Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਓਰਾ ਗਰਿ ਪਾਨੀ ਭਇਆ ਜਾਇ ਮਿਲਿਓ ਢਲਿ ਕੂਲਿ ॥੧੭੭॥  

The hail-stone has melted into water, and flowed into the ocean. ||177||  

ਕਬੀਰ, ਗੜੇ ਤੋਂ ਪਿਘਲ ਕੇ ਮੈਂ ਪਾਣੀ ਥੀ ਗਿਆ ਹਾਂ ਅਤੇ ਵਗ ਵਗ ਕੇ, ਮੈਂ ਆਪਣੇ ਸੁਆਮੀ ਸਮੁੰਦਰ ਅੰਦਰ ਸਮਾ ਗਿਆ ਹਾਂ।  

ਓਰਾ = ਗੜਾ, ਅਹਿਣ। ਗਰਿ = (ਸੇਕ ਨਾਲ) ਗਲ ਕੇ। ਢਲਿ = ਰਿੜ੍ਹ ਕੇ, ਨੀਵੇਂ ਪਾਸੇ ਵਲ ਢਲ ਕੇ। ਕੂਲਿ = ਨਦੀ ॥੧੭੭॥
(ਪਰਮਾਤਮਾ ਦਾ ਡਰ ਮਨੁੱਖ ਦੇ ਕਠੋਰ ਹੋਏ ਮਨ ਵਾਸਤੇ, ਮਾਨੋ, ਸੇਕ ਦਾ ਕੰਮ ਦੇਂਦਾ ਹੈ; ਜਿਵੇਂ ਸੇਕ ਲੱਗਣ ਨਾਲ) ਗੜਾ ਪੰਘਰ ਕੇ ਮੁੜ ਪਾਣੀ ਬਣ ਜਾਂਦਾ ਹੈ, ਤੇ ਢਲ ਕੇ ਨਦੀ ਵਿਚ ਜਾ ਰਲਦਾ ਹੈ ॥੧੭੭॥


ਕਬੀਰਾ ਧੂਰਿ ਸਕੇਲਿ ਕੈ ਪੁਰੀਆ ਬਾਂਧੀ ਦੇਹ  

Kabeer, the body is a pile of dust, collected and packed together.  

ਕਬੀਰ ਮਿੱਟੀ ਇਕੱਠੀ ਕਰਕੇ, ਸੁਆਮੀ ਨੇ ਸਰੀਰ ਨੂੰ ਹਕੀਮ ਦੀ ਪੁੜੀ ਦੀ ਮਾਨੰਦ ਬੰਨਿ੍ਹਆ ਹੈ।  

ਧੂਰਿ = ਧੂੜ, ਮਿੱਟੀ। ਸਕੇਲਿ ਕੈ = ਇਕੱਠੀ ਕਰ ਕੇ। ਪੁਰੀਆ = ਨਗਰੀ। ਦੇਹ = ਸਰੀਰ।
ਹੇ ਕਬੀਰ! (ਜਿਵੇਂ) ਮਿੱਟੀ ਇਕੱਠੀ ਕਰ ਕੇ ਇਕ ਨਗਰੀ ਵਸਾਈ ਜਾਂਦੀ ਹੈ ਤਿਵੇਂ (ਪੰਜ ਤੱਤ ਇਕੱਠੇ ਕਰ ਕੇ ਪਰਮਾਤਮਾ ਨੇ) ਇਹ ਸਰੀਰ ਰਚਿਆ ਹੈ।


ਦਿਵਸ ਚਾਰਿ ਕੋ ਪੇਖਨਾ ਅੰਤਿ ਖੇਹ ਕੀ ਖੇਹ ॥੧੭੮॥  

It is a show which lasts for only a few days, and then dust returns to dust. ||178||  

ਇਹ ਕੇਵਲ ਚਾਰ ਦਿਹਾੜਿਆਂ ਦਾ ਨਜਾਰਾ ਹੈ। ਅਖੀਰ ਨੂੰ ਮਿੱਟੀ ਨੇ ਮਿੱਟੀ ਹੀ ਹੋ ਜਾਣਾ ਹੈ।  

ਕੋ = ਦਾ। ਪੇਖਨਾ = ਵੇਖਣ ਨੂੰ ਸੁੰਦਰ। ਅੰਤਿ = ਆਖ਼ਰ ਨੂੰ। ਖੇਹ ਕੀ ਖੇਹ = ਮਿੱਟੀ ਤੋਂ ਪੈਦਾ ਹੋਈ ਫਿਰ ਮਿੱਟੀ ਵਿਚ ਹੀ ਜਾ ਰਲੀ ॥੧੭੮॥
ਵੇਖਣ ਨੂੰ ਚਾਰ ਦਿਨ ਸੋਹਣਾ ਲੱਗਦਾ ਹੈ, ਪਰ ਆਖ਼ਰ ਜਿਸ ਮਿੱਟੀ ਤੋਂ ਬਣਿਆ ਉਸ ਮਿੱਟੀ ਵਿਚ ਹੀ ਰਲ ਜਾਂਦਾ ਹੈ ॥੧੭੮॥


ਕਬੀਰ ਸੂਰਜ ਚਾਂਦ ਕੈ ਉਦੈ ਭਈ ਸਭ ਦੇਹ  

Kabeer, bodies are like the rising and setting of the sun and the moon.  

ਕਬੀਰ, ਸਾਰੇ ਸਰੀਰ ਸੂਰਜ ਅਤੇ ਚੰਨ ਦੇ ਚੜ੍ਹਨ ਅਤੇ ਡੁਬਣ ਦੀ ਮਾਨੰਦ ਹਨ।  

ਸੂਰਜ ਚਾਂਦ ਕੈ ਉਦੈ = ਸੂਰਜ ਅਤੇ ਚੰਦ੍ਰਮਾ ਦੇ ਪ੍ਰਕਾਸ਼ ਦੀ ਖ਼ਾਤਰ।
ਹੇ ਕਬੀਰ! (ਪੰਜਾਂ ਤੱਤਾਂ ਤੋਂ ਇਹ) ਸਰੀਰ-ਰਚਨਾ ਇਸ ਵਾਸਤੇ ਹੋਈ ਹੈ ਕਿ ਇਸ ਵਿਚ ਸੂਰਜ ਅਤੇ ਚੰਦ੍ਰਮਾ ਦਾ ਉਦੈ ਹੋਵੇ (ਭਾਵ, ਨਰਮ-ਦਿਲੀ ਅਤੇ ਸੀਤਲਤਾ ਪੈਦਾ ਹੋਣ, ਪਰ ਇਹ ਗੁਣ ਤਾਂ ਪੈਦਾ ਹੋ ਸਕਦੇ ਹਨ ਜੇ ਗੁਰੂ ਮਿਲੇ ਤੇ ਗੁਰੂ ਦੀ ਰਾਹੀਂ ਗੋਬਿੰਦ ਦੇ ਚਰਨਾਂ ਵਿਚ ਜੁੜੀਏ)।


ਗੁਰ ਗੋਬਿੰਦ ਕੇ ਬਿਨੁ ਮਿਲੇ ਪਲਟਿ ਭਈ ਸਭ ਖੇਹ ॥੧੭੯॥  

Without meeting the Guru, the Lord of the Universe, they are all reduced to dust again. ||179||  

ਪ੍ਰੰਤੂ ਗੁਰੂ-ਪ੍ਰਮੇਸ਼ਰ ਦੇ ਨਾਲ ਮਿਲਣ ਦੇ ਬਗੈਰ, ਉਹ ਮੁੜ ਕੇ ਸਾਰੇ ਮਿੱਟੀ ਹੋ ਜਾਂਦੇ ਹਨ।  

xxx ॥੧੭੯॥
ਗੁਰੂ ਪਰਮਾਤਮਾ ਦੇ ਮੇਲ ਤੋਂ ਬਿਨਾ ਇਹ ਸਰੀਰ ਮੁੜ ਮਿੱਟੀ ਦਾ ਮਿੱਟੀ ਹੀ ਹੋ ਜਾਂਦਾ ਹੈ (ਭਾਵ, ਇਹ ਮਨੁੱਖਾ ਸਰੀਰ ਬਿਲਕੁਲ ਵਿਅਰਥ ਹੀ ਚਲਾ ਜਾਂਦਾ ਹੈ) ॥੧੭੯॥


ਜਹ ਅਨਭਉ ਤਹ ਭੈ ਨਹੀ ਜਹ ਭਉ ਤਹ ਹਰਿ ਨਾਹਿ  

Where the Fearless Lord is, there is no fear; where there is fear, the Lord is not there.  

ਜਿਥੇ ਨਿੱਡਰ ਪ੍ਰਭੂ ਹੈ, ਉਥੇ ਡਰ ਨਹੀਂ। ਜਿਥੇ ਡਰ ਹੈ ਉਥੇ ਵਾਹਿਗੁਰੂ ਨਹੀਂ।  

ਜਹ = ਜਿਥੇ, ਜਿਸ ਹਿਰਦੇ ਵਿਚ। ਅਨਭਉ = ਅੰਦਰਲੀ ਸੂਝ, ਗਿਆਨ, ਜ਼ਿੰਦਗੀ ਦੇ ਸਹੀ ਰਸਤੇ ਦੀ ਸਮਝ। ਭੈ = ਦੁਨੀਆ ਵਾਲੇ ਡਰ-ਫ਼ਿਕਰ। ਭਉ = ਸਹਿਮ, ਸੰਸਾ।
ਜਿਸ ਹਿਰਦੇ ਵਿਚ ਜ਼ਿੰਦਗੀ ਦੇ ਸਹੀ ਰਸਤੇ ਦੀ ਸਮਝ ਪੈਦਾ ਹੋ ਜਾਂਦੀ ਹੈ, ਉਥੇ (ਦਾਝਨ, ਸੰਸਾ, ਕਠੋਰਤਾ ਆਦਿਕ) ਕੋਈ ਖ਼ਤਰੇ ਨਹੀਂ ਰਹਿ ਜਾਂਦੇ। ਪਰ ਜਿਸ ਹਿਰਦੇ ਵਿਚ ਅਜੇ (ਸ਼ਾਂਤ ਜੀਵਨ ਨੂੰ ਭੁਲਾ ਦੇਣ ਲਈ ਖਿੱਝ, ਸਹਿਮ, ਬੇ-ਰਹਿਮੀ ਆਦਿਕ ਕੋਈ) ਡਰ ਮੌਜੂਦ ਹੈ, ਉਥੇ ਪਰਮਾਤਮਾ ਦਾ ਨਿਵਾਸ ਨਹੀਂ ਹੋਇਆ


ਕਹਿਓ ਕਬੀਰ ਬਿਚਾਰਿ ਕੈ ਸੰਤ ਸੁਨਹੁ ਮਨ ਮਾਹਿ ॥੧੮੦॥  

Kabeer speaks after careful consideration; hear this, O Saints, in your minds. ||180||  

ਆਪਣੇ ਚਿੱਤ ਅੰਦਰ ਇਸ ਨੂੰ ਸੋਚ ਵੀਚਾਰ ਕੇ, ਕਬੀਰ ਇਸ ਤਰ੍ਹਾਂ ਆਖਦਾ ਹੈ। ਹੇ ਸਾਧੂਓ! ਤੁਸੀਂ ਸ੍ਰਵਨ ਕਰੋ।  

ਸੁਨਹੁ ਮਨ ਮਾਹਿ = ਮਨ ਲਾ ਕੇ ਸੁਣੋ, ਧਿਆਨ ਨਾਲ ਸੁਣੋ ॥੧੮੦॥
ਮੈਂ ਕਬੀਰ ਇਹ ਗੱਲ ਵਿਚਾਰ ਕੇ ਆਖ ਰਿਹਾ ਹਾਂ। ਹੇ ਸੰਤ ਜਨੋ! ਧਿਆਨ ਲਾ ਕੇ ਸੁਣੋ ॥੧੮੦॥


ਕਬੀਰ ਜਿਨਹੁ ਕਿਛੂ ਜਾਨਿਆ ਨਹੀ ਤਿਨ ਸੁਖ ਨੀਦ ਬਿਹਾਇ  

Kabeer, those who do not know anything, pass their lives in peaceful sleep.  

ਕਬੀਰ, ਜੋ ਕੁਝ ਭੀ ਜਾਣਦੇ ਨਹੀਂ, ਉਹ ਆਰਾਮ ਦੀ ਨੀਦਰ ਅੰਦਰ ਆਪਣਾ ਸਮਾਂ ਬਤੀਤ ਕਰਦੇ ਹਨ।  

ਤਿਨ ਬਿਹਾਇ = ਉਹਨਾਂ ਦੀ ਉਮਰ ਗੁਜ਼ਰਦੀ ਹੈ। ਸੁਖ ਨੀਦ = (ਸੰਸੇ ਸਹਿਮਾਂ ਵਿਚ ਪਏ ਰਿਹਾਂ ਭੀ) ਗ਼ਫਲਤ ਦੀ ਨੀਂਦਰ, ਬੇ-ਪਰਵਾਹੀ ਵਿਚ।
ਹੇ ਕਬੀਰ! ਜਿਨ੍ਹਾਂ ਲੋਕਾਂ ਨੇ (ਜੀਵਨ ਦੇ ਇਸ ਭੇਤ ਨੂੰ) ਰਤਾ ਭੀ ਨਹੀਂ ਸਮਝਿਆ, ਉਹ (ਇਸ ਦਾਝਨ, ਸੰਸੇ, ਕਠੋਰਤਾ ਆਦਿਕ ਵਿਚ ਵਿਲਕਦੇ ਹੋਏ ਭੀ) ਬੇ-ਪਰਵਾਹੀ ਨਾਲ ਉਮਰ ਗੁਜ਼ਾਰ ਰਹੇ ਹਨ ;


ਹਮਹੁ ਜੁ ਬੂਝਾ ਬੂਝਨਾ ਪੂਰੀ ਪਰੀ ਬਲਾਇ ॥੧੮੧॥  

But I have understood the riddle; I am faced with all sorts of troubles. ||181||  

ਮੈ, ਜਿਸਨੇ ਬੁਝਾਰਤ ਬੁਝ ਲਈ ਹੈ, ਮੈਨੂੰ ਹੁਣ ਮੁਕੰਮਲ ਆਫਤ ਪੈ ਗਈ ਹੈ।  

ਬੂਝਾ = ਸਮਝ ਲਿਆ। ਬੂਝਨਾ = ਸਮਝਣ-ਯੋਗ ਗੱਲ ਕਿ "ਜਹ ਅਨਭਉ ਤਹ ਭੈ ਨਹੀ, ਜਹ ਭਉ ਤਹ ਹਰਿ ਨਾਹਿ'। ਪੂਰੀ ਪਰੀ ਬਲਾਇ = ਪੂਰੀ ਬਲਾਇ ਗਲ ਵਿਚ ਪੈ ਗਈ ਹੈ, ਜਗਤ ਦੇ ਸੰਸਿਆਂ ਦਾ ਟਾਕਰਾ ਕਰਨ ਦੀ ਔਖੀ ਕਾਰ ਕਦੇ ਵਿਸਰਦੀ ਹੀ ਨਹੀਂ। (ਨੋਟ: ਇਥੇ ਇਹ ਭਾਵ ਨਹੀਂ ਕਿ ਕਬੀਰ ਜੀ ਇਸ ਰਾਹੇ ਤੁਰਨ ਨੂੰ ਪਸੰਦ ਨਹੀਂ ਕਰਦੇ। ਕਬੀਰ ਜੀ ਆਖਦੇ ਹਨ ਕਿ ਲੋਕ ਤਾਂ ਇਹਨਾਂ ਕਾਮਾਦਿਕਾਂ ਦੀਆਂ ਸੱਟਾਂ ਖਾਂਦੇ ਹੋਏ ਤੇ 'ਹਾਇ ਹਾਇ' ਕਰਦੇ ਹੋਏ ਭੀ ਬੇ-ਪਰਵਾਹ ਬਣ ਰਹੇ ਹਨ; ਪਰ ਮੈਂ ਦਿਨ-ਰਾਤ ਇਹਨਾਂ ਦਾ ਟਾਕਰਾ ਕਰ ਰਿਹਾ ਹਾਂ, ਉਂਞ ਇਹ ਕੰਮ ਬੜਾ ਹੀ ਔਖਾ ਹੈ) ॥੧੮੧॥
ਪਰ ('ਗੁਰ ਗੋਬਿੰਦ' ਦੀ ਮੇਹਰ ਨਾਲ) ਮੈਂ ਇਹ ਗੱਲ ਸਮਝ ਲਈ ਹੈ ਕਿ 'ਜਹ ਅਨਭਉ ਤਹ ਭੈ ਨਹੀ, ਜਹ ਭਉ ਤਹ ਹਰਿ ਨਾਹਿ'; ਮੈਨੂੰ ਇਹ ਗੱਲ ਕਿਸੇ ਵੇਲੇ ਭੀ ਵਿਸਰਦੀ ਨਹੀਂ ॥੧੮੧॥


ਕਬੀਰ ਮਾਰੇ ਬਹੁਤੁ ਪੁਕਾਰਿਆ ਪੀਰ ਪੁਕਾਰੈ ਅਉਰ  

Kabeer, those who are beaten cry a lot; but the cries of the pain of separation are different.  

ਕਬੀਰ, ਮਾੜੇ ਮਨੁਸ਼ ਘਣਾ ਰੋਂਦੇ ਹਨ, ਪ੍ਰੰਤੂ ਵਖਰਾ ਹੀ ਹੈ ਰੋਣਾ ਸੰਤਾਂ ਦਾ।  

ਮਾਰੇ = ਜਿਸ ਨੂੰ ('ਦਾਝਨ ਸੰਸਾ' ਆਦਿਕ ਦੀ) ਮਾਰ ਪੈਂਦੀ ਹੈ। ਬਹੁਤ ਪੁਕਾਰਿਆ = ਉਹ ਬਹੁਤ ਹਾਹਾਕਾਰ ਕਰਦਾ ਹੈ, ਬਹੁਤ ਦੁਖੀ ਹੁੰਦਾ ਹੈ। ਪੀਰ = ਸੱਟ, ਪੀੜ। ਪੀਰ ਪੁਕਾਰੈ ਅਉਰ = ਜਿਉਂ ਜਿਉਂ ('ਦਾਝਨ ਸੰਸੇ' ਆਦਿਕ ਦੀ) ਪੀੜ ਉੱਠਦੀ ਹੈ ਤਿਉਂ ਤਿਉਂ ਹੋਰ ਪੁਕਾਰਦਾ ਹੈ ਹੋਰ ਦੁਖੀ ਹੁੰਦਾ ਹੈ।
ਹੇ ਕਬੀਰ! ਜਿਸ ਮਨੁੱਖ ਨੂੰ ('ਦਾਝਨ ਸੰਸੇ' ਆਦਿਕ ਦੀ) ਮਾਰ ਪੈਂਦੀ ਹੈ, ਉਹ ਬਹੁਤ ਹਾਹਾਕਾਰ ਕਰਦਾ ਹੈ, ਜਿਉਂ ਜਿਉਂ ਉਹ ਪੀੜ ਉਠਦੀ ਹੈ ਤਿਉਂ ਤਿਉਂ ਹੋਰ ਦੁਖੀ ਹੁੰਦਾ ਹੈ (ਪਰ ਫਿਰ ਭੀ ਮਾਇਆ ਦਾ ਖਹਿੜਾ ਨਹੀਂ ਛੱਡਦਾ)।


ਲਾਗੀ ਚੋਟ ਮਰੰਮ ਕੀ ਰਹਿਓ ਕਬੀਰਾ ਠਉਰ ॥੧੮੨॥  

Struck by the Mystery of God, Kabeer remains silent. ||182||  

ਗੁਝੇ ਅੰਗ ਤੇ ਹਰੀ ਦੇ ਪ੍ਰੇਮ ਦੀ ਸੱਟ ਲੱਗਣ ਨਾਲ ਕਬੀਰ ਉਸੇ ਥਾਂ ਡਿਗ ਪਿਆ।  

ਚੋਟ = ਸ਼ਬਦ ਦੀ ਚੋਟ। ਮਰੰਮ ਕੀ = ਦਿਲ ਨੂੰ ਵਿੰਨ੍ਹਣ ਵਾਲੀ। ਰਹਿਓ ਠਉਰ = ਥਾਂ ਤੇ ਹੀ ਰਹਿ ਗਿਆ ਹਾਂ, ਪੁਕਾਰ-ਯੋਗਾ ਰਿਹਾ ਹੀ ਨਹੀਂ, ਨਾਹ 'ਦਾਝਨ ਸੰਸੇ' ਆਦਿਕ ਮਾਰਦੇ ਹਨ ਤੇ ਨਾਹ ਮੈਂ ਪੁਕਾਰਦਾ ਹਾਂ ॥੧੮੨॥
ਮੈਨੂੰ ਕਬੀਰ ਨੂੰ ਗੁਰੂ ਦੇ ਸ਼ਬਦ ਦੀ ਚੋਟ ਵੱਜੀ ਹੈ ਜਿਸ ਨੇ ਮੇਰਾ ਦਿਲ ਵਿੰਨ੍ਹ ਲਿਆ ਹੈ, ਹੁਣ ਮੈਂ ਥਾਂ ਸਿਰ (ਭਾਵ, ਪ੍ਰਭੂ-ਚਰਨਾਂ ਵਿਚ) ਟਿਕ ਗਿਆ ਹਾਂ। (ਮੈਨੂੰ ਇਹ ਦਾਝਨ ਸੰਸਾ ਆਦਿਕ ਦੁਖੀ ਕਰ ਹੀ ਨਹੀਂ ਸਕਦੇ) ॥੧੮੨॥


ਕਬੀਰ ਚੋਟ ਸੁਹੇਲੀ ਸੇਲ ਕੀ ਲਾਗਤ ਲੇਇ ਉਸਾਸ  

Kabeer, the stroke of a lance is easy to bear; it takes away the breath.  

ਕਬੀਰ, ਸੁਭਾਇਮਾਨ ਹੈ ਸੱਟ ਸੇਲੇ ਦੀ। ਇਹ ਲਗਦੇ ਸਾਰ ਹੀ ਸਾਹ ਖਿੱਚ ਲੈਂਦੀ ਹੈ।  

ਸੇਲ = ਨੇਜ਼ਾ, ਗੁਰੂ ਦਾ ਸ਼ਬਦ-ਰੂਪ ਨੇਜ਼ਾ। ਸੁਹੇਲੀ = ਸੁਖ ਦੇਣ ਵਾਲੀ (ਨੋਟ: 'ਦਾਝਨ ਸੰਸੇ' ਆਦਿਕ ਦੀ ਚੋਟ ਤਾਂ ਦੁਖੀ ਕਰਦੀ ਹੈ, ਪਰ ਗੁਰੂ ਦੇ ਸ਼ਬਦ-ਰੂਪ ਨੇਜ਼ੇ ਦੀ ਚੋਟ ਸੁਖ ਅਪੜਾਂਦੀ ਹੈ)। ਲੇਇ ਉਸਾਸ = ਉੱਭੇ ਸਾਹ ਲੈਂਦਾ ਹੈ, ਪ੍ਰਭੂ ਨੂੰ ਮਿਲਣ ਦੀ ਤਾਂਘ ਪੈਦਾ ਹੁੰਦੀ ਹੈ।
ਹੇ ਕਬੀਰ! ਗੁਰੂ ਦੇ ਸ਼ਬਦ-ਰੂਪ ਨੇਜ਼ੇ ਦੀ ਸੱਟ ਹੈ ਭੀ ਸੁਖਦਾਈ। ਜਿਸ ਮਨੁੱਖ ਨੂੰ ਇਹ ਸੱਟ ਵੱਜਦੀ ਹੈ (ਬਿਰਹਣੀ ਨਾਰਿ ਵਾਂਗ ਉਸ ਦੇ ਅੰਦਰ) ਪਤੀ-ਪ੍ਰਭੂ ਨੂੰ ਮਿਲਣ ਦੀ ਤਾਂਘ ਪੈਦਾ ਹੋ ਜਾਂਦੀ ਹੈ।


ਚੋਟ ਸਹਾਰੈ ਸਬਦ ਕੀ ਤਾਸੁ ਗੁਰੂ ਮੈ ਦਾਸ ॥੧੮੩॥  

But one who endures the stroke of the Word of the Shabad is the Guru, and I am his slave. ||183||  

ਜੋ ਗੁਰਾਂ ਦੀ ਬਾਣੀ ਦੀ ਸੱਟ ਨੂੰ ਬਰਦਾਸ਼ਤ ਕਰਦਾ ਹੈ, ਉਹ ਗੁਰੂ ਹੈ ਅਤੇ ਮੈਂ ਉਸ ਦਾ ਗੋਲਾ।  

xxx ੧੮ ॥੧੮੩॥
ਜੋ (ਭਾਗਾਂ ਵਾਲਾ) ਮਨੁੱਖ ਗੁਰ-ਸ਼ਬਦ ਦੀ ਚੋਟ ਖਾਂਦਾ ਰਹਿੰਦਾ ਹੈ, ਉਸ ਪੂਜਣ-ਜੋਗ ਮਨੁੱਖ ਦਾ ਮੈਂ (ਹਰ ਵੇਲੇ) ਦਾਸ (ਬਣਨ ਨੂੰ ਤਿਆਰ) ਹਾਂ ॥੧੮੩॥


ਕਬੀਰ ਮੁਲਾਂ ਮੁਨਾਰੇ ਕਿਆ ਚਢਹਿ ਸਾਂਈ ਬਹਰਾ ਹੋਇ  

Kabeer: O Mullah, why do you climb to the top of the minaret? The Lord is not hard of hearing.  

ਕਬੀਰ, ਮੁਲ੍ਹਾ ਬੁਰਜ ਤੇ ਕਿਉਂ ਚੜ੍ਹਦਾ ਹੈ (ਉਚੀ ਆਵਾਜ਼ ਕਰਨ ਲਈ)? ਸੁਆਮੀ ਕੋਈ ਬੋਲਾ ਤਾਂ ਨਹੀਂ।  

ਮੁਲਾਂ = ਹੇ ਮੁੱਲਾਂ! ਕਿਆ ਚਢਹਿ = ਚੜ੍ਹਨ ਦਾ ਕੋਈ ਫ਼ਾਇਦਾ ਨਹੀਂ। ਮੁਨਾਰੇ ਕਿਆ ਚਢਹਿ = ਮੁਨਾਰੇ ਉਤੇ ਚੜ੍ਹਨ ਦਾ ਤੈਨੂੰ ਆਪ ਨੂੰ ਕੋਈ ਲਾਭ ਨਹੀਂ, ਬਾਂਗ ਦੇਣ ਦਾ ਤੈਨੂੰ ਆਪ ਨੂੰ ਕੋਈ ਫ਼ਾਇਦਾ ਨਹੀਂ। ਬਹਰਾ = ਬੋਲਾ (ਨੋਟ: ਬੋਲੇ ਨੂੰ ਉੱਚੀ ਕੂਕ ਕੇ ਆਦਰ-ਪਿਆਰ ਦੀ ਗੱਲ ਆਖ ਕੇ, ਪਰ ਹੌਲੀ ਹੌਲੀ ਗਾਲ੍ਹਾਂ ਕੱਢ ਕੇ ਠੱਗ ਸਕੀਦਾ ਹੈ, ਪਰ ਰੱਬ ਤਾਂ ਦਿਲ ਦੀ ਹਾਲਤ ਭੀ ਸਮਝਦਾ ਹੈ, ਉਹ ਨਹੀਂ ਠੱਗਿਆ ਜਾ ਸਕਦਾ)।
ਹੇ ਕਬੀਰ! ਹੇ ਮੁੱਲਾਂ! ਮਸਜਿਦ ਦੇ ਮੁਨਾਰੇ ਉਤੇ ਚੜ੍ਹਨ ਦਾ ਤੈਨੂੰ ਆਪ ਨੂੰ ਤਾਂ ਕੋਈ ਫ਼ਾਇਦਾ ਨਹੀਂ ਹੋ ਰਿਹਾ। ਖ਼ੁਦਾ ਬੋਲਾ ਨਹੀਂ (ਉਹ ਤੇਰੇ ਦਿਲ ਦੀ ਹਾਲਤ ਭੀ ਜਾਣਦਾ ਹੈ, ਉਸ ਨੂੰ ਠੱਗਿਆ ਨਹੀਂ ਜਾ ਸਕਦਾ)।


ਜਾ ਕਾਰਨਿ ਤੂੰ ਬਾਂਗ ਦੇਹਿ ਦਿਲ ਹੀ ਭੀਤਰਿ ਜੋਇ ॥੧੮੪॥  

Look within your own heart for the One, for whose sake you shout your prayers. ||184||  

ਜਿਸ ਦੀ ਖਾਤਰ ਤੂੰ ਨਮਾਜ ਦਾ ਸੱਦਾ ਦਿੰਦਾ ਹੈ, ਉਹ ਤੇਰੇ ਹਿਰਦੇ ਅੰਦਰ ਹੈ।  

ਜਾ ਕਾਰਨਿ = ਜਿਸ ਰੱਬ ਦੀ ਨਮਾਜ਼ ਦੀ ਖ਼ਾਤਰ। ਜੋਇ = ਵੇਖ, ਢੂੰਢ ॥੧੮੪॥
ਜਿਸ (ਰੱਬ ਦੀ ਨਮਾਜ਼) ਦੀ ਖ਼ਾਤਰ ਤੂੰ ਬਾਂਗ ਦੇ ਰਿਹਾ ਹੈਂ, ਉਸ ਨੂੰ ਆਪਣੇ ਦਿਲ ਵਿਚ ਵੇਖ (ਤੇਰੇ ਅੰਦਰ ਹੀ ਵੱਸਦਾ ਹੈ। ਤੇਰੇ ਆਪਣੇ, ਅੰਦਰ ਸ਼ਾਂਤੀ ਨਹੀਂ, ਸਿਰਫ਼ ਲੋਕਾਂ ਨੂੰ ਹੀ ਸੱਦ ਰਿਹਾ ਹੈਂ) ॥੧੮੪॥


ਸੇਖ ਸਬੂਰੀ ਬਾਹਰਾ ਕਿਆ ਹਜ ਕਾਬੇ ਜਾਇ  

Why does the Shaykh bother to go on pilgrimage to Mecca, if he is not content with himself?  

ਸ਼ੇਖ ਜੋ ਸਬਰ ਸਿਦਕ ਤੋਂ ਸੱਖਣਾ ਹੈ, ਉਹ ਕਿਉਂ ਮੱਕੇ ਦੀ ਯਾਤਰਾ ਲਈ ਜਾਂਦਾ ਹੈ।  

ਸਬੂਰੀ = ਸੰਤੋਖ।
ਹੇ ਸ਼ੇਖ! ਜੇ ਤੇਰੇ ਆਪਣੇ ਅੰਦਰ ਸੰਤੋਖ ਨਹੀਂ ਹੈ, ਤਾਂ ਕਾਬੇ ਦਾ ਹੱਜ ਕਰਨ ਲਈ ਜਾਣ ਦਾ ਕੋਈ ਲਾਭ ਨਹੀਂ ਹੈ;


ਕਬੀਰ ਜਾ ਕੀ ਦਿਲ ਸਾਬਤਿ ਨਹੀ ਤਾ ਕਉ ਕਹਾਂ ਖੁਦਾਇ ॥੧੮੫॥  

Kabeer, one whose heart is not healthy and whole - how can he attain his Lord? ||185||  

ਜਿਸ ਦਾ ਮਨ ਮੁਕੰਮਲ ਨਹੀਂ, ਉਹ ਆਪਣੇ ਹਰੀ ਨੂੰ ਕਿਸ ਤਰ੍ਹਾਂ ਪਾ ਸਕਦਾ ਹੈ?  

ਦਿਲ ਸਾਬਤਿ = ਦਿਲ ਦੀ ਸਾਬਤੀ, ਦਿਲ ਦੀ ਸ਼ਾਂਤੀ, ਅਡੋਲਤਾ। ਤਾ ਕਉ = ਉਸ ਦੇ ਭਾਣੇ। ਕਹਾ ਖੁਦਾਇ = ਰੱਬ ਕਿਤੇ ਭੀ ਨਹੀਂ ॥੧੮੫॥
ਕਿਉਂਕਿ, ਹੇ ਕਬੀਰ! ਜਿਸ ਮਨੁੱਖ ਦੇ ਆਪਣੇ ਦਿਲ ਵਿਚ ਸ਼ਾਂਤੀ ਨਹੀਂ ਆਈ, ਉਸ ਦੇ ਭਾਣੇ ਰੱਬ ਕਿਤੇ ਭੀ ਨਹੀਂ ਹੈ ॥੧੮੫॥


ਕਬੀਰ ਅਲਹ ਕੀ ਕਰਿ ਬੰਦਗੀ ਜਿਹ ਸਿਮਰਤ ਦੁਖੁ ਜਾਇ  

Kabeer, worship the Lord Allah; meditating in remembrance on Him, troubles and pains depart.  

ਕਬੀਰ, ਤੂੰ ਆਪਣੇ ਵਾਹਿਗੁਰੂ ਦਾ ਆਰਾਧਨ ਕਰ, ਜਿਸ ਦਾ ਭਜਨ ਕਰਨ ਦੁਆਰਾ ਦੁਖੜੇ ਦੂਰ ਹੋ ਜਾਂਦੇ ਹਨ।  

xxx
ਹੇ ਕਬੀਰ! ਰੱਬ ਦੀ ਬੰਦਗੀ ਕਰ, ਬੰਦਗੀ ਕੀਤਿਆਂ ਹੀ ਦਿਲ ਦਾ ਵਿਕਾਰ ਦੂਰ ਹੁੰਦਾ ਹੈ,


ਦਿਲ ਮਹਿ ਸਾਂਈ ਪਰਗਟੈ ਬੁਝੈ ਬਲੰਤੀ ਨਾਂਇ ॥੧੮੬॥  

The Lord shall be revealed within your own heart, and the burning fire within shall be extinguished by His Name. ||186||  

ਸੁਆਮੀ ਤੇਰੇ ਰਿਦੇ ਅੰਦਰ ਪਰਤੱਖ ਪ੍ਰਕਾਸ਼ਵਾਨ ਹੋ ਜਾਵੇਗਾ ਅਤੇ ਤੇਰੀ ਬਲਦੀ ਹੋਈ ਅੱਗ ਬੁਝ ਜਾਵੇਗੀ।  

ਬਲੰਤੀ = ਬਲਦੀ ਅੱਗ, ਤ੍ਰਿਸ਼ਨਾ ਦੀ ਬਲਦੀ ਅੱਗ। ਨਾਂਇ = ਨਾਮ ਦੀ ਰਾਹੀਂ ॥੧੮੬॥
ਦਿਲ ਵਿਚ ਰੱਬ ਦਾ ਜ਼ਹੂਰ ਹੁੰਦਾ ਹੈ, ਅਤੇ ਇਸ ਬੰਦਗੀ ਦੀ ਬਰਕਤਿ ਨਾਲ ਲਾਲਚ ਦੀ ਬਲਦੀ ਅੱਗ ਦਿਲ ਵਿਚੋਂ ਬੁੱਝ ਜਾਂਦੀ ਹੈ ॥੧੮੬॥


ਕਬੀਰ ਜੋਰੀ ਕੀਏ ਜੁਲਮੁ ਹੈ ਕਹਤਾ ਨਾਉ ਹਲਾਲੁ  

Kabeer, to use force is tyranny, even if you call it legal.  

ਕਬੀਰ, ਜਬਰਦਸਤੀ ਕਰਨਾ ਅਤਿਆਚਾਰ ਹੈ, ਭਾਵੇਂ ਤੂੰ ਇਸ ਨੂੰ ਕਾਨੂੰਨਣ ਜਾਇਜ਼ ਆਖਦਾ ਹੈ।  

ਜੋਰੀ ਕੀਏ = ਧੱਕਾ ਕੀਤਿਆਂ। ਹਲਾਲੁ = ਜਾਇਜ਼, ਭੇਟਾ ਕਰਨ-ਯੋਗ, ਰੱਬ ਦੇ ਨਾਮ ਤੇ ਕੁਰਬਾਨੀ ਦੇਣ ਦੇ ਲਾਇਕ।
ਹੇ ਕਬੀਰ! (ਮੁੱਲਾਂ ਨੂੰ ਦੱਸ ਕਿ) ਕਿਸੇ ਉਤੇ ਧੱਕਾ ਕਰਨਾ ਜ਼ੁਲਮ ਹੈ, (ਤੂੰ ਜਾਨਵਰ ਨੂੰ ਫੜ ਕੇ ਬਿਸਮਿੱਲਾ ਆਖ ਕੇ ਜ਼ਬਹ ਕਰਦਾ ਹੈਂ ਅਤੇ) ਤੂੰ ਆਖਦਾ ਹੈਂ ਕਿ ਇਹ (ਜ਼ਬਹ ਕੀਤਾ ਜਾਨਵਰ) ਰੱਬ ਦੇ ਨਾਮ ਤੇ ਕੁਰਬਾਨੀ ਦੇਣ ਦੇ ਲਾਇਕ ਹੋ ਗਿਆ ਹੈ (ਅਤੇ ਇਸ ਕੁਰਬਾਨੀ ਨਾਲ ਖ਼ੁਦਾ ਤੇਰੇ ਉਤੇ ਖ਼ੁਸ਼ ਹੋ ਗਿਆ ਹੈ); (ਪਰ ਇਹ ਮਾਸ ਤੂੰ ਆਪ ਹੀ ਖਾ ਲੈਂਦਾ ਹੈਂ। ਇਸ ਤਰ੍ਹਾਂ ਪਾਪ ਨਹੀਂ ਬਖ਼ਸ਼ੀਂਦੇ, ਕਦੇ ਸੋਚ ਕਿ)


ਦਫਤਰਿ ਲੇਖਾ ਮਾਂਗੀਐ ਤਬ ਹੋਇਗੋ ਕਉਨੁ ਹਵਾਲੁ ॥੧੮੭॥  

When your account is called for in the Court of the Lord, what will your condition be then? ||187||  

ਜਦ ਸਾਈਂ ਦੇ ਦਫਤਰ ਵਿੱਚ ਤੇਰੇ ਗੋਲੇ ਤੇਰਾ ਹਿਸਾਬ ਕਿਤਾਬ ਮੰਗਿਆ ਗਿਆ, ਤਾਂ ਤੇਰੀ ਕੀ ਹਾਲਤ ਹੋਵੇਗੀ?  

xxx ॥੧੮੭॥
ਜਦੋਂ ਰੱਬ ਦੀ ਦਰਗਾਹ ਵਿਚ ਤੇਰੇ ਅਮਲਾਂ ਦਾ ਹਿਸਾਬ ਹੋਵੇਗਾ ਤਾਂ ਤੇਰਾ ਕੀਹ ਹਾਲ ਹੋਵੇਗਾ ॥੧੮੭॥


ਕਬੀਰ ਖੂਬੁ ਖਾਨਾ ਖੀਚਰੀ ਜਾ ਮਹਿ ਅੰਮ੍ਰਿਤੁ ਲੋਨੁ  

Kabeer, the dinner of beans and rice is excellent, if it is flavored with salt.  

ਕਬੀਰ ਸ਼੍ਰੇਸ਼ਟ ਹੈ ਭੋਜਨ ਖਿਚੜੀ ਦਾ, ਜਿਸ ਵਿੱਚ ਸੁਆਦਲਾ ਨੂਣ ਪਿਆ ਹੋਇਆ ਹੈ।  

ਖੂਬੁ ਖਾਨਾ = ਚੰਗੀ ਖ਼ੁਰਾਕ। ਲੋਨੁ = ਲੂਣ।
ਹੇ ਕਬੀਰ! (ਮੁੱਲਾਂ ਨੂੰ ਬੇਸ਼ੱਕ ਆਖ ਕਿ ਕੁਰਬਾਨੀ ਦੇ ਬਹਾਨੇ ਮਾਸ ਖਾਣ ਨਾਲੋਂ) ਖਿਚੜੀ ਖਾ ਲੈਣੀ ਚੰਗੀ ਹੈ ਜਿਸ ਵਿਚ ਸਿਰਫ਼ ਸੁਆਦਲਾ ਲੂਣ ਹੀ ਪਾਇਆ ਹੋਇਆ ਹੋਵੇ।


ਹੇਰਾ ਰੋਟੀ ਕਾਰਨੇ ਗਲਾ ਕਟਾਵੈ ਕਉਨੁ ॥੧੮੮॥  

Who would cut his throat, to have meat with his bread? ||188||  

ਆਪਣੇ ਟੁੱਕਰ ਨਾਲ ਮਾਸ ਦੀ ਖਾਤਰ ਆਪਣੇ ਗਲੇ ਨੂੰ ਕੌਣ ਵਢਵਾ ਲੈਂਦਾ ਹੈ?  

ਹੇਰਾ = ਮਾਸ। ਕਾਰਨੇ = ਗ਼ਰਜ਼ ਨਾਲ, ਨਿਯਤ ਨਾਲ। ਕਟਾਵੈ ਕਉਨੁ = ਮੈਂ ਕੱਟਣ ਨੂੰ ਤਿਆਰ ਨਹੀਂ ਹਾਂ ॥੧੮੮॥
ਮੈਂ ਤਾਂ ਇਸ ਗੱਲ ਲਈ ਤਿਆਰ ਨਹੀਂ ਹਾਂ ਕਿ ਮਾਸ ਰੋਟੀ ਖਾਣ ਦੀ ਨਿਯਤ ਮੇਰੀ ਆਪਣੀ ਹੋਵੇ ਪਰ (ਕੁਰਬਾਨੀ ਦਾ ਹੋਕਾ ਦੇ ਦੇ ਕੇ ਕਿਸੇ ਪਸ਼ੂ ਨੂੰ) ਜ਼ਬਹ ਕਰਦਾ ਫਿਰਾਂ ॥੧੮੮॥


ਕਬੀਰ ਗੁਰੁ ਲਾਗਾ ਤਬ ਜਾਨੀਐ ਮਿਟੈ ਮੋਹੁ ਤਨ ਤਾਪ  

Kabeer, one is known to have been touched by the Guru, only when his emotional attachment and physical illnesses are eradicated.  

ਕਬੀਰ, ਕੇਵਲ ਤਾਂ ਹੀ ਗੁਰੂ ਦਿਲ ਤੇ ਅਸਰ ਕਰਦਾ ਹੋਇਆ ਜਾਣਿਆ ਜਾਂਦਾ ਹੈ, ਜੇਕਰ ਬੰਦੇ ਦੀ ਸੰਸਾਰੀ ਮਮਤਾ ਤੇ ਸਰੀਰਕ ਰੰਗ ਮਿਟ ਜਾਣ।  

ਤਬ ਜਾਨੀਐ = ਤਦੋਂ ਜਾਣੋ, ਤਦੋਂ ਹੀ ਇਹ ਸਮਝੋ। ਗੁਰੁ ਲਾਗਾ = ਗੁਰੂ ਪੁੱਕਰਿਆ ਹੈ, ਮਿਲ ਪਿਆ ਹੈ। ਤਨ ਤਾਪ = ਸਰੀਰ ਦੇ ਕਲੇਸ਼, ਸਰੀਰ ਨੂੰ ਸਾੜਨ ਵਾਲੇ ਦੁੱਖ-ਕਲੇਸ਼।
ਹੇ ਕਬੀਰ! (ਜਨੇਊ ਆਦਿਕ ਪਾ ਕੇ ਹਿੰਦੂ ਸਮਝਦਾ ਹੈ ਕਿ ਮੈਂ ਫਲਾਣੇ ਬ੍ਰਾਹਮਣ ਨੂੰ ਆਪਣਾ ਗੁਰੂ ਧਾਰ ਲਿਆ ਹੈ; ਪਰ) ਤਦੋਂ ਸਮਝੋ ਕਿ ਗੁਰੂ ਮਿਲ ਪਿਆ ਹੈ ਜਦੋਂ (ਗੁਰੂ ਧਾਰਨ ਵਾਲੇ ਮਨੁੱਖ ਦੇ ਦਿਲ ਵਿਚੋਂ) ਮਾਇਆ ਦਾ ਮੋਹ ਦੂਰ ਹੋ ਜਾਏ, ਜਦੋਂ ਸਰੀਰ ਨੂੰ ਸਾੜਨ ਵਾਲੇ ਕਲੇਸ਼ ਮਿਟ ਜਾਣ।


ਹਰਖ ਸੋਗ ਦਾਝੈ ਨਹੀ ਤਬ ਹਰਿ ਆਪਹਿ ਆਪਿ ॥੧੮੯॥  

He is not burned by pleasure or pain, and so he becomes the Lord Himself. ||189||  

ਖੁਸ਼ੀ ਅਤੇ ਗਮੀ ਉਸ ਨੂੰ ਸਾੜਦੇ ਨਹੀਂ ਅਤੇ ਤਦ ਉਹ ਖੁਦ ਹੀ ਵਾਹਿਗੁਰੂ ਥੀ ਵੰਞਦਾ ਹੈ।  

ਹਰਖ = ਖ਼ੁਸ਼ੀ। ਸੋਗ = ਚਿੰਤਾ। ਦਾਝੈ ਨਹੀ = ਨਾਹ ਸਾੜੇ। ਆਪਹਿ ਆਪ = ਹਰ ਥਾਂ ਆਪ ਹੀ ਆਪ ਦਿੱਸਦਾ ਹੈ ॥੧੮੯॥
ਜਦੋਂ ਹਰਖ ਸੋਗ ਕੋਈ ਭੀ ਚਿੱਤ ਨੂੰ ਨਾਹ ਸਾੜੇ, ਅਜੇਹੀ ਹਾਲਤ ਵਿਚ ਅੱਪੜਿਆਂ ਹਰ ਥਾਂ ਪਰਮਾਤਮਾ ਆਪ ਹੀ ਆਪ ਦਿੱਸਦਾ ਹੈ ॥੧੮੯॥


ਕਬੀਰ ਰਾਮ ਕਹਨ ਮਹਿ ਭੇਦੁ ਹੈ ਤਾ ਮਹਿ ਏਕੁ ਬਿਚਾਰੁ  

Kabeer, it does make a difference, how you chant the Lord's Name, 'Raam'. This is something to consider.  

ਕਬੀਰ "ਰਾਮ" ਦੀ ਉਪਾਸ਼ਨਾ ਕਰਨ ਵਿੱਚ ਇਕ ਫਰਕ ਹੈ। ਉਸ ਅੰਦਰ ਵਿਚਾਰਨ ਯੋਗ ਇਕ ਨੁਕਤਾ ਹੈ।  

ਭੇਦੁ = ਫ਼ਰਕ। ਏਕੁ ਬਿਚਾਰੁ = ਇਕ ਖ਼ਾਸ ਸਮਝਣ ਵਾਲੀ ਗੱਲ।
ਹੇ ਕਬੀਰ! (ਜਨੇਊ ਦੇ ਕੇ ਬ੍ਰਾਹਮਣ ਰਾਮ ਦੀ ਪੂਜਾ-ਪਾਠ ਦਾ ਉਪਦੇਸ਼ ਭੀ ਕਰਦਾ ਹੈ; ਪਰ) ਰਾਮ ਰਾਮ ਆਖਣ ਵਿਚ ਭੀ ਫ਼ਰਕ ਪੈ ਜਾਂਦਾ ਹੈ, ਇਸ ਵਿਚ ਭੀ ਇਕ ਗੱਲ ਸਮਝਣ ਵਾਲੀ ਹੈ।


ਸੋਈ ਰਾਮੁ ਸਭੈ ਕਹਹਿ ਸੋਈ ਕਉਤਕਹਾਰ ॥੧੯੦॥  

Everyone uses the same word for the son of Dasrath and the Wondrous Lord. ||190||  

ਉਹੀ ਲਫਜ, ਹਰ ਕੋਈ ਦਸਰਥ ਦੇ ਪੁੱਤ੍ਰ ਲਈ ਵਰਤਦਾ ਹੈ ਅਤੇ ਉਹੀ ਲਫਜ ਅਦਭੁਤ ਸੁਆਮੀ ਲਈ।  

ਸਭੈ = ਸਾਰੇ ਜੀਵ। ਸੋਈ = ਉਹੀ ਰਾਮ, ਉਸੇ ਰਾਮ ਨੂੰ। ਕਉਤਕਹਾਰ = ਰਾਸ-ਧਾਰੀਏ ॥੧੯੦॥
ਇਕ ਰਾਮ ਤਾਂ ਉਹ ਹੈ ਜਿਸ ਨੂੰ ਹਰੇਕ ਜੀਵ ਸਿਮਰਦਾ ਹੈ (ਇਹ ਹੈ ਸਰਬ-ਵਿਆਪੀ ਰਾਮ, ਇਸ ਦਾ ਸਿਮਰਨ ਕਰਨਾ ਮਨੁੱਖ ਮਾਤ੍ਰ ਦਾ ਫ਼ਰਜ਼ ਹੈ)। ਪਰ ਇਹੀ ਰਾਮ ਨਾਮ ਰਾਸਧਾਰੀਏ ਭੀ (ਰਾਸਾਂ ਵਿਚ ਸਾਂਗ ਬਣਾ ਬਣਾ ਕੇ) ਲੈਂਦੇ ਹਨ (ਇਹ ਰਾਮ ਅਵਤਾਰੀ ਰਾਮ ਹੈ ਤੇ ਰਾਜਾ ਦਸਰਥ ਦਾ ਪੁੱਤਰ ਹੈ, ਇਹੀ ਮੂਰਤੀ-ਪੂਜਾ ਵਿਅਰਥ ਹੈ) ॥੧੯੦॥


ਕਬੀਰ ਰਾਮੈ ਰਾਮ ਕਹੁ ਕਹਿਬੇ ਮਾਹਿ ਬਿਬੇਕ  

Kabeer, use the word 'Raam', only to speak of the All-pervading Lord. You must make that distinction.  

ਕਬੀਰ, ਤੂੰ ਕੇਵਲ ਉਸ ਨੂੰ ਹੀ 'ਰਾਮ' ਆਖ ਜੋ ਸਰਬ-ਵਿਆਪਕ ਹੈ। ਦੋਨਾ ਦਾ ਜਿਕਰ ਕਰਨ ਲਗਿਆ ਸਾਨੂੰ ਇਨ੍ਹਾਂ ਵਿਚਾਲੇ ਫਰਕ ਤੇ ਵਿਚਾਰ ਕਰ ਲੈਣੀ ਚਾਹੀਦੀ ਹੈ।  

ਰਾਮੈ ਰਾਮ ਕਹੁ = ਹਰ ਵੇਲੇ ਰਾਮ ਦਾ ਨਾਮ ਸਿਮਰ। ਬਿਬੇਕ = ਪਰਖ, ਪਛਾਣ। ਕਹਿਬੇ ਮਾਹਿ = ਆਖਣ ਵਿਚ, ਸਿਮਰਨ ਵਿਚ।
ਹੇ ਕਬੀਰ! ਸਦਾ ਰਾਮ ਦਾ ਨਾਮ ਜਪ, ਪਰ ਜਪਣ ਵੇਲੇ ਇਹ ਗੱਲ ਚੇਤੇ ਰੱਖਣੀ-yy


ਏਕੁ ਅਨੇਕਹਿ ਮਿਲਿ ਗਇਆ ਏਕ ਸਮਾਨਾ ਏਕ ॥੧੯੧॥  

One 'Raam' is pervading everywhere, while the other is contained only in himself. ||191||  

ਇਕ ਰਾਮ-ਵਾਹਿਗੁਰੂ-ਸਾਰਿਆਂ ਅੰਦਰ ਰਮਿਆ ਹੋਇਆ ਹੈ, ਜਦ ਕਿ ਦੂਜਾ (ਰਾਮ ਚੰਦ੍ਰ) ਕੇਵਲ ਆਪਣੇ ਅੰਦਰ ਹੀ ਸਮਾਇਆ ਹੋਇਆ ਹੈ।  

ਅਨੇਕਹਿ = ਅਨੇਕ ਜੀਵਾਂ ਵਿਚ। ਸਮਾਨਾ ਏਕ = ਸਿਰਫ਼ ਇਕ ਸਰੀਰ ਵਿਚ ਟਿਕਿਆ ਹੋਇਆ ਸੀ ॥੧੯੧॥
ਕਿ ਇਕ ਰਾਮ ਤਾਂ ਅਨੇਕਾਂ ਜੀਵਾਂ ਵਿਚ ਵਿਆਪਕ ਹੈ (ਇਸ ਦਾ ਨਾਮ ਜਪਣਾ ਹਰੇਕ ਮਨੁੱਖ ਦਾ ਧਰਮ ਹੈ), ਪਰ ਇਕ ਰਾਮ (ਦਰਸਥ ਦਾ ਪੁੱਤਰ) ਸਿਰਫ਼ ਇਕ ਸਰੀਰ ਵਿਚ ਹੀ ਆਇਆ (ਅਵਤਾਰ ਬਣਿਆ; ਇਸ ਦਾ ਜਾਪ ਕੋਈ ਗੁਣ ਨਹੀਂ ਕਰ ਸਕਦਾ) ॥੧੯੧॥


ਕਬੀਰ ਜਾ ਘਰ ਸਾਧ ਸੇਵੀਅਹਿ ਹਰਿ ਕੀ ਸੇਵਾ ਨਾਹਿ  

Kabeer, those houses in which neither the Holy nor the Lord are served -  

ਕਬੀਰ, ਉਹ ਧਾਮ, ਜਿਨ੍ਹਾਂ ਅੰਦਰ ਸੰਤਾ ਦੀ ਟਹਿਲ ਨਹੀਂ ਹੁੰਦੀ ਅਤੇ ਵਾਹਿਗੁਰੂ ਸਿਮਰਿਆ ਨਹੀਂ ਜਾਂਦਾ,  

ਜਾ ਘਰ = ਜਿਨ੍ਹਾਂ ਘਰਾਂ ਵਿਚ। ਸਾਧ = ਭਲੇ ਮਨੁੱਖ, ਉਹ ਬੰਦੇ ਜਿਨ੍ਹਾਂ ਆਪਣੇ ਮਨ ਨੂੰ ਸਾਧ ਲਿਆ ਹੈ, ਸਤ-ਸੰਗੀ। ਨ ਸੇਵੀਅਹਿ = ਨਹੀਂ ਸੇਵੇ ਜਾਂਦੇ। ਸੇਵਾ = ਪੂਜਾ, ਭਗਤੀ।
ਹੇ ਕਬੀਰ! (ਠਾਕੁਰਾਂ ਦੀ ਪੂਜਾ ਤੇ ਹਰੇਕ ਦਿਨ-ਦਿਹਾਰ ਸਮੇ ਬ੍ਰਾਹਮਣ ਦੀ ਸੇਵਾ-ਬੱਸ! ਇਹ ਹੈ ਸਿੱਖਿਆ ਜੋ ਬ੍ਰਾਹਮਣ ਦੇਵਤਾ ਆਪਣੇ ਸ਼ਰਧਾਲੂਆਂ ਨੂੰ ਦੇ ਰਿਹਾ ਹੈ। ਸ਼ਰਧਾਲੂ ਵਿਚਾਰੇ ਭੀ ਠਾਕੁਰ-ਪੂਜਾ ਤੇ ਬ੍ਰਾਹਮਣ ਦੀ ਸੇਵਾ ਕਰ ਕੇ ਆਪਣੇ ਆਪ ਨੂੰ ਸੁਚੱਜੇ ਤੇ ਸੁੱਚੇ ਹਿੰਦੂ ਸਮਝ ਲੈਂਦੇ ਹਨ; ਪਰ ਅਸਲ ਗੱਲ ਇਹ ਹੈ ਕਿ) ਜਿਨ੍ਹਾਂ ਘਰਾਂ ਵਿਚ ਨੇਕ ਬੰਦਿਆਂ ਦੀ ਸੇਵਾ ਨਹੀਂ ਹੁੰਦੀ, ਤੇ ਪਰਮਾਤਮਾ ਦੀ ਭਗਤੀ ਨਹੀਂ ਕੀਤੀ ਜਾਂਦੀ,


ਤੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹਿ ॥੧੯੨॥  

those houses are like cremation grounds; demons dwell within them. ||192||  

ਉਹ ਧਾਮ ਸ਼ਮਸ਼ਾਨ ਭੂਮੀ ਵਰਗੇ ਹਨ ਅਤੇ ਉਨ੍ਹਾਂ ਅੰਦਰ ਭੂਤਨੇ ਵਸਦੇ ਹਨ।  

ਤੇ ਘਰ = ਉਹ (ਸਾਰੇ) ਘਰ। ਮਰਹਟ = ਮਰਘਟ, ਮਸਾਣ। ਸਾਰਖੇ = ਵਰਗੇ ॥੧੯੨॥
ਉਹ ਘਰ (ਭਾਵੇਂ ਕਿਤਨੇ ਹੀ ਸੁੱਚੇ ਤੇ ਸਾਫ਼ ਰੱਖੇ ਜਾਂਦੇ ਹੋਣ) ਮਸਾਣਾਂ ਵਰਗੇ ਹਨ, ਉਹਨਾਂ ਘਰਾਂ ਵਿਚ (ਮਨੁੱਖ ਨਹੀਂ) ਭੂਤਨੇ ਵੱਸਦੇ ਹਨ ॥੧੯੨॥


ਕਬੀਰ ਗੂੰਗਾ ਹੂਆ ਬਾਵਰਾ ਬਹਰਾ ਹੂਆ ਕਾਨ  

Kabeer, I have become mute, insane and deaf.  

ਕਬੀਰ, ਮੈਂ ਗੁੰਗਾ ਤੇ ਪਗਲਾ ਹੋ ਗਿਆ ਹਾਂ ਤੇ ਕੰਨਾਂ ਤੋਂ ਬੋਲਾ ਵੀ ਗਿਆ ਹਾਂ  

ਗੂੰਗਾ = (ਭਾਵ,) ਜੋ ਆਪਣੀ ਜੀਭ ਨਾਲ ਝੂਠ ਜਾਂ ਮੰਦਾਂ ਬੋਲ ਨਹੀਂ ਬੋਲਦਾ, ਪਰਾਈ ਨਿੰਦਾ ਨਹੀਂ ਕਰਦਾ। ਬਾਵਰਾ = ਕਮਲਾ, ਬੇ-ਸਮਝ। ਬਹਰਾ = ਬੋਲਾ, ਜੋ ਪਰਾਈ ਨਿੰਦਾ ਨਹੀਂ ਸੁਣਦਾ।
ਹੇ ਕਬੀਰ! (ਜਨੇਊ ਪਾ ਕੇ ਬ੍ਰਾਹਮਣ ਨੂੰ ਗੁਰੂ ਧਾਰ ਕੇ, ਠਾਕੁਰ-ਪੂਜਾ ਅਤੇ ਹਰੇਕ ਦਿਨ-ਦਿਹਾਰ ਸਮੇ ਬ੍ਰਾਹਮਣ ਦੀ ਹੀ ਪੂਜਾ-ਸੇਵਾ ਕਰ ਕੇ ਗੁਰੂ ਵਾਲਾ ਨਹੀਂ ਬਣ ਸਕੀਦਾ; ਜਿਸ ਨੂੰ ਸੱਚ-ਮੁੱਚ ਪੂਰਾ ਗੁਰੂ ਮਿਲਦਾ ਹੈ ਉਸ ਦਾ ਸਾਰਾ ਜੀਵਨ ਹੀ ਬਦਲ ਜਾਂਦਾ ਹੈ) ਉਹ (ਦੁਨੀਆ ਦੇ ਭਾਣੇ) ਗੁੰਗਾ, ਕਮਲਾ, ਬੋਲਾ ਹੋ ਜਾਂਦਾ ਹੈ (ਕਿਉਂਕਿ ਉਹ ਮਨੁੱਖ ਮੂੰਹੋਂ ਮੰਦੇ ਬੋਲ ਨਹੀਂ ਬੋਲਦਾ, ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਹੁੰਦੀ, ਕੰਨਾਂ ਨਾਲ ਨਿੰਦਾ ਨਹੀਂ ਸੁਣਦਾ)


ਪਾਵਹੁ ਤੇ ਪਿੰਗੁਲ ਭਇਆ ਮਾਰਿਆ ਸਤਿਗੁਰ ਬਾਨ ॥੧੯੩॥  

I am crippled - the True Guru has pierced me with His Arrow. ||193||  

ਅਤੇ ਪੈਰਾਂ ਤੋਂ ਲੂਲਾ ਹੋ ਗਿਆ ਹਾਂ, ਕਿਉਂ ਜੋ ਸੱਚੇ ਗੁਰਾਂ ਨੇ ਮੈਨੂੰ ਆਪਣੇ ਤੀਰ ਨਾਲ ਵਿੰਨ੍ਹ ਸੁਟਿਆ ਹੈ।  

ਪਿੰਗਲੁ = ਲੂਲ੍ਹਾ। ਪਾਵਹੁ ਤੇ = ਪੈਰਾਂ ਤੋਂ (ਭਾਵ, ਉਹਨੀਂ ਥਾਈਂ ਨਹੀਂ ਜਾਂਦਾ ਜਿਥੇ ਮੰਦੇ ਕੰਮ ਹੁੰਦੇ ਹੋਣ)। ਬਾਨ = ਸ਼ਬਦ ਦਾ ਤੀਰ ॥੧੯੩॥
ਜਿਸ ਮਨੁੱਖ ਦੇ ਹਿਰਦੇ ਵਿਚ ਸਤਿਗੁਰੂ ਆਪਣੇ ਸ਼ਬਦ ਦਾ ਤੀਰ ਮਾਰਦਾ ਹੈ, ਉਹ (ਦੁਨੀਆਂ ਭਾਣੇ) ਲੂਲ੍ਹਾ ਹੋ ਜਾਂਦਾ ਹੈ (ਕਿਉਂਕਿ ਉਹ ਪੈਰਾਂ ਨਾਲ ਮੰਦੇ ਪਾਸੇ ਵੱਲ ਤੁਰ ਕੇ ਨਹੀਂ ਜਾਂਦਾ) ॥੧੯੩॥


ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨੁ ਜੁ ਏਕੁ  

Kabeer, the True Guru, the Spiritual Warrior, has shot me with His Arrow.  

ਕਬੀਰ, ਯੋਧੇ ਸੱਚੇ ਗੁਰਾਂ ਨੇ ਮੈਨੂੰ ਇਕ ਤੀਰ ਮਾਰਿਆ ਹੈ।  

xxx
ਹੇ ਕਬੀਰ! ਜਿਸ ਮਨੁੱਖ ਨੂੰ ਸੂਰਮਾ ਸਤਿਗੁਰੂ ਆਪਣੇ ਸ਼ਬਦ ਦਾ ਇਕ ਤੀਰ ਮਾਰਦਾ ਹੈ,


ਲਾਗਤ ਹੀ ਭੁਇ ਗਿਰਿ ਪਰਿਆ ਪਰਾ ਕਰੇਜੇ ਛੇਕੁ ॥੧੯੪॥  

As soon as it struck me, I fell to the ground, with a hole in my heart. ||194||  

ਇਸਦੇ ਲਗਦਿਆਂ ਸਾਰ ਹੀ ਮੈਂ ਧਰਤੀ ਤੇ ਡਿਗ ਪਿਆ ਅਤੇ ਮੇਰੇ ਦਿਲ ਅੰਦਰ ਮੋਰੀ ਹੋ ਗਈ ਹੈ।  

ਭੁਇ = ਧਰਤੀ ਉੱਤੇ, ਮਿੱਟੀ ਵਿਚ। ਭੁਇ ਗਿਰਿ ਪਰਿਆ = (ਭਾਵ,) ਨਿਰ-ਅਹੰਕਾਰ ਹੋ ਗਿਆ। ਪਰਾ ਕਰੇਜੇ ਛੇਕੁ = ਕਲੇਜੇ ਵਿਚ ਛੇਕ ਹੋ ਗਿਆ, ਹਿਰਦਾ ਸ਼ਬਦ ਨਾਲ ਵਿੱਝ ਗਿਆ, ਹਿਰਦਾ ਪ੍ਰਭੂ-ਚਰਨਾਂ ਨਾਲ ਪ੍ਰੋਤਾ ਗਿਆ। ਸੂਰਮਾ ਸਤਿਗੁਰ = ਉਹ ਗੁਰੂ ਜੋ ਆਪ ਇਹਨਾਂ ਕਾਮਾਦਿਕ ਵੈਰੀਆਂ ਦਾ ਟਾਕਰਾ ਸੂਰਮਿਆਂ ਵਾਂਗ ਕਰ ਸਕਦਾ ਹੈ ਤੇ ਕਰਦਾ ਹੈ ॥੧੯੪॥
ਤੀਰ ਵੱਜਦਿਆਂ ਹੀ ਉਹ ਮਨੁੱਖ ਨਿਰ-ਅਹੰਕਾਰ ਹੋ ਜਾਂਦਾ ਹੈ, ਉਸ ਦਾ ਹਿਰਦਾ ਪ੍ਰਭੂ-ਚਰਨਾਂ ਨਾਲ ਪ੍ਰੋਤਾ ਜਾਂਦਾ ਹੈ ॥੧੯੪॥


ਕਬੀਰ ਨਿਰਮਲ ਬੂੰਦ ਅਕਾਸ ਕੀ ਪਰਿ ਗਈ ਭੂਮਿ ਬਿਕਾਰ  

Kabeer, the pure drop of water falls from the sky, onto the dirty ground.  

ਕਬੀਰ ਅਸਮਾਨ ਦੀ ਪਵਿੱਤਰ ਕਣੀ ਪਲੀਤ ਧਰਤੀ ਤੇ ਡਿਗ ਪਈ ਹੈ।  

ਨਿਰਮਲ = ਸਾਫ਼, ਪਵਿਤ੍ਰ। ਅਕਾਸ ਕੀ ਬੂੰਦ = ਆਕਾਸ਼ਾਂ ਤੋਂ ਪੈਣ ਵਾਲੀ ਮੀਂਹ ਕਣੀ, (ਉੱਚੇ ਮੰਡਲਾਂ ਵਿਚ ਰਹਿਣ ਵਾਲੇ ਪਰਮਾਤਮਾ ਦੀ ਅੰਸ਼)। ਪਰਿ ਗਈ = ਡਿੱਗ ਪਈ। ਭੂਮਿ ਬਿਕਾਰ = ਨਕਾਰੀ ਧਰਤੀ ਵਿਚ।
ਹੇ ਕਬੀਰ! (ਵਰਖਾ ਸਮੇ) ਆਕਾਸ਼ (ਤੋਂ ਮੀਂਹ) ਦੀ ਜੋ ਸਾਫ਼ ਬੂੰਦ ਨਕਾਰੀ ਧਰਤੀ ਵਿਚ ਡਿੱਗ ਪਈ,


        


© SriGranth.org, a Sri Guru Granth Sahib resource, all rights reserved.
See Acknowledgements & Credits