Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਅਸੰਖ ਭਗਤ ਗੁਣ ਗਿਆਨ ਵੀਚਾਰ  

ਗੁਣ ਵੀਚਾਰੁ = ਅਕਾਲ ਪੁਰਖ ਦੇ ਗੁਣਾਂ ਦਾ ਖ਼ਿਆਲ। ਗਿਆਨ ਵੀਚਾਰੁ = (ਅਕਾਲ ਪੁਰਖ ਦੇ) ਗਿਆਨ ਦਾ ਵਿਚਾਰ।
(ਅਕਾਲ ਪੁਰਖ ਦੀ ਕੁਦਰਤਿ ਵਿਚ) ਅਣਗਿਣਤ ਭਗਤ ਹਨ, ਜੋ ਅਕਾਲ ਪੁਰਖ ਦੇ ਗੁਣਾਂ ਅਤੇ ਗਿਆਨ ਦੀ ਵਿਚਾਰ ਕਰ ਰਹੇ ਹਨ,


ਅਸੰਖ ਸਤੀ ਅਸੰਖ ਦਾਤਾਰ  

ਸਤੀ = ਸਤ ਧਰਮ ਵਾਲੇ ਮਨੁੱਖ। ਦਾਤਾਰ = ਦਾਤਾਂ ਦੇਣ ਵਾਲੇ, ਬਖ਼ਸ਼ਸ ਕਰਨ ਵਾਲੇ।
ਅਨੇਕਾਂ ਹੀ ਦਾਨੀ ਤੇ ਦਾਤੇ ਹਨ।


ਅਸੰਖ ਸੂਰ ਮੁਹ ਭਖ ਸਾਰ  

ਸੂਰ = ਸੂਰਮੇ, ਜੋਧੇ। ਮੁਹ = ਮੂੰਹਾਂ ਉੱਤੇ। ਭਖਸਾਰ = ਸਾਰ ਭਖਣ ਵਾਲੇ, ਲੋਹਾ ਖਾਣ ਵਾਲੇ, ਸ਼ਾਸਤ੍ਰਾਂ ਦੇ ਵਾਰ ਸਹਿਣ ਵਾਲੇ।
(ਅਕਾਲ ਪੁਰਖ ਦੀ ਰਚਨਾ ਵਿਚ) ਬੇਅੰਤ ਸੂਰਮੇ ਹਨ ਜੋ ਆਪਣੇ ਮੂੰਹਾਂ ਉੱਤੇ (ਭਾਵ ਸਨਮੁਖ ਹੋ ਕੇ) ਸ਼ਾਸਤ੍ਰਾਂ ਦੇ ਵਾਰ ਸਹਿੰਦੇ ਹਨ।


ਅਸੰਖ ਮੋਨਿ ਲਿਵ ਲਾਇ ਤਾਰ  

ਮੋਨਿ = ਚੁੱਪ ਰਹਿਣ ਵਾਲੇ। ਲਿਵ ਲਾਇ ਤਾਰ = ਲਿਵ ਦੀ ਤਾਰ ਲਾ ਕੇ, ਇਕ-ਰਸ ਲਿਵ ਲਾ ਕੇ, ਇਕ-ਰਸ ਬ੍ਰਿਤੀ ਜੋੜ ਕੇ।
ਅਨੇਕਾਂ ਮੋਨੀ ਹਨ, ਜੋ ਇਕ-ਰਸ ਬ੍ਰਿਤੀ ਜੋੜ ਕੇ ਬੈਠ ਰਹੇ ਹਨ।


ਕੁਦਰਤਿ ਕਵਣ ਕਹਾ ਵੀਚਾਰੁ  

xxx
ਮੇਰੀ ਕੀਹ ਤਾਕਤ ਹੈ ਕਿ ਕਰਤਾਰ ਦੀ ਕੁਦਰਤਿ ਦੀ ਵਿਚਾਰ ਕਰ ਸਕਾਂ।


ਵਾਰਿਆ ਜਾਵਾ ਏਕ ਵਾਰ  

xxx
(ਹੇ ਅਕਾਲ ਪੁਰਖ!) ਮੈਂ ਤਾਂ ਤੇਰੇ ਉੱਤੋਂ ਇਕ ਵਾਰੀ ਭੀ ਸਦਕੇ ਹੋਣ ਜੋਗਾ ਨਹੀਂ ਹਾਂ (ਭਾਵ, ਮੇਰੀ ਹਸਤੀ ਬਹੁਤ ਹੀ ਤੁੱਛ ਹੈ।)


ਜੋ ਤੁਧੁ ਭਾਵੈ ਸਾਈ ਭਲੀ ਕਾਰ  

xxx
ਜੋ ਤੈਨੂੰ ਚੰਗਾ ਲਗਦਾ ਹੈ ਉਹੀ ਕੰਮ ਭਲਾ ਹੈ (ਭਾਵ, ਤੇਰੀ ਰਜ਼ਾ ਵਿਚ ਰਹਿਣਾ ਹੀ ਠੀਕ ਹੈ)।


ਤੂ ਸਦਾ ਸਲਾਮਤਿ ਨਿਰੰਕਾਰ ॥੧੭॥  

xxx
ਹੇ ਨਿਰੰਕਾਰ! ਤੂੰ ਸਦਾ ਅਟੱਲ ਰਹਿਣ ਵਾਲਾ ਹੈਂ ॥੧੭॥


ਅਸੰਖ ਮੂਰਖ ਅੰਧ ਘੋਰ  

ਮੂਰਖ ਅੰਧ ਘੋਰ = ਪਰਲੇ ਦਰਜੇ ਦੇ ਮੂਰਖ, ਮਹਾਂ ਮੂਰਖ।
(ਨਿਰੰਕਾਰ ਦੀ ਰਚੀ ਹੋਈ ਸ੍ਰਿਸ਼ਟੀ ਵਿਚ) ਅਨੇਕਾਂ ਹੀ ਮਹਾਂ ਮੂਰਖ ਹਨ,


ਅਸੰਖ ਚੋਰ ਹਰਾਮਖੋਰ  

ਹਰਾਮਖੋਰ = ਪਰਾਇਆ ਮਾਲ ਖਾਣ ਵਾਲੇ।
ਅਨੇਕਾਂ ਹੀ ਚੋਰ ਹਨ, ਜੋ ਪਰਾਇਆ ਮਾਲ (ਚੁਰਾ ਚੁਰਾ ਕੇ) ਵਰਤ ਰਹੇ ਹਨ


ਅਸੰਖ ਅਮਰ ਕਰਿ ਜਾਹਿ ਜੋਰ  

ਅਮਰ = ਹੁਕਮ। ਜੋਰ = ਧੱਕੇ, ਵਧੀਕੀਆਂ।
ਅਤੇ ਅਨੇਕਾਂ ਹੀ ਇਹੋ ਜਿਹੇ ਮਨੁੱਖ ਹਨ, ਜੋ (ਦੂਜਿਆਂ ਉੱਤੇ) ਹੁਕਮ ਤੇ ਵਧੀਕੀਆਂ ਕਰ ਕਰ ਕੇ (ਅੰਤ ਨੂੰ ਇਸ ਸੰਸਾਰ ਤੋਂ) ਚਲੇ ਜਾਂਦੇ ਹਨ।


ਅਸੰਖ ਗਲਵਢ ਹਤਿਆ ਕਮਾਹਿ  

ਗਲਵਢ = ਗਲ ਵੱਢਣ ਵਾਲੇ, ਕਾਤਲ, ਖ਼ੂਨੀ ਮਨੁੱਖ। ਹਤਿਆ ਕਮਾਹਿ = ਦੂਜਿਆਂ ਦੇ ਗਲ ਵੱਢਦੇ ਹਨ।
ਅਨੇਕਾਂ ਹੀ ਖ਼ੂਨੀ ਮਨੁੱਖ ਲੋਕਾਂ ਦੇ ਗਲ ਵੱਢ ਰਹੇ ਹਨ


ਅਸੰਖ ਪਾਪੀ ਪਾਪੁ ਕਰਿ ਜਾਹਿ  

ਕਰਿ ਜਾਹਿ = ਕਰ ਕੇ (ਅੰਤ ਨੂੰ ਇਸ ਸੰਸਾਰ ਤੋਂ) ਚਲੇ ਜਾਂਦੇ ਹਨ। ਪਾਪੁ ਕਰਿ ਜਾਹਿ = ਪਾਪ ਕਮਾ ਕੇ ਅੰਤ ਨੂੰ ਤੁਰ ਜਾਂਦੇ ਹਨ।
ਅਤੇ ਅਨੇਕਾਂ ਹੀ ਪਾਪੀ ਮਨੁੱਖ ਪਾਪ ਕਮਾ ਕੇ (ਆਖ਼ਰ) ਇਸ ਦੁਨੀਆ ਤੋਂ ਤੁਰ ਜਾਂਦੇ ਹਨ।


ਅਸੰਖ ਕੂੜਿਆਰ ਕੂੜੇ ਫਿਰਾਹਿ  

ਕੂੜਿਆਰ = ਉਹ ਮਨੁੱਖ ਜਿਨ੍ਹਾਂ ਦੇ ਹਿਰਦੇ ਕੂੜ ਦੇ ਟਿਕਾਣੇ ਬਣੇ ਪਏ ਹਨ, ਝੂਠ ਦੇ ਸੁਭਾਉ ਵਾਲੇ। ਕੂੜੇ = ਕੂੜ ਵਿਚ ਹੀ। ਫਿਰਾਹਿ = ਫਿਰਦੇ ਹਨ, ਪਰਵਿਰਤ ਹਨ, ਰੁੱਝੇ ਹੋਏ ਹਨ।
ਅਨੇਕਾਂ ਹੀ ਝੂਠ ਬੋਲਣ ਦੇ ਸੁਭਾਉ ਵਾਲੇ ਮਨੁੱਖ ਝੂਠ ਵਿਚ ਹੀ ਰੁੱਝੇ ਪਏ ਹਨ


ਅਸੰਖ ਮਲੇਛ ਮਲੁ ਭਖਿ ਖਾਹਿ  

ਮਲੇਛ = ਮਲੀਨ ਮੱਤ ਵਾਲੇ, ਖੋਟੀ ਬੁੱਧ ਵਾਲੇ ਮਨੁੱਖ। ਖਾਹਿ = ਖਾਂਦੇ ਹਨ। ਭਖਿ ਖਾਹਿ = ਹਾਬੜਿਆਂ ਵਾਂਗ ਖਾਈ ਜਾਂਦੇ ਹਨ। ('ਭਖ' ਅਤੇ 'ਖਾਹਿ' ਦੋਵੇਂ ਸੰਸਕ੍ਰਿਤ ਦੇ ਧਾਤੂ ਹਨ, ਦੋਹਾਂ ਦਾ ਅਰਥ ਹੈ 'ਖਾਣਾ'। ਤੀਜੀ ਪਉੜੀ ਵਿਚ ਭੀ ਇਕ ਇਹੋ ਜਿਹੀ 'ਖਾਹੀ ਖਾਹਿ' ਸੰਯੁਕਤ ਕ੍ਰਿਆ ਆ ਚੁਕੀ ਹੈ)।
ਅਤੇ ਅਨੇਕਾਂ ਹੀ ਖੋਟੀ ਬੁੱਧੀ ਵਾਲੇ ਮਨੁੱਖ ਮਲ (ਭਾਵ, ਅਖਾਜ) ਹੀ ਖਾਈ ਜਾ ਰਹੇ ਹਨ।


ਅਸੰਖ ਨਿੰਦਕ ਸਿਰਿ ਕਰਹਿ ਭਾਰੁ  

ਸਿਰਿ = ਆਪਣੇ ਸਿਰ ਉੱਤੇ। ਸਿਰਿ ਕਰਹਿ ਭਾਰੁ = ਆਪਣੇ ਸਿਰ ਉੱਤੇ ਭਾਰ ਚੁਕਦੇ ਹਨ।
ਅਨੇਕਾਂ ਹੀ ਨਿਦੰਕ (ਨਿੰਦਾ ਕਰ ਕੇ) ਆਪਣੇ ਸਿਰ ਉੱਤੇ (ਨਿੰਦਿਆ ਦਾ) ਭਾਰ ਚੁੱਕ ਰਹੇ ਹਨ।


ਨਾਨਕੁ ਨੀਚੁ ਕਹੈ ਵੀਚਾਰੁ  

ਨਾਨਕੁ ਨੀਚੁ = ਨੀਚ ਨਾਨਕ, ਨਾਨਕ ਵਿਚਾਰਾ, ਗਰੀਬ ਨਾਨਕ।
(ਹੇ ਨਿਰੰਕਾਰ! ਅਨੇਕਾਂ ਹੋਰ ਜੀਵ ਕਈ ਹੋਰ ਕੁਕਰਮਾਂ ਵਿਚ ਫਸੇ ਹੋਣਗੇ, ਮੇਰੀ ਕੀਹ ਤਾਕਤ ਹੈ ਕਿ ਤੇਰੀ ਕੁਦਰਤਿ ਦੀ ਪੂਰਨ ਵਿਚਾਰ ਕਰ ਸਕਾਂ?ਨਾਨਕ ਵਿਚਾਰਾ (ਤਾਂ) ਇਹ (ਉਪਰਲੀ ਤੁੱਛ ਜਿਹੀ) ਵਿਚਾਰ ਪੇਸ਼ ਕਰਦਾ ਹੈ।


ਵਾਰਿਆ ਜਾਵਾ ਏਕ ਵਾਰ  

xxx
(ਹੇ ਅਕਾਲ ਪੁਰਖ!) ਮੈਂ ਤਾਂ ਤੇਰੇ ਉੱਤੇਂ ਇਕ ਵਾਰੀ ਭੀ ਸਦਕੇ ਹੋਣ ਜੋਗਾ ਨਹੀਂ ਹਾਂ (ਭਾਵ, ਮੈਂ ਤੇਰੀ ਬੇਅੰਤ ਕੁਦਰਤਿ ਦੀ ਪੂਰਨ ਵਿਚਾਰ ਕਰਨ ਜੋਗਾ ਨਹੀਂ ਹਾਂ)।


ਜੋ ਤੁਧੁ ਭਾਵੈ ਸਾਈ ਭਲੀ ਕਾਰ  

xxx
ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਕੰਮ ਭਲਾ ਹੈ (ਭਾਵ, ਤੇਰੀ ਰਜ਼ਾ ਵਿਚ ਹੀ ਰਹਿਣਾ ਠੀਕ ਹੈ। ਤੇਰੀ ਸਿਫ਼ਤ-ਸਾਲਾਹ ਕਰ ਕੇ ਅਸਾਂ ਜੀਵਾਂ ਲਈ ਇਹੀ ਭਲੀ ਗੱਲ ਹੈ ਕਿ ਤੇਰੀ ਰਜ਼ਾ ਵਿਚ ਰਹੀਏ)।


ਤੂ ਸਦਾ ਸਲਾਮਤਿ ਨਿਰੰਕਾਰ ॥੧੮॥  

xxx
ਹੇ ਨਿਰੰਕਾਰ! ਤੂੰ ਸਦਾ-ਥਿਰ ਰਹਿਣ ਵਾਲਾ ਹੈਂ ॥੧੮॥


ਅਸੰਖ ਨਾਵ ਅਸੰਖ ਥਾਵ  

ਨਾਵ = (ਕੁਦਰਤਿ ਦੇ ਅਨੇਕ ਜੀਵਾਂ ਤੇ ਹੋਰ ਬੇਅੰਤ ਪਦਾਰਥਾਂ ਦੇ) ਨਾਮ।
(ਕੁਦਰਤਿ ਦੇ ਅਨੇਕ ਜੀਵਾਂ ਤੇ ਹੋਰ ਬੇਅੰਤ ਪਦਾਰਥਾਂ ਦੇ) ਅਸੰਖਾਂ ਹੀ ਨਾਮ ਹਨ ਤੇ ਅਸੰਖਾਂ ਹੀ (ਉਹਨਾਂ ਦੇ) ਥਾਂ ਟਿਕਾਣੇ ਹਨ।


ਅਗੰਮ ਅਗੰਮ ਅਸੰਖ ਲੋਅ  

ਅਗੰਮ = ਜਿਸ ਤਾਈਂ (ਕਿਸੇ ਦੀ) ਪਹੁੰਚ ਨ ਹੋ ਸਕੇ। ਲੋਅ = ਲੋਕ, ਭਵਣ। ਅਸੰਖ ਲੋਅ = ਅਨੇਕਾਂ ਹੀ ਭਵਣ।
(ਕੁਦਰਤਿ ਵਿਚ) ਅਸੰਖਾਂ ਹੀ ਭਵਣ ਹਨ ਜਿਨ੍ਹਾਂ ਤਕ ਮਨੁੱਖ ਦੀ ਪਹੁੰਚ ਹੀ ਨਹੀਂ ਹੋ ਸਕਦੀ।


ਅਸੰਖ ਕਹਹਿ ਸਿਰਿ ਭਾਰੁ ਹੋਇ  

ਕਹਹਿ = ਕਹਿੰਦੇ ਹਨ, ਆਖਦੇ ਹਨ (ਜੋ ਮਨੁੱਖ)। ਸਿਰਿ = ਉਹਨਾਂ ਦੇ ਸਿਰ ਉੱਤੇ। ਹੋਇ = ਹੁੰਦਾ ਹੈ।
(ਪਰ ਜੋ ਮਨੁੱਖ ਕੁਦਰਤਿ ਦਾ ਲੇਖਾ ਕਰਨ ਵਾਸਤੇ ਸ਼ਬਦ) 'ਅਸੰਖ' (ਭੀ) ਆਖਦੇ ਹਨ, (ਉਹਨਾਂ ਦੇ) ਸਿਰ ਉੱਤੇ ਭੀ ਭਾਰ ਹੁੰਦਾ ਹੈ (ਭਾਵ, ਉਹ ਭੀ ਭੁੱਲ ਕਰਦੇ ਹਨ, 'ਅਸੰਖ' ਸ਼ਬਦ ਭੀ ਕਾਫੀ ਨਹੀਂ ਹੈ)।


ਅਖਰੀ ਨਾਮੁ ਅਖਰੀ ਸਾਲਾਹ  

ਅਖਰੀ = ਅੱਖਰਾਂ ਦੀ ਰਾਹੀਂ ਹੀ। ਸਾਲਾਹ = ਸਿਫ਼ਤਿ।
(ਭਾਵੇਂ ਅਕਾਲ ਪੁਰਖ ਦੀ ਕੁਦਰਤਿ ਦਾ ਲੇਖਾ ਲਫ਼ਜ਼ 'ਅਸੰਖ' ਤਾਂ ਕਿਤੇ ਰਿਹਾ, ਕੋਈ ਭੀ ਸ਼ਬਦ ਕਾਫ਼ੀ ਨਹੀਂ ਹੈ, ਪਰ) ਅਕਾਲ ਪੁਰਖ ਦਾ ਨਾਮ ਭੀ ਅੱਖਰਾਂ ਦੀ ਰਾਹੀਂ ਹੀ (ਲਿਆ ਜਾ ਸਕਦਾ ਹੈ), ਉਸ ਦੀ ਸਿਫ਼ਤ-ਸਾਲਾਹ ਭੀ ਅੱਖਰਾਂ ਦੀ ਰਾਹੀਂ ਹੀ ਕੀਤੀ ਜਾ ਸਕਦੀ ਹੈ।


ਅਖਰੀ ਗਿਆਨੁ ਗੀਤ ਗੁਣ ਗਾਹ  

ਗੁਣ ਗਾਹ = ਗੁਣਾਂ ਦੇ ਗਾਹੁਣ ਵਾਲੇ, ਗੁਣਾਂ ਦੇ ਵਾਕਫ਼।
ਅਕਾਲ ਪੁਰਖ ਦਾ ਗਿਆਨ ਭੀ ਅੱਖਰਾਂ ਦੀ ਰਾਹੀਂ ਹੀ (ਵਿਚਾਰਿਆ ਜਾ ਸਕਦਾ ਹੈ)। ਅੱਖਰਾਂ ਦੀ ਰਾਹੀਂ ਹੀ ਉਸਦੇ ਗੀਤ ਅਤੇ ਗੁਣਾਂ ਦਾ ਵਾਕਫ਼ ਹੋ ਸਕੀਦਾ ਹੈ।


ਅਖਰੀ ਲਿਖਣੁ ਬੋਲਣੁ ਬਾਣਿ  

ਬਾਣਿ ਲਿਖਣੁ = ਬਾਣੀ ਦਾ ਲਿਖਣਾ। ਬਾਣਿ = ਬਾਣੀ, ਬੋਲੀ। ਬਾਣਿ ਬੋਲਣੁ = ਬਾਣੀ (ਬੋਲੀ) ਦਾ ਬੋਲਣਾ।
ਬੋਲੀ ਦਾ ਲਿਖਣਾ ਤੇ ਬੋਲਣਾ ਭੀ ਅੱਖਰਾਂ ਦੀ ਰਾਹੀਂ ਹੀ ਦੱਸਿਆ ਜਾ ਸਕਦਾ ਹੈ। (ਇਸ ਕਰਕੇ ਸ਼ਬਦ 'ਅਸੰਖ' ਵਰਤਿਆ ਗਿਆ ਹੈ।)


ਅਖਰਾ ਸਿਰਿ ਸੰਜੋਗੁ ਵਖਾਣਿ  

ਅਖਰਾ ਸਿਰਿ = ਅੱਖਰਾਂ ਦੀ ਰਾਹੀਂ ਹੀ। ਸੰਜੋਗੁ = ਭਾਗਾਂ ਦਾ ਲੇਖ। ਵਖਾਣਿ = ਵਖਾਣਿਆ ਜਾ ਸਕਦਾ ਹੈ, ਦੱਸਿਆ ਜਾ ਸਕਦਾ ਹੈ।
(ਅੱਖਰਾਂ ਰਾਹੀਂ ਹੀ ਭਾਗਾਂ ਦਾ ਸੰਜੋਗ ਵਖਿਆਨ ਕੀਤਾ ਜਾ ਸਕਦਾ ਹੈ)


ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ  

ਜਿਨਿ = ਜਿਸ ਅਕਾਲ ਪੁਰਖ ਨੇ। ਏਹਿ = ਸੰਜੋਗ ਦੇ ਇਹ ਅੱਖਰ। ਤਿਸੁ ਸਿਰਿ = ਉਸ ਅਕਾਲ ਪੁਰਖ ਦੇ ਮੱਥੇ ਉੱਤੇ। ਨਾਹਿ = (ਕੋਈ ਲੇਖ) ਨਹੀਂ ਹੈ।
(ਉਂਝ) ਜਿਸ ਅਕਾਲ ਪੁਰਖ ਨੇ (ਜੀਵਾਂ ਦੇ ਸੰਜੋਗ ਦੇ) ਇਹ ਅੱਖਰ ਲਿਖੇ ਹਨ, ਉਸ ਦੇ ਸਿਰ ਉੱਤੇ ਕੋਈ ਲੇਖ ਕਹੀਂ ਹੈ (ਭਾਵ, ਕੋਈ ਮਨੁੱਖ ਉਸ ਅਕਾਲ ਪੁਰਖ ਦਾ ਲੇਖਾ ਨਹੀਂ ਕਰ ਸਕਦਾ)।


ਜਿਵ ਫੁਰਮਾਏ ਤਿਵ ਤਿਵ ਪਾਹਿ  

ਜਿਵ = ਜਿਸ ਤਰ੍ਹਾਂ। ਫੁਰਮਾਏ = ਅਕਾਲ ਪੁਰਖ ਹੁਕਮ ਕਰਦਾ ਹੈ। ਤਿਵ ਤਿਵ = ਉਸੇ ਤਰ੍ਹਾਂ। ਪਾਹਿ = (ਜੀਵ) ਪਾ ਲੈਂਦੇ ਹਨ, ਭੋਗਦੇ ਹਨ।
ਜਿਸ ਜਿਸ ਤਰ੍ਹਾਂ ਉਹ ਅਕਾਲ ਪੁਰਖ ਹੁਕਮ ਕਰਦਾ ਹੈ ਉਸੇ ਤਰ੍ਹਾਂ (ਜੀਵ ਆਪਣੇ ਸੰਜੋਗ) ਭੋਗਦੇ ਹਨ।


ਜੇਤਾ ਕੀਤਾ ਤੇਤਾ ਨਾਉ  

ਜੇਤਾ = ਜਿਤਨਾ। ਕੀਤਾ = ਪੈਦਾ ਕੀਤਾ ਹੋਇਆ ਸੰਸਾਰ। ਜੇਤਾ ਕੀਤਾ = ਇਹ ਸਾਰਾ ਸੰਸਾਰ ਜੋ ਅਕਾਲ ਪੁਰਖ ਨੇ ਪੈਦਾ ਕੀਤਾ ਹੈ। ਤੇਤਾ = ਉਹ ਸਾਰਾ, ਉਤਨਾ ਹੀ। ਨਾਉ = ਨਾਮ, ਰੂਪ, ਸਰੂਪ। ❀ ਨੋਟ: ਅੰਗਰੇਜ਼ੀ ਵਿਚ ਦੋ ਸ਼ਬਦ ਹਨ 'substance' ਤੇ 'property' ਤਿਵੇਂ ਸੰਸਕ੍ਰਿਤ ਵਿਚ ਹਨ 'ਨਾਮ' ਤੇ 'ਗੁਣ' ਜਾਂ 'ਮੂਰਤਿ' ਤੇ 'ਗੁਣ'। ਸੋ 'ਨਾਮ' (ਸਰੂਪ) 'substance' ਹੈ ਤੇ ਗੁਣ 'property' ਹੈ ਜਦੋਂ ਕਿਸੇ ਜੀਵ ਦਾ ਜਾਂ ਕਿਸੇ ਪਦਾਰਥ ਦਾ 'ਨਾਮ' ਰੱਖੀਦਾ ਹੈ, ਇਸ ਦਾ ਭਾਵ ਇਹ ਹੁੰਦਾ ਹੈ ਕਿ ਉਸ ਦਾ ਸਰੂਪ (ਸ਼ਕਲ) ਨੀਯਤ ਕਰੀਦਾ ਹੈ। ਜਦੋਂ ਉਹ ਨਾਮ ਲਈਦਾ ਹੈ, ਉਹ ਹਸਤੀ ਅੱਖਾਂ ਅੱਗੇ ਆ ਜਾਂਦੀ ਹੈ।
ਇਹ ਸਾਰਾ ਸੰਸਾਰ, ਜੋ ਅਕਾਲ ਪੁਰਖ ਨੇ ਬਣਾਇਆ ਹੈ, ਇਹ ਉਸ ਦਾ ਸਰੂਪ ਹੈ ('ਇਹੁ ਵਿਸੁ ਸੰਸਾਰੁ ਤੁਮ ਦੇਖਦੇ, ਇਹੁ ਹਰਿ ਕਾ ਰੂਪੁ ਹੈ, ਹਰਿ ਰੂਪੁ ਨਦਰੀ ਆਇਆ')।


ਵਿਣੁ ਨਾਵੈ ਨਾਹੀ ਕੋ ਥਾਉ  

ਵਿਣੁ ਨਾਵੈ-'ਨਾਮ' ਤੋਂ ਬਿਨਾ, ਨਾਮ ਤੋਂ ਖ਼ਾਲੀ।
ਕੋਈ ਥਾਂ ਅਕਾਲ ਪੁਰਖ ਦੇ ਸਰੂਪ ਤੋਂ ਖ਼ਾਲੀ ਨਹੀਂ ਹੈ, (ਭਾਵ, ਜਿਹੜੀ ਥਾਂ ਜਾਂ ਪਦਾਰਥ ਵੇਖੀਏ ਉਹੀ ਅਕਾਲ ਪੁਰਖ ਦਾ ਸਰੂਪ ਦਿੱਸਦਾ ਹੈ, ਸ੍ਰਿਸ਼ਟੀ ਦਾ ਜ਼ੱਰਾ ਜ਼ੱਰਾ ਅਕਾਲ ਪੁਰਖ ਦਾ ਸਰੂਪ ਹੈ)।


ਕੁਦਰਤਿ ਕਵਣ ਕਹਾ ਵੀਚਾਰੁ  

xxx
ਮੇਰੀ ਕੀਹ ਤਾਕਤ ਹੈ ਕਿ ਕਰਤਾਰ ਦੀ ਕੁਦਰਤਿ ਦੀ ਵੀਚਾਰ ਕਰ ਸਕਾਂ?


ਵਾਰਿਆ ਜਾਵਾ ਏਕ ਵਾਰ  

xxx
(ਹੇ ਅਕਾਲ ਪੁਰਖ!) ਮੈਂ ਤਾਂ ਤੇਰੇ ਉਤੋਂ ਇਕ ਵਾਰੀ ਭੀ ਸਦਕੇ ਹੋਣ ਜੋਗਾ ਨਹੀਂ ਹਾਂ (ਭਾਵ, ਮੇਰੀ ਹਸਤੀ ਬਹੁਤ ਹੀ ਤੁੱਛ ਹੈ)।


ਜੋ ਤੁਧੁ ਭਾਵੈ ਸਾਈ ਭਲੀ ਕਾਰ  

xxx
ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਕੰਮ ਭਲਾ ਹੈ, (ਭਾਵ, ਤੇਰੀ ਰਜ਼ਾ ਵਿਚ ਰਹਿਣਾ ਹੀ ਅਸਾਂ ਜੀਵਾਂ ਲਈ ਭਲੀ ਗੱਲ ਹੈ)।


ਤੂ ਸਦਾ ਸਲਾਮਤਿ ਨਿਰੰਕਾਰ ॥੧੯॥  

xxx
ਹੇ ਨਿਰੰਕਾਰ! ਤੂੰ ਸਦਾ ਥਿਰ ਰਹਿਣ ਵਾਲਾ ਹੈਂ ॥੧੯॥


ਭਰੀਐ ਹਥੁ ਪੈਰੁ ਤਨੁ ਦੇਹ  

ਭਰੀਐ = ਜੇ ਭਰ ਜਾਏ, ਜੇ ਗੰਦਾ ਹੋ ਜਾਏ, ਜੇ ਮੈਲਾ ਹੋ ਜਾਏ। ਤਨੁ = ਸਰੀਰ। ਦੇਹ = ਸਰੀਰ।
ਜੇ ਹੱਥ ਜਾਂ ਪੈਰ ਜਾਂ ਸਰੀਰ ਲਿੱਬੜ ਜਾਏ,


ਪਾਣੀ ਧੋਤੈ ਉਤਰਸੁ ਖੇਹ  

ਪਾਣੀ ਧੋਤੈ = ਪਾਣੀ ਨਾਲ ਧੋਤਿਆਂ। ਉਤਰਸੁ = ਉਤਰ ਜਾਂਦੀ ਹੈ। ਖੇਹ = ਮਿੱਟੀ, ਧੂੜ, ਮੈਲ।
ਤਾਂ ਪਾਣੀ ਨਾਲ ਧੋਤਿਆਂ ਉਹ ਮੈਲ ਉਤਰ ਜਾਂਦੀ ਹੈ।


ਮੂਤ ਪਲੀਤੀ ਕਪੜੁ ਹੋਇ  

ਪਲੀਤੀ = ਪਲੀਤ, ਗੰਦਾ। ਮੂਤ ਪਲੀਤੀ = ਮੂਤਰ ਨਾਲ ਪਲੀਤ। ਕਪੜੁ = ਕੱਪੜਾ।
ਜੇ (ਕੋਈ) ਕੱਪੜਾ ਮੂਤਰ ਨਾਲ ਗੰਦਾ ਹੋ ਜਾਏ,


ਦੇ ਸਾਬੂਣੁ ਲਈਐ ਓਹੁ ਧੋਇ  

ਦੇ ਸਾਬੂਣੁ = ਸਾਬਣ ਲਾ ਕੇ। ਲਈਐ = ਲਈਦਾ ਹੈ। ਓਹੁ = ਉਹ ਪਲੀਤ ਹੋਇਆ ਕੱਪੜਾ। ਲਈਐ ਧੋਇ = ਧੋ ਲਈਦਾ ਹੈ।
ਤਾਂ ਸਾਬੁਣ ਲਾ ਕੇ ਉਸ ਨੂੰ ਧੋ ਲਈਦਾ ਹੈ।


ਭਰੀਐ ਮਤਿ ਪਾਪਾ ਕੈ ਸੰਗਿ  

ਭਰੀਐ = ਜੇ ਭਰ ਜਾਏ, ਜੇ ਮਲੀਨ ਹੋ ਜਾਏ। ਮਤਿ = ਬੁੱਧ। ਪਾਪਾ ਕੈ ਸੰਗਿ = ਪਾਪਾਂ ਦੇ ਨਾਲ।
(ਪਰ) ਜੇ (ਮਨੁੱਖ ਦੀ) ਬੁੱਧੀ ਪਾਪਾਂ ਨਾਲ ਮਲੀਨ ਹੋ ਜਾਏ,


ਓਹੁ ਧੋਪੈ ਨਾਵੈ ਕੈ ਰੰਗਿ  

ਓਹੁ = ਉਹ ਪਾਪ। ਧੋਪੈ = ਧੁਪਦਾ ਹੈ, ਧੁਪ ਸਕਦਾ ਹੈ, ਧੋਇਆ ਜਾ ਸਕਦਾ ਹੈ। ਰੰਗਿ = ਪਿਆਰ ਨਾਲ। ਨਾਵੈ ਕੈ ਰੰਗਿ = ਅਕਾਲ ਪੁਰਖ ਦੇ ਨਾਮ ਦੇ ਪ੍ਰੇਮ ਨਾਲ।
ਤਾਂ ਉਹ ਪਾਪ ਅਕਾਲ ਪੁਰਖ ਦੇ ਨਾਮ ਵਿਚ ਪਿਆਰ ਕਰਨ ਨਾਲ ਹੀ ਧੋਇਆ ਜਾ ਸਕਦਾ ਹੈ।


ਪੁੰਨੀ ਪਾਪੀ ਆਖਣੁ ਨਾਹਿ  

ਆਖਣੁ = ਨਾਮੁ, ਬਚਨ। ਨਾਹਿ = ਨਹੀਂ ਹੈ।
ਹੇ ਨਾਨਕ! 'ਪੁੰਨੀ' ਜਾਂ 'ਪਾਪ' ਨਿਰਾ ਨਾਮ ਹੀ ਨਹੀਂ ਹੈ (ਭਾਵ, ਨਿਰਾ ਕਹਿਣ-ਮਾਤਰ ਨਹੀਂ ਹੈ, ਸੱਚ-ਮੁੱਚ ਹੀ)


ਕਰਿ ਕਰਿ ਕਰਣਾ ਲਿਖਿ ਲੈ ਜਾਹੁ  

ਕਰਿ ਕਰਿ ਕਰਣਾ = (ਆਪੋ ਆਪਣੇ) ਕਰਮ ਕਰ ਕੇ, ਜਿਹੋ ਜਿਹੇ ਕਰਮ ਕਰੋਗੇ। ਲਿਖਿ = ਲਿਖ ਕੇ, (ਤਿਹੋ ਜਿਹਾ ਲੇਖਾ) ਲਿਖ ਕੇ, (ਤਿਹੋ ਜਿਹੇ ਸੰਸਕਾਰਾਂ ਦਾ ਲੇਖਾ) ਲਿਖ ਕੇ, (ਤਿਹੋ ਜਿਹੇ ਸੰਸਕਾਰ ਅਪਣੇ ਮਨ ਵਿਚ) ਉੱਕਰ ਕੇ। ਲੈ ਜਾਹੁ = ਤੂੰ ਲੈ ਜਾਹਿਂਗਾ, (ਆਪਣੇ ਨਾਲ) ਲੈ ਜਾਹਿਂਗਾ, (ਆਪਣੇ ਮਨ ਵਿਚ) ਪ੍ਰੋ ਲਵੇਂਗਾ।
ਤੂੰ ਜਿਹੋ ਜਿਹੇ ਕਰਮ ਕਰੇਂਗਾ ਤਿਹੋ ਜਿਹੇ ਸੰਸਕਾਰ ਆਪਣੇ ਅੰਦਰ ਉੱਕਰ ਕੇ ਨਾਲ ਲੈ ਜਾਹਿਂਗਾ।


ਆਪੇ ਬੀਜਿ ਆਪੇ ਹੀ ਖਾਹੁ  

ਆਪੇ = ਆਪ ਹੀ। ਬੀਜਿ = ਬੀਜ ਕੇ।
ਜੋ ਕੁਝ ਤੂੰ ਬੀਜੇਂਗਾ, ਉਸ ਦਾ ਫਲ ਆਪ ਹੀ ਖਾਹਿਂਗਾ।


ਨਾਨਕ ਹੁਕਮੀ ਆਵਹੁ ਜਾਹੁ ॥੨੦॥  

ਹੁਕਮੀ = ਅਕਾਲ ਪੁਰਖ ਦੇ ਹੁਕਮ ਵਿਚ। ਆਵਹੁ ਜਾਹੁ = ਆਵਹਿਂਗਾ ਤੇ ਜਾਹਿਂਗਾ, ਜੰਮੇਂਗਾ ਤੇ ਮਰਹਿਂਗਾ, ਜਨਮ ਮਰਨ ਵਿਚ ਪਿਆ ਰਹੇਂਗਾ।
(ਆਪਣੇ ਬੀਜੇ ਅਨੁਸਾਰ) ਅਕਾਲ ਪੁਰਖ ਦੇ ਹੁਕਮ ਵਿਚ ਜਨਮ ਮਰਨ ਦੇ ਗੇੜ ਵਿਚ ਪਿਆ ਰਹੇਂਗਾ ॥੨੦॥


ਤੀਰਥੁ ਤਪੁ ਦਇਆ ਦਤੁ ਦਾਨੁ  

ਦਤੁ = ਦਿੱਤਾ ਹੋਇਆ।
ਤੀਰਥ ਜਾਤ੍ਰਾ, ਤਪਾਂ ਦੀ ਸਾਧਨਾ, (ਜੀਆਂ ਤੇ) ਦਇਆ ਕਰਨੀ, ਦਿੱਤਾ ਹੋਇਆ ਦਾਨ (ਇਹਨਾਂ ਕਰਮਾਂ ਦੇ ਵੱਟੇ);


ਜੇ ਕੋ ਪਾਵੈ ਤਿਲ ਕਾ ਮਾਨੁ  

ਜੇ ਕੋ ਪਾਵੈ = ਜੇ ਕੋਈ ਮਨੁੱਖ ਪ੍ਰਾਪਤ ਕਰੇ, ਜੇ ਕਿਸੇ ਮਨੁੱਖ ਨੂੰ ਮਿਲ ਭੀ ਜਾਏ, ਤਾਂ। ਤਿਲ ਕਾ = ਤਿਲ ਮਾਤਰ, ਰਤਾ-ਮਾਤਰ। ਮਾਨੁ = ਆਦਰ, ਵਡਿਆਈ।
ਜੇ ਕਿਸੇ ਮਨੁੱਖ ਨੂੰ ਕੋਈ ਵਡਿਆਈ ਮਿਲ ਭੀ ਜਾਏ, ਤਾਂ ਰਤਾ-ਮਾਤਰ ਹੀ ਮਿਲਦੀ ਹੈ।


ਸੁਣਿਆ ਮੰਨਿਆ ਮਨਿ ਕੀਤਾ ਭਾਉ  

ਸੁਣਿਆ = (ਜਿਸ ਮਨੁੱਖ ਨੇ) ਅਕਾਲ ਪੁਰਖ ਦਾ ਨਾਮ ਸੁਣ ਲਿਆ ਹੈ।। ਮੰਨਿਆ = (ਜਿਸ ਦਾ ਮਨ ਉਸ ਨਾਮ ਨੂੰ ਸੁਣ ਕੇ) ਮੰਨ ਗਿਆ ਹੈ, ਪਤੀਜ ਗਿਆ ਹੈ। ਮਨਿ = ਮਨ ਵਿਚ। ਭਾਉ ਕੀਤਾ = (ਜਿਸ ਨੇ) ਪ੍ਰੇਮ ਕੀਤਾ ਹੈ।
(ਪਰ ਜਿਸ ਮਨੁੱਖ ਨੇ ਅਕਾਲ ਪੁਰਖ ਦੇ ਨਾਮ ਵਿਚ) ਸੁਰਤ ਜੋੜੀ ਹੈ, (ਜਿਸ ਦਾ ਮਨ ਨਾਮ ਵਿਚ) ਪਤੀਜ ਗਿਆ ਹੈ. (ਅਤੇ ਜਿਸ ਨੇ ਆਪਣੇ ਮਨ) ਵਿਚ (ਅਕਾਲ ਪੁਰਖ ਦਾ) ਪਿਆਰ ਜਮਾਇਆ ਹੈ,


ਅੰਤਰਗਤਿ ਤੀਰਥਿ ਮਲਿ ਨਾਉ  

ਅੰਤਰਗਤਿ = ਅੰਦਰਲਾ। ਤੀਰਥਿ = ਤੀਰਥ ਉੱਤੇ। ਅੰਤਰਗਤਿ ਤੀਰਥਿ = ਅੰਦਰਲੇ ਤੀਰਥ ਉੱਤੇ। ਮਲਿ = ਮਲ ਮਲ ਕੇ, ਚੰਗੀ ਤਰ੍ਹਾਂ। ਨਾਉ = ਇਸ਼ਨਾਨ (ਕੀਤਾ ਹੈ)।
ਉਸ ਮਨੁੱਖ ਨੇ (ਮਾਨੋ) ਆਪਣੇ ਅੰਦਰਲੇ ਤੀਰਥ ਵਿਚ ਮਲ ਮਲ ਕੇ ਇਸ਼ਨਾਨ ਕਰ ਲਿਆ ਹੈ (ਭਾਵ, ਉਸ ਮਨੁੱਖ ਨੇ ਆਪਣੇ ਅੰਦਰ ਵੱਸ ਰਹੇ ਅਕਾਲ ਪੁਰਖ ਵਿਚ ਜੁੜ ਕੇ ਚੰਗੀ ਤਰ੍ਹਾਂ ਆਪਣੇ ਮਨ ਦੀ ਮੈਲ ਲਾਹ ਲਈ ਹੈ)।


ਸਭਿ ਗੁਣ ਤੇਰੇ ਮੈ ਨਾਹੀ ਕੋਇ  

ਸਭਿ = ਸਾਰੇ। ਮੈ ਨਾਹੀ ਕੋਇ = ਮੈਂ ਕੋਈ ਨਹੀਂ ਹਾਂ, ਮੇਰੀ ਕੋਈ ਪਾਂਇਆਂ ਨਹੀਂ ਹੈ।
ਮੇਰੀ ਕੋਈ ਪਾਂਇਆਂ ਨਹੀਂ (ਕਿ ਮੈਂ ਤੇਰੇ ਗੁਣ ਗਾ ਸਕਾਂ), ਇਹ ਸਭ ਤੇਰੀਆਂ ਹੀ ਵਡਿਆਈਆਂ ਹਨ।


ਵਿਣੁ ਗੁਣ ਕੀਤੇ ਭਗਤਿ ਹੋਇ  

ਵਿਣੁ ਗੁਣੁ ਕੀਤੇ = ਗੁਣ ਪੈਦਾ ਕਰਨ ਤੋਂ ਬਿਨਾ, ਜੇ ਤੂੰ ਗੁਣ ਪੈਦਾ ਨਾਹ ਕਰੇਂ, ਜੇ ਤੂੰ ਆਪਣੇ ਗੁਣ ਮੇਰੇ ਵਿਚ ਉਤਪੰਨ ਨਾਹ ਕਰੇਂ। ਨ ਹੋਇ = ਨਹੀਂ ਹੋ ਸਕਦੀ।
(ਹੇ ਅਕਾਲ ਪੁਰਖ!) ਜੇ ਤੂੰ (ਆਪ ਆਪਣੇ) ਗੁਣ (ਮੇਰੇ ਵਿਚ) ਪੈਦਾ ਨਾਹ ਕਰੇਂ ਤਾਂ ਮੈਥੋਂ ਤੇਰੀ ਭਗਤੀ ਨਹੀਂ ਹੋ ਸਕਦੀ।


ਸੁਅਸਤਿ ਆਥਿ ਬਾਣੀ ਬਰਮਾਉ  

ਸੁਅਸਤਿ = ਜੈ ਹੋਵੇ ਤੇਰੀ, ਤੂੰ ਸਦਾ ਅਟੱਲ ਰਹੇਂ (ਭਾਵ, ਮੈਂ ਤੇਰਾ ਹੀ ਆਸਰਾ ਲੈਂਦਾ ਹਾਂ)। ਬਰਮਾਉ = ਬ੍ਰਹਮਾ।
(ਹੇ ਨਿਰੰਕਾਰ!) ਤੇਰੀ ਸਦਾ ਜੈ ਹੋਵੇ! ਤੂੰ ਆਪ ਹੀ ਮਾਇਆ ਹੈਂ, ਤੂੰ ਆਪ ਹੀ ਬਾਣੀ ਹੈਂ, ਤੂੰ ਆਪ ਹੀ ਬ੍ਰਹਮਾ ਹੈਂ (ਭਾਵ, ਇਸ ਸ੍ਰਿਸ਼ਟੀ ਨੂੰ ਬਣਾਨ ਵਾਲੇ ਮਾਇਆ, ਬਾਣੀ ਜਾਂ ਬ੍ਰਹਮਾ ਤੈਥੋਂ ਵੱਖਰੀ ਹਸਤੀ ਵਾਲੇ ਨਹੀਂ ਹਨ, ਜੋ ਲੋਕਾਂ ਨੇ ਮੰਨ ਰੱਖੇ ਹਨ।)


ਸਤਿ ਸੁਹਾਣੁ ਸਦਾ ਮਨਿ ਚਾਉ  

ਸਤਿ = ਸਦਾ-ਥਿਰ। ਸੁਹਾਣੁ = ਸੁਬਹਾਨ, ਸੋਹਣਾ। ਮਨਿ ਚਾਉ = ਮਨ ਵਿਚ ਖਿੜਾਉ।
ਤੂੰ ਸਦਾ-ਥਿਰ ਹੈਂ, ਸੋਹਣਾ ਹੈਂ, ਤੇਰੇ ਮਨ ਵਿਚ ਸਦਾ ਖਿੜਾਉ ਹੈ, (ਤੂੰ ਹੀ ਜਗਤ ਰਚਣ ਵਾਲਾ ਹੈਂ, ਤੈਨੂੰ ਹੀ ਪਤਾ ਹੈ ਤੂੰ ਕਦੋਂ ਬਣਾਇਆ)।


ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ  

ਵੇਲਾ = ਸਮਾ। ਵਖਤੁ = ਸਮਾ, ਵਕਤ। ਥਿਤਿ ਵਾਰੁ = ਚੰਦ੍ਰਮਾ ਦੀ ਚਾਲ ਤੋਂ ਥਿਤਾਂ ਗਿਣੀਆਂ ਜਾਂਦੀਆਂ ਹਨ, ਜਿਵੇਂ:ਏਕਮ, ਦੂਜ, ਤੀਜ ਆਦਿਕ ਅਤੇ ਸੂਰਜ ਤੋਂ ਦਿਨ ਰਾਤ ਤੇ ਵਾਰ, ਸੋਮ, ਮੰਗਲ ਆਦਿਕ।
ਕਿਹੜਾ ਉਹ ਵੇਲਾ ਤੇ ਵਕਤ ਸੀ, ਕਿਹੜੀ ਥਿਤ ਸੀ, ਕਿਹੜਾ ਦਿਨ ਸੀ,


ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ  

ਕਵਣਿ ਸਿ ਰੁਤੀ = ਕਿਹੜੀਆਂ ਉਹ ਰੁਤਾਂ ਸਨ। ਮਾਹੁ = ਮਹੀਨਾ। ਕਵਣੁ = ਕਿਹੜਾ। ਜਿਤੁ = ਜਿਸ ਵਿਚ, ਜਿਸ ਵੇਲੇ। ਹੋਆ = ਹੋਂਦ ਵਿਚ ਆਇਆ, ਪੈਦਾ ਹੋਇਆ, ਬਣਿਆ। ਆਕਾਰੁ = ਇਹ ਦਿੱਸਣ ਵਾਲਾ ਸੰਸਾਰ।
ਕਿਹੜੀਆਂ ਉਹ ਰੁੱਤਾਂ ਸਨ ਅਤੇ ਕਿਹੜਾ ਉਹ ਮਹੀਨਾ ਸੀ, ਜਦੋਂ ਇਹ ਸੰਸਾਰ ਬਣਿਆ ਸੀ?


ਵੇਲ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ  

ਵੇਲ = ਸਮਾ, ਵੇਲਾ। ਪਾਇਆ = ਪਾਈ, ਲੱਭੀ। ਵੇਲ ਨ ਪਾਈਆ = ਸਮਾ ਨਾਹ ਲੱਭਾ। (ਨੋਟ: 'ਵੇਲਾ' ਪੁਲਿੰਗ ਹੈ ਤੇ 'ਵੇਲ' ਇਸਤ੍ਰੀ-ਲਿੰਗ ਹੈ)। ਪੰਡਤੀ = ਪੰਡਤਾਂ ਨੇ। ਜਿ = ਨਹੀਂ ਤਾਂ। ਹੋਵੈ = ਹੁੰਦਾ, ਬਣਿਆ ਹੁੰਦਾ। ਲੇਖੁ = ਮਜ਼ਮੂਨ। ਲੇਖੁ ਪੁਰਾਣੁ = ਪੁਰਾਣ-ਰੂਪ ਲੇਖ, ਇਸ ਲੇਖ ਵਾਲਾ ਪੁਰਾਣ (ਭਾਵ, ਜਿਵੇਂ ਹੋਰ ਕਈ ਪੁਰਾਣ ਬਣੇ ਹਨ, ਇਸ ਮਜ਼ਮੂਨ ਦਾ ਭੀ ਇਕ ਪੁਰਾਣ ਬਣਿਆ ਹੁੰਦਾ)।
(ਕਦੋਂ ਇਹ ਸੰਸਾਰ ਬਣਿਆ?) ਉਸ ਸਮੇਂ ਦਾ ਪੰਡਤਾਂ ਨੂੰ ਭੀ ਪਤਾ ਨਾਹ ਲੱਗਾ। ਜੇ ਪਤਾ ਹੁੰਦਾ ਤਾਂ (ਇਸ ਮਜ਼ਮੂਨ ਉੱਤੇ ਭੀ) ਇਕ ਪੁਰਾਣ ਲਿਖਿਆ ਹੁੰਦਾ।


ਵਖਤੁ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ  

ਵਖਤੁ = ਸਮਾ, ਜਦੋਂ ਜਗਤ ਬਣਿਆ। ਨ ਪਾਇਓ = ਨਾਹ ਲੱਭਾ। ਕਾਦੀਆ = ਕਾਜ਼ੀਆਂ ਨੇ। ਅਰਬੀ ਦੇ ਅਖੱਰ ਜ਼ੁਆਦ, ਜ਼ੁਇ ਅਤੇ ਜ਼ੇ ਦਾ ਉੱਚਾਰਨ ਅੱਖਰ 'ਦ' ਨਾਲ ਹੁੰਦਾ ਹੈ। ਲਫ਼ਜ਼ 'ਕਾਗਜ਼' ਦਾ 'ਕਾਗਦ', 'ਨਜ਼ਰ' ਦਾ 'ਨਦਰਿ' 'ਹਜ਼ੂਰ' ਦਾ 'ਹਦੂਰਿ' ਉਚਾਰਨ ਹੈ। ਇਸ ਤਰ੍ਹਾਂ 'ਕਾਜ਼ੀ' ਦਾ 'ਕਾਦੀ' ਉਚਾਰਨ ਭੀ ਹੈ। ਜਿ = ਨਹੀ ਤਾਂ। ਲਿਖਨਿ = (ਕਾਜ਼ੀ) ਲਿਖ ਦੇਂਦੇ। ਲੇਖੁ ਕੁਰਾਣੁ = ਕੁਰਾਨ ਵਰਗਾ ਲੇਖ (ਭਾਵ, ਜਿਵੇਂ ਕਾਜ਼ੀਆਂ ਨੇ ਮੁਹੰਮਦ ਸਾਹਿਬ ਦੀਆਂ ਉਚਾਰੀਆਂ ਆਇਤਾਂ ਇਕੱਠੀਆਂ ਕਰ ਕੇ ਕੁਰਾਨ ਲਿਖ ਦਿੱਤਾ ਸੀ, ਤਿਵੇਂ ਉਹ ਜਗਤ ਦੇ ਬਣਨ ਦੇ ਸਮੇ ਦਾ ਮਜ਼ਮੂਨ ਭੀ ਲਿਖ ਦੇਂਦੇ)।
ਉਸ ਸਮੇਂ ਦੀ ਕਾਜ਼ੀਆਂ ਨੂੰ ਖ਼ਬਰ ਨਾਹ ਲੱਗ ਸਕੀ, ਨਹੀਂ ਤਾਂ ਉਹ ਲੇਖ ਲਿਖ ਦੇਂਦੇ ਜਿਵੇਂ ਉਹਨਾਂ (ਆਇਤਾਂ ਇਕੱਠੀਆਂ ਕਰ ਕੇ) ਕੁਰਾਨ (ਲਿਖਿਆ ਸੀ)।


ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ  

xxx
(ਜਦੋਂ ਜਗਤ ਬਣਿਆ ਸੀ ਤਦੋਂ) ਕਿਹੜੀ ਥਿੱਤ ਸੀ, (ਕਿਹੜਾ) ਵਾਰ ਸੀ, ਇਹ ਗੱਲ ਕੋਈ ਜੋਗੀ ਭੀ ਨਹੀਂ ਜਾਣਦਾ। ਕੋਈ ਮਨੁੱਖ ਨਹੀਂ (ਦੱਸ ਨਹੀਂ ਸਕਦਾ) ਕਿ ਤਦੋਂ ਕਿਹੜੀ ਰੁੱਤ ਸੀ ਅਤੇ ਕਿਹੜਾ ਮਹੀਨਾ ਸੀ।


ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ  

ਜਾ ਕਰਤਾ = ਜਿਹੜਾ ਕਰਤਾਰ। ਸਿਰਠੀ ਕਉ = ਜਗਤ ਨੂੰ। ਸਾਜੇ = ਪੈਦਾ ਕਰਦਾ ਹੈ, ਬਣਾਉਂਦਾ ਹੈ। ਆਪੇ ਸੋਈ = ਉਹ ਆਪ ਹੀ।
ਜੋ ਸਿਰਜਣਹਾਰ ਇਸ ਜਗਤ ਨੂੰ ਪੈਦਾ ਕਰਦਾ ਹੈ, ਉਹ ਆਪ ਹੀ ਜਾਣਦਾ ਹੈ (ਕਿ ਜਗਤ ਕਦੋਂ ਰਚਿਆ)।


ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ  

ਕਿਵ ਕਰਿ = ਕਿਉਂ ਕਰਿ, ਕਿਸ ਤਰ੍ਹਾਂ। ਆਖਾ = ਮੈਂ ਆਖਾਂ, ਮੈਂ ਬਿਆਨ ਕਰਾਂ, ਮੈ ਕਹਿ ਸਕਾਂ। ਸਾਲਾਹੀ = ਮੈਂ ਸਾਲਾਹਾਂ, ਮੈਂ ਅਕਾਲ ਪੁਰਖ ਦੀ ਵਡਿਆਈ ਕਰਾਂ। ਕਿਉ = ਕਿਉਂ ਕਰਿ, ਕਿਸ ਤਰ੍ਹਾਂ। ਵਰਨੀ = ਮੈਂ ਵਰਣਨ ਕਰਾਂ,
ਮੈਂ ਕਿਸ ਤਰ੍ਹਾਂ (ਅਕਾਲ ਪੁਰਖ ਦੀ ਵਡਿਆਈ) ਦੱਸਾਂ, ਕਿਸ ਤਰ੍ਹਾਂ ਅਕਾਲ ਪੁਰਖ ਦੀ ਸਿਫਤਿ-ਸਾਲਾਹ ਕਰਾਂ, ਕਿਸ ਤਰ੍ਹਾਂ (ਅਕਾਲ ਪੁਰਖ ਦੀ ਵਡਿਆਈ) ਵਰਣਨ ਕਰਾਂ ਅਤੇ ਕਿਸ ਤਰ੍ਹਾਂ ਸਮਝ ਸਕਾਂ?


        


© SriGranth.org, a Sri Guru Granth Sahib resource, all rights reserved.
See Acknowledgements & Credits