Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸੁਣਿਐ ਦੂਖ ਪਾਪ ਕਾ ਨਾਸੁ ॥੯॥  

xxx
(ਕਿਉਂਕਿ) ਰੱਬ ਦੀ ਸਿਫ਼ਤ ਸਾਲਾਹ ਸੁਣਨ ਕਰਕੇ (ਮਨੁੱਖ ਦੇ) ਦੁਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ॥੯॥


ਸੁਣਿਐ ਸਤੁ ਸੰਤੋਖੁ ਗਿਆਨੁ  

ਸਤੁ ਸੰਤੋਖੁ = ਦਾਨ ਤੇ ਸੰਤੋਖ।
ਰੱਬ ਦੇ ਨਾਮ ਵਿਚ ਜੁੜਨ ਨਾਲ (ਹਿਰਦੇ ਵਿਚ) ਦਾਨ (ਦੇਣ ਦਾ ਸੁਭਾਉ), ਸੰਤੋਖ ਤੇ ਪ੍ਰਕਾਸ਼ ਪਰਗਟ ਹੋ ਜਾਂਦਾ ਹੈ,


ਸੁਣਿਐ ਅਠਸਠਿ ਕਾ ਇਸਨਾਨੁ  

ਅਠਸਠਿ = ਅਠਾਹਠ ਤੀਰਥ।
ਮਾਨੋ, ਅਠਾਹਠ ਤੀਰਥਾਂ ਦਾ ਇਸ਼ਨਾਨ (ਹੀ) ਹੋ ਜਾਂਦਾ ਹੈ (ਭਾਵ, ਅਠਾਰਠ ਤੀਰਥਾਂ ਦੇ ਇਸ਼ਨਾਨ ਨਾਮ ਜਪਣ ਦੇ ਵਿਚ ਹੀ ਆ ਜਾਂਦੇ ਹਨ)।


ਸੁਣਿਐ ਪੜਿ ਪੜਿ ਪਾਵਹਿ ਮਾਨੁ  

ਪੜਿ ਪੜਿ = ਵਿੱਦਿਆ ਪੜ੍ਹ ਕੇ। ਪਾਵਹਿ = ਪਾਂਦੇ ਹਨ।
ਜੋ ਸਤਕਾਰ (ਮਨੁੱਖ ਵਿੱਦਿਆ) ਪੜ੍ਹ ਕੇ ਪਾਂਦੇ ਹਨ, ਉਹ ਭਗਤ ਜਨਾਂ ਨੂੰ ਅਕਾਲ ਪੁਰਖ ਦੇ ਨਾਮ ਵਿਚ ਜੁੜ ਕੇ ਹੀ ਮਿਲ ਜਾਂਦਾ ਹੈ।


ਸੁਣਿਐ ਲਾਗੈ ਸਹਜਿ ਧਿਆਨੁ  

ਸਹਜਿ = ਸਹਜ ਅਵਸਥਾ ਵਿਚ। ਸਹਜ = (ਸਹਜ) ਸਹ-ਸਾਥ, ਨਾਲ ਜ-ਜਨਮਿਆ, ਪੈਦਾ ਹੋਇਆ, ਉਹ ਸੁਭਾਉ ਜੋ ਸੁੱਧ-ਸਰੂਪ ਆਤਮਾ ਦੇ ਨਾਲ ਜਨਮਿਆ ਹੈ, ਸ਼ੁੱਧ-ਸਰੂਪ ਆਤਮਾ ਦਾ ਆਪਣਾ ਅਸਲੀ ਧਰਮ, ਮਾਇਆ ਦੇ ਤਿੰਨਾਂ ਗੁਣਾਂ ਤੋਂ ਲੰਘ ਕੇ ਉਪਰ ਦੀ ਅਵਸਥਾ, ਤੁਰੀਆ ਅਵਸਥਾ, ਸ਼ਾਂਤੀ, ਅਡੋਲਤਾ। ਧਿਆਨੁ = ਸੁਰਤ, ਬ੍ਰਿਤੀ। ਗਿਆਨੁ = ਸਾਰੇ ਜਗਤ ਨੂੰ ਪ੍ਰਭੂ-ਪਿਤਾ ਦਾ ਇਕ ਟੱਬਰ ਸਮਝਣ ਦੀ ਸੂਝ, ਪਰਮਾਤਮਾ ਨਾਲ ਜਾਣ-ਪਛਾਣ।
ਨਾਮ ਸੁਣਨ ਦਾ ਸਦਕਾ ਅਡੋਲਤਾ ਵਿਚ ਚਿੱਤ ਦੀ ਬ੍ਰਿਤੀ ਟਿਕ ਜਾਂਦੀ ਹੈ।


ਨਾਨਕ ਭਗਤਾ ਸਦਾ ਵਿਗਾਸੁ  

xxx
ਹੇ ਨਾਨਕ! (ਅਕਾਲ ਪੁਰਖ ਦੇ ਨਾਮ ਵਿਚ ਸੁਰਤ ਜੋੜਨ ਵਾਲੇ) ਭਗਤ ਜਨਾਂ ਦੇ ਹਿਰਦੇ ਵਿਚ ਸਦਾ ਖਿੜਾਉ ਬਣਿਆ ਰਹਿੰਦਾ ਹੈ,


ਸੁਣਿਐ ਦੂਖ ਪਾਪ ਕਾ ਨਾਸੁ ॥੧੦॥  

xxx
(ਕਿਉਂਕਿ) ਅਕਾਲ ਪੁਰਖ ਦੀ ਸਿਫ਼ਤ-ਸਾਲਾਹ ਸੁਣਨ ਨਾਲ (ਮਨੁੱਖ ਦੇ) ਦੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ ॥੧੦॥


ਸੁਣਿਐ ਸਰਾ ਗੁਣਾ ਕੇ ਗਾਹ  

ਸਰਾ ਗੁਣਾ ਕੇ = ਗੁਣਾਂ ਦੇ ਸਰੋਵਰਾਂ ਦੇ, ਬੇਅੰਤ ਗੁਣਾਂ ਦੇ। ਗਾਹ = ਗਾਹੁਣ ਵਾਲੇ, ਸੂਝ ਵਾਲੇ, ਵਾਕਫ਼ੀ ਵਾਲੇ।
ਅਕਾਲ ਪੁਰਖ ਦੇ ਨਾਮ ਵਿਚ ਸੁਰਤ ਜੋੜਨ ਨਾਲ (ਸਾਧਾਰਨ ਮਨੁੱਖ) ਬੇਅੰਤ ਗੁਣਾਂ ਦੀ ਸੂਝ ਵਾਲੇ ਹੋ ਜਾਂਦੇ ਹਨ,


ਸੁਣਿਐ ਸੇਖ ਪੀਰ ਪਾਤਿਸਾਹ  

xxx
ਅਤੇ ਸ਼ੇਖ ਪੀਰ ਤੇ ਪਾਤਿਸ਼ਾਹਾਂ ਦੀ ਪਦਵੀ ਪਾ ਲੈਂਦੇ ਹਨ।


ਸੁਣਿਐ ਅੰਧੇ ਪਾਵਹਿ ਰਾਹੁ  

xxx
ਇਹ ਨਾਮ ਸੁਣਨ ਦੀ ਹੀ ਬਰਕਤਿ ਹੈ ਕਿ ਅੰਨ੍ਹੇ ਗਿਆਨ-ਹੀਣ ਮਨੁੱਖ ਭੀ (ਅਕਾਲ ਪੁਰਖ ਨੂੰ ਮਿਲਣ ਦਾ) ਰਾਹ ਲੱਭ ਲੈਂਦੇ ਹਨ।


ਸੁਣਿਐ ਹਾਥ ਹੋਵੈ ਅਸਗਾਹੁ  

ਰਾਹੁ = ਰਸਤਾ। ਅਸਗਾਹੁ = ਡੂੰਘਾ ਸਮੁੰਦਰ, ਸੰਸਾਰ। ਹਾਥ ਹੋਵੈ = ਹਾਥ ਹੋ ਜਾਂਦੀ ਹੈ, ਡੂੰਘਿਆਈ ਦਾ ਪਤਾ ਲੱਗ ਜਾਂਦਾ ਹੈ, ਅਸਲੀਅਤ ਦੀ ਸਮਝ ਪੈ ਜਾਂਦੀ ਹੈ।
ਅਕਾਲ ਪੁਰਖ ਦੇ ਨਾਮ ਵਿਚ ਜੁੜਨ ਦਾ ਸਦਕਾ ਇਸ ਡੂੰਘੇ ਸੰਸਾਰ-ਸਮੁੰਦਰ ਦੀ ਅਸਲੀਅਤ ਸਮਝ ਵਿਚ ਆ ਜਾਂਦੀ ਹੈ।


ਨਾਨਕ ਭਗਤਾ ਸਦਾ ਵਿਗਾਸੁ  

xxx
ਹੇ ਨਾਨਕ! (ਅਕਾਲ ਪੁਰਖ ਦੇ ਨਾਮ ਵਿਚ ਸੁਰਤ ਜੋੜਨ ਵਾਲੇ) ਭਗਤ ਜਨਾਂ ਦੇ ਹਿਰਦੇ ਵਿਚ ਸਦਾ ਖਿੜਾਉ ਬਣਿਆ ਰਹਿੰਦਾ ਹੈ,


ਸੁਣਿਐ ਦੂਖ ਪਾਪ ਕਾ ਨਾਸੁ ॥੧੧॥  

xxx
(ਕਿਉਂਕਿ) ਅਕਾਲ ਪੁਰਖ ਦਾ ਨਾਮ ਸੁਣਨ ਨਾਲ (ਮਨੁੱਖ ਦੇ) ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ ॥੧੧॥


ਮੰਨੇ ਕੀ ਗਤਿ ਕਹੀ ਜਾਇ  

ਮੰਨੇ ਕੀ = ਮੰਨਣ ਵਾਲੇ ਦੀ, ਪਤੀਜੇ ਹੋਏ ਦੀ, ਯਕੀਨ ਕਰ ਲੈਣ ਵਾਲੇ ਦੀ। ਗਤਿ = ਹਾਲਤ, ਅਵਸਥਾ।
ਉਸ ਮਨੁੱਖ ਦੀ (ਉੱਚੀ) ਆਤਮਕ ਅਵਸਥਾ ਦੱਸੀ ਨਹੀਂ ਜਾ ਸਕਦੀ, ਜਿਸ ਨੇ (ਅਕਾਲ ਪੁਰਖ ਦੇ ਨਾਮ ਨੂੰ) ਮੰਨ ਲਿਆ ਹੈ, (ਭਾਵ, ਜਿਸ ਦੀ ਲਗਨ ਨਾਮ ਵਿਚ ਲੱਗ ਗਈ ਹੈ)।


ਜੇ ਕੋ ਕਹੈ ਪਿਛੈ ਪਛੁਤਾਇ  

ਕਹੈ = ਦੱਸੇ, ਬਿਆਨ ਕਰੇ।
ਜੇ ਕੋਈ ਮਨੁੱਖ ਬਿਆਨ ਕਰੇ ਭੀ, ਤਾਂ ਉਹ ਪਿਛੋਂ ਪਛਤਾਉਂਦਾ ਹੈ (ਕਿ ਮੈਂ ਹੋਛਾ ਜਤਨ ਕੀਤਾ ਹੈ)।


ਕਾਗਦਿ ਕਲਮ ਲਿਖਣਹਾਰੁ  

ਕਾਗਦਿ = ਕਾਗ਼ਜ਼ ਉੱਤੇ। ਕਲਮ = ਕਲਮ (ਨਾਲ)।
(ਨਾਮ ਵਿਚ) ਪਤੀਜੇ ਹੋਏ ਦੀ ਆਤਮਕ ਅਵਸਥਾ ਕਾਗਜ਼ ਉੱਤੇ ਕਲਮ ਨਾਲ ਕੋਈ ਮਨੁੱਖ ਲਿਖਣ ਦੇ ਸਮਰੱਥ ਨਹੀਂ ਹੈ,


ਮੰਨੇ ਕਾ ਬਹਿ ਕਰਨਿ ਵੀਚਾਰੁ  

ਮੰਨੇ ਕਾ ਵੀਚਾਰੁ = ਸ਼ਰਧਾ ਧਾਰਨ ਵਾਲੇ ਦੀ ਵਡਿਆਈ ਦੀ ਵੀਚਾਰ। ਬਹਿ ਕਰਨਿ = ਬੈਠ ਕੇ ਕਰਦੇ ਹਨ।
(ਭਾਵੇਂ ਕਿ ਮਨੁੱਖ) ਰਲ ਕੇ ਉਸ ਦਾ ਅੰਦਾਜ਼ਾ ਲਾਉਣ ਬਾਬਤ ਵੀਚਾਰ (ਜ਼ਰੂਰ) ਕਰਦੇ ਹਨ।


ਐਸਾ ਨਾਮੁ ਨਿਰੰਜਨੁ ਹੋਇ  

ਐਸਾ = ਅਜਿਹਾ, ਇੱਡਾ ਉੱਚਾ। ਹੋਇ = ਹੈ। ਮੰਨਿ = ਸ਼ਰਧਾ ਧਾਰ ਕੇ, ਲਗਨ ਲਾ ਕੇ।
ਅਕਾਲ ਪੁਰਖ ਦਾ ਨਾਮ ਬਹੁਤ (ਉੱਚਾ) ਹੈ ਤੇ ਮਾਇਆ ਦੇ ਪਰਭਾਵ ਤੋਂ ਪਰੇ ਹੈ, (ਇਸ ਵਿਚ ਜੁੜਨ ਵਾਲਾ ਭੀ ਉੱਚੀ ਆਤਮਕ ਅਵਸਥਾ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿੱਚ ਆਉਂਦੀ ਹੈ)


ਜੇ ਕੋ ਮੰਨਿ ਜਾਣੈ ਮਨਿ ਕੋਇ ॥੧੨॥  

ਮੰਨਿ ਜਾਣੈ = ਸ਼ਰਧਾ ਰੱਖ ਕੇ ਵੇਖੇ, ਮੰਨ ਕੇ ਵੇਖੇ। ਮਨਿ = ਮਨ ਵਿਚ।
ਜੇ ਕੋਈ ਮਨੁੱਖ ਆਪਣੇ ਅੰਦਰ ਲਗਨ ਲਾ ਕੇ ਵੇਖੇ ॥੧੨॥


ਮੰਨੈ ਸੁਰਤਿ ਹੋਵੈ ਮਨਿ ਬੁਧਿ  

ਮੰਨੈ = ਮੰਨਣ ਕਰਕੇ, ਜੇ ਮੰਨ ਲਈਏ, ਜੇ ਮਨ ਪਤੀਜ ਜਾਏ, ਜੇ ਪ੍ਰਭੂ ਦੇ ਨਾਮ ਵਿਚ ਲਗਨ ਲੱਗ ਜਾਏ।
ਜੇ ਮਨੁੱਖ ਦੇ ਮਨ ਵਿਚ ਪ੍ਰਭੂ ਦੇ ਨਾਮ ਦੀ ਲਗਨ ਲੱਗ ਜਾਏ, ਤਾਂ ਉਸ ਦੀ ਸੁਰਤ ਉੱਚੀ ਹੋ ਜਾਂਦੀ ਹੈ, ਉਸ ਦੇ ਮਨ ਵਿਚ ਜਾਗ੍ਰਤ ਆ ਜਾਂਦੀ ਹੈ, (ਭਾਵ, ਮਾਇਆ ਵਿਚ ਸੁੱਤਾ ਮਨ ਜਾਗ ਪੈਂਦਾ ਹੈ)


ਮੰਨੈ ਸਗਲ ਭਵਣ ਕੀ ਸੁਧਿ  

ਸੁਰਤ ਹੋਵੈ = (ਉੱਚੀ) ਸੁਰਤ ਹੋ ਜਾਂਦੀ ਹੈ। ਮਨਿ = ਮਨ ਵਿਚ। ਬੁਧਿ = ਜਾਗ੍ਰਤ। ਸੁਧਿ = ਖ਼ਬਰ, ਸੋਝੀ।
ਸਾਰੇ ਭਵਨਾਂ ਦੀ ਉਸ ਨੂੰ ਸੋਝੀ ਹੋ ਜਾਂਦੀ ਹੈ (ਕਿ ਹਰ ਥਾਂ ਪ੍ਰਭੂ ਵਿਆਪਕ ਹੈ।)


ਮੰਨੈ ਮੁਹਿ ਚੋਟਾ ਨਾ ਖਾਇ  

ਮੁਹਿ = ਮੂੰਹ ਉੱਤੇ। ਚੋਟਾ = ਸੱਟਾਂ।
ਉਹ ਮਨੁੱਖ (ਸੰਸਾਰ ਦੇ ਵਿਕਾਰਾਂ ਦੀਆਂ) ਸੱਟਾਂ ਮੂੰਹ ਉੱਤੇ ਨਹੀਂ ਖਾਦਾ (ਭਾਵ, ਸੰਸਾਰਕ ਵਿਕਾਰ ਉਸ ਉੱਤੇ ਦਬਾ ਨਹੀਂ ਪਾ ਸਕਦੇ),


ਮੰਨੈ ਜਮ ਕੈ ਸਾਥਿ ਜਾਇ  

ਜਮ ਕੈ ਸਾਥਿ = ਜਮਾਂ ਦੇ ਨਾਲ।
ਅਤੇ ਜਮਾਂ ਨਾਲ ਉਸ ਨੂੰ ਵਾਹ ਨਹੀਂ ਪੈਂਦਾ (ਭਾਵ, ਉਹ ਜਨਮ ਮਰਨ ਦੇ ਗੇੜ ਵਿਚੋਂ ਬਚ ਜਾਂਦਾ ਹੈ)।


ਐਸਾ ਨਾਮੁ ਨਿਰੰਜਨੁ ਹੋਇ  

xxx
ਅਕਾਲ ਪੁਰਖ ਦਾ ਨਾਮ, ਜੋ ਮਾਇਆ ਦੇ ਪਰਭਾਵ ਤੋਂ ਪਰੇ ਹੈ, ਇੱਡਾ (ਉੱਚਾ) ਹੈ (ਕਿ ਇਸ ਵਿਚ ਜੁੜਨ ਵਾਲਾ ਭੀ ਉੱਚੀ ਆਤਮਕ ਅਵਸਥਾ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿਚ ਆਉਂਦੀ ਹੈ),


ਜੇ ਕੋ ਮੰਨਿ ਜਾਣੈ ਮਨਿ ਕੋਇ ॥੧੩॥  

xxx
ਜੇ ਕੋਈ ਮਨੁੱਖ ਆਪਣੇ ਮਨ ਵਿਚ ਹਰਿ-ਨਾਮ ਦੀ ਲਗਨ ਪੈਦਾ ਕਰ ਲਏ ॥੧੩॥


ਮੰਨੈ ਮਾਰਗਿ ਠਾਕ ਪਾਇ  

ਮਾਰਗਿ = ਮਾਰਗ ਵਿਚ, ਰਾਹ ਵਿਚ। ਠਾਕ = ਰੋਕ। ਠਾਕ ਨ ਪਾਇ = ਰੋਕ ਨਹੀਂ ਪੈਂਦੀ।
ਜੇ ਮਨੁੱਖ ਦਾ ਮਨ ਨਾਮ ਵਿਚ ਪਤੀਜ ਜਾਏ ਤਾਂ ਜ਼ਿਦੰਗੀ ਦੇ ਸਫ਼ਰ ਵਿਚ ਵਿਚਾਰ ਆਦਿਕ ਦੀ ਕੋਈ ਰੋਕ ਨਹੀਂ ਪੈਂਦੀ।


ਮੰਨੈ ਪਤਿ ਸਿਉ ਪਰਗਟੁ ਜਾਇ  

ਪਤਿ ਸਿਉ = ਇੱਜ਼ਤ ਨਾਲ। ਪਰਗਟੁ = ਪਰਸਿੱਧ ਹੋ ਕੇ।
ਉਹ (ਸੰਸਾਰ ਵਿਚ) ਸ਼ੋਭਾ ਖੱਟ ਕੇ ਇੱਜ਼ਤ ਨਾਲ ਜਾਂਦਾ ਹੈ।


ਮੰਨੈ ਮਗੁ ਚਲੈ ਪੰਥੁ  

xxx
ਉਹ ਫਿਰ (ਦੁਨੀਆਂ ਦੇ ਵੱਖੋ-ਵੱਖਰੇ ਮਜ਼ਹਬਾਂ ਦੇ ਦੱਸੇ) ਰਸਤਿਆਂ 'ਤੇ ਨਹੀਂ ਤੁਰਦਾ (ਭਾਵ, ਉਸ ਦੇ ਅੰਦਰ ਇਹ ਵਿਖੇਪਤਾ ਨਹੀਂ ਰਹਿੰਦੀ ਕਿ ਇਹ ਰਸਤਾ ਚੰਗਾ ਹੈ ਤੇ ਇਹ ਮੰਦਾ ਹੈ)।


ਮੰਨੈ ਧਰਮ ਸੇਤੀ ਸਨਬੰਧੁ  

ਸੇਤੀ = ਨਾਲ। ਸਨਬੰਧੁ = ਸਾਕ, ਰਿਸ਼ਤਾ, ਜੋੜ।
ਉਸ ਮਨੁੱਖ ਦਾ ਧਰਮ ਨਾਲ (ਸਿੱਧਾ) ਜੋੜ ਬਣ ਜਾਂਦਾ ਹੈ।


ਐਸਾ ਨਾਮੁ ਨਿਰੰਜਨੁ ਹੋਇ  

xxx
ਅਕਾਲ ਪੁਰਖ ਦਾ ਨਾਮ ਜੋ ਮਾਇਆ ਦੇ ਪ੍ਰਭਾਵ ਤੋਂ ਪਰ੍ਹੇ ਹੈ, ਏਡਾ (ਉੱਚਾ) ਹੈ, (ਕਿ ਇਸ ਵਿਚ ਜੁੜਨ ਵਾਲਾ ਭੀ ਉੱਚੀ ਆਤਮਕ ਅਵਸਥਾ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿਚ ਆਉਂਦੀ ਹੈ)


ਜੇ ਕੋ ਮੰਨਿ ਜਾਣੈ ਮਨਿ ਕੋਇ ॥੧੪॥  

xxx
ਜੇ ਕੋਈ ਮਨੁੱਖ ਆਪਣੇ ਮਨ ਵਿਚ ਹਰਿ-ਨਾਮ ਦੀ ਲਗਨ ਪੈਦਾ ਕਰ ਲਏ ॥੧੪॥


ਮੰਨੈ ਪਾਵਹਿ ਮੋਖੁ ਦੁਆਰੁ  

ਪਾਵਹਿ = ਲੱਭ ਲੈਂਦੇ ਹਨ। ਮੋਖੁ ਦੁਆਰੁ = ਮੁਕਤੀ ਦਾ ਦਰਵਾਜ਼ਾ, 'ਕੂੜ' ਤੋਂ ਖ਼ਲਾਸੀ ਪਾਣ ਦਾ ਰਾਹ।
ਜੇ ਮਨ ਵਿਚ ਪ੍ਰਭੂ ਦੇ ਨਾਮ ਦੀ ਲਗਨ ਲੱਗ ਜਾਏ, ਤਾਂ (ਮਨੁੱਖ) 'ਕੂੜ' ਤੋਂ ਖ਼ਲਾਸੀ ਪਾਣ ਦਾ ਰਾਹ ਲੱਭ ਲੈਂਦੇ ਹਨ।


ਮੰਨੈ ਪਰਵਾਰੈ ਸਾਧਾਰੁ  

ਪਰਵਾਰੈ = ਪਰਵਾਰ ਨੂੰ। ਸਾਧਾਰੁ = ਆਧਾਰ ਸਹਿਤ ਕਰਦਾ ਹੈ, (ਅਕਾਲ ਪੁਰਖ ਦੀ) ਟੇਕ ਦ੍ਰਿੜ੍ਹ ਕਰਾਉਂਦਾ ਹੈ।
(ਇਹੋ ਜਿਹਾ ਮਨੁੱਖ) ਆਪਣੇ ਪਰਵਾਰ ਨੂੰ ਭੀ (ਅਕਾਲ ਪੁਰਖ ਦੀ) ਟੇਕ ਦ੍ਰਿੜ੍ਹ ਕਰਾਉਂਦਾ ਹੈ।


ਮੰਨੈ ਤਰੈ ਤਾਰੇ ਗੁਰੁ ਸਿਖ  

ਤਰੈ ਗੁਰੁ = ਗੁਰੂ ਆਪਿ ਤਰਦਾ ਹੈ। ਸਿਖ = ਸਿੱਖਾਂ ਨੂੰ। ਤਾਰੇ ਸਿਖ = ਸਿੱਖਾਂ ਨੂੰ ਤਾਰਦਾ ਹੈ।
ਨਾਮ ਵਿਚ ਮਨ ਪਤੀਜਣ ਕਰਕੇ ਹੀ, ਸਤਿਗੁਰੂ (ਭੀ ਆਪ ਸੰਸਾਰ-ਸਾਗਰ ਤੋਂ) ਪਾਰ ਲੰਘ ਜਾਂਦਾ ਹੈ ਤੇ ਸਿੱਖਾਂ ਨੂੰ ਪਾਰ ਲੰਘਾਉਂਦਾ ਹੈ।


ਮੰਨੈ ਨਾਨਕ ਭਵਹਿ ਭਿਖ  

ਭਵਹਿ ਨ = ਨਹੀਂ ਭੌਂਦੇ। ਭਵਹਿ ਨ ਭਿਖ = ਭਿੱਖਿਆ ਲਈ ਨਹੀਂ ਭੌਂਦੇ ਫਿਰਦੇ, ਲੋੜਾਂ ਦੀ ਖ਼ਾਤਰ ਦਰ-ਦਰ ਨਹੀਂ ਰੁਲਦੇ ਫਿਰਦੇ, ਧਿਰ ਧਿਰ ਦੀ ਮੁਥਾਜੀ ਨਹੀਂ ਕਰਦੇ ਫਿਰਦੇ।
ਨਾਮ ਵਿਚ ਮਨ ਜੁੜਨ ਕਰ ਕੇ, ਹੇ ਨਾਨਕ! ਮਨੁੱਖ ਧਿਰ ਧਿਰ ਦੀ ਮੁਥਾਜੀ ਨਹੀਂ ਕਰਦੇ ਫਿਰਦੇ।


ਐਸਾ ਨਾਮੁ ਨਿਰੰਜਨੁ ਹੋਇ  

xxx
ਅਕਾਲ ਪੁਰਖ ਦਾ ਨਾਮ, ਜੋ ਮਾਇਆ ਦੇ ਪਰਭਾਵ ਤੋਂ ਪਰੇ ਹੈ, ਏਡਾ (ਉੱਚਾ) ਹੈ (ਕਿ ਇਸ ਵਿਚ ਜੁੜਨ ਵਾਲਾ ਭੀ ਉੱਚੇ ਜੀਵਨ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿਚ ਆਉਂਦੀ ਹੈ),


ਜੇ ਕੋ ਮੰਨਿ ਜਾਣੈ ਮਨਿ ਕੋਇ ॥੧੫॥  

xxx
ਜੇ ਕੋਈ ਮਨੁੱਖ ਆਪਣੇ ਮਨ ਵਿਚ ਹਰਿ-ਨਾਮ ਦੀ ਲਗਨ ਪੈਦਾ ਕਰੇ ॥੧੫॥


ਪੰਚ ਪਰਵਾਣ ਪੰਚ ਪਰਧਾਨੁ  

ਪੰਚ = ਉਹ ਮਨੁੱਖ ਜਿਨ੍ਹਾਂ ਨਾਮ ਸੁਣਿਆ ਹੈ ਤੇ ਮੰਨਿਆ ਹੈ, ਉਹ ਮਨੁੱਖ ਜਿਨ੍ਹਾਂ ਦੀ ਸੁਰਤ ਨਾਮ ਵਿਚ ਜੁੜੀ ਹੈ ਤੇ ਜਿਨ੍ਹਾਂ ਦੇ ਅੰਦਰ ਪਰਤੀਤ ਆ ਗਈ ਹੈ। ਪਰਵਾਣੁ = ਕਬੂਲ, ਸੁਰਖ਼ਰੂ। ਪਰਧਾਨੁ = ਆਗੂ, ਵੱਡੇ।
ਜਿਨ੍ਹਾਂ ਮਨੁੱਖਾਂ ਦੀ ਸੁਰਤ ਨਾਮ ਵਿਚ ਜੁੜੀ ਰਹਿੰਦੀ ਹੈ ਤੇ ਜਿਨ੍ਹਾਂ ਦੇ ਅੰਦਰ ਪ੍ਰਭੂ ਵਾਸਤੇ ਲਗਨ ਬਣ ਜਾਂਦੀ ਹੈ ਉਹੀ ਮਨੁੱਖ (ਇੱਥੇ ਜਗਤ ਵਿਚ) ਮੰਨੇ-ਪ੍ਰਮੰਨੇ ਰਹਿੰਦੇ ਹਨ ਅਤੇ ਸਭ ਦੇ ਆਗੂ ਹੁੰਦੇ ਹਨ।


ਪੰਚੇ ਪਾਵਹਿ ਦਰਗਹਿ ਮਾਨੁ  

ਪੰਚੇ = ਪੰਚ ਹੀ, ਸੰਤ ਜਨ ਹੀ। ਦਰਗਹ = ਅਕਾਲ ਪੁਰਖ ਦੇ ਦਰਬਾਰ ਵਿਚ। ਮਾਨੁ = ਆਦਰ; ਵਡਿਆਈ।
ਅਕਾਲ ਪੁਰਖ ਦੀ ਦਰਗਾਹ ਵਿਚ ਭੀ ਉਹ ਪੰਚ ਜਨ ਹੀ ਆਦਰ ਪਾਂਦੇ ਹਨ।


ਪੰਚੇ ਸੋਹਹਿ ਦਰਿ ਰਾਜਾਨੁ  

ਸੋਹਹਿ = ਸੋਭਦੇ ਹਨ, ਸੋਹਣੇ ਲੱਗਦੇ ਹਨ। ਦਰਿ = ਦਰ 'ਤੇ, ਦਰਬਾਰ ਵਿਚ।
ਰਾਜ-ਦਰਬਾਰਾਂ ਵਿਚ ਭੀ ਉਹ ਪਂਚ ਜਨ ਹੀ ਸੋਭਦੇ ਹਨ।


ਪੰਚਾ ਕਾ ਗੁਰੁ ਏਕੁ ਧਿਆਨੁ  

ਗੁਰੁ ਏਕੁ = ਕੇਵਲ ਗੁਰੂ ਹੀ। ਧਿਆਨੁ = ਸੁਰਤ ਦਾ ਨਿਸ਼ਾਨਾ।
ਇਹਨਾਂ ਪੰਚ ਜਨਾਂ ਦੀ ਸੁਰਤ ਦਾ ਨਿਸ਼ਾਨਾ ਕੇਵਲ ਇਕ ਗੁਰੂ ਹੀ ਹੈ (ਭਾਵ, ਇਹਨਾਂ ਦੀ ਸੁਰਤ ਗੁਰ-ਸ਼ਬਦ ਵਿਚ ਹੀ ਰਹਿਂਦੀ ਹੈ, ਗੁਰ-ਸ਼ਬਦ ਵਿਚ ਜੁੜੇ ਰਹਿੰਦਾ ਹੀ ਇਹਨਾਂ ਦਾ ਅਸਲ ਨਿਸ਼ਾਨਾ ਹੈ)।


ਜੇ ਕੋ ਕਹੈ ਕਰੈ ਵੀਚਾਰੁ  

ਕਹੈ = ਬਿਆਨ ਕਰੇ, ਕਥਨ ਕਰੇ। ਵੀਚਾਰੁ = ਕੁਦਰਤ ਦੇ ਲੇਖੇ ਦੀ ਵੀਚਾਰ।
ਭਾਵੇਂ ਕੋਈ ਕਥਨ ਕਰ ਵੇਖੇ ਤੇ ਵਿਚਾਰ ਕਰ ਲਏ,


ਕਰਤੇ ਕੈ ਕਰਣੈ ਨਾਹੀ ਸੁਮਾਰੁ  

ਕਰਤੇ ਕੈ ਕਰਣੈ = ਕਰਤਾਰ ਦੀ ਕੁਦਰਤ ਦਾ। ਸੁਮਾਰੁ = ਹਿਸਾਬ, ਲੇਖਾ।
ਅਕਾਲ-ਪੁਰਖ ਦੀ ਕੁਦਰਤਿ ਦਾ ਕੋਈ ਲੇਖਾ ਹੀ ਨਹੀਂ (ਭਾਵ, ਅੰਤ ਨਹੀਂ ਪੈ ਸਕਦਾ)।


ਧੌਲੁ ਧਰਮੁ ਦਇਆ ਕਾ ਪੂਤੁ  

ਧੌਲੁ = ਬਲਦ। ਦਇਆ ਕਾ ਪੂਤੁ = ਦਇਆ ਦਾ ਪੁੱਤਰ, ਧਰਮ ਦਇਆ ਤੋਂ ਪੈਦਾ ਹੁੰਦਾ ਹੈ, ਭਾਵ, ਜਿਸ ਹਿਰਦੇ ਵਿਚ ਦਇਆ ਹੈ ਉੱਥੇ ਧਰਮ ਪਰਫੁਲਤ ਹੁੰਦਾ ਹੈ।
(ਅਕਾਲ ਪੁਰਖ ਦਾ) ਧਰਮ-ਰੂਪੀ ਬੱਝਵਾਂ ਨਿਯਮ ਹੀ ਬਲਦ ਹੈ (ਜੋ ਸ੍ਰਿਸ਼ਟੀ ਨੂੰ ਕਾਇਮ ਰੱਖ ਰਿਹਾ ਹੈ)। (ਇਹ ਧਰਮ) ਦਇਆ ਦਾ ਪੁੱਤਰ ਹੈ (ਭਾਵ, ਅਕਾਲ ਪੁਰਖ ਨੇ ਆਪਣੀ ਮਿਹਰ ਕਰ ਕੇ ਸ੍ਰਿਸ਼ਟੀ ਨੂੰ ਟਿਕਾ ਰੱਖਣ ਲਈ 'ਧਰਮ' ਰੂਪ ਨਿਯਮ ਬਣਾ ਦਿੱਤਾ ਹੈ)।


ਸੰਤੋਖੁ ਥਾਪਿ ਰਖਿਆ ਜਿਨਿ ਸੂਤਿ  

ਸੰਤੋਖ = ਸੰਤੋਖ ਨੂੰ। ਥਾਪਿ ਰਖਿਆ = ਟਿਕਾ ਰੱਖਿਆ, ਹੋਂਦ ਵਿਚ ਲਿਆਂਦਾ ਹੈ, ਪੈਦਾ ਕੀਤਾ ਹੈ। ਜਿਨਿ = ਜਿਸ (ਧਰਮ) ਨੇ। ਧਰਮ = ਅਕਾਲ ਪੁਰਖ ਦਾ ਨਿਯਮ। ਸੂਤਿ = ਸੂਤਰ ਵਿਚ, ਮਰਯਾਦਾ ਵਿਚ।
ਇਸ ਧਰਮ ਨੇ ਆਪਣੀ ਮਰਯਾਦਾ ਅਨੁਸਾਰ ਸੰਤੋਖੁ ਨੂੰ ਜਨਮ ਦੇ ਦਿੱਤਾ ਹੈ।


ਜੇ ਕੋ ਬੁਝੈ ਹੋਵੈ ਸਚਿਆਰੁ  

ਬੁਝੈ = ਸਮਝ ਲਏ। ਸਚਿਆਰੁ = ਸੱਚ ਦਾ ਪਰਕਾਸ਼ ਹੋਣ ਲਈ ਯੋਗ।
ਜੇ ਕੋਈ ਮਨੁੱਖ (ਇਸ ਉਪਰ-ਦੱਸੀ ਵਿਚਾਰ ਨੂੰ) ਸਮਝ ਲਏ, ਤਾਂ ਉਹ ਇਸ ਯੋਗ ਹੋ ਜਾਂਦਾ ਹੈ ਕਿ ਉਸ ਦੇ ਅੰਦਰ ਅਕਾਲ ਪੁਰਖ ਦਾ ਪਰਕਾਸ਼ ਹੋ ਜਾਏ।


ਧਵਲੈ ਉਪਰਿ ਕੇਤਾ ਭਾਰੁ  

ਕੇਤਾ ਭਾਰੁ = ਬੇਅੰਤ ਭਾਰ।
(ਨਹੀਂ ਤਾਂ, ਖ਼ਿਆਲ ਤਾਂ ਕਰੋ ਕਿ) ਬਲਦ ਉੱਤੇ ਧਰਤੀ ਦਾ ਕਿਤਨਾ ਕੁ ਬੇਅੰਤ ਭਾਰ ਹੈ (ਉਹ ਵਿਚਾਰਾ ਇਤਨੇ ਭਾਰ ਨੂੰ ਚੁੱਕ ਕਿਵੇਂ ਸਕਦਾ ਹੈ?)


ਧਰਤੀ ਹੋਰੁ ਪਰੈ ਹੋਰੁ ਹੋਰੁ  

ਧਰਤੀ ਹੋਰੁ = ਧਰਤੀ ਦੇ ਹੇਠਾਂ ਹੋਰ ਬਲਦ। ਪਰੈ = ਉਸ ਤੋਂ ਹੇਠਾਂ।
(ਦੂਜੀ ਵਿਚਾਰ ਹੋਰ ਹੈ ਕਿ ਜੇ ਧਰਤੀ ਦੇ ਹੇਠ ਬਲਦ ਹੈ, ਉਸ ਬਲਦ ਨੂੰ ਸਹਾਰਾ ਦੇਣ ਲਈ ਹੇਠ ਹੋਰ ਧਰਤੀ ਹੋਈ, ਉਸ) ਧਰਤੀ ਦੇ ਹੇਠਾਂ ਹੋਰ ਬਲਦ, ਉਸ ਤੋਂ ਹੇਠਾਂ (ਧਰਤੀ ਦੇ ਹੇਠ) ਹੋਰ ਬਲਦ, ਫੇਰ ਹੋਰ ਬਲਦ;


ਤਿਸ ਤੇ ਭਾਰੁ ਤਲੈ ਕਵਣੁ ਜੋਰੁ  

ਤਿਸ ਤੇ = ਉਸ ਬਲਦ ਤੋਂ। ਤਲੈ = ਉਸ ਬਲਦ ਦੇ ਹੇਠਾਂ। ਕਵਣੁ ਜੋਰੁ = ਕਿਹੜਾ ਸਹਾਰਾ।
(ਇਸੇ ਤਰ੍ਹਾਂ ਅਖ਼ੀਰਲੇ) ਬਲਦ ਤੋਂ ਭਾਰ (ਸਹਾਰਨ ਲਈ ਉਸ ਦੇ) ਹੇਠ ਕਿਹੜਾ ਆਸਰਾ ਹੋਵੇਗਾ?


ਜੀਅ ਜਾਤਿ ਰੰਗਾ ਕੇ ਨਾਵ  

ਜੀਅ = ਜੀਵ ਜੰਤ। ਕੇ ਨਾਵ = ਕਈ ਨਾਵਾਂ ਦੇ।
(ਸ੍ਰਿਸ਼ਟੀ ਵਿਚ) ਕਈ ਜ਼ਾਤਾਂ ਦੇ, ਕਈ ਕਿਸਮਾਂ ਦੇ ਅਤੇ ਕਈ ਨਾਵਾਂ ਦੇ ਜੀਵ ਹਨ।


ਸਭਨਾ ਲਿਖਿਆ ਵੁੜੀ ਕਲਾਮ  

ਵੁੜੀ = ਵਗਦੀ, ਚਲਦੀ। ਕਲਾਮ = ਕਲਮ। ਵੁੜੀ ਕਲਾਮ = ਚਲਦੀ ਕਲਮ ਨਾਲ, ਭਾਵ, ਕਲਮ ਨੂੰ ਰੋਕਣ ਤੋਂ ਬਿਨਾ ਹੀ ਇਕ-ਤਾਰ।
ਇਹਨਾਂ ਸਭਨਾਂ ਨੇ ਇਕ-ਤਾਰ ਚਲਦੀ ਕਲਮ ਨਾਲ (ਅਕਾਲ ਪੁਰਖ ਦੀ ਕੁਦਰਤ ਦਾ) ਲੇਖਾ ਲਿਖਿਆ ਹੈ।


ਏਹੁ ਲੇਖਾ ਲਿਖਿ ਜਾਣੈ ਕੋਇ  

ਲਿਖਿ ਜਾਣੈ = ਲਿਖਦਾ ਜਾਣਦਾ ਹੈ, ਲਿਖਣ ਦੀ ਸਮਝ ਹੈ। ਕੋਇ = ਕੋਈ ਵਿਰਲਾ।
(ਪਰ) ਕੋਈ ਵਿਰਲਾ ਮਨੁੱਖ ਇਹ ਲੇਖਾ ਲਿਖਣਾ ਜਾਣਦਾ ਹੈ (ਭਾਵ, ਪਰਮਾਤਮਾ ਦੀ ਕੁਦਰਤ ਦਾ ਅੰਤ ਕੋਈ ਭੀ ਜੀਵ ਪਾ ਨਹੀਂ ਸਕਦਾ।


ਲੇਖਾ ਲਿਖਿਆ ਕੇਤਾ ਹੋਇ  

ਲੇਖਾ ਲਿਖਿਆ = ਲਿਖਿਆ ਹੋਇਆ ਲੇਖਾ, ਜੇ ਇਹ ਲੇਖਾ ਲਿਖਿਆ ਜਾਏ। ਕੇਤਾ ਹੋਇ = ਕੇਡਾ ਵੱਡਾ ਹੋ ਜਾਏ, ਬੇਅੰਤ ਹੋ ਜਾਏ।
(ਜੇ) ਲੇਖਾ ਲਿਖਿਆ (ਭੀ ਜਾਏ ਤਾਂ ਇਹ ਅੰਦਾਜ਼ਾ ਨਹੀਂ ਲੱਗ ਸਕਦਾ ਕਿ ਲੇਖਾ) ਕੇਡਾ ਵੱਡਾ ਹੋ ਜਾਏ।


ਕੇਤਾ ਤਾਣੁ ਸੁਆਲਿਹੁ ਰੂਪੁ  

ਸੁਆਲਿਹੁ = ਸੁੰਦਰ।
ਅਕਾਲ ਪੁਰਖ ਦਾ ਬੇਅੰਤ ਬਲ ਹੈ, ਬੇਅੰਤ ਸੁੰਦਰ ਰੂਪ ਹੈ,


ਕੇਤੀ ਦਾਤਿ ਜਾਣੈ ਕੌਣੁ ਕੂਤੁ  

ਕੂਤੁ = ਮਾਪ, ਅੰਦਾਜ਼ਾ।
ਬੇਅੰਤ ਉਸ ਦੀ ਦਾਤ ਹੈ। ਇਸ ਦਾ ਕੌਣ ਅੰਦਾਜ਼ਾ ਲਾ ਸਕਦਾ ਹੈ?


ਕੀਤਾ ਪਸਾਉ ਏਕੋ ਕਵਾਉ  

ਪਸਾਉ = ਪਸਾਰਾ, ਸੰਸਾਰ। ਕਵਾਉ = ਬਚਨ, ਹੁਕਮ।
(ਅਕਾਲ ਪੁਰਖ ਨੇ) ਆਪਣੇ ਹੁਕਮ ਨਾਲ ਸਾਰਾ ਸੰਸਾਰ ਬਣਾ ਦਿੱਤਾ,


ਤਿਸ ਤੇ ਹੋਏ ਲਖ ਦਰੀਆਉ  

ਤਿਸ ਤੇ = ਉਸ ਹੁਕਮ ਤੋਂ। ਹੋਏ = ਬਣ ਗਏ। ਲਖ ਦਰੀਆਉ = ਲੱਖਾਂ ਦਰਿਆ।
ਉਸ ਹੁਕਮ ਨਾਲ (ਹੀ ਜ਼ਿੰਦਗੀ ਦੇ) ਲੱਖਾਂ ਦਰੀਆ ਬਣ ਗਏ।


ਕੁਦਰਤਿ ਕਵਣ ਕਹਾ ਵੀਚਾਰੁ  

ਕੁਦਰਤਿ = ਤਾਕਤ, ਸਮਰਥਾ। ਕਵਣ = ਕਿਹੜੀ, ਕੀਹ। ਕੁਦਰਤਿ ਕਵਣ = ਕੀਹ ਸਮਰੱਥਾ? ('ਕੁਦਰਤਿ' ਸ਼ਬਦ ਇਸਤ੍ਰੀ ਲਿੰਗ ਹੈ। ਸੋ ਇਹ 'ਕੁਦਰਤਿ' ਦਾ ਵਿਸ਼ਸ਼ੇਣ ਹੈ।) ਕਹਾ = ਮੈਂ ਆਖਾਂ। ਕਹਾ ਵਿਚਾਰੁ = ਮੈਂ ਵਿਚਾਰ ਕਰ ਸਕਾਂ।
(ਸੋ) ਮੇਰੀ ਕੀਹ ਤਾਕਤ ਹੈ ਕਿ (ਕਰਤਾਰ ਦੀ ਕੁਦਰਤਿ ਦੀ) ਵਿਚਾਰ ਕਰ ਸਕਾਂ?


ਵਾਰਿਆ ਜਾਵਾ ਏਕ ਵਾਰ  

ਵਾਰਿਆ ਨਾ ਜਾਵਾ = ਸਦਕੇ ਨਹੀਂ ਹੋ ਸਕਦਾ, (ਭਾਵ, ਮੇਰੀ ਕੀਹ ਪਾਂਇਆਂ ਹੈ?)
(ਹੇ ਅਕਾਲ ਪੁਰਖ!) ਮੈਂ ਤਾਂ ਤੇਰੇ ਉੱਤੋਂ ਇਕ ਵਾਰੀ ਭੀ ਸਦਕੇ ਹੋਣ ਜੋਗਾ ਨਹੀਂ ਹਾਂ (ਭਾਵ, ਮੇਰੀ ਹਸਤੀ ਬਹੁਤ ਹੀ ਤੁੱਛ ਹੈ।)


ਜੋ ਤੁਧੁ ਭਾਵੈ ਸਾਈ ਭਲੀ ਕਾਰ  

ਸਾਈ ਕਾਰ = ਉਹੋ ਕਾਰ, ਉਹੋ ਕੰਮ।
ਜੋ ਤੈਨੂੰ ਚੰਗਾ ਲੱਗਦਾ ਹੈ, ਉਹ ਕੰਮ ਭਲਾ ਹੈ (ਭਾਵ, ਤੇਰੀ ਰਜ਼ਾ ਵਿਚ ਰਹਿਣਾ ਹੀ ਠੀਕ ਹੈ)।


ਤੂ ਸਦਾ ਸਲਾਮਤਿ ਨਿਰੰਕਾਰ ॥੧੬॥  

ਸਲਾਮਤਿ = ਥਿਰ, ਅਟੱਲ। ਨਿਰੰਕਾਰ = ਹੇ ਹਰੀ!
ਹੇ ਨਿਰੰਕਾਰ! ਤੂੰ ਸਦਾ ਅਟੱਲ ਰਹਿਣ ਵਾਲਾ ਹੈਂ ॥੧੬॥


ਅਸੰਖ ਜਪ ਅਸੰਖ ਭਾਉ  

ਅਸੰਖ = ਅਨਗਿਣਤ, ਬੇਅੰਤ (ਜੀਵ)। ਭਾਉ = ਪਿਆਰ।
(ਅਕਾਲ ਪੁਰਖ ਦੀ ਰਚਨਾ ਵਿਚ) ਅਨਗਿਣਤ ਜੀਵ ਜਪ ਕਰਦੇ ਹਨ, ਬੇਅੰਤ ਜੀਵ (ਹੋਰਨਾਂ ਨਾਲ) ਪਿਆਰ (ਦਾ ਵਰਤਾਉ) ਕਰ ਰਹੇ ਹਨ।


ਅਸੰਖ ਪੂਜਾ ਅਸੰਖ ਤਪ ਤਾਉ  

ਤਪ = ਤਾਉ-ਤਪਾਂ ਦਾ ਤਪਣਾ।
ਕਈ ਜੀਵ ਪੂਜਾ ਕਰ ਰਹੇ ਹਨ ਅਤੇ ਅਨਗਿਣਤ ਹੀ ਜੀਵ ਤਪ ਸਾਧ ਰਹੇ ਹਨ।


ਅਸੰਖ ਗਰੰਥ ਮੁਖਿ ਵੇਦ ਪਾਠ  

ਮੁਖਿ = ਮੂੰਹ ਨਾਲ। ਗਰੰਥ ਵੇਦ ਪਾਠ = ਵੇਦਾਂ ਅਤੇ ਹੋਰ ਧਾਰਮਿਕ ਪੁਸਤਕਾਂ ਦੇ ਪਾਠ।
ਬੇਅੰਤ ਜੀਵ ਵੇਦਾਂ ਅਤੇ ਹੋਰ ਧਾਰਮਿਕ ਪੁਸਤਕਾਂ ਦੇ ਪਾਠ ਮੂੰਹ ਨਾਲ ਕਰ ਰਹੇ ਹਨ।


ਅਸੰਖ ਜੋਗ ਮਨਿ ਰਹਹਿ ਉਦਾਸ  

ਜੋਗ = ਜੋਗ ਸਾਧਨ ਕਰਨ ਵਾਲੇ। ਮਨਿ = ਮਨ ਵਿਚ। ਉਦਾਸ ਰਹਹਿ = ਉਪਰਾਮ ਰਹਿੰਦੇ ਹਨ।
ਜੋਗ ਦੇ ਸਾਧਨ ਕਰਨ ਵਾਲੇ ਬੇਅੰਤ ਮਨੁੱਖ ਆਪਣੇ ਮਨ ਵਿਚ (ਮਾਇਆ ਵਲੋਂ) ਉਪਰਾਮ ਰਹਿੰਦੇ ਹਨ।


        


© SriGranth.org, a Sri Guru Granth Sahib resource, all rights reserved.
See Acknowledgements & Credits