Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਹਰਿ ਜਨ ਹਰਿ ਅੰਤਰੁ ਨਹੀ ਨਾਨਕ ਸਾਚੀ ਮਾਨੁ ॥੨੯॥  

ਅੰਤਰੁ = ਫ਼ਰਕ, ਵਿੱਥ। ਹਰਿ ਜਨ = ਹਰਿ = ਜਨ, ਪਰਮਾਤਮਾ ਦਾ ਭਗਤ। ਸਾਚੀ ਮਾਨੁ = (ਇਹ ਗੱਲ) ਸੱਚੀ ਮੰਨ ॥੨੯॥
ਹੇ ਨਾਨਕ! ਇਹ ਗੱਲ ਸੱਚੀ ਮੰਨੋ ਕਿ ਪਰਮਾਤਮਾ ਦੇ ਭਗਤ ਅਤੇ ਪਰਮਾਤਮਾ ਵਿਚ ਕੋਈ ਫ਼ਰਕ ਨਹੀਂ ਹੈ ॥੨੯॥


ਮਨੁ ਮਾਇਆ ਮੈ ਫਧਿ ਰਹਿਓ ਬਿਸਰਿਓ ਗੋਬਿੰਦ ਨਾਮੁ  

ਫਧਿ ਰਹਿਓ = ਫਸਿਆ ਰਹਿੰਦਾ ਹੈ।
(ਜਿਸ ਮਨੁੱਖ ਦਾ) ਮਨ (ਹਰ ਵੇਲੇ) ਮਾਇਆ (ਦੇ ਮੋਹ) ਵਿਚ ਫਸਿਆ ਰਹਿੰਦਾ ਹੈ (ਜਿਸ ਨੂੰ) ਪਰਮਾਤਮਾ ਦਾ ਨਾਮ (ਸਦਾ) ਭੁੱਲਾ ਰਹਿੰਦਾ ਹੈ,


ਕਹੁ ਨਾਨਕ ਬਿਨੁ ਹਰਿ ਭਜਨ ਜੀਵਨ ਕਉਨੇ ਕਾਮ ॥੩੦॥  

ਕਉਨੇ ਕਾਮ = ਕਿਸ ਕੰਮ? ਕਿਸੇ ਭੀ ਕੰਮ ਨਹੀਂ ॥੩੦॥
ਨਾਨਕ ਆਖਦਾ ਹੈ (ਦੱਸੋ) ਪਰਮਾਤਮਾ ਦੇ ਭਜਨ ਤੋਂ ਬਿਨਾ (ਉਸ ਦਾ) ਜੀਊਣਾ ਕਿਸ ਕੰਮ? ॥੩੦॥


ਪ੍ਰਾਨੀ ਰਾਮੁ ਚੇਤਈ ਮਦਿ ਮਾਇਆ ਕੈ ਅੰਧੁ  

ਨ ਚੇਤਈ = ਨ ਚੇਤੈ, ਨਹੀਂ ਚੇਤੇ ਕਰਦਾ। ਮਦਿ = ਨਸ਼ੇ ਵਿਚ। ਅੰਧੁ = (ਆਤਮਕ ਜੀਵਨ ਵਲੋਂ) ਅੰਨ੍ਹਾ ਹੋਇਆ ਮਨੁੱਖ।
ਮਾਇਆ ਦੇ ਮੋਹ ਵਿਚ (ਫਸ ਕੇ ਆਤਮਕ ਜੀਵਨ ਵਲੋਂ) ਅੰਨ੍ਹਾ ਹੋਇਆ (ਜਿਹੜਾ) ਮਨੁੱਖ ਪਰਮਾਤਮਾ ਦਾ ਨਾਮ ਯਾਦ ਨਹੀਂ ਕਰਦਾ,


ਕਹੁ ਨਾਨਕ ਹਰਿ ਭਜਨ ਬਿਨੁ ਪਰਤ ਤਾਹਿ ਜਮ ਫੰਧ ॥੩੧॥  

ਪਰਤ = ਪਏ ਰਹਿੰਦੇ ਹਨ। ਤਾਹਿ = ਉਸ ਨੂੰ। ਜਮ ਫੰਧ = ਜਮਾਂ ਦੇ ਫਾਹੇ, ਜਮਾਂ ਦੀਆਂ ਫਾਹੀਆਂ ॥੩੧॥
ਨਾਨਕ ਆਖਦਾ ਹੈ ਕਿ ਪਰਮਾਤਮਾ ਦੇ ਭਜਨ ਤੋਂ ਬਿਨਾ ਉਸ ਨੂੰ (ਉਸ ਦੇ ਗਲ ਵਿਚ) ਜਮਾਂ ਦੀਆਂ ਫਾਹੀਆਂ ਪਈਆਂ ਰਹਿੰਦੀਆਂ ਹਨ ॥੩੧॥


ਸੁਖ ਮੈ ਬਹੁ ਸੰਗੀ ਭਏ ਦੁਖ ਮੈ ਸੰਗਿ ਕੋਇ  

ਸੰਗੀ = ਸਾਥੀ, ਮੇਲੀ-ਗੇਲੀ। ਸੰਗਿ = ਨਾਲ।
(ਦੁਨੀਆ ਵਿਚ ਤਾਂ) ਸੁਖ ਵੇਲੇ ਅਨੇਕਾਂ ਮੇਲੀ-ਗੇਲੀ ਬਣ ਜਾਂਦੇ ਹਨ, ਪਰ ਦੁੱਖ ਵਿਚ ਕੋਈ ਭੀ ਨਾਲ ਨਹੀਂ ਹੁੰਦਾ।


ਕਹੁ ਨਾਨਕ ਹਰਿ ਭਜੁ ਮਨਾ ਅੰਤਿ ਸਹਾਈ ਹੋਇ ॥੩੨॥  

ਅੰਤਿ = ਅਖ਼ੀਰ ਵੇਲੇ (ਭੀ)। ਸਹਾਈ = ਮਦਦਗਾਰ ॥੩੨॥
ਨਾਨਕ ਆਖਦਾ ਹੈ- ਹੇ ਮਨ! ਪਰਮਾਤਮਾ ਦਾ ਭਜਨ ਕਰਿਆ ਕਰ (ਪਰਮਾਤਮਾ) ਅੰਤ ਸਮੇ (ਭੀ) ਮਦਦਗਾਰ ਬਣਦਾ ਹੈ ॥੩੨॥


ਜਨਮ ਜਨਮ ਭਰਮਤ ਫਿਰਿਓ ਮਿਟਿਓ ਜਮ ਕੋ ਤ੍ਰਾਸੁ  

ਜਨਮ ਜਨਮ = ਅਨੇਕਾਂ ਜਨਮਾਂ ਵਿਚ। ਕੋ = ਦਾ। ਤ੍ਰਾਸੁ = ਡਰ।
(ਪਰਮਾਤਮਾ ਦਾ ਸਿਮਰਨ ਭੁਲਾ ਕੇ ਜੀਵ) ਅਨੇਕਾਂ ਜਨਮਾਂ ਵਿਚ ਭਟਕਦਾ ਫਿਰਦਾ ਹੈ, ਜਮਾਂ ਦਾ ਡਰ (ਇਸ ਦੇ ਅੰਦਰੋਂ) ਮੁੱਕਦਾ ਨਹੀਂ।


ਕਹੁ ਨਾਨਕ ਹਰਿ ਭਜੁ ਮਨਾ ਨਿਰਭੈ ਪਾਵਹਿ ਬਾਸੁ ॥੩੩॥  

ਨਿਰਭੈ = ਨਿਡਰ ਅਵਸਥਾ ਵਿਚ, ਉਸ ਪ੍ਰਭੂ ਵਿਚ ਜਿਸ ਨੂੰ ਕੋਈ ਡਰ ਪੋਹ ਨਹੀਂ ਸਕਦਾ। ਪਾਵਹਿ = ਤੂੰ ਪ੍ਰਾਪਤ ਕਰ ਲਏਂਗਾ ॥੩੩॥
ਨਾਨਕ ਆਖਦਾ ਹੈ- ਹੇ ਮਨ! ਪਰਮਾਤਮਾ ਦਾ ਭਜਨ ਕਰਦਾ ਰਿਹਾ ਕਰ, (ਭਜਨ ਦੀ ਬਰਕਤਿ ਨਾਲ) ਤੂੰ ਉਸ ਪ੍ਰਭੂ ਵਿਚ ਨਿਵਾਸ ਪ੍ਰਾਪਤ ਕਰ ਲਏਂਗਾ ਜਿਸ ਨੂੰ ਕੋਈ ਡਰ ਪੋਹ ਨਹੀਂ ਸਕਦਾ ॥੩੩॥


ਜਤਨ ਬਹੁਤੁ ਮੈ ਕਰਿ ਰਹਿਓ ਮਿਟਿਓ ਮਨ ਕੋ ਮਾਨੁ  

ਕੋ = ਦਾ। ਮਾਨੁ = ਅਹੰਕਾਰ।
ਹੇ ਭਗਵਾਨ! ਮੈਂ ਅਨੇਕਾਂ (ਹੋਰ ਹੋਰ) ਜਤਨ ਕਰ ਚੁੱਕਾ ਹਾਂ (ਉਹਨਾਂ ਜਤਨਾਂ ਨਾਲ) ਮਨ ਦਾ ਅਹੰਕਾਰ ਦੂਰ ਨਹੀਂ ਹੁੰਦਾ,


ਦੁਰਮਤਿ ਸਿਉ ਨਾਨਕ ਫਧਿਓ ਰਾਖਿ ਲੇਹੁ ਭਗਵਾਨ ॥੩੪॥  

ਦੁਰਮਤਿ = ਖੋਟੀ ਮੱਤ। ਸਿਉ = ਨਾਲ। ਫਧਿਓ = ਫਸਿਆ ਰਹਿੰਦਾ ਹੈ। ਭਗਵਾਨ = ਹੇ ਭਗਵਾਨ! ॥੩੪॥
ਨਾਨਕ ਦਾ (ਇਹ ਮਨ) ਖੋਟੀ ਮੱਤ ਨਾਲ ਚੰਬੜਿਆ ਹੀ ਰਹਿੰਦਾ ਹੈ। ਹੇ ਭਗਵਾਨ! (ਤੂੰ ਆਪ ਹੀ) ਰੱਖਿਆ ਕਰ ॥੩੪॥


ਬਾਲ ਜੁਆਨੀ ਅਰੁ ਬਿਰਧਿ ਫੁਨਿ ਤੀਨਿ ਅਵਸਥਾ ਜਾਨਿ  

ਅਰੁ = ਅਤੇ। ਬਿਰਧਿ = ਬੁਢੇਪਾ। ਫੁਨਿ = (पुनः) ਫਿਰ। ਤੀਨਿ = ਤਿੰਨ। ਜਾਨਿ = ਜਾਣ, ਸਮਝ ਲੈ।
ਬਾਲ-ਅਵਸਥਾ, ਜੁਆਨੀ ਦੀ ਅਵਸਥਾ, ਅਤੇ ਫਿਰ ਬੁਢੇਪੇ ਦੀ ਅਵਸਥਾ-(ਉਮਰ ਦੀਆਂ ਇਹ) ਤਿੰਨ ਅਵਸਥਾ ਸਮਝ ਲੈ (ਜੋ ਮਨੁੱਖ ਤੇ ਆਉਂਦੀਆਂ ਹਨ)।


ਕਹੁ ਨਾਨਕ ਹਰਿ ਭਜਨ ਬਿਨੁ ਬਿਰਥਾ ਸਭ ਹੀ ਮਾਨੁ ॥੩੫॥  

ਮਾਨ = ਮੰਨ ॥੩੫॥
ਨਾਨਕ ਆਖਦਾ ਹੈ ਕਿ (ਪਰ ਇਹ) ਚੇਤੇ ਰੱਖ (ਕਿ) ਪਰਮਾਤਮਾ ਦੇ ਭਜਨ ਤੋਂ ਬਿਨਾ ਇਹ ਸਾਰੀਆਂ ਹੀ ਵਿਅਰਥ ਜਾਂਦੀਆਂ ਹਨ ॥੩੫॥


ਕਰਣੋ ਹੁਤੋ ਸੁ ਨਾ ਕੀਓ ਪਰਿਓ ਲੋਭ ਕੈ ਫੰਧ  

ਕਰਣੋ ਹੁਤੋ = (ਜੋ ਕੁਝ) ਕਰਨਾ ਸੀ। ਸੁ = ਉਹ। ਕੈ ਫੰਧ = ਦੇ ਫਾਹੇ ਵਿਚ।
(ਮਾਇਆ ਦੇ ਮੋਹ ਵਿਚ) ਅੰਨ੍ਹੇ ਹੋ ਰਹੇ ਹੇ ਮਨੁੱਖ! ਜੋ ਕੁਝ ਤੂੰ ਕਰਨਾ ਸੀ, ਉਹ ਤੂੰ ਨਾਹ ਕੀਤਾ (ਸਾਰੀ ਉਮਰ) ਤੂੰ ਲੋਭ ਦੀ ਫਾਹੀ ਵਿਚ (ਹੀ) ਫਸਿਆ ਰਿਹਾ।


ਨਾਨਕ ਸਮਿਓ ਰਮਿ ਗਇਓ ਅਬ ਕਿਉ ਰੋਵਤ ਅੰਧ ॥੩੬॥  

ਸਮਿਓ = (ਮਨੁੱਖਾ ਜੀਵਨ ਦਾ) ਸਮਾ। ਰਮਿ ਗਇਓ = ਗੁਜ਼ਰ ਗਿਆ। ਅੰਧ = ਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋ ਚੁੱਕੇ ਮਨੁੱਖ! ॥੩੬॥
ਹੇ ਨਾਨਕ! (ਜ਼ਿੰਦਗੀ ਦਾ ਸਾਰਾ) ਸਮਾ (ਇਸੇ ਤਰ੍ਹਾਂ ਹੀ) ਗੁਜ਼ਰ ਗਿਆ। ਹੁਣ ਕਿਉਂ ਰੋਂਦਾ ਹੈਂ? (ਹੁਣ ਪਛੁਤਾਣ ਦਾ ਕੀ ਲਾਭ?) ॥੩੬॥


ਮਨੁ ਮਾਇਆ ਮੈ ਰਮਿ ਰਹਿਓ ਨਿਕਸਤ ਨਾਹਿਨ ਮੀਤ  

ਮੈ = ਮਹਿ, ਵਿਚ। ਰਮਿ ਰਹਿਓ = ਫਸਿਆ ਹੋਇਆ ਹੈ। ਨਾਹਿਨ = ਨਹੀਂ। ਮੀਤ = ਹੇ ਮਿੱਤਰ!
ਹੇ ਮਿੱਤਰ! ਜਿਹੜਾ ਮਨ ਮਾਇਆ (ਦੇ ਮੋਹ) ਵਿਚ ਫਸ ਜਾਂਦਾ ਹੈ, (ਉਹ ਇਸ ਮੋਹ ਵਿਚੋਂ ਆਪਣੇ ਆਪ) ਨਹੀਂ ਨਿਕਲ ਸਕਦਾ,


ਨਾਨਕ ਮੂਰਤਿ ਚਿਤ੍ਰ ਜਿਉ ਛਾਡਿਤ ਨਾਹਿਨ ਭੀਤਿ ॥੩੭॥  

ਮੂਰਤਿ = ਤਸਵੀਰ। ਚਿਤ੍ਰ = ਲੀਕਿਆ ਹੋਇਆ ਰੂਪ। ਭੀਤਿ = ਕੰਧ ॥੩੭॥
ਹੇ ਨਾਨਕ! ਜਿਵੇਂ (ਕੰਧ ਉਤੇ ਕਿਸੇ) ਮੂਰਤੀ ਦਾ ਲੀਕਿਆ ਹੋਇਆ ਰੂਪ ਕੰਧ ਨੂੰ ਨਹੀਂ ਛੱਡਦਾ ਕੰਧ ਨਾਲ ਚੰਬੜਿਆ ਰਹਿੰਦਾ ਹੈ ॥੩੭॥


ਨਰ ਚਾਹਤ ਕਛੁ ਅਉਰ ਅਉਰੈ ਕੀ ਅਉਰੈ ਭਈ  

ਅਉਰੈ ਕੀ ਅਉਰੈ = ਹੋਰ ਦੀ ਹੋਰ।
(ਮਾਇਆ ਦੇ ਮੋਹ ਵਿਚ ਫਸ ਕੇ) ਮਨੁੱਖ (ਪ੍ਰਭੂ-ਸਿਮਰਨ ਦੇ ਥਾਂ) ਕੁਝ ਹੋਰ ਹੀ (ਭਾਵ, ਮਾਇਆ ਹੀ ਮਾਇਆ) ਮੰਗਦਾ ਰਹਿੰਦਾ ਹੈ। (ਪਰ ਕਰਤਾਰ ਦੀ ਰਜ਼ਾ ਵਿਚ) ਹੋਰ ਦੀ ਹੋਰ ਹੋ ਜਾਂਦੀ ਹੈ।


ਚਿਤਵਤ ਰਹਿਓ ਠਗਉਰ ਨਾਨਕ ਫਾਸੀ ਗਲਿ ਪਰੀ ॥੩੮॥  

ਚਿਤਵਤ ਰਹਿਓ = ਤੂੰ ਸੋਚਦਾ ਰਿਹਾ। ਠਗਉਰ = ਠਗ-ਮੂਰੀ, ਠਗ-ਬੂਟੀ, ਠੱਗੀਆਂ। ਗਲਿ = ਗਲ ਵਿਚ। ਪਰੀ = ਪੈ ਗਈ ॥੩੮॥
ਹੇ ਨਾਨਕ! (ਮਨੁੱਖ ਹੋਰਨਾਂ ਨੂੰ) ਠੱਗਣ ਦੀਆਂ ਸੋਚਾਂ ਸੋਚਦਾ ਹੈ (ਉਤੋਂ ਮੌਤ ਦੀ) ਫਾਹੀ ਗਲ ਵਿਚ ਆ ਪੈਂਦੀ ਹੈ ॥੩੮॥


ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਕੋਇ  

ਸੁਖ ਕੇ = ਸੰਸਾਰਕ ਸੁਖਾਂ ਦੀ ਪ੍ਰਾਪਤੀ ਦੇ। ਕੋ = ਦਾ। ਦੁਖ ਕੋ = ਦੁੱਖਾਂ ਦਾ।
(ਜੀਵ ਭਾਵੇਂ) ਸੁਖਾਂ (ਦੀ ਪ੍ਰਾਪਤੀ) ਵਾਸਤੇ ਅਨੇਕਾਂ ਜਤਨ ਕਰਦਾ ਰਹਿੰਦਾ ਹੈ, ਅਤੇ ਦੁੱਖਾਂ ਵਾਸਤੇ ਜਤਨ ਨਹੀਂ ਕਰਦਾ (ਪਰ ਫਿਰ ਭੀ ਰਜ਼ਾ ਅਨੁਸਾਰ ਦੁਖ ਭੀ ਆ ਹੀ ਪੈਂਦੇ ਹਨ। ਸੁਖ ਭੀ ਤਦੋਂ ਹੀ ਮਿਲਦਾ ਹੈ ਜਦੋਂ ਪ੍ਰਭੂ ਦੀ ਰਜ਼ਾ ਹੋਵੇ)


ਕਹੁ ਨਾਨਕ ਸੁਨਿ ਰੇ ਮਨਾ ਹਰਿ ਭਾਵੈ ਸੋ ਹੋਇ ॥੩੯॥  

ਹਰਿ ਭਾਵੈ = ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ ॥੩੯॥
ਨਾਨਕ ਆਖਦਾ ਹੈ- ਹੇ ਮਨ! ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ (ਜ਼ਰੂਰ) ਉਹ (ਹੀ) ਹੁੰਦਾ ਹੈ ॥੩੯॥


ਜਗਤੁ ਭਿਖਾਰੀ ਫਿਰਤੁ ਹੈ ਸਭ ਕੋ ਦਾਤਾ ਰਾਮੁ  

ਭਿਖਾਰੀ = ਮੰਗਤਾ। ਸਭ ਕੋ = ਸਭ ਜੀਵਾਂ ਦਾ।
ਜਗਤ ਮੰਗਤਾ (ਹੋ ਕੇ) ਭਟਕਦਾ ਫਿਰਦਾ ਹੈ (ਇਹ ਚੇਤਾ ਨਹੀਂ ਰੱਖਦਾ ਕਿ) ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਆਪ ਹੈ।


ਕਹੁ ਨਾਨਕ ਮਨ ਸਿਮਰੁ ਤਿਹ ਪੂਰਨ ਹੋਵਹਿ ਕਾਮ ॥੪੦॥  

ਮਨ = ਹੇ ਮਨ! ਤਿਹ = ਉਸ (ਪਰਮਾਤਮਾ) ਨੂੰ। ਹੋਵਹਿ = ਹੋ ਜਾਣਗੇ। ਕਾਮ = ਸਾਰੇ ਕੰਮ ॥੪੦॥
ਨਾਨਕ ਆਖਦਾ ਹੈ- ਹੇ ਮਨ! ਉਸ ਦਾਤਾਰ ਪ੍ਰਭੂ ਦਾ ਸਿਮਰਨ ਕਰਦਾ ਰਿਹਾ ਕਰ, ਤੇਰੇ ਸਾਰੇ ਕੰਮ ਸਫਲ ਹੁੰਦੇ ਰਹਿਣਗੇ ॥੪੦॥


ਝੂਠੈ ਮਾਨੁ ਕਹਾ ਕਰੈ ਜਗੁ ਸੁਪਨੇ ਜਿਉ ਜਾਨੁ  

ਝੂਠੈ = ਨਾਸਵੰਤ-(ਸੰਸਾਰ) ਦਾ। ਕਹਾ ਕਰੇ = ਕਿਉਂ ਕਰਦਾ ਹੈ? ਜਿਉ = ਵਰਗਾ। ਜਾਨਿ = ਸਮਝ ਲੈ।
(ਪਤਾ ਨਹੀਂ ਮਨੁੱਖ) ਨਾਸਵੰਤ ਦੁਨੀਆ ਦਾ ਮਾਨ ਕਿਉਂ ਕਰਦਾ ਰਹਿੰਦਾ ਹੈ।` ਜਗਤ ਨੂੰ ਸੁਪਨੇ (ਵਿਚ ਵੇਖੇ ਪਦਾਰਥਾਂ) ਵਾਂਗ (ਹੀ) ਸਮਝ ਰੱਖ।


ਇਨ ਮੈ ਕਛੁ ਤੇਰੋ ਨਹੀ ਨਾਨਕ ਕਹਿਓ ਬਖਾਨਿ ॥੪੧॥  

ਇਨ ਮੈ = ਇਹਨਾਂ (ਦੁਨੀਆਵੀ ਪਦਾਰਥਾਂ) ਵਿਚ। ਤੇਰੋ = ਤੇਰਾ (ਅਸਲ ਸਾਥੀ)। ਬਖਾਨਿ = ਉਚਾਰ ਕੇ, ਸਮਝਾ ਕੇ ॥੪੧॥
(ਹੇ ਭਾਈ!) (ਮੈਂ) ਨਾਨਕ ਤੈਨੂੰ ਠੀਕ ਦੱਸ ਰਿਹਾ ਹਾਂ ਕਿ ਇਹਨਾਂ (ਦਿੱਸਦੇ ਪਦਾਰਥਾਂ) ਵਿਚ ਤੇਰਾ (ਅਸਲ ਸਾਥੀ) ਕੋਈ ਭੀ ਪਦਾਰਥ ਨਹੀਂ ਹੈ ॥੪੧॥


ਗਰਬੁ ਕਰਤੁ ਹੈ ਦੇਹ ਕੋ ਬਿਨਸੈ ਛਿਨ ਮੈ ਮੀਤ  

ਗਰਬੁ = (गर्व) ਅਹੰਕਾਰ। ਦੇਹ ਕੋ = (ਜਿਸ) ਸਰੀਰ ਦਾ। ਬਿਨਸੈ = ਨਾਸ ਹੋ ਜਾਂਦਾ ਹੈ। ਮੀਤ = ਹੇ ਮਿੱਤਰ!
ਹੇ ਮਿੱਤਰ! (ਜਿਸ) ਸਰੀਰ ਦਾ (ਮਨੁੱਖ ਸਦਾ) ਮਾਣ ਕਰਦਾ ਰਹਿੰਦਾ ਹੈ (ਕਿ ਇਹ ਮੇਰਾ ਆਪਣਾ ਹੈ, ਉਹ ਸਰੀਰ) ਇਕ ਛਿਨ ਵਿਚ ਹੀ ਨਾਸ ਹੋ ਜਾਂਦਾ ਹੈ। (ਹੋਰ ਪਦਾਰਥ ਦਾ ਮੋਹ ਤਾਂ ਕਿਤੇ ਰਿਹਾ, ਆਪਣੇ ਇਸ ਸਰੀਰ ਦਾ ਮੋਹ ਭੀ ਝੂਠਾ ਹੀ ਹੈ)।


ਜਿਹਿ ਪ੍ਰਾਨੀ ਹਰਿ ਜਸੁ ਕਹਿਓ ਨਾਨਕ ਤਿਹਿ ਜਗੁ ਜੀਤਿ ॥੪੨॥  

ਜਿਹਿ ਪ੍ਰਾਨੀ = ਜਿਸ ਮਨੁੱਖ ਨੇ। ਜਸੁ = ਸਿਫ਼ਤ-ਸਾਲਾਹ। ਤਿਹਿ = ਉਸ ਨੇ। ਜੀਤੁ = ਜਿੱਤ ਲਿਆ ॥੪੨॥
ਹੇ ਨਾਨਕ! ਜਿਸ ਮਨੁੱਖ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਸ਼ੁਰੂ ਕਰ ਦਿੱਤੀ, ਉਸ ਨੇ ਜਗਤ (ਦੇ ਮੋਹ) ਨੂੰ ਜਿੱਤ ਲਿਆ ॥੪੨॥


ਜਿਹ ਘਟਿ ਸਿਮਰਨੁ ਰਾਮ ਕੋ ਸੋ ਨਰੁ ਮੁਕਤਾ ਜਾਨੁ  

ਜਿਹ ਘਟਿ = ਜਿਸ (ਮਨੁੱਖ) ਦੇ ਹਿਰਦੇ ਵਿਚ। ਕੋ = ਦਾ। ਮੁਕਤਾ = ਵਿਕਾਰਾਂ ਤੋਂ ਬਚਿਆ ਹੋਇਆ। ਜਾਨੁ = ਸਮਝੋ।
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਸਿਮਰਨ (ਟਿਕਿਆ ਰਹਿੰਦਾ ਹੈ) ਉਸ ਮਨੁੱਖ ਨੂੰ (ਮੋਹ ਦੇ ਜਾਲ ਤੋਂ) ਬਚਿਆ ਹੋਇਆ ਸਮਝ।


ਤਿਹਿ ਨਰ ਹਰਿ ਅੰਤਰੁ ਨਹੀ ਨਾਨਕ ਸਾਚੀ ਮਾਨੁ ॥੪੩॥  

ਅੰਤਰੁ = ਫ਼ਰਕ, ਵਿੱਥ। ਸਾਚੀ ਮਾਨੁ = ਠੀਕ ਮੰਨ ॥੪੩॥
ਹੇ ਨਾਨਕ! ਇਹ ਗੱਲ ਠੀਕ ਮੰਨ ਕਿ ਉਸ ਮਨੁੱਖ ਅਤੇ ਪਰਮਾਤਮਾ ਵਿਚ ਕੋਈ ਫ਼ਰਕ ਨਹੀਂ ॥੪੩॥


ਏਕ ਭਗਤਿ ਭਗਵਾਨ ਜਿਹ ਪ੍ਰਾਨੀ ਕੈ ਨਾਹਿ ਮਨਿ  

ਕੈ ਮਨਿ = ਦੇ ਮਨ ਵਿਚ। ਜਿਹ ਪ੍ਰਾਨੀ ਕੈ ਮਨਿ = ਜਿਸ ਪ੍ਰਾਣੀ ਦੇ ਮਨ ਵਿਚ।
ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦੀ ਭਗਤੀ ਨਹੀਂ ਹੈ,


ਜੈਸੇ ਸੂਕਰ ਸੁਆਨ ਨਾਨਕ ਮਾਨੋ ਤਾਹਿ ਤਨੁ ॥੪੪॥  

ਸੂਕਰ ਤਨੁ = ਸੂਰ ਦਾ ਸਰੀਰ। ਸੁਆਨ ਤਨੁ = ਕੁੱਤੇ ਦਾ ਸਰੀਰ। ਤਾਹਿ = ਉਸ (ਮਨੁੱਖ) ਦਾ ॥੪੪॥
ਹੇ ਨਾਨਕ! ਉਸ ਦਾ ਸਰੀਰ ਉਹੋ ਜਿਹਾ ਹੀ ਸਮਝ ਜਿਹੋ ਜਿਹਾ (ਕਿਸੇ) ਸੂਰ ਦਾ ਸਰੀਰ ਹੈ (ਜਾਂ ਕਿਸੇ) ਕੁੱਤੇ ਦਾ ਸਰੀਰ ਹੈ ॥੪੪॥


ਸੁਆਮੀ ਕੋ ਗ੍ਰਿਹੁ ਜਿਉ ਸਦਾ ਸੁਆਨ ਤਜਤ ਨਹੀ ਨਿਤ  

ਕੋ = ਦਾ। ਗ੍ਰਿਹੁ = ਘਰ। ਤਜਤ ਨਹੀ = ਨਹੀਂ ਛੱਡਦਾ।
ਜਿਵੇਂ ਕੁੱਤਾ (ਆਪਣੇ) ਮਾਲਕ ਦਾ ਘਰ (ਘਰ ਦਾ ਬੂਹਾ) ਸਦਾ (ਮੱਲੀ ਰੱਖਦਾ ਹੈ) ਕਦੇ ਭੀ ਛੱਡਦਾ ਨਹੀਂ ਹੈ,


ਨਾਨਕ ਇਹ ਬਿਧਿ ਹਰਿ ਭਜਉ ਇਕ ਮਨਿ ਹੁਇ ਇਕ ਚਿਤਿ ॥੪੫॥  

ਇਹ ਬਿਧਿ = ਇਸ ਤਰੀਕੇ ਨਾਲ। ਭਜਉ = ਭਜਨ ਕਰਿਆ ਕਰੋ। ਇਕ ਮਨਿ ਹੁਇ = ਇਕਾਗਰ ਹੋ ਕੇ। ਇਕ ਚਿਤਿ ਹੁਇ = ਇਕ-ਚਿੱਤ ਹੋ ਕੇ ॥੪੫॥
ਹੇ ਨਾਨਕ! ਇਸੇ ਤਰੀਕੇ ਨਾਲ ਇਕ-ਮਨ ਹੋ ਕੇ ਇਕ-ਚਿੱਤ ਹੋ ਕੇ ਪਰਮਾਤਮਾ ਦਾ ਭਜਨ ਕਰਿਆ ਕਰੋ (ਕਿ ਉਸ ਦਾ ਦਰ ਕਦੇ ਛੱਡਿਆ ਹੀ ਨਾਹ ਜਾਏ) ॥੪੫॥


ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ  

ਅਰੁ = ਅਤੇ। ਕਰਿ = ਕਰ ਕੇ। ਮਨ ਮੈ = ਮਨ ਵਿਚ। ਗੁਮਾਨੁ = ਮਾਣ।
(ਪਰਮਾਤਮਾ ਦਾ ਭਜਨ ਛੱਡ ਕੇ ਮਨੁੱਖ) ਤੀਰਥ-ਇਸ਼ਨਾਨ ਕਰ ਕੇ ਵਰਤ ਰੱਖ ਕੇ, ਦਾਨ-ਪੁੰਨ ਕਰ ਕੇ (ਆਪਣੇ) ਮਨ ਵਿਚ ਅਹੰਕਾਰ ਕਰਦਾ ਹੈ (ਕਿ ਮੈਂ ਧਰਮੀ ਬਣ ਗਿਆ ਹਾਂ)


ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨੁ ॥੪੬॥  

ਤਿਹ = ਉਸ ਦੇ (ਇਹ ਤੀਰਥ ਵਰਤ ਦਾਨ)। ਨਿਹਫਲ = ਵਿਅਰਥ। ਕੁੰਚਰ = ਹਾਥੀ (ਦਾ) ॥੪੬॥
(ਪਰ) ਹੇ ਨਾਨਕ! ਉਸ ਦੇ (ਇਹ ਸਾਰੇ ਕੀਤੇ ਹੋਏ ਕਰਮ ਇਉਂ) ਵਿਅਰਥ (ਚਲੇ ਜਾਂਦੇ ਹਨ) ਜਿਵੇਂ ਹਾਥੀ ਦਾ (ਦਾ ਕੀਤਾ ਹੋਇਆ) ਇਸ਼ਨਾਨ। (ਨੋਟ: ਹਾਥੀ ਨ੍ਹਾ ਕੇ ਸੁਆਹ ਮਿੱਟੀ ਆਪਣੇ ਉੱਤੇ ਪਾ ਲੈਂਦਾ ਹੈ) ॥੪੬॥


ਸਿਰੁ ਕੰਪਿਓ ਪਗ ਡਗਮਗੇ ਨੈਨ ਜੋਤਿ ਤੇ ਹੀਨ  

ਕੰਪਿਓ = ਕੰਬ ਰਿਹਾ ਹੈ। ਪਗ = ਪੈਰ। ਡਗਮਗੇ = ਥਿੜਕ ਰਹੇ ਹਨ। ਤੇ = ਤੋਂ। ਨੈਨ = ਅੱਖਾਂ। ਜੋਤਿ = ਰੌਸ਼ਨੀ।
(ਬੁਢੇਪਾ ਆ ਜਾਣ ਤੇ ਮਨੁੱਖ ਦਾ) ਸਿਰ ਕੰਬਣ ਲੱਗ ਪੈਂਦਾ ਹੈ (ਤੁਰਦਿਆਂ) ਪੈਰ ਥਿੜਕਦੇ ਹਨ, ਅੱਖਾਂ ਦੀ ਜੋਤਿ ਮਾਰੀ ਜਾਂਦੀ ਹੈ,


ਕਹੁ ਨਾਨਕ ਇਹ ਬਿਧਿ ਭਈ ਤਊ ਹਰਿ ਰਸਿ ਲੀਨ ॥੪੭॥  

ਇਹ ਬਿਧਿ = ਇਹ ਹਾਲਤ। ਤਊ = ਫਿਰ ਭੀ। ਲੀਨ = ਮਗਨ। ਹਰਿ ਰਸ ਲੀਨ = ਹਰਿ-ਨਾਮ ਦੇ ਰਸ ਵਿਚ ਮਗਨ ॥੪੭॥
ਨਾਨਕ ਆਖਦਾ ਹੈ ਕਿ (ਬੁਢੇਪੇ ਨਾਲ ਸਰੀਰ ਦੀ) ਇਹ ਹਾਲਤ ਹੋ ਜਾਂਦੀ ਹੈ, ਫਿਰ ਭੀ (ਮਾਇਆ ਦਾ ਮੋਹ ਇਤਨਾ ਪ੍ਰਬਲ ਹੁੰਦਾ ਹੈ ਕਿ ਮਨੁੱਖ) ਪਰਮਾਤਮਾ ਦੇ ਨਾਮ ਦੇ ਸੁਆਦ ਵਿਚ ਮਗਨ ਨਹੀਂ ਹੁੰਦਾ ॥੪੭॥


        


© SriGranth.org, a Sri Guru Granth Sahib resource, all rights reserved.
See Acknowledgements & Credits