯੋਂ ਚਮਕਾਣੀਆਂ ਤੇਗਾਂ ਵਿਚ ਅੰਬਰ,
ਮਾਲਦੇਵ ਕੈਲਾਸ ਨੂੰ ਬੰਨ੍ਹਿਆ ਕਰ ਸੰਘਰ,
ਫਿਰ ਅੱਧਾ ਧਨ ਮਾਲ ਦੇ ਛੱਡਿਆ ਗੜ੍ਹ ਅੰਦਰ,
ਮਾਲਦੇਉ ਜਸ ਖੱਟਿਆ ਜਿਉ ਸ਼ਾਹ ਸਿੰਕਦਰ.”
ਇਸ ਅਠਤੁਕੀ ਪੌੜੀ ਨਾਲ ਮਲਾਰ ਵਾਰ ਦੀ ਅਠਤੁਕੀ ਧੁਨਿ ਮਿਲਾਈ “ਆਪੀ ਨੈ ਆਪੁ ਸਾਜਿ ਆਪੁ ਪਛਾਣਿਆ.” ×××
(ਘ) ਕਾਨੜੇ ਦੀ ਵਾਰ- ਮੂਸੇ ਕੀ ਵਾਰ ਕੀ ਧੁਨੀ. ਮੂਸਾ ਰਾਠ ਵਡਾ ਬਹਾਦੁਰ ਯੋਧਾ ਸੀ. ਉਸ ਦੀ ਮੰਗ ਕਿਸੇ ਹੋਰ ਨੇ ਵਿਆਹਲਈ. ਇਸ ਪੁਰ ਮੂਸੇ ਨੇ ਵੈਰੀ ਨੂੰ ਜੰਗ ਵਿੱਚ ਕ਼ੈਦ ਕਰਕੇ ਇਸਤ੍ਰੀ ਸਮੇਤ ਘਰ ਲਿਆਂਦਾ ਅਰ ਇਸਤ੍ਰੀ ਤੋਂ ਪੁੱਛਿਆ ਕਿ ਤੇਰਾ ਕੀ ਸੰਕਲਪ ਹੈ? ਉਸ ਪਤਿਵ੍ਰਤਾ ਨੇ ਕਿਹਾ ਕਿ ਮੈਂ ਉਸੇ ਦੀ ਇਸਤ੍ਰੀ ਰਹਾਂਗੀ ਜਿਸ ਨੇ ਮੈਨੂੰ ਵਿਆਹਿਆ ਹੈ ਅਤੇ ਜਿਸ ਦੇ ਘਰ ਮੈਂ ਵਸ ਚੁੱਕੀ ਹਾਂ. ਮੂਸਾ ਇਹ ਯੋਗ੍ਯ ਬਾਤ ਸੁਣਕੇ ਪ੍ਰਸੰਨ ਹੋਇਆ ਅਰ ਵੈਰੀ ਨੂੰ ਇਸਤ੍ਰੀ ਦੇਕੇ ਸਨਮਾਨ ਨਾਲ ਵਿਦਾ ਕੀਤਾ. ਇਸ ਬਹਾਦੁਰੀ ਦੀ ਵਾਰ ਜੋ ਢਾਡੀਆਂ ਨੇ ਬਣਾਈ ਉਸ ਦੀ ਪੌੜੀ ਇਹ ਹੈ-
“ਤ੍ਰੈ ਸੈ ਸੱਠ ਮਰਾਤਬਾ ਇਕ ਘੁਰਿਐ ਡੱਗੇ,
ਚੜਿਆ ਮੂਸਾ ਪਾਤਸਾਹ ਸਭ ਸੁਣਿਆ ਜੱਗੇ,
ਦੰਦ ਚਿਟੇ ਬਡ ਹਾਥੀਆਂ ਕਹੁ ਕਿੱਤ ਵਰੱਗੇ,
ਰੁੱਤ ਪਛਾਤੀ ਬਗੁਲਿਆਂ ਘਟ ਕਾਲੀ ਬੱਗੇ.
ਏਹੀ ਕੀਤੀ ਮੂਸਿਆ ਕਿਨ ਕਰੀ ਨ ਅੱਗੇ.”
ਇਸ ਪੰਜ ਤੁਕੀ ਪੌੜੀ ਨਾਲ ਕਾਨੜਾਵਾਰ ਦੀ ਪੰਜ ਤੁਕੀ ਪੌੜੀ ਦੀ ਧੁਨੀ ਮਿਲਾਕੇ ਸਤਿਗੁਰਾਂ ਨੇ ਗਾਉਣ ਦੀ ਧਾਰਣਾ ਥਾਪੀ- “ਤੂੰ ਆਪੇ ਹੀ ਸਿਧ ਸਾਧਿਕੋ ਤੂ ਆਪੇ ਹੀ ਜੁਗਜੋਗੀਆ.” ×××
6. ਧੂਨਨ ਕੀਤੀ. ਹਿਲਾਈ. ਕੰਬਾਈ. “ਕੋਪ ਮੁੰਡੀ ਧੁਨੀ.” (ਰਾਮਾਵ) ਕ੍ਰੋਧ ਵਿੱਚ ਸਿਰ ਹਿਲਾਇਆ. ਦੇਖੋ- ਧੁਨ 1 ਅਤੇ ਧੁਣਨ.

Footnotes:
{1179} ਸ਼ਬਦ ਤੋਂ ਅਰਥ, ਅਰਥ ਤੋਂ ਵ੍ਯੰਗ, ਵ੍ਯੰਗ ਤੋਂ ਧ੍ਵਨਿ ਹੋਇਆ ਕਰਦੀ ਹੈ.
{1180} ਜਿਨ੍ਹਾਂ ਵਾਰਾਂ ਦੀਆਂ ਧੁਨੀਆਂ ਗਾਉਣ ਲਈ ਪਸੰਦ ਕੀਤੀਆਂਗਈਆਂ, ਉਹ ਗੁਰਮਤ ਅਨੁਕੂਲ ਹਨ ਜਾਂ ਨਹੀਂ, ਇਸ ਦਾ ਇੱਥੇ ਸਵਾਲ ਨਹੀਂ, ਕੇਵਲ ਗਾਉਣ ਦੀ ਤ਼ਰਜ਼ ਲਈਗਈ ਹੈ, ਜਿਵੇਂ- ਲੱਛੀ ਦੇ ਗੀਤ ਦੀ ਧਾਰਣਾ ਅਨੁਸਾਰ ਕਈ ਸਿੱਖ ਸ਼ਬਦ ਗਾਂਉਂਦੇ ਹਨ. ਲੱਛੀ ਧਰਮਾਤਮਾ ਸੀ ਜਾਂ ਨਹੀਂ, ਇੱਥੇ ਇਹ ਸਵਾਲ ਕਰਨਾ ਅਗ੍ਯਾਨ ਹੈ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits