Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਗਾਵੈ ਕੋ ਵੇਖੈ ਹਾਦਰਾ ਹਦੂਰਿ  

ਹਾਦਰਾ ਹਦੂਰਿ = ਹਾਜ਼ਰ ਨਾਜ਼ਰ, ਸਭ ਥਾਈਂ ਹਾਜ਼ਰ।
ਪਰ ਕੋਈ ਆਖਦਾ ਹੈ, '(ਨਹੀਂ, ਨੇੜੇ ਹੈ), ਸਭ ਥਾਈਂ ਹਾਜ਼ਰ ਹੈ, ਸਭ ਨੂੰ ਵੇਖ ਰਿਹਾ ਹੈ'।


ਕਥਨਾ ਕਥੀ ਆਵੈ ਤੋਟਿ  

ਕਥਨਾ = ਕਹਿਣਾ, ਬਿਆਨ ਕਰਨਾ। ਕਥਨਾ ਤੋਟਿ = ਕਹਿਣ ਦੀ ਟੋਟ, ਗੁਣ ਵਰਣਨ ਕਰਨ ਦਾ ਅੰਤ। ਕਥਿ = ਆਖ ਕੇ। ਕਥਿ ਕਥਿ ਕਥੀ = ਆਖ ਆਖ ਕੇ ਆਖੀ ਹੈ, ਕਥਨਾ ਕਥ ਕਥ ਕੇ ਕਥੀ ਹੈ, ਬੇਅੰਤ ਵਾਰੀ ਪ੍ਰਭੂ ਦੇ ਹੁਕਮ ਦਾ ਵਰਣਨ ਕੀਤਾ ਹੈ।
ਹੁਕਮ ਦੇ ਵਰਣਨ ਕਰਨ ਦੀ ਤੋਟ ਨਹੀਂ ਆ ਸਕੀ (ਭਾਵ, ਵਰਣਨ ਕਰ ਕਰ ਕੇ ਹੁਕਮ ਦਾ ਅੰਤ ਨਹੀਂ ਪੈ ਸਕਿਆ, ਹੁਕਮ ਦਾ ਸਹੀ ਸਰੂਪ ਨਹੀਂ ਲੱਭ ਸਕਿਆ);


ਕਥਿ ਕਥਿ ਕਥੀ ਕੋਟੀ ਕੋਟਿ ਕੋਟਿ  

ਕੋਟਿ = ਕ੍ਰੋੜ, ਕ੍ਰੋੜਾਂ ਜੀਵਾਂ ਨੇ। ❀ ਨੋਟ: ਲਫ਼ਜ਼ ਕੋਟਿ, ਕੋਟੁ, ਕੋਟ ਦਾ ਨਿਰਣਾ: (੧) ਕੋਟਿ = ਕ੍ਰੋੜ (ਵਿਸ਼ੇਸ਼ਣ)। ਕੋਟਿ ਕਰਮ ਕਰੈ ਹਉ ਧਾਰੇ। ਸ੍ਰਮੁ ਪਾਵੈ ਸਗਲੇ ਬਿਰਥਾਰੇ।੩।੧੨। (ਸੁਖਮਨੀ)। ਕੋਟਿ ਖਤੇ ਖਿਨ ਬਖਸਨਹਾਰ।੩।੩੦। (ਭੈਰਉ ਮ: ੫)। (੨) ਕੋਟੁ = ਕਿਲ੍ਹਾ (ਨਾਂਵ ਇਕ-ਵਚਨ)। ਲੰਕਾ ਸਾ ਕੋਟੁ ਸਮੁੰਦ ਸੀ ਖਾਈ। (ਆਸਾ ਕਬੀਰ ਜੀ ਏਕੁ ਕੋਟਿ ਪੰਚ ਸਿਕਦਾਰਾ (ਸੂਹੀ ਕਬੀਰ ਜੀ)। (੩) ਕੋਟ = ਕਿਲ੍ਹੇ (ਨਾਂਵ, ਬਹੁ ਵਚਨ)। ਕੰਚਨ ਕੇ ਕੋਟ ਦਤੁ ਕਰੀ ਬਹੁ ਹੈਵਰ ਗੈਵਰ ਦਾਨੁ। (ਸਿਰੀ ਰਾਗ ਮ: ੧)।
ਭਾਵੇਂ ਕ੍ਰੋੜਾਂ ਹੀ ਜੀਵਾਂ ਨੇ ਬੇਅੰਤ ਵਾਰੀ (ਅਕਾਲ ਪੁਰਖ ਦੇ ਹੁਕਮ ਦਾ) ਵਰਣਨ ਕੀਤਾ ਹੈ।


ਦੇਦਾ ਦੇ ਲੈਦੇ ਥਕਿ ਪਾਹਿ  

ਦੇਦਾ = ਦੇਂਦਾ, ਦੇਣ ਵਾਲਾ, ਦਾਤਾਰ ਰੱਬ। ਦੇ = (ਸਦਾ) ਦੇਂਦਾ ਹੈ, ਦੇ ਰਿਹਾ ਹੈ। ਲੈਦੇ = ਲੈਂਦੇ, ਲੈਣ ਵਾਲੇ ਜੀਵ। ਥਕਿ ਪਾਹਿ = ਥਕ ਪੈਂਦੇ ਹਨ।
ਦਾਤਾਰ ਅਕਾਲ ਪੁਰਖ (ਸਭ ਜੀਆਂ ਨੂੰ ਰਿਜ਼ਕ) ਦੇ ਰਿਹਾ ਹੈ, ਪਰ ਜੀਵ ਲੈ ਲੈ ਕੇ ਥੱਕ ਪੈਂਦੇ ਹਨ।


ਜੁਗਾ ਜੁਗੰਤਰਿ ਖਾਹੀ ਖਾਹਿ  

ਜੁਗਾ ਜੁਗੰਤਰਿ = ਜੁਗ ਜੁਗ ਅੰਤਰਿ, ਸਾਰੇ ਜੁਗਾਂ ਵਿਚ ਹੀ, ਸਦਾ ਤੋਂ ਹੀ। ਖਾਹੀ ਖਾਹਿ = ਖਾਂਦੇ ਹੀ ਖਾਂਦੇ ਹਨ, ਵਰਤਦੇ ਚਲੇ ਆ ਰਹੇ ਹਨ।
(ਸਭ ਜੀਵ) ਸਦਾ ਤੋਂ ਹੀ (ਰੱਬ ਦੇ ਦਿੱਤੇ ਪਦਾਰਥ) ਖਾਂਦੇ ਚਲੇ ਆ ਰਹੇ ਹਨ।


ਹੁਕਮੀ ਹੁਕਮੁ ਚਲਾਏ ਰਾਹੁ  

ਹੁਕਮੀ = ਹੁਕਮ ਦਾ ਮਾਲਕ ਅਕਾਲ ਪੁਰਖ। ਹੁਕਮੀ ਹੁਕਮੁ = ਹੁਕਮ ਵਾਲੇ ਹਰੀ ਦਾ ਹੁਕਮ। ਰਾਹੁ = ਰਸਤਾ, ਸੰਸਾਰ ਦੀ ਕਾਰ।
ਹੁਕਮ ਵਾਲੇ ਰੱਬ ਦਾ ਹੁਕਮ ਹੀ (ਸੰਸਾਰ ਦੀ ਕਾਰ ਵਾਲਾ) ਰਸਤਾ ਚਲਾ ਰਿਹਾ ਹੈ।


ਨਾਨਕ ਵਿਗਸੈ ਵੇਪਰਵਾਹੁ ॥੩॥  

ਨਾਨਕ = ਹੇ ਨਾਨਕ! ਵਿਗਸੈ = ਖਿੜ ਰਿਹਾ ਹੈ, ਪਰਸੰਨ ਹੈ। ਵੇਪਰਵਾਹੁ = ਬੇਫਿਕਰ, ਚਿੰਤਾ ਤੋਂ ਰਹਿਤ।੩।
ਹੇ ਨਾਨਕ! ਉਹ ਨਿਰੰਕਾਰ ਸਦਾ ਵੇਪਰਵਾਹ ਹੈ ਤੇ ਪਰਸੰਨ ਹੈ ॥੩॥


ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ  

ਸਾਚਾ = ਹੋਂਦ ਵਾਲਾ, ਸਦਾ-ਥਿਰ ਰਹਿਣ ਵਾਲਾ। ਸਾਚੁ = ਸਦਾ-ਥਿਰ ਰਹਿਣ ਵਾਲਾ। ਨਾਇ = ਨਯਾਇ, ਨਿਆਇ, ਇਨਸਾਫ਼, ਨੀਯਮ, ਸੰਸਾਰ ਦੀ ਕਾਰ ਨੂੰ ਚਲਾਉਣ ਵਾਲਾ ਨੀਯਮ। ਭਾਖਿਆ = ਬੋਲੀ। ਭਾਉ = ਪ੍ਰੇਮ। ਅਪਾਰੁ = ਪਾਰ ਤੋਂ ਰਹਿਤ, ਬੇਅੰਤ।
ਅਕਾਲ ਪੁਰਖ ਸਦਾ-ਥਿਰ ਰਹਿਣ ਵਾਲਾ ਹੀ ਹੈ, ਉਸ ਦਾ ਨਿਯਮ ਭੀ ਸਦਾ ਅਟੱਲ ਹੈ। ਉਸ ਦੀ ਬੋਲੀ ਪ੍ਰੇਮ ਹੈ ਅਤੇ ਉਹ ਆਪ ਅਕਾਲ ਪੁਰਖ ਬੇਅੰਤ ਹੈ।


ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ  

ਆਖਹਿ = ਅਸੀਂ ਆਖਦੇ ਹਾਂ। ਮੰਗਹਿ = ਅਸੀਂ ਮੰਗਦੇ ਹਾਂ। ਦੇਹਿ ਦੇਹਿ = (ਹੇ ਹਰੀ!) ਸਾਨੂੰ ਦੇਹ, ਸਾਡੇ ਤੇ ਬਖਸ਼ਸ਼ ਕਰ।
ਅਸੀਂ ਜੀਵ ਉਸ ਪਾਸੋਂ ਦਾਤਾਂ ਮੰਗਦੇ ਹਾਂ ਤੇ ਆਖਦੇ ਹਾਂ,'(ਹੇ ਹਰੀ! ਸਾਨੂੰ ਦਾਤਾਂ) ਦੇਹ'। ਉਹ ਦਾਤਾਰ ਬਖ਼ਸ਼ਸ਼ਾਂ ਕਰਦਾ ਹੈ।


ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ  

ਫੇਰਿ = (ਜੇ ਸਾਰੀਆਂ ਦਾਤਾਂ ਉਹ ਆਪ ਹੀ ਕਰ ਰਿਹਾ ਹੈ ਤਾਂ) ਫਿਰ। ਕਿ = ਕਿਹੜੀ ਭੇਟਾ। ਅਗੈ = ਰੱਬ ਦੇ ਅੱਗੇ। ਰਖੀਐ = ਰੱਖੀ ਜਾਏ, ਅਸੀਂ ਰੱਖੀਏ। ਜਿਤੁ = ਜਿਸ ਭੇਟਾ ਦਾ ਸਦਕਾ। ਦਿਸੈ = ਦਿੱਸ ਪਏ।
(ਜੇ ਸਾਰੀਆਂ ਦਾਤਾਂ ਉਹ ਆਪ ਹੀ ਬਖਸ਼ ਰਿਹਾ ਹੈ ਤਾਂ) ਫਿਰ ਅਸੀਂ ਕਿਹੜੀ ਭੇਟਾ ਉਸ ਅਕਾਲ ਪੁਰਖ ਦੇ ਅੱਗੇ ਰੱਖੀਏ, ਜਿਸ ਦੇ ਸਦਕੇ ਸਾਨੂੰ ਉਸ ਦਾ ਦਰਬਾਰ ਦਿੱਸ ਪਏ?


ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ  

ਮੁਹੌ = ਮੂੰਹ ਤੋਂ। ਕਿ ਬੋਲਣੁ = ਕਿਹੜਾ ਬਚਨ? ਜਿਤੁ ਸੁਣਿ = ਜਿਸ ਦੁਆਰਾ ਸੁਣ ਕੇ। ਧਰੇ = ਟਿਕਾ ਦੇਵੇ, ਕਰੇ। ਜਿਤੁ = ਜਿਸ ਬੋਲ ਦੀ ਰਾਹੀਂ।
ਅਸੀਂ ਮੂੰਹੋਂ ਕਿਹੜਾ ਬਚਨ ਬੋਲੀਏ (ਭਾਵ, ਕਿਹੋ ਜਿਹੀ ਅਰਦਾਸ ਕਰੀਏ) ਜਿਸ ਨੂੰ ਸੁਣ ਕੇ ਉਹ ਹਰੀ (ਸਾਨੂੰ) ਪਿਆਰ ਕਰੇ।


ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ  

ਅੰਮ੍ਰਿਤ = ਕੈਵਲਯ, ਨਿਰਵਾਣ, ਮੋਖ, ਪੂਰਨ ਖਿੜਾਉ। ਅੰਮ੍ਰਿਤ ਵੇਲਾ = ਅੰਮ੍ਰਿਤ ਦਾ ਵੇਲਾ, ਪੂਰਨ ਖਿੜਾਉ ਦਾ ਸਮਾ, ਉਹ ਸਮਾ ਜਿਸ ਵੇਲੇ ਮਨੁੱਖ ਦਾ ਮਨ ਆਮ ਤੌਰ 'ਤੇ ਸੰਸਾਰ ਦੇ ਝੰਬੇਲਿਆਂ ਤੋਂ ਵਿਹਲਾ ਹੁੰਦਾ ਹੈ, ਝਲਾਂਘ, ਤੜਕਾ। ਸਚੁ = ਸਦਾ-ਥਿਰ ਰਹਿਣ ਵਾਲਾ। ਨਾਉ = ਰੱਬ ਦਾ ਨਾਮ। ਵਡਿਆਈ ਵੀਚਾਰੁ = ਵਡਿਆਈਆਂ ਦੀ ਵਿਚਾਰ।
ਪੂਰਨ ਖਿੜਾਉ ਦਾ ਸਮਾਂ ਹੋਵੇ (ਭਾਵ, ਪ੍ਰਭਾਤ ਵੇਲਾ ਹੋਵੇ), ਨਾਮ (ਸਿਮਰੀਏ) ਤੇ ਉਸ ਦੀਆਂ ਵਡਿਆਈਆਂ ਦੀ ਵਿਚਾਰ ਕਰੀਏ।


ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ  

ਕਰਮੀ = ਪ੍ਰਭੂ ਦੀ ਮਿਹਰ ਨਾਲ। ਕਰਮ = ਬਖਸ਼ਸ਼, ਮਿਹਰ। (ਜਿਵੇਂ: ਜੇਤੀ ਸਿਰਠਿ ਉਪਾਈ ਵੇਖਾ, ਵਿਣੁ ਕਰਮਾ ਕਿ ਮਿਲੈ ਲਈ ਪਉੜੀ ੯। ਨਾਨਕ ਨਦਰੀ ਕਰਮੀ ਦਾਤਿ। ਪਉੜੀ ੧੪।) ਕਪੜਾ = ਪਟੋਲਾ, ਪ੍ਰੇਮ ਪਟੋਲਾ, ਅਪਾਰ ਭਾਉ-ਰੂਪ ਪਟੋਲਾ, ਪਿਆਰ-ਰੂਪ ਪਟੋਲਾ, ਸਿਫਤਿ-ਸਾਲਾਹ ਦਾ ਕੱਪੜਾ। ਜਿਵੇਂ:"ਸਿਫ਼ਤਿ ਸਰਮ ਕਾ ਕਪੜਾ ਮਾਗਉ"।੪।੭। ਪ੍ਰਭਾਤੀ ਮ: ੧। ਨਦਰੀ = ਰੱਬ ਦੀ ਮਿਹਰ ਦੀ ਨਜ਼ਰ ਨਾਲ। ਮੋਖੁ = ਮੁਕਤੀ, 'ਕੂੜ' ਤੋਂ ਖ਼ਲਾਸੀ। ਦੁਆਰੁ = ਦਰਵਾਜ਼ਾ, ਰੱਬ ਦਾ ਦਰ।
(ਇਸ ਤਰ੍ਹਾਂ) ਪ੍ਰਭੂ ਦੀ ਮਿਹਰ ਨਾਲ 'ਸਿਫਤਿ' ਰੂਪ ਪਟੋਲਾ ਮਿਲਦਾ ਹੈ, ਉਸ ਦੀ ਕ੍ਰਿਪਾ-ਦ੍ਰਿਸ਼ਟੀ ਨਾਲ 'ਕੂੜ ਦੀ ਪਾਲਿ' ਤੋਂ ਖ਼ਲਾਸੀ ਹੁੰਦੀ ਹੈ ਤੇ ਰੱਬ ਦਾ ਦਰ ਪ੍ਰਾਪਤ ਹੋ ਜਾਂਦਾ ਹੈ।


ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ॥੪॥  

ਏਵੈ = ਇਸ ਤਰ੍ਹਾਂ (ਇਹ ਆਹਰ ਕੀਤਿਆਂ ਤੇ ਅਕਾਲ ਪੁਰਖ ਦੀ ਕਿਰਪਾ-ਦ੍ਰਿਸ਼ਟੀ ਹੋਣ ਨਾਲ)। ਜਾਣੀਐ = ਜਾਣ ਲਈਦਾ ਹੈ, ਅਨੁਭਵ ਕਰ ਲਈਦਾ ਹੈ। ਸਭੁ = ਸਭ ਥਾਈਂ। ਸਚਿਆਰੁ = ਹੋਂਦ ਦਾ ਘਰ, ਹਸਤੀ ਦਾ ਮਾਲਕ।੪।
ਹੇ ਨਾਨਕ! ਇਸ ਤਰ੍ਹਾਂ ਇਹ ਸਮਝ ਆ ਜਾਂਦੀ ਹੈ ਕਿ ਉਹ ਹੋਂਦ ਦਾ ਮਾਲਕ ਅਕਾਲ ਪੁਰਖ ਸਭ ਥਾਈਂ ਭਰਪੂਰ ਹੈ ॥੪॥


ਥਾਪਿਆ ਜਾਇ ਕੀਤਾ ਹੋਇ  

ਥਾਪਿਆ ਨਾ ਜਾਇ = ਥਾਪਿਆ ਨਹੀਂ ਜਾ ਸਕਦਾ, ਨਿੰਮਿਆ ਨਹੀਂ ਜਾ ਸਕਦਾ। ਸੰਸਕ੍ਰਿਤ ਧਾਤੂ स्था (ਸਥਾ) ਦਾ ਅਰਥ ਹੈ 'ਖਲੋਣਾ'। ਇਸ ਤੋਂ ਪ੍ਰੇਰਣਾਰਥਕ ਧਾਤੂ (Causative root) ਹੈ स्थापय (ਸਥਾਪਯ), ਜਿਸ ਦਾ ਅਰਥ ਹੈ 'ਖੜਾ ਕਰਨਾ' ਖਲਿਆਰਨਾ, ਨੀਂਹ ਰੱਖਣੀ'। ਇਸ 'ਪ੍ਰੇਰਣਾਰਥਕ ਧਾਤੂ' ਤੋਂ 'ਨਾਂਵ' ਹੈ स्थापन (ਸਥਾਪਨ), ਜਿਸ ਦਾ ਅਰਥ ਹੈ 'ਪੁੰਸਵਨ ਸੰਸਕਾਰ'। ਇਸਤ੍ਰੀ ਦੇ ਗਰਭਵਤੀ ਹੋਣ ਦੀਆਂ ਜਦੋਂ ਪਹਿਲੀਆਂ ਨਿਸ਼ਾਨੀਆਂ ਪਰਗਟ ਹੁੰਦੀਆਂ ਹਨ, ਤਦੋਂ ਹਿੰਦੂ ਘਰਾਂ ਵਿੱਚ ਇਹ ਸੰਸਕਾਰ ਕਰੀਦਾ ਹੈ, ਤਾਕਿ ਪੁੱਤਰ ਜਨਮੇ। स्थापय (ਸਥਾਪਯ) ਤੋਂ ਪਹਿਲਾਂ ਅਗੇਤਰ उद् (ਉਦ) ਲਗਾਇਆਂ ਇਹ ਬਣ ਜਾਂਦਾ ਹੈ, उत्थापय (ਉੱਥਾਪਯ), ਜਿਸ ਦਾ ਅਰਥ ਉਸ ਦੇ ਉਲਟ ਹੈ, ਉਖੇੜਨਾ, ਨਾਸ ਕਰਨਾ', ਜਿਵੇਂ: ਆਪੇ ਦੇਖਿ ਦਿਖਾਵੈ ਆਪੇ। ਆਪੇ ਥਾਪਿ ਉਥਾਪੇ ਆਪੇ। (ਮ: ੧)। ਕੀਤਾ ਨਾ ਹੋਇ = (ਸਾਡਾ) ਬਣਾਇਆ ਨਹੀਂ ਬਣਦਾ। ਨਾ ਹੋਇ = ਹੋਂਦ ਵਿੱਚ ਨਹੀਂ ਆਉਂਦਾ।
ਨਾ ਉਹ ਪੈਦਾ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਸਾਡਾ ਬਣਾਇਆ ਬਣਦਾ ਹੈ।


ਆਪੇ ਆਪਿ ਨਿਰੰਜਨੁ ਸੋਇ  

ਆਪੇ ਆਪਿ = ਨਿਰੋਲ ਆਪ ਹੀ, ਭਾਵ, ਨਾ ਉਸ ਨੂੰ ਕੋਈ ਪੈਦਾ ਕਰਨ ਵਾਲਾ ਤੇ ਨਾ ਹੀ ਬਣਾਉਣ ਵਾਲਾ ਹੈ। ਸੋਇ ਨਿਰੰਜਨੁ = ਅੰਜਨ ਤੋਂ ਰਹਿਤ ਉਹ ਹਰੀ। ਨਿਰੰਜਨ = ਅੰਜਨ ਤੋਂ ਰਹਿਤ, ਮਾਇਆ ਤੋਂ ਰਹਿਤ, ਜੋ ਮਾਇਆ ਤੋਂ ਨਹੀਂ ਬਣਿਆ, ਜਿਸ ਵਿਚ ਮਾਇਆ ਦੀ ਅੰਸ਼ ਨਹੀਂ (ਨਿਰ-ਅੰਜਨ, ਨਿਰ = ਬਿਨਾ। ਅੰਜਨ = ਸੁਰਮਾ, ਕਾਲਖ; ਵਿਕਾਰਾਂ ਦੀ ਅੰਸ਼, ਮਾਇਆ ਦਾ ਪਰਭਾਵ ਨਹੀਂ ਹੈ।) ਉਹ, ਜਿਸ ਉੱਤੇ ਮਾਇਆ ਦਾ ਪਰਭਾਵ ਨਹੀਂ ਹੈ।
ਉਹ ਨਿਰੋਲ ਆਪ ਹੀ ਆਪ ਹੈ। ਉਹ ਅਕਾਲ ਪੁਰਖ ਮਾਇਆ ਦੇ ਪਰਭਾਵ ਤੋਂ ਪਰੇ ਹੈ।


ਜਿਨਿ ਸੇਵਿਆ ਤਿਨਿ ਪਾਇਆ ਮਾਨੁ  

ਜਿਨਿ = ਜਿਸ ਮਨੁੱਖ ਨੇ। ਤਿਨਿ = ਉਸ ਮਨੁੱਖ ਨੇ। ਮਾਨੁ = ਆਦਰ, ਵਡਿਆਈ।
ਜਿਸ ਮਨੁੱਖ ਨੇ ਉਸ ਅਕਾਲ ਪੁਰਖ ਨੂੰ ਸਿਮਰਿਆ ਹੈ, ਉਸ ਨੇ ਹੀ ਵਡਿਆਈ ਪਾ ਲਈ ਹੈ।


ਨਾਨਕ ਗਾਵੀਐ ਗੁਣੀ ਨਿਧਾਨੁ  

ਗੁਣੀ ਨਿਧਾਨੁ = ਗੁਣਾਂ ਦੇ ਖ਼ਜ਼ਾਨੇ ਨੂੰ। ਗਾਵੀਐ = ਸਿਫ਼ਤ-ਸਾਲਾਹ ਕਰੀਏ।
ਹੇ ਨਾਨਕ! (ਆਓ) ਅਸੀਂ ਭੀ ਉਸ ਗੁਣਾਂ ਦੇ ਖ਼ਜ਼ਾਨੇ ਹਰੀ ਦੀ ਸਿਫ਼ਤ-ਸਾਲਾਹ ਕਰੀਏ।


ਗਾਵੀਐ ਸੁਣੀਐ ਮਨਿ ਰਖੀਐ ਭਾਉ  

ਮਨਿ = ਮਨ ਵਿੱਚ। ਰਖੀਐ = ਟਿਕਾਈਏ। ਭਾਉ = ਰੱਬ ਦਾ ਪਿਆਰ।
(ਆਓ, ਅਕਾਲ ਪੁਰਖ ਦੇ ਗੁਣ) ਗਾਵੀਏ ਤੇ ਸੁਣੀਏ ਅਤੇ ਆਪਣੇ ਮਨ ਵਿਚ ਉਸਦਾ ਪ੍ਰੇਮ ਟਿਕਾਈਏ।


ਦੁਖੁ ਪਰਹਰਿ ਸੁਖੁ ਘਰਿ ਲੈ ਜਾਇ  

ਦੁਖੁ ਪਰਹਰਿ = ਦੁੱਖ ਨੂੰ ਦੂਰ ਕਰਕੇ। ਘਰਿ = ਹਿਰਦੇ ਵਿੱਚ। ਲੈ ਜਾਇ = ਲੈ ਜਾਂਦਾ ਹੈ, ਖੱਟ ਲੈਂਦਾ ਹੈ।
(ਜੋ ਮਨੁੱਖ ਇਹ ਆਹਰ ਕਰਦਾ ਹੈ, ਉਹ) ਆਪਣਾ ਦੁੱਖ ਦੂਰ ਕਰਕੇ ਸੁੱਖ ਨੂੰ ਹਿਰਦੇ ਵਿਚ ਵਸਾ ਲੈਂਦਾ ਹੈ।


ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ  

ਗੁਰਮੁਖਿ = ਗੁਰੂ ਵਲ ਮੂੰਹ ਕੀਤਿਆਂ, ਜਿਸ ਮਨੁੱਖ ਦਾ ਮੂੰਹ ਗੁਰੂ ਵਲ ਹੈ, ਗੁਰੂ ਦੀ ਰਾਹੀਂ। ਨਾਦੰ = ਅਵਾਜ਼, ਜ਼ਿੰਦਗੀ ਦੀ ਰੁਮਕ, ਸ਼ਬਦ, ਨਾਮ। ਵੇਦੰ = ਗਿਆਨ। ਰਹਿਆ ਸਮਾਈ = ਸਮਾ ਰਿਹਾ ਹੈ, ਸਭ ਥਾਈਂ ਵਿਆਪਕ ਹੈ।
(ਪਰ ਉਸ ਰੱਬ ਦਾ) ਨਾਮ ਤੇ ਗਿਆਨ ਗੁਰੂ ਦੀ ਰਾਹੀਂ (ਪ੍ਰਾਪਤ ਹੁੰਦਾ ਹੈ)। ਗੁਰੂ ਦੀ ਰਾਹੀਂ ਹੀ (ਇਹ ਪਰਤੀਤ ਆਉਂਦੀ ਹੈ ਕਿ) ਉਹ ਹਰੀ ਸਭ ਥਾਈਂ ਵਿਆਪਕ ਹੈ।


ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ  

ਈਸਰੁ = ਸ਼ਿਵ। ਬਰਮਾ = ਬ੍ਰਹਮਾ। ਪਾਰਬਤੀ ਮਾਈ = ਮਾਈ ਪਾਰਬਤੀ।
ਗੁਰੂ ਹੀ (ਸਾਡੇ ਲਈ) ਸ਼ਿਵ ਹੈ, ਗੁਰੂ ਹੀ (ਸਾਡੇ ਲਈ) ਗੋਰਖ ਤੇ ਬ੍ਰਹਮਾ ਹੈ ਅਤੇ ਗੁਰੂ ਹੀ (ਸਾਡੇ ਲਈ) ਮਾਈ ਪਾਰਬਤੀ ਹੈ।


ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਜਾਈ  

ਹਉ = ਮੈਂ। ਜਾਣਾ = ਸਮਝ ਲਵਾਂ, ਅਨੁਭਵ ਕਰ ਲਵਾਂ। ਆਖਾ ਨਾਹੀ = ਮੈਂ ਉਸ ਦਾ ਵਰਣਨ ਨਹੀਂ ਕਰ ਸਕਦਾ। ਕਹਣਾ… ਜਾਈ = ਕਥਨ, ਕਹਿਆ ਨਹੀਂ ਜਾ ਸਕਦਾ।
ਉਂਝ (ਇਸ ਅਕਾਲ ਪੁਰਖ ਦੇ ਹੁਕਮ ਨੂੰ) ਜੇ ਮੈਂ ਸਮਝ, (ਭੀ) ਲਵਾਂ, (ਤਾਂ ਭੀ) ਉਸ ਦਾ ਵਰਣਨ ਨਹੀਂ ਕਰ ਸਕਦਾ। (ਅਕਾਲ ਪੁਰਖ ਦੇ ਹੁਕਮ ਦਾ) ਕਥਨ ਨਹੀਂ ਕੀਤਾ ਜਾ ਸਕਦਾ।


ਗੁਰਾ ਇਕ ਦੇਹਿ ਬੁਝਾਈ  

ਗੁਰਾ = ਹੇ ਸਤਿਗੁਰੂ! ਇਕ ਬੁਝਾਈ = ਇਕ ਸਮਝ।
(ਮੇਰੀ ਤਾਂ) ਹੇ ਸਤਿਗੁਰੂ! (ਤੇਰੇ ਅੱਗੇ ਅਰਦਾਸ ਹੈ ਕਿ) ਮੈਨੂੰ ਇਕ ਸਮਝ ਦੇਹ,


ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਜਾਈ ॥੫॥  

ਇਕੁ ਦਾਤਾ = ਦਾਤਾਂ ਦੇਣ ਵਾਲਾ ਇਕ ਅਕਾਲ ਪੁਰਖ। ਵਿਸਰਿ ਨਾ ਜਾਈ = ਭੁੱਲ ਨਾ ਜਾਏ। (ਲਫ਼ਜ਼ 'ਇਕ' ਇਸਤ੍ਰੀ-ਲਿੰਗ ਹੈ ਤੇ ਲਫ਼ਜ਼ 'ਬੁਝਾਈ' ਦਾ ਵਿਸ਼ੇਸ਼ਣ ਹੈ। ਲਫ਼ਜ਼ 'ਇਕੁ' ਪੁਲਿੰਗ ਹੈ ਤੇ ਲਫ਼ਜ਼ 'ਦਾਤਾ' ਦਾ ਵਿਸ਼ੇਸ਼ਣ ਹੈ। ਦੋਹਾਂ ਲਫ਼ਜ਼ਾਂ ਦੇ ਜੋੜਾਂ ਦਾ ਫ਼ਰਕ ਚੇਤੇ ਰੱਖਣਾ)।
ਕਿ ਜਿਹੜਾ ਸਭਨਾਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਇਕ ਰੱਬ ਹੈ, ਮੈਂ ਉਸ ਨੂੰ ਭੁਲਾ ਨਾ ਦਿਆਂ ॥੫॥


ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ  

ਤੀਰਥਿ = ਤੀਰਥ ਉੱਤੇ। ਨਾਵਾ = ਮੈਂ ਇਸ਼ਨਾਨ ਕਰਾਂ। ਤਿਸੁ = ਉਸ ਰੱਬ ਨੂੰ। ਭਾਵਾ = ਮੈਂ ਚੰਗਾ ਲੱਗਾਂ। ਵਿਣੁ ਭਾਣੇ = ਰੱਬ ਨੂੰ ਚੰਗਾ ਲੱਗਣ ਤੋਂ ਬਿਨਾ, ਜੇ ਰੱਬ ਦੀ ਨਜ਼ਰ ਵਿਚ ਕਬੂਲ ਨਾ ਹੋਇਆ। ਕਿ ਨਾਇ ਕਰੀ = ਨ੍ਹਾਇ ਕੇ ਮੈਂ ਕੀਹ ਕਰਾਂ?
ਮੈਂ ਤੀਰਥ ਉੱਤੇ ਜਾ ਕੇ ਤਦ ਇਸ਼ਨਾਨ ਕਰਾਂ ਜੇ ਇਉਂ ਕਰਨ ਨਾਲ ਉਸ ਪਰਮਾਤਮਾ ਨੂੰ ਖ਼ੁਸ਼ ਕਰ ਸਕਾਂ, ਪਰ ਜੇ ਇਸ ਤਰ੍ਹਾਂ ਪਰਮਾਤਮਾ ਖ਼ੁਸ਼ ਨਹੀਂ ਹੁੰਦਾ, ਤਾਂ ਮੈਂ (ਤੀਰਥ ਉੱਤੇ) ਇਸ਼ਨਾਨ ਕਰਕੇ ਕੀਹ ਖੱਟਾਂਗਾ?


ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ  

ਜੇਤੀ = ਜਿਤਨੀ। ਸਿਰਠੀ = ਸ੍ਰਿਸ਼ਟੀ, ਦੁਨੀਆ। ਉਪਾਈ = ਪੈਦਾ ਕੀਤੀ ਹੋਈ। ਵੇਖਾ = ਮੈਂ ਵੇਖਦਾ ਹਾਂ। ਵਿਣੁ ਕਰਮਾ = ਪ੍ਰਭੂ ਦੀ ਮੇਹਰ ਤੋਂ ਬਿਨਾ; ਜਿਵੇਂ: 'ਵਿਣੁ ਕਰਮਾ ਕਿਛੁ ਪਾਈਐ ਨਾਹੀ, ਜੇ ਬਹੁ ਤੇਰਾ ਧਾਵੈ'। (ਤਿਲੰਗੁ ਮਹਲਾ ੧)। ਕਿ ਮਿਲੈ = ਕੀਹ ਮਿਲਦਾ ਹੈ? ਕੁਝ ਨਹੀਂ ਮਿਲਦਾ। ਕਿ ਲਈ = ਕੀਹ ਕੋਈ ਲੈ ਸਕਦਾ ਹੈ?
ਅਕਾਲ ਪੁਰਖ ਦੀ ਪੈਦਾ ਕੀਤੀ ਹੋਈ ਜਿਤਨੀ ਭੀ ਦੁਨੀਆ ਮੈਂ ਵੇਖਦਾ ਹਾਂ, (ਇਸ ਵਿੱਚ) ਪਰਮਾਤਮਾ ਦੀ ਕਿਰਪਾ ਤੋਂ ਬਿਨਾ ਕਿਸੇ ਨੂੰ ਕੁਝ ਨਹੀਂ ਮਿਲਦਾ, ਕੋਈ ਕੁਝ ਨਹੀਂ ਲੈ ਸਕਦਾ।


ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ  

ਮਤਿ ਵਿਚਿ = (ਮਨੁੱਖ ਦੀ) ਬੁੱਧ ਦੇ ਅੰਦਰ ਹੀ। ਮਾਣਿਕ = ਮੌਤੀ। ਇਕ ਸਿਖ = ਇਕ ਸਿੱਖਿਆ। ਸੁਣੀ = ਸੁਣੀਏ, ਸੁਣੀ ਜਾਏ।
ਜੇ ਸਤਿਗੁਰੂ ਦੀ ਇਕ ਸਿੱਖਿਆ ਸੁਣ ਲਈ ਜਾਏ, ਤਾਂ ਮਨੁੱਖ ਦੀ ਬੁੱਧ ਦੇ ਅੰਦਰ ਰਤਨ, ਜਵਾਹਰ ਤੇ ਮੌਤੀ (ਉਪਜ ਪੈਂਦੇ ਹਨ, ਭਾਵ, ਪਰਮਾਤਮਾ ਦੇ ਗੁਣ ਪੈਦਾ ਹੋ ਜਾਂਦੇ ਹਨ)।


ਗੁਰਾ ਇਕ ਦੇਹਿ ਬੁਝਾਈ  

xxx
(ਤਾਂ ਤੇ) ਹੇ ਸਤਿਗੁਰੂ! (ਮੇਰੀ ਤੇਰੇ ਅੱਗੇ ਇਹ ਅਰਦਾਸ ਹੈ ਕਿ) ਮੈਨੂੰ ਇਕ ਇਹ ਸਮਝ ਦੇਹ,


ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਜਾਈ ॥੬॥  

xxx
ਜਿਸ ਕਰਕੇ ਮੈਨੂੰ ਉਹ ਅਕਾਲ ਪੁਰਖ ਨਾ ਵਿਸਰ ਜਾਏ, ਜੋ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ॥੬॥


ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ  

ਜੁਗ ਚਾਰੇ = ਚਹੁੰ ਜੁਗਾਂ ਜਿਤਨੀ। ਆਰਜਾ = ਉਮਰ। ਦਸੂਣੀ = ਦਸ ਗੁਣੀ।
ਜੇ ਕਿਸੇ ਮਨੁੱਖ ਦੀ ਉਮਰ ਚਾਰ ਜੁਗਾਂ ਜਿਤਨੀ ਹੋ ਜਾਏ, (ਨਿਰੀ ਇਤਨੀ ਹੀ ਨਹੀਂ, ਸਗੋਂ ਜੇ) ਇਸ ਤੋਂ ਭੀ ਦਸ ਗੁਣੀ ਹੋਰ (ਉਮਰ) ਹੋ ਜਾਏ,


ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ  

ਨਵਾ ਖੰਡਾ ਵਿਚਿ = ਭਾਵ, ਸਾਰੀ ਸ੍ਰਿਸ਼ਟੀ ਵਿਚ। ਜਾਣੀਐ = ਜਾਣਿਆ ਜਾਏ, ਪਰਗਟ ਹੋ ਜਾਏ। ਸਭੁ ਕੋਇ = ਹਰੇਕ ਮਨੁੱਖ। ਨਾਲਿ ਚਲੈ = ਨਾਲ ਹੋ ਕੇ ਤੁਰੇ, ਹਮਾਇਤੀ ਹੋਵੇ, ਪੱਖ ਕਰੇ।
ਜੇ ਉਹ ਸਾਰੇ ਸੰਸਾਰ ਵਿਚ ਭੀ ਪਰਗਟ ਹੋ ਜਾਏ ਅਤੇ ਹਰੇਕ ਮਨੁੱਖ ਉਸ ਦੇ ਪਿੱਛੇ ਲੱਗ ਕੇ ਤੁਰੇ।


ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ  

ਚੰਗਾ… ਕੈ = ਚੰਗੀ ਨਾਮਵਰੀ ਖੱਟ ਕੇ, ਚੰਗੇ ਨਾਮਣੇ ਵਾਲਾ ਹੋ ਕੇ। ਜਸੁ = ਸ਼ੋਭਾ। ਕੀਰਤਿ = ਸ਼ੋਭਾ। ਜਗਿ = ਜਗਤ ਵਿਚ। ਲੇਇ = ਲਏ, ਖੱਟੇ।
ਜੇ ਉਹ ਚੰਗੀ ਨਾਮਵਰੀ ਖੱਟ ਕੇ ਸਾਰੇ ਸੰਸਾਰ ਵਿਚ ਸ਼ੋਭਾ ਭੀ ਪ੍ਰਾਪਤ ਕਰ ਲਏ,


ਜੇ ਤਿਸੁ ਨਦਰਿ ਆਵਈ ਵਾਤ ਪੁਛੈ ਕੇ  

ਤਿਸੁ = ਅਕਾਲ ਪੁਰਖ ਦੀ। ਨਦਰਿ = ਕਿਰਪਾ-ਦ੍ਰਿਸ਼ਟੀ ਵਿਚ। ਨ ਆਵਈ = ਨਹੀਂ ਆ ਸਕਦਾ। ਵਾਤ = ਖ਼ਬਰ, ਸੁਰਤ। ਨ ਕੇ = ਕੋਈ ਮਨੁੱਖ ਨਹੀਂ।
(ਪਰ) ਜੇਕਰ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਵਿਚ ਨਹੀਂ ਆ ਸਕਦਾ, ਤਾਂ ਉਹ ਉਸ ਬੰਦੇ ਵਰਗਾ ਹੈ ਜਿਸ ਦੀ ਕੋਈ ਖ਼ਬਰ ਭੀ ਨਹੀਂ ਪੁੱਛਦਾ (ਭਾਵ, ਇਤਨੀ ਮਾਣ ਵਡਿਆਈ ਵਾਲਾ ਹੁੰਦਿਆਂ ਭੀ ਅਸਲ ਵਿਚ ਨਿਆਸਰਾ ਹੀ ਹੈ)।


ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ  

ਕੀਟੁ = ਕੀੜਾ। ਕਰਿ = ਕਰ ਕੇ, ਬਣਾ ਕੇ, ਠਹਿਰ ਕੇ। ਦੋਸੁ ਧਰੇ = ਦੋਸੁ ਲਾਉਂਦਾ। ਕੀਟਾ ਅੰਦਰਿ ਕੀਟੁ = ਕੀੜਿਆਂ ਵਿਚ ਕੀੜਾ, ਮਮੂਲੀ ਜਿਹਾ ਕੀੜਾ।
(ਸਗੋਂ ਅਜਿਹਾ ਮਨੁੱਖ ਅਕਾਲ ਪੁਰਖ ਦੇ ਸਾਹਮਣੇ) ਇਕ ਮਮੂਲੀ ਜਿਹਾ ਕੀੜਾ ਹੈ ("ਖਸਮੈ ਨਦਰੀ ਕੀੜਾ ਆਵੈ" ਆਸਾ ਮ: ੧) ਅਕਾਲ ਪੁਰਖ ਉਸ ਨੂੰ ਦੋਸੀ ਥਾਪ ਕੇ (ਉਸ ਉੱਤੇ ਨਾਮ ਨੂੰ ਭੁੱਲਣ ਦਾ) ਦੋਸ਼ ਲਾਉਂਦਾ ਹੈ।


ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ  

ਨਿਰਗੁਣਿ = ਗੁਣ-ਹੀਨ ਮਨੁੱਖ ਵਿਚ। ਗੁਣਵੰਤਿਆ = ਗੁਣੀ ਮਨੁੱਖਾਂ ਨੂੰ। ਕਰੇ = ਪੈਦਾ ਕਰਦਾ ਹੈ। ਦੇ = ਦੇਂਦਾ ਹੈ।
ਹੇ ਨਾਨਕ! ਉਹ ਅਕਾਲ ਪੁਰਖ ਗੁਣ-ਹੀਨ ਮਨੁੱਖ ਵਿੱਚ ਗੁਣ ਪੈਦਾ ਕਰ ਦੇਂਦਾ ਹੈ ਤੇ ਗੁਣੀ ਮਨੁੱਖਾਂ ਨੂੰ ਭੀ ਗੁਣ ਉਹੀ ਬਖ਼ਸ਼ਦਾ ਹੈ।


ਤੇਹਾ ਕੋਇ ਸੁਝਈ ਜਿ ਤਿਸੁ ਗੁਣੁ ਕੋਇ ਕਰੇ ॥੭॥  

ਤੇਹਾ = ਇਹੋ ਜਿਹਾ। ਨ ਸੁਝਈ = ਨਹੀਂ ਲੱਭਦਾ। ਜਿ = ਜਿਹੜਾ। ਤਿਸੁ = ਉਸ ਨਿਰਗੁਣ ਨੂੰ।
ਇਹੋ ਜਿਹਾ ਕੋਈ ਹੋਰ ਨਹੀਂ ਦਿੱਸਦਾ, ਜੋ ਨਿਰਗੁਣ ਜੀਵ ਨੂੰ ਕੋਈ ਗੁਣ ਦੇ ਸਕਦਾ ਹੋਵੇ। (ਭਾਵ ਪ੍ਰਭੂ ਦੀ ਮਿਹਰ ਦੀ ਨਜ਼ਰ ਹੀ ਉਸ ਨੂੰ ਉੱਚਾ ਕਰ ਸਕਦੀ ਹੈ, ਲੰਮੀ ਉਮਰ ਤੇ ਜਗਤ ਦੀ ਸ਼ੋਭਾ ਸਹਾਇਤਾ ਨਹੀਂ ਕਰਦੀ) ॥੭॥


ਸੁਣਿਐ ਸਿਧ ਪੀਰ ਸੁਰਿ ਨਾਥ  

ਸੁਣਿਐ = ਸੁਣਿਆਂ, ਸੁਣਨ ਨਾਲ, ਜੇ ਨਾਮ ਵਿਚ ਸੁਰਤ ਜੋੜੀ ਜਾਏ। ਸਿਧ = ਉਹ ਜੋਗੀ ਜਿਨ੍ਹਾਂ ਦੀ ਘਾਲ ਕਮਾਈ ਸਫਲ ਹੋ ਚੁਕੀ ਹੈ। ਸੁਰਿ = ਦੇਵਤੇ।
ਇਹ ਨਾਮ ਹਿਰਦੇ ਵਿਚ ਟਿਕਣ ਦੀ ਹੀ ਬਰਕਤਿ ਹੈ ਕਿ ਵਾਹਿਗੁਰੂ ਦੀ ਸਿਫ਼ਤ-ਸਾਲਾਹ ਸੁਣਨ ਨਾਲ (ਸਾਧਾਰਨ ਮਨੁੱਖ) ਸਿੱਧਾਂ, ਪੀਰਾਂ, ਦੇਵਤਿਆਂ ਤੇ ਨਾਥਾਂ ਦੀ ਪਦਵੀ ਪਾ ਲੈਂਦੇ ਹਨ


ਸੁਣਿਐ ਧਰਤਿ ਧਵਲ ਆਕਾਸ  

ਧਵਲ = ਬੌਲਦ, ਧਰਤੀ ਦਾ ਆਸਰਾ।
ਤੇ ਵਾਹਿਗੁਰੂ ਦੀ ਸਿਫ਼ਤ-ਸਾਲਾਹ ਸੁਣਨ ਨਾਲ ਉਹਨਾਂ ਨੂੰ ਇਹ ਸੋਝੀ ਹੋ ਜਾਂਦੀ ਹੈ ਕਿ ਧਰਤੀ ਆਕਾਸ਼ ਦਾ ਆਸਰਾ ਉਹ ਪ੍ਰਭੂ ਹੈ,


ਸੁਣਿਐ ਦੀਪ ਲੋਅ ਪਾਤਾਲ  

ਦੀਪ = ਧਰਤੀ ਦੀ ਵੰਡ ਦੇ ਸਤ ਦੀਪ। ਲੋਅ = ਲੋਕ, ਭਵਣ।
ਵਾਹਿਗੁਰੂ ਦੀ ਸਿਫ਼ਤ-ਸਾਲਾਹ ਸੁਣਨ ਨਾਲ ਸੋਝੀ ਪੈਂਦੀ ਹੈ ਕਿ ਵਾਹਿਗੁਰੂ ਸਾਰੇ ਦੀਪਾਂ, ਲੋਕਾਂ, ਪਾਤਾਲਾਂ ਵਿਚ ਵਿਆਪਕ ਹੈ।


ਸੁਣਿਐ ਪੋਹਿ ਸਕੈ ਕਾਲੁ  

ਪੋਹਿ ਨ ਸਕੈ = ਪੋਹ ਨਹੀਂ ਸਕਦਾ, ਡਰਾ ਨਹੀਂ ਸਕਦਾ, ਆਪਣਾ ਪਰਭਾਵ ਨਹੀਂ ਪਾ ਸਕਦਾ।
ਵਾਹਿਗੁਰੂ ਦੀ ਸਿਫ਼ਤ-ਸਾਲਾਹ ਸੁਣਨ ਵਾਲੇ ਮਨੁੱਖ ਨੂੰ ਕਾਲ ਵੀ ਨਹੀਂ ਪੋਂਹਦਾ (ਭਾਵ ਉਨ੍ਹਾਂ ਨੂੰ ਮੌਤ ਨਹੀਂ ਡਰਾ ਸਕਦੀ)।


ਨਾਨਕ ਭਗਤਾ ਸਦਾ ਵਿਗਾਸੁ  

ਵਿਗਾਸੁ = ਖਿੜਾਉ, ਉਮਾਹ, ਖ਼ੁਸ਼ੀ।
ਹੇ ਨਾਨਕ! (ਅਕਾਲ ਪੁਰਖ ਦੇ ਨਾਮ ਵਿਚ ਸੁਰਤ ਜੋੜਨ ਵਾਲੇ) ਭਗਤ ਜਨਾਂ ਦੇ ਹਿਰਦੇ ਵਿਚ ਸਦਾ ਖਿੜਾਉ ਬਣਿਆ ਰਹਿੰਦਾ ਹੈ,


ਸੁਣਿਐ ਦੂਖ ਪਾਪ ਕਾ ਨਾਸੁ ॥੮॥  

xxx
(ਕਿੳਂਕਿ) ਉਸ ਦੀ ਸਿਫ਼ਤ-ਸਾਲਾਹ ਸੁਣਨ ਕਰ ਕੇ (ਮਨੁੱਖ ਦੇ) ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ ॥੮॥


ਸੁਣਿਐ ਈਸਰੁ ਬਰਮਾ ਇੰਦੁ  

ਈਸਰੁ = ਸ਼ਿਵ। ਇੰਦੁ = ਇੰਦਰ ਦੇਵਤਾ।
ਅਕਾਲ ਪੁਰਖ ਦੇ ਨਾਮ ਵਿਚ ਸੁਰਤ ਜੋੜਨ ਦਾ ਸਦਕਾ ਸਾਧਾਰਨ ਮਨੁੱਖ ਸ਼ਿਵ, ਬ੍ਰਹਮਾ ਤੇ ਇੰਦਰ ਦੀ ਪਦਵੀ 'ਤੇ ਅੱਪੜ ਜਾਂਦਾ ਹੈ,


ਸੁਣਿਐ ਮੁਖਿ ਸਾਲਾਹਣ ਮੰਦੁ  

ਮੁਖਿ = ਮੂੰਹ ਨਾਲ, ਮੂੰਹੋਂ। ਸਾਲਾਹਣ = ਸਿਫ਼ਤ-ਸਾਲਾਹਾਂ, ਰੱਬ ਦੀਆਂ ਵਡਿਆਈਆਂ। ਮੰਦੁ = ਭੈੜਾ ਮਨੁੱਖ।
ਮੰਦਾ ਮਨੁੱਖ ਭੀ ਮੂੰਹੋਂ ਰੱਬ ਦੀਆਂ ਸਿਫ਼ਤਾਂ ਕਰਨ ਲੱਗ ਪੈਂਦਾ ਹੈ,


ਸੁਣਿਐ ਜੋਗ ਜੁਗਤਿ ਤਨਿ ਭੇਦ  

ਜੋਗ ਜੁਗਤਿ = ਜੋਗ ਦੀ ਜੁਗਤੀ, ਜੋਗ ਦੇ ਸਾਧਨ। ਤਨਿ = ਸਰੀਰ ਵਿਚ ਦੇ। ਭੇਦ = ਗੱਲਾਂ।
(ਸਾਧਾਰਨ ਬੁੱਧ ਵਾਲੇ ਨੂੰ ਭੀ) ਸਰੀਰ ਵਿਚ ਦੀਆਂ ਗੁੱਝੀਆਂ ਗੱਲਾਂ, (ਭਾਵ, ਅੱਖਾਂ, ਕੰਨ, ਜੀਭ ਆਦਿਕ ਇੰਦਰੀਆਂ ਦੇ ਚਾਲਿਆਂ ਤੇ ਵਿਕਾਰ ਆਦਿਕਾਂ ਵੱਲ ਦੌੜ-ਭੱਜ) ਦੇ ਭੇਦ ਦਾ ਪਤਾ ਲੱਗ ਜਾਂਦਾ ਹੈ,


ਸੁਣਿਐ ਸਾਸਤ ਸਿਮ੍ਰਿਤਿ ਵੇਦ  

xxx
ਪ੍ਰਭੂ-ਮੇਲ ਦੀ ਜੁਗਤੀ ਦੀ ਸਮਝ ਪੈ ਜਾਂਦੀ ਹੈ, ਸ਼ਾਸਤ੍ਰਾਂ ਸਿਮ੍ਰਿਤੀਆਂ ਤੇ ਵੇਦਾਂ ਦੀ ਸਮਝ ਪੈ ਜਾਂਦੀ ਹੈ (ਭਾਵ, ਧਾਰਮਿਕ ਪੁਸਤਕਾਂ ਦਾ ਅਸਲ ਉੱਚਾ ਨਿਸ਼ਾਨਾ ਤਦੋਂ ਸਮਝ ਪੈਂਦਾ ਹੈ ਜਦੋਂ ਅਸੀਂ ਨਾਮ ਵਿਚ ਸੁਰਤ ਜੋੜਦੇ ਹਾਂ, ਨਹੀਂ ਤਾਂ ਨਿਰੇ ਲਫ਼ਜ਼ਾਂ ਨੂੰ ਹੀ ਪੜ੍ਹ ਛਡਦੇ ਹਾਂ, ਉਸ ਅਸਲੀ ਜਜ਼ਬੇ ਵਿਚ ਨਹੀਂ ਪਹੁੰਚਦੇ, ਜਿਸ ਜਜ਼ਬੇ ਵਿਚ ਅਪੜ ਕੇ ਉਹ ਧਾਰਮਿਕ ਪੁਸਤਕਾਂ ਉਚਾਰੀਆਂ ਹੁੰਦੀਆਂ ਹਨ)


ਨਾਨਕ ਭਗਤਾ ਸਦਾ ਵਿਗਾਸੁ  

xxx
ਹੇ ਨਾਨਕ! (ਨਾਮ ਨਾਲ ਪ੍ਰੀਤ ਕਰਨ ਵਾਲੇ) ਭਗਤ ਜਨਾਂ ਦੇ ਹਿਰਦੇ ਵਿਚ ਸਦਾ ਖਿੜਾਉ ਬਣਿਆ ਰਹਿੰਦਾ ਹੈ;


        


© SriGranth.org, a Sri Guru Granth Sahib resource, all rights reserved.
See Acknowledgements & Credits