ਵਿ. ਗੁਰੁਦਾਸ. ਸਤਿਗੁਰੂ ਦਾ ਸੇਵਕ। 2. ਨਾਮ/n. ਭਾਈ ਗੁਰਦਾਸ. “ਆਦਿ ਬ੍ਰਿੱਧ ਗੁਰਦਾਸ ਗਨ ਚਹੁੰ ਦਿਸਿ ਮੇ ਗੁਰਦਾਸ.” (ਗੁਪ੍ਰਸੂ)
ਭਾਈ ਗੁਰਦਾਸ ਜੀ ਸਤਿਗੁਰੂ ਦੇ ਸੱਚੇ ਸਿੱਖ, ਬੀਬੀ ਭਾਨੀ ਜੀ ਦੇ ਨੇੜਿਓਂ ਭਾਈ ਸਨ. ਇਨ੍ਹਾਂ ਨੇ ਚੌਥੇ ਸਤਗੁਰਾਂ ਤੋਂ ੧੬੩੬ ਵਿੱਚ ਸਿੱਖਧਰਮ ਧਾਰਣ ਕੀਤਾ ਅਤੇ ਗੁਰਬਾਣੀ ਦਾ ਸਿੱਧਾਂਤ ਪੰਜਵੇਂ ਸਤਿਗੁਰਾਂ ਤੋਂ ਚੰਗੀ ਤਰ੍ਹਾਂ ਸਮਝਿਆ. ਸਿੱਖਮਤ ਦੇ ਪ੍ਰਚਾਰਕ ਹੋ ਕੇ ਇਨ੍ਹਾਂ ਨੇ ਧਰਮ ਦੇ ਨਿਯਮ ਉੱਤਮ ਰੀਤਿ ਨਾਲ ਫੈਲਾਏ. ਲਹੌਰ, ਆਗਰਾ, ਕਾਸ਼ੀ ਆਦਿਕ ਅਸਥਾਨਾਂ ਵਿੱਚ ਸਿੱਖਧਰਮ ਦਾ ਪ੍ਰਚਾਰ ਕਰਦੇ ਰਹੇ. ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਸਭ ਤੋਂ ਪਹਿਲਾ ਗੁਰੂ ਗ੍ਰੰਥ ਸਾਹਿਬ, ਜੋ ਗੁਰੂ ਅਰਜਨ ਦੇਵ ਜੀ ਨੇ ਲਿਖਵਾਇਆ ਹੈ, ਉਹ ਇਨ੍ਹਾਂ ਦੀ ਹੀ ਕਲਮ ਤੋਂ ਲਿਖਿਆ ਗਿਆ ਹੈ. ਭਾਈ ਸਾਹਿਬ ਦੀ ਬਾਣੀ (੪੦ ਵਾਰਾਂ ਅਤੇ ੫੫੬ ਕਬਿੱਤ ਆਦਿਕ ਛੰਦ) ਸਿੱਖ ਧਰਮ ਦੇ ਨਿਯਮਾਂ ਦਾ ਉੱਤਮ ਭੰਡਾਰ ਹੈ. ਇਹ ਆਖਣਾ ਅਤਿਉਕਤਿ ਨਹੀਂ ਕਿ ਸਿੱਖੀ ਦਾ ਰਹਿਤਨਾਮਾ ਭਾਈ ਸਾਹਿਬ ਦੀ ਬਾਣੀ ਤੋਂ ਵਧਕੇ ਹੋਰ ਕੋਈ ਨਹੀਂ. ਸ਼੍ਰੀ ਗੁਰੂ ਅਰਜਨ ਸਾਹਿਬ ਦਾ ਬਚਨ ਹੈ ਕਿ ਭਾਈ ਗੁਰਦਾਸ ਦੀ ਬਾਣੀ ਪੜ੍ਹਨ ਤੋਂ ਸਿੱਖੀ ਪ੍ਰਾਪਤ ਹੁੰਦੀ ਹੈ.{734}
ਸ੍ਰੀ ਮਾਨ ਭਾਈ ਗੁਰਦਾਸ ਜੀ ਦਾ ਛੀਵੇਂ ਸਤਿਗੁਰਾਂ ਦੇ ਸਮੇਂ ਭਾਦੋਂ ਸੁਦੀ ੮, ਸੰਮਤ ੧੬੯੪ ਨੂੰ ਗੋਇੰਦਵਾਲ ਦੇਹਾਂਤ ਹੋਇਆ. ਸਤਿਗੁਰੂ ਨੇ ਅੰਤਿਮ ਸੰਸਕਾਰ ਆਪਣੇ ਹੱਥੀਂ ਕੀਤਾ।{735}
3. ਬਹਿਲੋ ਵੰਸ਼ੀ ਗੁਰਦਾਸ ਮਸੰਦ, ਜੋ ਬਾਬਾ ਰਾਮਰਾਇ ਦਾ ਮੁ ਸਾਹਿਬ ਸੀ. ਰਾਮਰਾਇ ਜੀ ਦੇ ਪਰਲੋਕ ਗਮਨ ਪਿੱਛੋਂ ਇਹ ਦਸ਼ਮੇਸ਼ ਦੀ ਸੇਵਾ ਵਿੱਚ ਰਿਹਾ. ਦੇਖੋ- ਤਾਰਾ।
4. ਇੱਕ ਪ੍ਰੇਮੀ ਸਿੱਖ ਕਵੀ, ਜਿਸ ਨੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਨਾਲ ਆਪਣੀ ਰਚਨਾ ੪੧ ਵੀਂ ਵਾਰ ਜੋੜੀ ਹੈ, ਜਿਸ ਵਿੱਚ ਪਾਠ ਹੈ- “ਪੀਓ ਪਾਹੁਲ ਖੰਡਧਾਰ ਹੁਇ ਜਨਮ ਸੁਹੇਲਾ×× ਵਾਹ ਵਾਹ! ਗੋਬਿੰਦ ਸਿੰਘ ਆਪੇ ਗੁਰ ਚੇਲਾ.” ਆਦਿ।
5. ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਦੇ ਦਰਬਾਰ ਦਾ ਅਰਦਾਸੀਆ. “ਸਿਖ ਗੁਰਦਾਸ ਨਾਮ ਇਸਕੇਰ.” (ਗੁਪ੍ਰਸੂ) 5. ਸ਼ਿਕਾਰਪੁਰ ਨਿਵਾਸੀ ਇੱਕ ਉਦਾਸੀ ਸੰਤ, ਜਿਸ ਦੀ ਧਰਮਸਾਲਾ ਸਿੰਧ ਵਿੱਚ ਬਹੁਤ ਪ੍ਰਸਿੱਧ ਹੈ. ਇਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਰਯਾਯ ਭੀ ਲਿਖੇ ਸਨ.
Footnotes:
{734} “ਸੁਨਿ ਗੁਰੁ ਅਰਜਨ ਜਿਹ ਕੀ ਬਾਨੀ। ਵਰ ਦੀਨੋ ਅਸ ਬਿਧਿ ਗਤਿ ਦਾਨੀ। ਪਢੈ ਪ੍ਰੇਮ ਕਰਿਕੈ ਸਿਖ ਜੋਊ। ਸਿੱਖੀ ਕੋ ਪ੍ਰਾਪਤ ਹ੍ਵੈ ਸੋਊ.” (ਨਾਪ੍ਰ).
{735} ਛੇਵੇਂ ਗੁਰੂ ਸਾਹਿਬ ਦੇ ਗੁਰੁ ਵਿਲਾਸ ਵਿੱਚ ਦੇਹਾਂਤ ਸੰਮਤ ੧੬੮੬ ਭਾਦੋਂ ਸੁਦੀ ੫ ਦਾ ਲਿਖਿਆ ਹੈ.