ਵਿਣੁ ਗੁਰ ਪੀਰੈ ਕੋ ਥਾਇ ਨ ਪਾਈ ॥
xxx
ਪਰ ਜੇ ਗੁਰੂ ਪੀਰ ਦੇ ਹੁਕਮ ਵਿਚ ਨਹੀਂ ਤੁਰਦਾ ਤਾਂ (ਦਰਗਾਹ ਵਿਚ) ਕਬੂਲ ਨਹੀਂ ਹੋ ਸਕਦਾ।
ਰਾਹੁ ਦਸਾਇ ਓਥੈ ਕੋ ਜਾਇ ॥
ਦਸਾਇ = ਪੁੱਛਦਾ ਹੈ। ਕੋ = ਕੋਈ ਵਿਰਲਾ।
(ਬਹਿਸ਼ਤ ਦਾ) ਰਸਤਾ ਤਾਂ ਹਰ ਕੋਈ ਪੁੱਛਦਾ ਹੈ ਪਰ ਉਸ ਰਸਤੇ ਉਤੇ ਤੁਰਦਾ ਕੋਈ ਵਿਰਲਾ ਹੈ,
ਕਰਣੀ ਬਾਝਹੁ ਭਿਸਤਿ ਨ ਪਾਇ ॥
ਕਰਣੀ = ਚੰਗਾ ਆਚਰਣ। ਭਿਸਤਿ = ਬਹਿਸ਼ਤ, ਸੁਰਗ।
ਤੇ ਨੇਕ ਅਮਲਾਂ ਤੋਂ ਬਿਨਾ ਬਹਿਸ਼ਤ ਮਿਲਦਾ ਨਹੀਂ ਹੈ।
ਜੋਗੀ ਕੈ ਘਰਿ ਜੁਗਤਿ ਦਸਾਈ ॥
ਦਸਾਈ = ਪੁੱਛਦਾ ਹੈ।
ਜੋਗੀ ਦੇ ਡੇਰੇ ਤੇ (ਮਨੁੱਖ ਜੋਗ ਦੀ) ਜੁਗਤਿ ਪੁੱਛਣ ਜਾਂਦਾ ਹੈ,
ਤਿਤੁ ਕਾਰਣਿ ਕਨਿ ਮੁੰਦ੍ਰਾ ਪਾਈ ॥
ਤਿਤੁ ਕਾਰਣਿ = ਉਸ ('ਜੁਗਤਿ') ਦੀ ਖ਼ਾਤਰ।
ਉਸ ('ਜੁਗਤਿ') ਦੀ ਖ਼ਾਤਰ ਕੰਨ ਵਿਚ ਮੁੰਦ੍ਰਾਂ ਪਾ ਲੈਂਦਾ ਹੈ;
ਮੁੰਦ੍ਰਾ ਪਾਇ ਫਿਰੈ ਸੰਸਾਰਿ ॥
ਸੰਸਾਰਿ = ਸੰਸਾਰ ਵਿਚ।
ਮੁੰਦ੍ਰਾਂ ਪਾ ਕੇ ਸੰਸਾਰ ਵਿਚ ਚੱਕਰ ਲਾਂਦਾ ਹੈ (ਭਾਵ, ਗ੍ਰਿਹਸਤ ਛੱਡ ਕੇ ਬਾਹਰ ਜਗਤ ਵਿਚ ਭਉਂਦਾ ਹੈ)।
ਜਿਥੈ ਕਿਥੈ ਸਿਰਜਣਹਾਰੁ ॥
ਜਿਥੈ ਕਿਥੈ = ਹਰ ਥਾਂ।
ਪਰ ਸਿਰਜਣਹਾਰ ਤਾਂ ਹਰ ਥਾਂ ਮੌਜੂਦ ਹੈ (ਬਾਹਰ ਜੰਗਲਾਂ ਵਿਚ ਭਾਲਣਾ ਵਿਅਰਥ ਹੈ)।
ਜੇਤੇ ਜੀਅ ਤੇਤੇ ਵਾਟਾਊ ॥
ਵਾਟਾਊ = ਮੁਸਾਫ਼ਿਰ।
(ਜਗਤ ਵਿਚ) ਜਿਤਨੇ ਭੀ ਜੀਵ (ਆਉਂਦੇ) ਹਨ ਸਾਰੇ ਮੁਸਾਫ਼ਿਰ ਹਨ,
ਚੀਰੀ ਆਈ ਢਿਲ ਨ ਕਾਊ ॥
ਚੀਰੀ = ਚਿੱਠੀ, ਸੱਦਾ।
ਜਿਸ ਜਿਸ ਨੂੰ ਸੱਦਾ ਆਉਂਦਾ ਹੈ ਉਹ ਇਥੇ ਢਿੱਲ ਨਹੀਂ ਲਾ ਸਕਦਾ।
ਏਥੈ ਜਾਣੈ ਸੁ ਜਾਇ ਸਿਞਾਣੈ ॥
ਏਥੈ = ਇਸ ਜੀਵਨ ਵਿਚ।
ਜਿਸ ਨੇ ਇਸ ਜਨਮ ਵਿਚ ਰੱਬ ਨੂੰ ਪਛਾਣ ਲਿਆ ਹੈ ਉਹ (ਪਰਲੋਕ ਵਿਚ) ਜਾ ਕੇ ਭੀ ਪਛਾਣ ਲੈਂਦਾ ਹੈ।
ਹੋਰੁ ਫਕੜੁ ਹਿੰਦੂ ਮੁਸਲਮਾਣੈ ॥
ਫਕੜੁ = ਫੋਕਟ, ਫੋਕਾ ਦਾਹਵਾ।
(ਜੇ ਇਹ ਉੱਦਮ ਨਹੀਂ ਕੀਤਾ ਤਾਂ) ਹੋਰ ਦਾਹਵਾ ਕਿ ਮੈਂ ਹਿੰਦੂ ਹਾਂ ਜਾਂ ਮੁਸਲਮਾਨ ਹਾਂ ਸਭ ਫੋਕਾ ਹੈ।
ਸਭਨਾ ਕਾ ਦਰਿ ਲੇਖਾ ਹੋਇ ॥
ਦਰਿ = ਪ੍ਰਭੂ ਦੇ ਦਰ ਤੇ।
(ਹਿੰਦੂ ਹੋਵੇ ਚਾਹੇ ਮੁਸਲਮਾਨ) ਹਰੇਕ ਦੇ ਅਮਲਾਂ ਦਾ ਲੇਖਾ ਪ੍ਰਭੂ ਦੀ ਹਜ਼ੂਰੀ ਵਿਚ ਹੁੰਦਾ ਹੈ।
ਕਰਣੀ ਬਾਝਹੁ ਤਰੈ ਨ ਕੋਇ ॥
xxx
ਆਪਣੇ ਨੇਕ ਅਮਲਾਂ ਤੋਂ ਬਿਨਾ ਕਦੇ ਕੋਈ ਪਾਰ ਨਹੀਂ ਲੰਘਿਆ।
ਸਚੋ ਸਚੁ ਵਖਾਣੈ ਕੋਇ ॥
ਸਚੋ ਸਚੁ = ਕੇਵਲ ਸੱਚੇ ਪ੍ਰਭੂ ਨੂੰ। ਕੋਇ = ਜੋ ਕੋਈ।
ਜੋ ਮਨੁੱਖ (ਐਸ ਜਨਮ ਵਿਚ) ਕੇਵਲ ਸੱਚੇ ਰੱਬ ਨੂੰ ਯਾਦ ਕਰਦਾ ਹੈ,
ਨਾਨਕ ਅਗੈ ਪੁਛ ਨ ਹੋਇ ॥੨॥
xxx॥੨॥
ਹੇ ਨਾਨਕ! ਪਰਲੋਕ ਵਿਚ ਉਸ ਨੂੰ ਲੇਖਾ ਨਹੀਂ ਪੁੱਛਿਆ ਜਾਂਦਾ ॥੨॥
ਪਉੜੀ ॥
xxx
xxx
ਹਰਿ ਕਾ ਮੰਦਰੁ ਆਖੀਐ ਕਾਇਆ ਕੋਟੁ ਗੜੁ ॥
ਕੋਟੁ = ਕਿਲ੍ਹਾ। ਗੜੁ = ਕਿਲ੍ਹਾ।ਆਖੀਐ = ਆਖਣਾ ਚਾਹੀਦਾ ਹੈ।
ਇਸ ਸਰੀਰ ਨੂੰ ਪਰਮਾਤਮਾ ਦੇ ਰਹਿਣ ਲਈ ਸੋਹਣਾ ਘਰ ਆਖਣਾ ਚਾਹੀਦਾ ਹੈ, ਕਿਲ੍ਹਾ ਗੜ੍ਹ ਕਹਿਣਾ ਚਾਹੀਦਾ ਹੈ।
ਅੰਦਰਿ ਲਾਲ ਜਵੇਹਰੀ ਗੁਰਮੁਖਿ ਹਰਿ ਨਾਮੁ ਪੜੁ ॥
ਜਵੇਹਰੀ = ਜਵਾਹਰਾਤ, ਹੀਰੇ।
ਜੇ ਗੁਰੂ ਦੇ ਹੁਕਮ ਵਿਚ ਤੁਰ ਕੇ ਪਰਮਾਤਮਾ ਦਾ ਨਾਮ ਜਪੋਗੇ ਤਾਂ ਇਸ ਸਰੀਰ ਦੇ ਅੰਦਰੋਂ ਹੀ ਚੰਗੇ ਗੁਣ-ਰੂਪ ਲਾਲ ਜਵਾਹਰ ਮਿਲ ਜਾਣਗੇ।
ਹਰਿ ਕਾ ਮੰਦਰੁ ਸਰੀਰੁ ਅਤਿ ਸੋਹਣਾ ਹਰਿ ਹਰਿ ਨਾਮੁ ਦਿੜੁ ॥
xxx
(ਹੇ ਮਨ!) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਪੱਕਾ ਕਰ ਕੇ ਰੱਖ, ਤਾਂ ਹੀ ਇਹ ਸਰੀਰ ਇਹ ਪ੍ਰਭੂ-ਦਾ-ਮੰਦਰ ਬੜਾ ਸੋਹਣਾ ਹੋ ਸਕਦਾ ਹੈ।
ਮਨਮੁਖ ਆਪਿ ਖੁਆਇਅਨੁ ਮਾਇਆ ਮੋਹ ਨਿਤ ਕੜੁ ॥
ਖੁਆਇਅਨੁ = ਖੁੰਝਾਏ ਹਨ ਉਸ ਨੇ। ਕੜੁ = ਕਾੜਾ, ਝੋਰਾ, ਚਿੰਤਾ।
(ਪਰ) ਜੋ ਮਨੁੱਖ ਆਪਣੇ ਮਨ ਦੇ ਮਗਰ ਤੁਰਦੇ ਹਨ ਉਹਨਾਂ ਨੂੰ ਪ੍ਰਭੂ ਨੇ ਆਪ ਖੁੰਝਾ ਦਿੱਤਾ ਹੈ ਉਹਨਾਂ ਨੂੰ ਮਾਇਆ ਦੇ ਮੋਹ ਦਾ ਝੋਰਾ ਨਿੱਤ (ਦੁਖੀ ਕਰਦਾ ਹੈ)।
ਸਭਨਾ ਸਾਹਿਬੁ ਏਕੁ ਹੈ ਪੂਰੈ ਭਾਗਿ ਪਾਇਆ ਜਾਈ ॥੧੧॥
xxx॥੧੧॥
ਸਾਰੇ ਜੀਵਾਂ ਦਾ ਮਾਲਕ ਉਹੀ ਇਕ ਪਰਮਾਤਮਾ ਹੈ, ਪਰ ਮਿਲਦਾ ਪੂਰੀ ਕਿਸਮਤ ਨਾਲ ਹੈ ॥੧੧॥
ਸਲੋਕ ਮਃ ੧ ॥
xxx
xxx
ਨਾ ਸਤਿ ਦੁਖੀਆ ਨਾ ਸਤਿ ਸੁਖੀਆ ਨਾ ਸਤਿ ਪਾਣੀ ਜੰਤ ਫਿਰਹਿ ॥
ਨਾਸਤਿ = (ਸੰ. नास्ति= न-अस्ति) ਨਹੀਂ ਹੈ, ਭਾਵ, ਸਿੱਧੀ ਤੇ ਵਡਿਆਈ ਨਹੀਂ ਹੈ।
(ਤਪ ਆਦਿਕਾਂ ਨਾਲ) ਦੁਖੀ ਹੋਣ ਵਿਚ (ਸਿੱਧੀ ਤੇ ਵਡਿਆਈ ਦੀ ਪ੍ਰਾਪਤੀ) ਨਹੀਂ ਹੈ, ਸੁਖ-ਰਹਿਣਾ ਹੋਣ ਵਿਚ ਭੀ ਨਹੀਂ ਤੇ ਪਾਣੀ ਵਿਚ ਖਲੋਣ ਵਿਚ ਭੀ ਨਹੀਂ ਹੈ (ਨਹੀਂ ਤਾਂ ਬੇਅੰਤ) ਜੀਵ ਪਾਣੀ ਵਿਚ ਹੀ ਫਿਰਦੇ ਹਨ (ਉਹਨਾਂ ਨੂੰ ਸੁਤੇ ਹੀ ਸਿੱਧੀ ਮਿਲ ਜਾਂਦੀ)।
ਨਾ ਸਤਿ ਮੂੰਡ ਮੁਡਾਈ ਕੇਸੀ ਨਾ ਸਤਿ ਪੜਿਆ ਦੇਸ ਫਿਰਹਿ ॥
ਮੂੰਡ = ਸਿਰ। ਮੂੰਡ ਕੇਸੀ ਮੁਡਾਈ = ਸਿਰ ਦੇ ਕੇਸ ਮੁਨਾਇਆਂ {ਨੋਟ: ਹਰੇਕ ਕਿਸਮ ਦੇ ਖ਼ਿਆਲ ਦੇ ਨਾਲ ਲਫ਼ਜ਼ "ਨਾਸਤਿ" ਹਰ ਵਾਰੀ ਵਰਤਿਆ ਹੈ; ਸੋ, "ਮੂੰਡ ਮੁਡਾਈ ਕੇਸੀ" ਇਕੱਠਾ ਹੀ ਇਕ ਖ਼ਿਆਲ ਹੈ)।
ਸਿਰ ਦੇ ਕੇਸ ਮੁਨਾਣ ਵਿਚ (ਭਾਵ, ਰੁੰਡ-ਮੁੰਡ ਹੋ ਜਾਣ ਵਿਚ) ਸਿੱਧੀ ਨਹੀਂ ਹੈ; ਇਸ ਗੱਲ ਵਿਚ ਭੀ (ਜਨਮ-ਮਨੋਰਥ ਦੀ) ਸਿੱਧੀ ਨਹੀਂ ਕਿ ਵਿਦਵਾਨ ਬਣ ਕੇ (ਹੋਰ ਲੋਕਾਂ ਨੂੰ ਚਰਚਾ ਵਿਚ ਜਿੱਤਣ ਲਈ) ਦੇਸਾਂ ਦੇਸਾਂ ਵਿਚ ਫਿਰੀਏ।
ਨਾ ਸਤਿ ਰੁਖੀ ਬਿਰਖੀ ਪਥਰ ਆਪੁ ਤਛਾਵਹਿ ਦੁਖ ਸਹਹਿ ॥
ਆਪੁ = ਆਪਣੇ ਆਪ ਨੂੰ। ਤਛਾਵਹਿ = ਕਟਾਂਦੇ ਹਨ।
ਰੁੱਖਾਂ ਬਿਰਖਾਂ ਤੇ ਪੱਥਰਾਂ ਵਿਚ ਭੀ ਸਿੱਧੀ ਨਹੀਂ ਹੈ, ਇਹ ਆਪਣੇ ਆਪ ਨੂੰ ਕਟਾਂਦੇ ਹਨ ਤੇ (ਕਈ ਕਿਸਮ ਦੇ) ਦੁੱਖ ਸਹਾਰਦੇ ਹਨ (ਭਾਵ, ਰੁੱਖਾਂ ਬਿਰਖਾਂ ਪੱਥਰਾਂ ਵਾਂਗ ਜੜ੍ਹ ਹੋ ਕੇ ਆਪਣੇ ਉਤੇ ਕਈ ਕਸ਼ਟ ਸਹਾਰਿਆਂ ਭੀ ਜਨਮ-ਮਨੋਰਥ ਦੀ ਸਿੱਧੀ ਪ੍ਰਾਪਤ ਨਹੀਂ ਹੁੰਦੀ)।
ਨਾ ਸਤਿ ਹਸਤੀ ਬਧੇ ਸੰਗਲ ਨਾ ਸਤਿ ਗਾਈ ਘਾਹੁ ਚਰਹਿ ॥
xxx
(ਸੰਗਲ ਲੱਕ ਨਾਲ ਬੰਨ੍ਹਣ ਵਿਚ ਭੀ) ਸਿੱਧੀ ਨਹੀਂ ਹੈ, ਹਾਥੀ ਸੰਗਲਾਂ ਨਾਲ ਬੱਧੇ ਪਏ ਹੁੰਦੇ ਹਨ; (ਕੰਦ-ਮੂਲ ਖਾਣ ਵਿਚ ਭੀ) ਸਿੱਧੀ ਨਹੀਂ ਹੈ, ਗਾਈਆਂ ਘਾਹ ਚੁਗਦੀਆਂ ਹੀ ਹਨ (ਭਾਵ, ਹਾਥੀਆਂ ਵਾਂਗ ਸੰਗਲ ਬੰਨ੍ਹਿਆਂ ਤੇ ਗਾਈਆਂ ਵਾਂਗ ਕੰਦ-ਮੂਲ ਖਾਧਿਆਂ ਸਿੱਧੀ ਦੀ ਪ੍ਰਾਪਤੀ ਨਹੀਂ ਹੈ)।
ਜਿਸੁ ਹਥਿ ਸਿਧਿ ਦੇਵੈ ਜੇ ਸੋਈ ਜਿਸ ਨੋ ਦੇਇ ਤਿਸੁ ਆਇ ਮਿਲੈ ॥
xxx
ਜਿਸ ਪ੍ਰਭੂ ਦੇ ਹੱਥ ਵਿਚ ਸਫਲਤਾ ਹੈ ਜੇ ਉਹ ਆਪ ਦੇਵੇ ਤਾਂ ਜਿਸ ਨੂੰ ਦੇਂਦਾ ਹੈ ਉਸ ਨੂੰ ਪ੍ਰਾਪਤ ਹੁੰਦੀ ਹੈ।
ਨਾਨਕ ਤਾ ਕਉ ਮਿਲੈ ਵਡਾਈ ਜਿਸੁ ਘਟ ਭੀਤਰਿ ਸਬਦੁ ਰਵੈ ॥
ਰਵੈ = ਵਿਆਪਕ ਹੈ, ਮੌਜੂਦ ਹੈ।
ਹੇ ਨਾਨਕ! ਵਡਿਆਈ ਉਸ ਜੀਵ ਨੂੰ ਮਿਲਦੀ ਹੈ ਜਿਸ ਦੇ ਹਿਰਦੇ ਵਿਚ (ਪ੍ਰਭੂ ਦੀ ਸਿਫ਼ਤ-ਸਾਲਾਹ ਦਾ) ਸ਼ਬਦ ਹਰ ਵੇਲੇ ਮੌਜੂਦ ਹੈ।
ਸਭਿ ਘਟ ਮੇਰੇ ਹਉ ਸਭਨਾ ਅੰਦਰਿ ਜਿਸਹਿ ਖੁਆਈ ਤਿਸੁ ਕਉਣੁ ਕਹੈ ॥
ਖੁਆਈ = ਮੈਂ ਖੁੰਝਾਂਦਾ ਹਾਂ।
(ਪ੍ਰਭੂ ਤਾਂ ਇਉਂ ਆਖਦਾ ਹੈ ਕਿ ਜੀਵਾਂ ਦੇ) ਸਾਰੇ ਸਰੀਰ ਮੇਰੇ (ਸਰੀਰ) ਹਨ, ਮੈਂ ਸਭਨਾਂ ਵਿਚ ਵੱਸਦਾ ਹਾਂ, ਜਿਸ ਜੀਵ ਨੂੰ ਮੈਂ ਕੁਰਾਹੇ ਪਾ ਦੇਂਦਾ ਹਾਂ ਉਸ ਨੂੰ ਕੌਣ ਸਮਝਾ ਸਕਦਾ ਹੈ?
ਜਿਸਹਿ ਦਿਖਾਲਾ ਵਾਟੜੀ ਤਿਸਹਿ ਭੁਲਾਵੈ ਕਉਣੁ ॥
ਵਾਟੜੀ = ਸੋਹਣੀ ਵਾਟ, ਸੋਹਣਾ ਰਾਹ।
ਜਿਸ ਨੂੰ ਮੈਂ ਸੋਹਣਾ ਰਸਤਾ ਵਿਖਾ ਦੇਂਦਾ ਹਾਂ ਉਸ ਨੂੰ ਕੌਣ ਭੁਲਾ ਸਕਦਾ ਹੈ?
ਜਿਸਹਿ ਭੁਲਾਈ ਪੰਧ ਸਿਰਿ ਤਿਸਹਿ ਦਿਖਾਵੈ ਕਉਣੁ ॥੧॥
ਪੰਧ ਸਿਰਿ = ਪੰਧ ਦੇ ਸਿਰੇ ਤੇ, ਸਫ਼ਰ ਦੇ ਸ਼ੁਰੂ ਵਿਚ ਹੀ ॥੧॥
ਜਿਸ ਨੂੰ ਮੈਂ (ਜ਼ਿੰਦਗੀ ਦੇ) ਸਫ਼ਰ ਦੇ ਸ਼ੁਰੂ ਵਿਚ ਹੀ ਭੁਲਾ ਦਿਆਂ ਉਸ ਨੂੰ ਰਸਤਾ ਕੌਣ ਵਿਖਾ ਸਕਦਾ ਹੈ? ॥੧॥
ਮਃ ੧ ॥
xxx
xxx
ਸੋ ਗਿਰਹੀ ਜੋ ਨਿਗ੍ਰਹੁ ਕਰੈ ॥
ਗਿਰਹੀ = ਗ੍ਰਿਹਸਤੀ। ਨਿਗ੍ਰਹੁ = ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣਾ।
(ਅਸਲ) ਗ੍ਰਿਹਸਤੀ ਉਹ ਹੈ ਜੋ ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਦਾ ਹੈ,
ਜਪੁ ਤਪੁ ਸੰਜਮੁ ਭੀਖਿਆ ਕਰੈ ॥
ਭੀਖਿਆ ਕਰੈ = (ਪ੍ਰਭੂ ਤੋਂ) ਖ਼ੈਰ ਮੰਗੇ।
ਜੋ (ਪ੍ਰਭੂ ਪਾਸੋਂ) ਜਪ ਤਪ ਤੇ ਸੰਜਮ-ਰੂਪ ਖ਼ੈਰ ਮੰਗਦਾ ਹੈ;
ਪੁੰਨ ਦਾਨ ਕਾ ਕਰੇ ਸਰੀਰੁ ॥
xxx
ਜੋ ਆਪਣਾ ਸਰੀਰ (ਭੀ) ਪੁੰਨ ਦਾਨ ਵਾਲਾ ਹੀ ਬਣਾ ਲੈਂਦਾ ਹੈ (ਭਾਵ, ਖ਼ਲਕਤ ਦੀ ਸੇਵਾ ਤੇ ਭਲਾਈ ਕਰਨ ਦਾ ਸੁਭਾਵ ਜਿਸ ਦੇ ਸਰੀਰ ਨਾਲ ਰਚ-ਮਿਚ ਜਾਂਦਾ ਹੈ);
ਸੋ ਗਿਰਹੀ ਗੰਗਾ ਕਾ ਨੀਰੁ ॥
ਨੀਰੁ = ਜਲ।
ਉਹ ਗ੍ਰਿਹਸਤੀ ਗੰਗਾ ਜਲ (ਵਰਗਾ ਪਵਿਤ੍ਰ) ਹੋ ਜਾਂਦਾ ਹੈ।
ਬੋਲੈ ਈਸਰੁ ਸਤਿ ਸਰੂਪੁ ॥
ਸਤਿ = ਪਰਮ ਜੋਤਿ, ਪਰਮ ਆਤਮਾ।
ਜੇ ਈਸ਼ਰ (ਜੋਗੀ ਭੀ ਅਸਲ ਗ੍ਰਿਹਸਤੀ ਵਾਲੀ ਇਹ ਜੁਗਤਿ ਵਰਤ ਕੇ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਜਪੇ ਤਾਂ ਇਹ ਭੀ ਪਰਮ ਬ੍ਰਹਮ ਵਿਚ ਲੀਨ ਹੋ ਜਾਏ, ਇਸ ਦਾ ਕੋਈ (ਵੱਖਰਾ) ਰੂਪ ਰੇਖ ਨਾਹ ਰਹਿ ਜਾਏ (ਭਾਵ, ਹੇ ਈਸ਼ਰ ਜੋਗੀ! ਜੇ ਤੂੰ ਭੀ ਉਪਰ-ਦੱਸੀ ਜੁਗਤਿ ਨਾਲ ਪ੍ਰਭੂ ਨੂੰ ਜਪੇਂ,
ਪਰਮ ਤੰਤ ਮਹਿ ਰੇਖ ਨ ਰੂਪੁ ॥੨॥
ਤੰਤ = (ਸੰ. तंतु = The Supreme Brahm) ਪਰਮ ਜੋਤਿ, ਅਕਾਲ ਪੁਰਖ। ਪੁੰਨ = ਭਲਾਈ। ਦਾਨ = ਸੇਵਾ ॥੨॥
ਤਾਂ ਤੂੰ ਭੀ ਪਰਮ ਬ੍ਰਹਮ ਵਿਚ ਇਕ-ਮਿਕ ਹੋ ਜਾਏਂ; ਗ੍ਰਿਹਸਤ ਤਿਆਗਣ ਦੀ ਲੋੜ ਹੀ ਨਾਹ ਪਏਗੀ) ॥੨॥
ਮਃ ੧ ॥
xxx
xxx
ਸੋ ਅਉਧੂਤੀ ਜੋ ਧੂਪੈ ਆਪੁ ॥
ਅਉਧੂਤੀ = ਅਵਧੂਤ, ਜਿਸ ਨੇ ਮਾਇਆ ਦੇ ਬੰਧਨ ਤੋੜ ਦਿੱਤੇ ਹਨ। ਧੂਪੈ = ਧੁਖਾਂਦਾ ਹੈ, ਸਾੜ ਦੇਂਦਾ ਹੈ। ਆਪੁ = ਆਪਾ-ਭਾਵ।
(ਅਸਲ) ਅਵਧੂਤ ਉਹ ਹੈ ਜੋ ਆਪਾ-ਭਾਵ ਨੂੰ ਸਾੜ ਦੇਂਦਾ ਹੈ;
ਭਿਖਿਆ ਭੋਜਨੁ ਕਰੈ ਸੰਤਾਪੁ ॥
ਭਿਖਿਆ ਭੋਜਨੁ = ਮੰਗ ਮੰਗ ਕੇ ਲਿਆਂਦਾ ਹੋਇਆ ਭੋਜਨ। ਸੰਤਾਪੁ = ਖਿੱਝ।
ਜੋ ਖਿੱਝ ਨੂੰ ਮੰਗ ਮੰਗ ਕੇ ਲਿਆਂਦਾ ਹੋਇਆ ਭੋਜਨ ਬਣਾਂਦਾ ਹੈ (ਜੋ ਮੰਗ ਮੰਗ ਕੇ ਲਿਆਂਦੇ ਹੋਏ ਟੁਕੜੇ ਖਾਣ ਦੇ ਥਾਂ ਖਿੱਝ ਨੂੰ ਛਕ ਜਾਵੇ, ਮੁਕਾ ਦੇਵੇ);
ਅਉਹਠ ਪਟਣ ਮਹਿ ਭੀਖਿਆ ਕਰੈ ॥
ਅਉਹਠ = ਅਵਘੱਟ, ਹਿਰਦਾ। ਪਟਣ = ਸ਼ਹਿਰ
ਜੋ ਹਿਰਦੇ ਰੂਪ ਸ਼ਹਿਰ ਵਿਚ ਟਿਕ ਕੇ (ਪ੍ਰਭੂ ਤੋਂ) ਖ਼ੈਰ ਮੰਗਦਾ ਹੈ,
ਸੋ ਅਉਧੂਤੀ ਸਿਵ ਪੁਰਿ ਚੜੈ ॥
ਸਿਵ = ਕਲਿਆਣ-ਰੂਪ ਪ੍ਰਭੂ। ਪੁਰਿ = ਪੁਰੀ ਵਿਚ।
ਉਹ ਅਵਧੂਤ ਕਲਿਆਣ-ਰੂਪ ਪ੍ਰਭੂ ਦੇ ਦੇਸ ਵਿਚ ਅੱਪੜ ਜਾਂਦਾ ਹੈ।
ਬੋਲੈ ਗੋਰਖੁ ਸਤਿ ਸਰੂਪੁ ॥
xxx
ਜੇ ਗੋਰਖ (ਜੋਗੀ ਭੀ ਇਸ ਅਵਧੂਤ ਦੀ ਜੁਗਤਿ ਵਰਤ ਕੇ) ਸਤਿ-ਸਰੂਪ ਪ੍ਰਭੂ ਨੂੰ ਜਪੇ,
ਪਰਮ ਤੰਤ ਮਹਿ ਰੇਖ ਨ ਰੂਪੁ ॥੩॥
xxx॥੩॥
ਤਾਂ (ਇਹ ਗੋਰਖ ਭੀ) ਪਰਮ ਬ੍ਰਹਮ ਵਿਚ ਲੀਨ ਹੋ ਜਾਏ, ਇਸ ਦਾ ਕੋਈ (ਵੱਖਰਾ) ਰੂਪ ਰੇਖ ਨਾਹ ਰਹਿ ਜਾਏ ॥੩॥
ਮਃ ੧ ॥
xxx
xxx
ਸੋ ਉਦਾਸੀ ਜਿ ਪਾਲੇ ਉਦਾਸੁ ॥
ਉਦਾਸੀ = ਵਿਰਕਤ, ਮਾਇਆ ਤੋਂ ਉਪਰਾਮ। ਉਦਾਸੁ = ਮਾਇਆ ਤੋਂ ਉਪਰਾਮਤਾ। ਪਾਲੇ = ਸਦਾ ਕਾਇਮ ਰੱਖਦਾ ਹੈ।
(ਅਸਲ) ਵਿਰਕਤ ਉਹ ਹੈ ਜੋ ਉਪਰਾਮਤਾ ਨੂੰ ਸਦਾ ਕਾਇਮ ਰੱਖਦਾ ਹੈ,
ਅਰਧ ਉਰਧ ਕਰੇ ਨਿਰੰਜਨ ਵਾਸੁ ॥
ਅਰਧ = (संः अर्ध = ਨੇੜੇ; ਜਿਵੇਂ, "ਅਰਧਦੇਵ" ਦੇਵਤਿਆਂ ਦੇ ਨੇੜੇ ਰਹਿਣ ਵਾਲਾ), ਅੱਧ ਵਿਚਕਾਰ; ਨੇੜੇ। ਉਰਧ = (संः ऊध्र्व) ਉਤਾਂਹ। ਅਰਧ ਉਰਧ = ਨੇੜੇ ਤੇ ਉਤਾਂਹ, (ਭਾਵ) ਹਰ ਥਾਂ। ਨਿਰੰਜਨ = ਮਾਇਆ ਤੋਂ ਰਹਿਤ।
ਹਰ ਥਾਂ ਮਾਇਆ-ਰਹਿਤ ਪ੍ਰਭੂ ਦਾ ਨਿਵਾਸ ਜਾਣਦਾ ਹੈ;
ਚੰਦ ਸੂਰਜ ਕੀ ਪਾਏ ਗੰਢਿ ॥
ਚੰਦ = ਸੀਤਲਤਾ, ਸ਼ਾਂਤੀ। ਸੂਰਜ = ਗਿਆਨ ਦਾ ਤੇਜ।
(ਆਪਣੇ ਹਿਰਦੇ ਵਿਚ) ਸ਼ਾਂਤੀ ਤੇ ਗਿਆਨ ਦੋਹਾਂ ਨੂੰ ਇਕੱਠਾ ਕਰਦਾ ਹੈ;
ਤਿਸੁ ਉਦਾਸੀ ਕਾ ਪੜੈ ਨ ਕੰਧੁ ॥
ਪੜੈ ਨ = ਨਹੀਂ ਢਹਿੰਦਾ। ਕੰਧੁ = ਸਰੀਰ।
ਉਸ ਵਿਰਕਤ ਮਨੁੱਖ ਦਾ ਸਰੀਰ (ਵਿਕਾਰਾਂ ਵਿਚ) ਨਹੀਂ ਡਿੱਗਦਾ।
ਬੋਲੈ ਗੋਪੀ ਚੰਦੁ ਸਤਿ ਸਰੂਪੁ ॥
xxx
ਜੇ ਗੋਪੀ ਚੰਦ (ਭੀ ਇਸ ਉਦਾਸੀ ਦੀ ਜੁਗਤਿ ਵਰਤ ਕੇ) ਸਤਿ-ਸਰੂਪ ਪ੍ਰਭੂ ਨੂੰ ਜਪੇ,
ਪਰਮ ਤੰਤ ਮਹਿ ਰੇਖ ਨ ਰੂਪੁ ॥੪॥
xxx॥੪॥
ਤਾਂ (ਇਹ ਗੋਪੀ ਚੰਦ ਭੀ) ਪਰਮ ਬ੍ਰਹਮ ਵਿਚ ਲੀਨ ਹੋ ਜਾਏ, ਇਸ ਦਾ ਕੋਈ (ਵੱਖਰਾ) ਰੂਪ ਰੇਖ ਨਾਹ ਰਹਿ ਜਾਏ ॥੪॥
ਮਃ ੧ ॥
xxx
xxx
ਸੋ ਪਾਖੰਡੀ ਜਿ ਕਾਇਆ ਪਖਾਲੇ ॥
ਪਾਖੰਡੀ = ਨਾਸਤਕ ਵਾਮ-ਮਾਰਗੀਆਂ ਦਾ ਇਕ ਫ਼ਿਰਕਾ। (ਸੰ. पाखंड = a heretic)। ਪਖਾਲੇ = ਧੋਵੇ, ਪਾਪਾਂ ਤੋਂ ਸਾਫ਼ ਰੱਖੇ।
(ਅਸਲੀ) ਨਾਸਤਕ ਉਹ ਹੈ ਜੋ (ਪਰਮਾਤਮਾ ਦੀ ਹਸਤੀ ਨਾਹ ਮੰਨਣ ਦੇ ਥਾਂ) ਸਰੀਰ ਨੂੰ ਧੋਵੇ (ਭਾਵ, ਸਰੀਰ ਵਿਚੋਂ ਪਾਪਾਂ ਦੀ ਹਸਤੀ ਮਿਟਾ ਦੇਵੇ),
ਕਾਇਆ ਕੀ ਅਗਨਿ ਬ੍ਰਹਮੁ ਪਰਜਾਲੇ ॥
ਅਗਨਿ ਬ੍ਰਹਮੁ = ਬ੍ਰਹਮ-ਅਗਨਿ, ਰੱਬੀ ਜੋਤਿ। ਪਰਜਾਲੇ = (संः प्रज्वालय) ਚੰਗੀ ਤਰ੍ਹਾਂ ਚਮਕਾਏ, ਰੌਸ਼ਨ ਕਰੇ।
ਜੋ ਆਪਣੇ ਸਰੀਰ ਵਿਚ ਰੱਬੀ ਜੋਤਿ ਜਗਾਂਦਾ ਹੈ,
ਸੁਪਨੈ ਬਿੰਦੁ ਨ ਦੇਈ ਝਰਣਾ ॥
ਬਿੰਦੁ = ਵੀਰਜ।
ਸੁਫ਼ਨੇ ਵਿਚ ਭੀ ਵੀਰਜ ਨੂੰ ਡਿੱਗਣ ਨਹੀਂ ਦੇਂਦਾ (ਭਾਵ, ਸੁਫ਼ਨੇ ਵਿਚ ਭੀ ਆਪਣੇ ਆਪ ਨੂੰ ਕਾਮ-ਵੱਸ ਨਹੀਂ ਹੋਣ ਦੇਂਦਾ);