ਮਲੁ ਕੂੜੀ ਨਾਮਿ ਉਤਾਰੀਅਨੁ ਜਪਿ ਨਾਮੁ ਹੋਆ ਸਚਿਆਰੁ ॥
ਨਾਮਿ = ਨਾਮ ਦੀ ਰਾਹੀਂ। ਉਤਾਰੀਅਨੁ = ਉਤਾਰੀ ਹੈ ਉਸ ਨੇ। ਸਚਿਆਰੁ = ਸੱਚ ਦਾ ਵਣਜਾਰਾ।
ਕੂੜੇ ਪਦਾਰਥਾਂ (ਦੇ ਮੋਹ) ਦੀ ਮੈਲ ਉਸ ਮਨੁੱਖ ਨੇ ਪ੍ਰਭੂ ਦੇ ਨਾਮ ਦੀ ਰਾਹੀਂ ਉਤਾਰ ਲਈ ਹੈ, ਨਾਮ ਜਪ ਕੇ ਉਹ ਸੱਚ ਦਾ ਵਪਾਰੀ ਬਣ ਗਿਆ ਹੈ।
ਜਨ ਨਾਨਕ ਜਿਸ ਦੇ ਏਹਿ ਚਲਤ ਹਹਿ ਸੋ ਜੀਵਉ ਦੇਵਣਹਾਰੁ ॥੨॥
ਹਹਿ = ਹਨ। ਜੀਵਉ = (ਰੱਬ ਕਰ ਕੇ) ਜੀਵੋ (ਵੇਖੋ 'ਗੁਰਬਾਣੀ ਵਿਆਕਰਣ') ॥੨॥
ਹੇ ਦਾਸ ਨਾਨਕ! (ਅਰਦਾਸ ਕਰ ਕਿ) ਜਿਸ ਪ੍ਰਭੂ ਦੇ ਨਾਮ ਵਿਚ ਇਹ ਬਰਕਤਾਂ ਹਨ ਉਹ ਦਾਤਾ ਜੀਊਂਦਾ ਰਹੇ (ਭਾਵ, ਸਦਾ ਅਸਾਡੇ ਸਿਰ ਤੇ ਹੱਥ ਰੱਖੀ ਰੱਖੇ) ॥੨॥
ਪਉੜੀ ॥
xxx
xxx
ਤੁਧੁ ਜੇਵਡੁ ਦਾਤਾ ਨਾਹਿ ਕਿਸੁ ਆਖਿ ਸੁਣਾਈਐ ॥
ਕਿਸੁ = ਕਿਸ ਦੀ ਬਾਬਤ?
(ਹੇ ਪ੍ਰਭੂ!) ਤੇਰੇ ਜੇਡਾ ਕੋਈ ਦਾਤਾ ਨਹੀਂ, ਕਿਸ ਦੀ ਬਾਬਤ ਆਖ ਕੇ ਦੱਸੀਏ (ਕਿ ਉਹ ਤੇਰੇ ਜੇਡਾ ਦਾਤਾ ਹੈ)? (ਭਾਵ, ਸਭ ਦਾਤਾਂ ਤੈਥੋਂ ਮਿਲਦੀਆਂ ਹਨ, ਨਾਮ-ਅੰਮ੍ਰਿਤ ਦਾ ਦਾਤਾ ਭੀ ਤੂੰ ਹੀ ਹੈਂ।
ਗੁਰ ਪਰਸਾਦੀ ਪਾਇ ਜਿਥਹੁ ਹਉਮੈ ਜਾਈਐ ॥
ਜਿਥਹੁ = (ਭਾਵ) ਸਤਿਗੁਰੂ ਤੋਂ
('ਅੰਮ੍ਰਿਤ') ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ, ਜਿਥੋਂ (ਭਾਵ, ਗੁਰੂ ਤੋਂ ਹੀ) ਹਉਮੈ ਨਾਸ ਹੁੰਦੀ ਹੈ;
ਰਸ ਕਸ ਸਾਦਾ ਬਾਹਰਾ ਸਚੀ ਵਡਿਆਈਐ ॥
ਰਸ = ਰਸ ਛੇ ਕਿਸਮ ਦੇ ਹਨ (कटु, अम्ल, मधुर, लवण, तिक्त, कषाय)। ਕਸ = ਕਸੈਲਾ ਰਸ।
(ਨਾਮ-ਅੰਮ੍ਰਿਤ ਦਾ ਦਾਤਾ ਪ੍ਰਭੂ) ਸਾਰੇ ਰਸਾਂ ਤੇ ਸੁਆਦਾਂ (ਦੇ ਪ੍ਰਭਾਵ) ਤੋਂ ਉਤਾਂਹ ਹੈ, ਉਸ ਦੀ ਬਜ਼ੁਰਗੀ ਸਦਾ ਕਾਇਮ ਰਹਿਣ ਵਾਲੀ ਹੈ।
ਜਿਸ ਨੋ ਬਖਸੇ ਤਿਸੁ ਦੇਇ ਆਪਿ ਲਏ ਮਿਲਾਈਐ ॥
ਦੇਇ = ਦੇਂਦਾ ਹੈ।
ਪ੍ਰਭੂ ਜਿਸ ਉੱਤੇ ਮੇਹਰ ਕਰਦਾ ਹੈ ਉਸ ਨੂੰ (ਅੰਮ੍ਰਿਤ) ਬਖ਼ਸ਼ਦਾ ਹੈ ਤੇ ਉਸ ਨੂੰ ਆਪ ਹੀ (ਆਪਣੇ ਵਿਚ) ਜੋੜ ਲੈਂਦਾ ਹੈ।
ਘਟ ਅੰਤਰਿ ਅੰਮ੍ਰਿਤੁ ਰਖਿਓਨੁ ਗੁਰਮੁਖਿ ਕਿਸੈ ਪਿਆਈ ॥੯॥
ਰਖਿਓਨੁ = ਰੱਖਿਆ ਹੈ ਉਸ ਨੇ (ਵੇਖੋ 'ਗੁਰਬਾਣੀ ਵਿਆਕਰਣ')। ਪਿਆਈ = ਪਿਲਾਂਦਾ ਹੈ। ॥੯॥
(ਉਂਞ ਤਾਂ ਇਹ) ਅੰਮ੍ਰਿਤ ਉਸ ਨੇ ਹਰੇਕ ਦੇ ਹਿਰਦੇ ਵਿਚ ਰੱਖਿਆ ਹੋਇਆ ਹੈ ਪਰ ਜਿਸ ਕਿਸੇ ਨੂੰ ਮਿਲਾਂਦਾ ਹੈ ਗੁਰੂ ਦੀ ਰਾਹੀਂ ਮਿਲਾਂਦਾ ਹੈ ॥੯॥
ਸਲੋਕ ਮਃ ੩ ॥
xxx
xxx
ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ ॥
ਬਾਬਾਣੀ = ਬਾਬੇ ਦੀ। ਬਾਬਾਣੀਆਂ = ਬਾਬਿਆਂ ਦੀਆਂ, ਬਜ਼ੁਰਗਾਂ ਦੀਆਂ, ਸਤਿਗੁਰੂ ਦੀਆਂ। ਸਪੁਤ = ਚੰਗੇ ਪੁਤ੍ਰ। ਕਰੇਨਿ = ਬਣਾ ਦੇਂਦੀਆਂ ਹਨ।
ਸਤਿਗੁਰੂ ਦੀਆਂ ਸਾਖੀਆਂ (ਸਿੱਖ-) ਪੁਤ੍ਰਾਂ ਨੂੰ (ਗੁਰਮੁਖ) ਪੁੱਤਰ ਬਣਾ ਦੇਂਦੀਆਂ ਹਨ;
ਜਿ ਸਤਿਗੁਰ ਭਾਵੈ ਸੁ ਮੰਨਿ ਲੈਨਿ ਸੇਈ ਕਰਮ ਕਰੇਨਿ ॥
xxx
(ਗੁਰ-ਸਾਖੀਆਂ ਦੀ ਬਰਕਤਿ ਨਾਲ, ਗੁਰਮੁਖ ਸਿੱਖ-ਪੁਤ੍ਰ) ਉਹਨਾਂ ਗੱਲਾਂ ਵਿਚ ਯਕੀਨ ਲਿਆਉਂਦੇ ਹਨ ਤੇ ਉਹ ਕੰਮ ਕਰਦੇ ਹਨ ਜੋ ਸਤਿਗੁਰੂ ਨੂੰ ਭਾਉਂਦੇ ਹਨ।
ਜਾਇ ਪੁਛਹੁ ਸਿਮ੍ਰਿਤਿ ਸਾਸਤ ਬਿਆਸ ਸੁਕ ਨਾਰਦ ਬਚਨ ਸਭ ਸ੍ਰਿਸਟਿ ਕਰੇਨਿ ॥
ਬਿਆਸ = ਇਹ 'ਪਰਾਸ਼ਰ' ਰਿਸ਼ੀ ਦਾ ਪੁਤ੍ਰ ਸੀ, ਪਹਿਲਾਂ ਇਸ ਦਾ ਨਾਮ 'ਕ੍ਰਿਸ਼ਨਦ੍ਵੈਪਾਯਨ' ਸੀ ਕਿਉਂਕਿ ਇਸ ਦਾ ਰੰਗ ਕਾਲਾ (ਕ੍ਰਿਸ਼ਨ) ਸੀ ਤੇ ਇਹ ਜਜ਼ੀਰੇ (ਦ੍ਵੀਪ) ਵਿਚ ਜੰਮਿਆ ਸੀ; ਪਰ ਫਿਰ ਇਸ ਦਾ ਨਾਮ 'ਵਿਆਸ' ਪੈ ਗਿਆ। ਲਫ਼ਜ਼ 'ਵਿਆਸ' (ਬਿਆਸ) ਦਾ ਅਰਥ ਹੈ "ਤਰਤੀਬ ਦੇਣ ਵਾਲਾ"; ਇਸ ਦੀ ਬਾਬਤ ਖ਼ਿਆਲ ਹੈ ਕਿ ਇਸ ਰਿਸ਼ੀ ਨੇ ਵੇਦਾਂ ਨੂੰ ਮੌਜੂਦਾ ਤਰਤੀਬ ਦਿੱਤੀ ਸੀ (विव्यास वेदान् यस्मात्सः तस्माद् व्यास इति स्मृतः)। "ਮਹਾਭਾਰਤ" ਦਾ ਕਰਤਾ ਭੀ ਇਸੇ ਰਿਸ਼ੀ ਨੂੰ ਕਿਹਾ ਜਾਂਦਾ ਹੈ, ਅਠਾਰਾਂ ਪੁਰਾਣ, ਬ੍ਰਹਮ-ਸੂਤ੍ਰ ਤੇ ਹੋਰ ਕਈ ਪੁਸਤਕ ਭੀ ਇਸੇ ਦੇ ਲਿਖੇ ਮੰਨੇ ਜਾਂਦੇ ਹਨ। ਸੱਤ ਪ੍ਰਸਿੱਧ "ਚਿਰਚੀਵੀਆਂ" ਵਿਚੋਂ ਇਕ ਇਹ ਭੀ ਸੀ। ਸੁਕ = ਇਕ ਰਿਸ਼ੀ ਦਾ ਨਾਮ ਹੈ। ਨਾਰਦ = (नरस्य धर्मो नारं तत् ददाति स नारदः) ਬ੍ਰਹਮਾ ਦੇ ਦਸ ਪੁਤ੍ਰਾਂ ਵਿਚੋਂ ਇਕ ਸੀ, ਉਸ ਦੇ ਪੱਟ ਵਿਚੋਂ ਪੈਦਾ ਹੋਇਆ ਮੰਨਿਆ ਜਾਂਦਾ ਹੈ। ਇਸ ਦੀ ਬਾਬਤ ਇਹ ਮੰਨਿਆ ਜਾਂਦਾ ਹੈ ਕਿ ਇਹ ਦੇਵਤਿਆਂ ਦੇ ਸੁਨੇਹੇ ਮਨੁੱਖਾਂ ਪਾਸ ਤੇ ਮਨੁੱਖਾਂ ਦੀਆਂ ਲੋੜਾਂ ਦੇਵਤਿਆਂ ਪਾਸ ਅਪੜਾਂਦਾ ਸੀ। ਦੇਵਤਿਆਂ ਤੇ ਮਨੁੱਖਾਂ ਵਿਚ ਝਗੜੇ ਪਾਣ ਦਾ ਇਸ ਨੂੰ ਬੜਾ ਸ਼ੌਕ ਸੀ; ਸੋ, ਇਸ ਦਾ ਨਾਮ ਪੈ ਗਿਆ "ਕਲਿਪ੍ਰਿਯ"। "ਵੀਣਾ" ਸਾਜ਼ ਇਸੇ ਦੀ ਕਾਢ ਮੰਨਿਆ ਜਾਂਦਾ ਹੈ। ਇਸ ਨੇ ਇਕ 'ਸਿਮ੍ਰਿਤਿ' ਭੀ ਲਿਖੀ ਸੀ। ਬਚਨ = ਉਪਦੇਸ਼।
(ਜੇ ਇਸ ਗੱਲ ਦੀ ਤਸਦੀਕ ਕਰਨੀ ਹੋਵੇ ਤਾਂ ਪੁਰਾਤਨ ਧਰਮ-ਪੁਸਤਕ) ਸਿਮ੍ਰਿਤੀਆਂ ਤੇ ਸ਼ਾਸਤ੍ਰ (ਤੇ ਪੁਰਾਤਨ ਰਿਸ਼ੀ) ਵਿਆਸ ਸੁਕ ਤੇ ਨਾਰਦ (ਆਦਿਕਾਂ) ਨੂੰ ਪੁੱਛ ਵੇਖੋ (ਭਾਵ, ਉਹਨਾਂ ਦੀਆਂ ਲਿਖਤਾਂ ਪੜ੍ਹ ਵੇਖੋ) ਜੋ ਸਾਰੀ ਸ੍ਰਿਸ਼ਟੀ ਨੂੰ (ਸਾਂਝਾ) ਉਪਦੇਸ਼ ਕਰਦੇ ਰਹੇ ਹਨ।
ਸਚੈ ਲਾਏ ਸਚਿ ਲਗੇ ਸਦਾ ਸਚੁ ਸਮਾਲੇਨਿ ॥
ਸਚੈ = ਸਦਾ-ਥਿਰ ਪ੍ਰਭੂ ਨੇ। ਸਚਿ = ਸੱਚੇ ਵਿਚ।
ਜਿਨ੍ਹਾਂ ਨੂੰ ਸੱਚੇ ਪ੍ਰਭੂ ਨੇ (ਸਤਿਗੁਰੂ ਦੇ ਕੌਤਕਾਂ ਦੀ ਯਾਦ ਵਿਚ) ਲਾਇਆ, ਉਹ ਸੱਚੇ ਪ੍ਰਭੂ ਵਿਚ (ਭੀ) ਜੁੜੇ, ਉਹ ਸਦਾ ਸੱਚੇ ਪ੍ਰਭੂ ਨੂੰ (ਭੀ) ਚੇਤੇ ਰੱਖਦੇ ਹਨ।
ਨਾਨਕ ਆਏ ਸੇ ਪਰਵਾਣੁ ਭਏ ਜਿ ਸਗਲੇ ਕੁਲ ਤਾਰੇਨਿ ॥੧॥
ਸਗਲੇ = ਸਾਰੇ ॥੧॥
ਹੇ ਨਾਨਕ! (ਉਹ ਨਿਰੇ ਆਪ ਨਹੀਂ ਤਰੇ, ਆਪਣੀਆਂ) ਸਾਰੀਆਂ ਕੁਲਾਂ ਭੀ ਤਾਰਦੇ ਹਨ, ਉਹਨਾਂ ਦਾ ਹੀ ਜਗਤ ਵਿਚ ਆਉਣਾ ਕਬੂਲ ਹੈ ॥੧॥
ਮਃ ੩ ॥
xxx
xxx
ਗੁਰੂ ਜਿਨਾ ਕਾ ਅੰਧੁਲਾ ਸਿਖ ਭੀ ਅੰਧੇ ਕਰਮ ਕਰੇਨਿ ॥
xxx
ਜਿਨ੍ਹਾਂ ਮਨੁੱਖਾਂ ਦਾ ਗੁਰੂ (ਆਪ) ਅਗਿਆਨੀ ਅੰਨ੍ਹਾ ਹੈ ਉਹ ਸਿੱਖ ਭੀ ਅੰਨ੍ਹੇ ਕੰਮ (ਭਾਵ, ਮੰਦੇ ਕੰਮ) ਹੀ ਕਰਦੇ ਹਨ।
ਓਇ ਭਾਣੈ ਚਲਨਿ ਆਪਣੈ ਨਿਤ ਝੂਠੋ ਝੂਠੁ ਬੋਲੇਨਿ ॥
xxx
(ਅੰਨ੍ਹੇ ਗੁਰੂ ਦੇ) ਉਹ (ਸਿੱਖ) ਆਪਣੀ ਮਰਜ਼ੀ ਦੇ ਮਗਰ ਲੱਗਦੇ ਹਨ, ਤੇ ਸਦਾ ਝੂਠ ਬੋਲਦੇ ਹਨ।
ਕੂੜੁ ਕੁਸਤੁ ਕਮਾਵਦੇ ਪਰ ਨਿੰਦਾ ਸਦਾ ਕਰੇਨਿ ॥
xxx
ਝੂਠ ਤੇ ਠੱਗੀ ਕਮਾਂਦੇ ਹਨ, ਸਦਾ ਦੂਜਿਆਂ ਦੀ ਨਿੰਦਿਆ ਕਰਦੇ ਹਨ;
ਓਇ ਆਪਿ ਡੁਬੇ ਪਰ ਨਿੰਦਕਾ ਸਗਲੇ ਕੁਲ ਡੋਬੇਨਿ ॥
ਡੋੁਬੇਨਿ = ਅੱਖਰ 'ਡ' ਦੇ ਨਾਲ (ੁ) ਪੜ੍ਹਨਾ ਹੈ, ਉਂਞ ਅਸਲ ਲਫ਼ਜ਼ "ਡੋਬੇਨਿ" ਹੈ।
ਦੂਜਿਆਂ ਦੀ ਨਿੰਦਾ ਕਰਨ ਵਾਲੇ ਉਹ ਮਨੁੱਖ ਆਪ ਭੀ ਡੁੱਬਦੇ ਹਨ ਤੇ ਆਪਣੀਆਂ ਸਾਰੀਆਂ ਕੁਲਾਂ ਭੀ ਗ਼ਰਕ ਕਰਦੇ ਹਨ।
ਨਾਨਕ ਜਿਤੁ ਓਇ ਲਾਏ ਤਿਤੁ ਲਗੇ ਉਇ ਬਪੁੜੇ ਕਿਆ ਕਰੇਨਿ ॥੨॥
ਜਿਤੁ = ਜਿਸ ਵਿਚ, ਜਿਸ ਪਾਸੇ। ਤਿਤੁ = ਉਸੇ ਵਿਚ ॥੨॥
(ਪਰ) ਹੇ ਨਾਨਕ! ਉਹ ਬਿਚਾਰੇ ਕਰਨ ਭੀ ਕੀਹ? ਜਿਧਰ ਉਹਨਾਂ ਨੂੰ (ਪ੍ਰਭੂ ਨੇ) ਲਾਇਆ ਹੈ ਉਹ ਓਧਰ ਹੀ ਲੱਗੇ ਹੋਏ ਹਨ ॥੨॥
ਪਉੜੀ ॥
xxx
xxx
ਸਭ ਨਦਰੀ ਅੰਦਰਿ ਰਖਦਾ ਜੇਤੀ ਸਿਸਟਿ ਸਭ ਕੀਤੀ ॥
xxx
(ਪ੍ਰਭੂ ਨੇ) ਜਿਤਨੀ ਸ੍ਰਿਸ਼ਟੀ ਪੈਦਾ ਕੀਤੀ ਹੈ, ਉਸ ਸਾਰੀ ਨੂੰ ਆਪਣੀ ਨਜ਼ਰ ਹੇਠ ਰੱਖਦਾ ਹੈ।
ਇਕਿ ਕੂੜਿ ਕੁਸਤਿ ਲਾਇਅਨੁ ਮਨਮੁਖ ਵਿਗੂਤੀ ॥
ਇਕਿ = ਕਈ ਜੀਵ। ਕੂੜਿ = ਕੂੜ ਵਿਚ। ਕੁਸਤਿ = ਕੁਸੱਤ ਵਿਚ। ਲਾਇਅਨੁ = ਲਾਏ ਹਨ ਉਸ ਨੇ।
ਉਸ ਨੇ ਕਈ ਜੀਵਾਂ ਨੂੰ ਝੂਠ ਤੇ ਠੱਗੀ ਵਿਚ ਲਾ ਰੱਖਿਆ ਹੈ, ਉਹ ਜੀਵ ਆਪਣੇ ਮਨ ਦੇ ਪਿੱਛੇ ਤੁਰ ਕੇ ਖ਼ੁਆਰ ਹੋ ਰਹੇ ਹਨ।
ਗੁਰਮੁਖਿ ਸਦਾ ਧਿਆਈਐ ਅੰਦਰਿ ਹਰਿ ਪ੍ਰੀਤੀ ॥
xxx
ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦੇ ਹਨ ਉਹ ਸਦਾ ਪ੍ਰਭੂ ਨੂੰ ਧਿਆਉਂਦੇ ਹਨ ਕਿਉਂਕਿ ਉਹਨਾਂ ਦੇ ਹਿਰਦੇ ਵਿਚ ਪ੍ਰਭੂ ਦੀ ਪ੍ਰੀਤ ਹੈ।
ਜਿਨ ਕਉ ਪੋਤੈ ਪੁੰਨੁ ਹੈ ਤਿਨ੍ਹ੍ਹ ਵਾਤਿ ਸਿਪੀਤੀ ॥
ਪੋਤੈ = ਪੱਲੇ ਵਿਚ, ਕੱਪੜੇ ਵਿਚ। ਵਾਤਿ = ਵਾਤ ਵਿਚ, ਮੂੰਹ ਵਿਚ। ਤਿਨ੍ਹ੍ਹ = ਅੱਖਰ 'ਨ' ਦੇ ਨਾਲ ਅੱਧਾ 'ਹ' ਹੈ। ਸਿਪੀਤੀ = ਸਿਫ਼ਤ।
ਜਿਨ੍ਹਾਂ ਦੇ ਪੱਲੇ (ਕੋਈ ਪਿਛਲੀ ਕੀਤੀ) ਭਲਾਈ ਹੈ ਉਹਨਾਂ ਦੇ ਮੂੰਹ ਵਿਚ (ਪ੍ਰਭੂ ਦੀ) ਸਿਫ਼ਤ-ਸਾਲਾਹ ਟਿਕੀ ਰਹਿੰਦੀ ਹੈ।
ਨਾਨਕ ਨਾਮੁ ਧਿਆਈਐ ਸਚੁ ਸਿਫਤਿ ਸਨਾਈ ॥੧੦॥
ਸਨਾਈ = {ਅਰਬੀ 'स्ना'} ਵਡਿਆਈ ॥੧੦॥
ਹੇ ਨਾਨਕ! ਨਾਮ ਹੀ ਸਿਮਰਨਾ ਚਾਹੀਦਾ ਹੈ। ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ ਸਦਾ ਕਾਇਮ ਰਹਿਣ ਵਾਲੀ ਚੀਜ਼ ਹੈ ॥੧੦॥
ਸਲੋਕੁ ਮਃ ੧ ॥
xxx
xxx
ਸਤੀ ਪਾਪੁ ਕਰਿ ਸਤੁ ਕਮਾਹਿ ॥
ਸਤੀ = (Virtuous men) ਧਰਮੀ ਬੰਦੇ। ਸਤੁ = ਸੁੱਚਾ ਆਚਰਨ, ਧਰਮ।
ਜੋ ਮਨੁੱਖ ਆਪਣੇ ਆਪ ਨੂੰ ਧਰਮੀ (ਭਾਵ, ਸੁੱਚੇ ਆਚਰਨ ਵਾਲੇ) ਅਖਵਾਂਦੇ ਹਨ ਉਹ (ਲੁਕ ਕੇ) ਵਿਕਾਰ ਕਰ ਕੇ ਭੀ (ਬਾਹਰ) ਜ਼ਾਹਰ ਇਹੀ ਕਰਦੇ ਹਨ ਕਿ ਧਰਮ ਕਮਾ ਰਹੇ ਹਨ।
ਗੁਰ ਦੀਖਿਆ ਘਰਿ ਦੇਵਣ ਜਾਹਿ ॥
ਗੁਰ ਜਾਹਿ = ਗੁਰੂ ਜਾਂਦੇ ਹਨ। ਘਰਿ = (ਚੇਲਿਆਂ ਦੇ) ਘਰ ਵਿਚ। ਦੀਖਿਆ = ਸਿੱਖਿਆ।
(ਆਪਣੇ ਆਪ ਨੂੰ) ਗੁਰੂ (ਕਹਾਣ ਵਾਲੇ) (ਮਾਇਆ ਦੀ ਖ਼ਾਤਰ) ਚੇਲਿਆਂ ਦੇ ਘਰ ਵਿਚ ਸਿੱਖਿਆ ਦੇਣ ਜਾਂਦੇ ਹਨ।
ਇਸਤਰੀ ਪੁਰਖੈ ਖਟਿਐ ਭਾਉ ॥
ਪੁਰਖੈ ਭਾਉ = ਪਤੀ ਦਾ ਪਿਆਰ, ਪਤੀ ਨਾਲ ਪਿਆਰ।
(ਅਖਵਾਂਦੀ ਪਤਿਬ੍ਰਤਾ ਹੈ ਪਰ) ਇਸਤ੍ਰੀ ਦਾ ਆਪਣੇ ਪਤੀ ਨਾਲ ਪਿਆਰ ਤਾਂ ਹੀ ਹੈ ਜੇ ਉਹ ਖੱਟ ਕੇ ਲਿਆਵੇ,
ਭਾਵੈ ਆਵਉ ਭਾਵੈ ਜਾਉ ॥
xxx
(ਨਹੀਂ ਤਾਂ) ਪਤੀ ਚਾਹੇ ਘਰ ਆਵੇ ਚਾਹੇ ਚਲਾ ਜਾਏ (ਇਸਤ੍ਰੀ ਪਰਵਾਹ ਨਹੀਂ ਕਰਦੀ)।
ਸਾਸਤੁ ਬੇਦੁ ਨ ਮਾਨੈ ਕੋਇ ॥
xxx
(ਬ੍ਰਾਹਮਣ ਦਾ ਹਾਲ ਤੱਕੋ) ਕੋਈ ਭੀ ਵੇਦ ਸ਼ਾਸਤ੍ਰ ਨਹੀਂ ਮੰਨ ਰਿਹਾ,
ਆਪੋ ਆਪੈ ਪੂਜਾ ਹੋਇ ॥
ਆਪੋ ਆਪੈ ਪੂਜਾ = ਆਪੋ ਆਪਣੀ ਗ਼ਰਜ਼ ਦੀ ਪੂਜਾ।
ਆਪੋ ਆਪਣੀ ਗ਼ਰਜ਼ ਦੀ ਹੀ ਪੂਜਾ ਹੋ ਰਹੀ ਹੈ।
ਕਾਜੀ ਹੋਇ ਕੈ ਬਹੈ ਨਿਆਇ ॥
ਨਿਆਇ = ਨਿਆਂ ਕਰਨ ਲਈ।
ਕਾਜ਼ੀ ਬਣ ਕੇ (ਦੂਜਿਆਂ ਦਾ) ਨਿਆਂ ਕਰਨ ਬੈਠਦਾ ਹੈ,
ਫੇਰੇ ਤਸਬੀ ਕਰੇ ਖੁਦਾਇ ॥
xxx
ਤਸਬੀ ਫੇਰਦਾ ਹੈ ਖ਼ੁਦਾ ਖ਼ੁਦਾ ਆਖਦਾ ਹੈ,
ਵਢੀ ਲੈ ਕੈ ਹਕੁ ਗਵਾਏ ॥
xxx
(ਪਰ ਨਿਆਂ ਕਰਨ ਵੇਲੇ) ਵੱਢੀ ਲੈ ਕੇ (ਦੂਜੇ ਦਾ) ਹੱਕ ਮਾਰਦਾ ਹੈ,
ਜੇ ਕੋ ਪੁਛੈ ਤਾ ਪੜਿ ਸੁਣਾਏ ॥
xxx
ਜੇ ਕੋਈ (ਉਸ ਦੇ ਇਸ ਕੰਮ ਤੇ) ਇਤਰਾਜ਼ ਕਰੇ ਤਾਂ (ਕੋਈ ਨ ਕੋਈ ਸ਼ਰ੍ਹਾ ਦੀ ਗੱਲ) ਪੜ੍ਹ ਕੇ ਸੁਣਾ ਦੇਂਦਾ ਹੈ।
ਤੁਰਕ ਮੰਤ੍ਰੁ ਕਨਿ ਰਿਦੈ ਸਮਾਹਿ ॥
ਤੁਰਕ ਮੰਤ੍ਰੁ = ਤੁਰਕ (ਹਾਕਮ) ਦਾ ਮੰਤ੍ਰ। ਕਨਿ = ਕੰਨ ਵਿਚ। ਸਮਾਹਿ = ਟਿਕਾ ਰੱਖਦੇ ਹਨ।
(ਹਿੰਦੂ ਆਗੂਆਂ ਦਾ ਹਾਲ ਤੱਕੋ, ਆਪਣੇ) ਕੰਨ ਤੇ ਹਿਰਦੇ ਵਿਚ (ਤਾਂ) ਤੁਰਕ (ਹਾਕਮਾਂ) ਦਾ ਹੁਕਮ ਟਿਕਾਈ ਰੱਖਦੇ ਹਨ,
ਲੋਕ ਮੁਹਾਵਹਿ ਚਾੜੀ ਖਾਹਿ ॥
ਮੁਹਾਵਹਿ = ਲੁਟਾਂਦੇ ਹਨ। ਚਾੜੀ = ਚੁਗ਼ਲੀ।
ਲੋਕਾਂ ਨੂੰ ਲੁਟਾਂਦੇ ਹਨ ਉਹਨਾਂ ਦੀ ਚੁਗ਼ਲੀ (ਹਾਕਮਾਂ ਪਾਸ) ਕਰਦੇ ਹਨ।
ਚਉਕਾ ਦੇ ਕੈ ਸੁਚਾ ਹੋਇ ॥
xxx
(ਨਿਰਾ) ਚੌਕਾ ਦੇ ਕੇ ਹੀ ਜੋ ਸੁੱਚਾ ਬਣਿਆ ਫਿਰਦਾ ਹੈ,
ਐਸਾ ਹਿੰਦੂ ਵੇਖਹੁ ਕੋਇ ॥
xxx
ਵੇਖੋ ਐਸੇ ਹਿੰਦੂ ਵਲ!
ਜੋਗੀ ਗਿਰਹੀ ਜਟਾ ਬਿਭੂਤ ॥
ਗਿਰਹੀ = ਗ੍ਰਿਹਸਤੀ। ਬਿਭੂਤ = ਸੁਆਹ।
ਜੋਗੀ ਨੇ ਜਟਾਂ ਰੱਖੀਆਂ ਹੋਈਆਂ ਹਨ, ਸੁਆਹ ਭੀ ਮਲੀ ਹੋਈ ਹੈ,
ਆਗੈ ਪਾਛੈ ਰੋਵਹਿ ਪੂਤ ॥
xxx
ਪਰ ਹੈ ਗ੍ਰਿਹਸਤੀ, ਉਸ ਦੇ ਅੱਗੇ ਪਿੱਛੇ ਅੰਞਾਣੇ ਰੋਂਦੇ ਫਿਰਦੇ ਹਨ।
ਜੋਗੁ ਨ ਪਾਇਆ ਜੁਗਤਿ ਗਵਾਈ ॥
xxx
ਜੋਗ-ਮਾਰਗ ਭੀ ਨਾਹ ਲੱਭਾ ਤੇ ਜੀਉਣ ਦੀ ਜੁਗਤਿ ਭੀ ਗਵਾ ਬੈਠਾ ਹੈ।
ਕਿਤੁ ਕਾਰਣਿ ਸਿਰਿ ਛਾਈ ਪਾਈ ॥
ਸਿਰਿ = ਸਿਰ ਉਤੇ। ਛਾਈ = ਸੁਆਹ।
ਸਿਰ ਉਤੇ ਸੁਆਹ ਉਸ ਨੇ ਕਾਹਦੇ ਲਈ ਪਾਈ ਹੈ?
ਨਾਨਕ ਕਲਿ ਕਾ ਏਹੁ ਪਰਵਾਣੁ ॥
ਪਰਵਾਣੁ = ਮਾਪ, ਪ੍ਰਭਾਵ।
ਹੇ ਨਾਨਕ! ਇਹ ਹੈ ਕਲਿਜੁਗ ਦਾ ਪ੍ਰਭਾਵ,
ਆਪੇ ਆਖਣੁ ਆਪੇ ਜਾਣੁ ॥੧॥
ਆਖਣੁ = ਆਖਣ ਵਾਲਾ, ਚੌਧਰੀ। ਜਾਣੁ = ਜਾਣਨ ਵਾਲਾ, ਕਦਰ ਕਰਨ ਵਾਲਾ, ਵਡਿਆਈ ਕਰਨ ਵਾਲਾ ॥੧॥
ਕਿ ਕਲਿਜੁਗ ਆਪ ਹੀ (ਭਾਵ, ਕਲਿਜੁਗੀ ਸੁਭਾਵ ਵਾਲਾ ਬੰਦਾ ਆਪ ਹੀ) ਚੌਧਰੀ ਹੈ ਤੇ ਆਪ ਹੀ ਆਪਣੀ ਕਰਤੂਤ ਦੀ ਵਡਿਆਈ ਕਰਨ ਵਾਲਾ ਹੈ ॥੧॥
ਮਃ ੧ ॥
xxx
xxx
ਹਿੰਦੂ ਕੈ ਘਰਿ ਹਿੰਦੂ ਆਵੈ ॥
ਹਿੰਦੂ = (ਭਾਵ) ਬ੍ਰਾਹਮਣ।
(ਕਿਸੇ ਖਤ੍ਰੀ ਆਦਿਕ) ਹਿੰਦੂ ਦੇ ਘਰ ਵਿਚ ਬ੍ਰਾਹਮਣ ਆਉਂਦਾ ਹੈ,
ਸੂਤੁ ਜਨੇਊ ਪੜਿ ਗਲਿ ਪਾਵੈ ॥
ਪੜਿ = (ਮੰਤ੍ਰ ਆਦਿਕ) ਪੜ੍ਹ ਕੇ।
ਤੇ (ਮੰਤ੍ਰ ਆਦਿਕ) ਪੜ੍ਹ ਕੇ (ਉਸ ਖੱਤ੍ਰੀ ਦੇ) ਗਲ ਵਿਚ ਧਾਗਾ ਜਨੇਊ ਪਾ ਦੇਂਦਾ ਹੈ।
ਸੂਤੁ ਪਾਇ ਕਰੇ ਬੁਰਿਆਈ ॥
xxx
(ਇਹ ਮਨੁੱਖ ਜਨੇਊ ਤਾਂ ਪਾ ਲੈਂਦਾ ਹੈ, ਪਰ) ਜਨੇਊ ਪਾ ਕੇ ਭੀ ਮੰਦ-ਕਰਮ ਕਰੀ ਜਾਂਦਾ ਹੈ।
ਨਾਤਾ ਧੋਤਾ ਥਾਇ ਨ ਪਾਈ ॥
ਥਾਇ ਨ ਪਾਈ = ਕਬੂਲ ਨਹੀਂ ਹੁੰਦਾ।
(ਇਸ ਤਰ੍ਹਾਂ ਨਿੱਤ) ਨ੍ਹਾਉਣ ਧੋਣ ਨਾਲ ਉਹ (ਪ੍ਰਭੂ ਦੇ ਦਰ ਤੇ) ਕਬੂਲ ਨਹੀਂ ਹੋ ਜਾਂਦਾ।
ਮੁਸਲਮਾਨੁ ਕਰੇ ਵਡਿਆਈ ॥
xxx
ਮੁਸਲਮਾਨ ਮਨੁੱਖ (ਦੀਨ ਦੀ) ਵਡਿਆਈ ਕਰਦਾ ਹੈ,