Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਪ੍ਰਭਾਤੀ ਅਸਟਪਦੀਆ ਮਹਲਾ ਬਿਭਾਸ  

Prabhaatee, Ashtapadees, First Mehl, Bibhaas:  

xxx
ਰਾਗ ਪ੍ਰਭਾਤੀ/ਬਿਭਾਗ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।


ਸਤਿਗੁਰ ਪ੍ਰਸਾਦਿ  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਦੁਬਿਧਾ ਬਉਰੀ ਮਨੁ ਬਉਰਾਇਆ  

The insanity of duality has driven the mind insane.  

ਦੁਬਿਧਾ = ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ, ਦੁਚਿੱਤਾ-ਪਨ।
(ਮਾਇਆ ਦੇ ਮੋਹ ਦੇ ਕਾਰਨ ਮਨੁੱਖ ਦੀ ਮੱਤ) ਪਰਮਾਤਮਾ ਤੋਂ ਬਿਨਾ ਹੋਰ ਹੋਰ ਆਸਰੇ ਦੀ ਝਾਕ ਵਿਚ ਕਮਲੀ ਹੋ ਜਾਂਦੀ ਹੈ, ਮਨ (ਭੀ) ਕਮਲਾ ਹੋ ਜਾਂਦਾ ਹੈ।


ਝੂਠੈ ਲਾਲਚਿ ਜਨਮੁ ਗਵਾਇਆ  

In false greed, life is wasting away.  

ਲਾਲਚਿ = ਲਾਲਚ ਦੇ ਕਾਰਨ।
(ਇਸ ਤਰ੍ਹਾਂ) ਝੂਠੇ ਲਾਲਚ ਵਿਚ ਫਸ ਕੇ ਮਨੁੱਖ ਆਪਣਾ ਜੀਵਨ ਜ਼ਾਇਆ ਕਰ ਲੈਂਦਾ ਹੈ।


ਲਪਟਿ ਰਹੀ ਫੁਨਿ ਬੰਧੁ ਪਾਇਆ  

Duality clings to the mind; it cannot be restrained.  

ਲਪਟਿ ਰਹੀ = (ਮਾਇਆ) ਚੰਬੜੀ ਰਹਿੰਦੀ ਹੈ। ਬੰਧੁ = ਰੋਕ, ਰੁਕਾਵਟ।
(ਮਾਇਆ ਇਤਨੀ ਡਾਢੀ ਹੈ ਕਿ ਇਹ ਜੀਵ ਨੂੰ) ਮੁੜ ਮੁੜ ਚੰਬੜਦੀ ਹੈ, ਇਸ ਦੇ ਰਾਹ ਵਿਚ ਕੋਈ ਰੋਕ ਨਹੀਂ ਪੈ ਸਕਦੀ।


ਸਤਿਗੁਰਿ ਰਾਖੇ ਨਾਮੁ ਦ੍ਰਿੜਾਇਆ ॥੧॥  

The True Guru saves us, implanting the Naam, the Name of the Lord within. ||1||  

ਸਤਿਗੁਰਿ = ਗੁਰੂ ਨੇ ॥੧॥
(ਹਾਂ) ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਨੇ ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ, ਉਸ ਨੂੰ ਉਸ ਨੇ (ਮਾਇਆ ਦੇ ਪੰਜੇ ਤੋਂ) ਬਚਾ ਲਿਆ ॥੧॥


ਨਾ ਮਨੁ ਮਰੈ ਮਾਇਆ ਮਰੈ  

Without subduing the mind, Maya cannot be subdued.  

ਨਾ ਮਨੁ ਮਰੈ = ਮਨ ਮਾਇਆ ਦੇ ਮੋਹ ਵਿਚ ਫਸਣੋਂ ਹਟਦਾ ਨਹੀਂ। ਨ ਮਾਇਆ ਮਰੈ = ਮਾਇਆ ਆਪਣਾ ਜ਼ੋਰ ਪਾਣੋਂ ਨਹੀਂ ਹਟਦੀ।
ਮਾਇਆ (ਇਤਨੀ ਪ੍ਰਬਲ ਹੈ ਕਿ ਇਹ ਜੀਵਾਂ ਉਤੇ) ਆਪਣਾ ਜ਼ੋਰ ਪਾਣੋਂ ਨਹੀਂ ਹਟਦੀ, (ਮਨੁੱਖ ਦਾ) ਮਨ (ਕਮਜ਼ੋਰ ਹੈ ਇਹ) ਮਾਇਆ ਦੇ ਮੋਹ ਵਿਚ ਫਸਣੋਂ ਨਹੀਂ ਹਟਦਾ।


ਜਿਨਿ ਕਿਛੁ ਕੀਆ ਸੋਈ ਜਾਣੈ ਸਬਦੁ ਵੀਚਾਰਿ ਭਉ ਸਾਗਰੁ ਤਰੈ ॥੧॥ ਰਹਾਉ  

The One who created this, He alone understands. Contemplating the Word of the Shabad, one is carried across the terrifying world-ocean. ||1||Pause||  

ਜਿਨਿ = ਜਿਸ (ਪਰਮਾਤਮਾ) ਨੇ। ਕਿਛੁ = ਇਹ ਖੇਡ। ਭਉ ਸਾਗਰੁ = ਸੰਸਾਰ-ਸਮੁੰਦਰ ॥੧॥ ਰਹਾਉ ॥
ਜਿਸ ਪਰਮਾਤਮਾ ਨੇ ਇਹ ਖੇਡ ਰਚੀ ਹੈ ਉਹੀ ਜਾਣਦਾ ਹੈ (ਕਿ ਮਾਇਆ ਦੇ ਪ੍ਰਭਾਵ ਤੋਂ ਜੀਵ ਕਿਵੇਂ ਬਚ ਸਕਦਾ ਹੈ)। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਂਦਾ ਹੈ ਉਹ (ਮਾਇਆ ਦੇ ਮੋਹ-ਰੂਪ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੧॥ ਰਹਾਉ ॥


ਮਾਇਆ ਸੰਚਿ ਰਾਜੇ ਅਹੰਕਾਰੀ  

Gathering the wealth of Maya, kings become proud and arrogant.  

ਸੰਚਿ = ਜੋੜ ਜੋੜ ਕੇ, ਇਕੱਠੀ ਕਰ ਕੇ।
ਮਾਇਆ ਇਕੱਠੀ ਕਰ ਕੇ ਰਾਜੇ ਮਾਣ ਕਰਨ ਲੱਗ ਪੈਂਦੇ ਹਨ,


ਮਾਇਆ ਸਾਥਿ ਚਲੈ ਪਿਆਰੀ  

But this Maya that they love so much shall not go along with them in the end.  

xxx
ਪਰ ਉਹਨਾਂ ਦੀ ਉਹ ਪਿਆਰੀ ਮਾਇਆ (ਅੰਤ ਵੇਲੇ) ਉਹਨਾਂ ਦੇ ਨਾਲ ਨਹੀਂ ਜਾਂਦੀ।


ਮਾਇਆ ਮਮਤਾ ਹੈ ਬਹੁ ਰੰਗੀ  

There are so many colors and flavors of attachment to Maya.  

ਮਮਤਾ = ਅਪਣੱਤ, ਆਪਣੀ ਬਣਾਣ ਦੀ ਤਾਂਘ। ਬਹੁ ਰੰਗੀ = ਕਈ ਕਿਸਮਾਂ ਦੀ।
ਮਾਇਆ ਨੂੰ ਆਪਣੀ ਬਣਾਣ ਦੀ ਤਾਂਘ ਕਈ ਰੰਗਾਂ ਦੀ ਹੈ (ਭਾਵ, ਕਈ ਤਰੀਕਿਆਂ ਨਾਲ ਮਾਇਆ ਜੀਵ ਉਤੇ ਮਮਤਾ ਦਾ ਜਾਲ ਵਿਛਾਂਦੀ ਹੈ),


ਬਿਨੁ ਨਾਵੈ ਕੋ ਸਾਥਿ ਸੰਗੀ ॥੨॥  

Except for the Name, no one has any friend or companion. ||2||  

xxx ॥੨॥
ਪਰ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਪਦਾਰਥ ਜੀਵ ਦਾ ਸੰਗੀ ਨਹੀਂ ਬਣਦਾ, ਜੀਵ ਦੇ ਨਾਲ ਨਹੀਂ ਜਾਂਦਾ ॥੨॥


ਜਿਉ ਮਨੁ ਦੇਖਹਿ ਪਰ ਮਨੁ ਤੈਸਾ  

According to one's own mind, one sees the minds of others.  

ਦੇਖਹਿ = ਵੇਖਦੇ ਹਨ। ਪਰ ਮਨੁ = ਦੂਜੇ ਦਾ ਮਨ।
(ਮਾਇਆ ਦੇ ਪ੍ਰਭਾਵ ਹੇਠ ਜੀਵਾਂ ਦੀ ਹਾਲਤ ਇਹ ਹੋ ਜਾਂਦੀ ਹੈ ਕਿ ਮਨੁੱਖ) ਜਿਵੇਂ ਆਪਣੇ ਮਨ ਨੂੰ ਵੇਖਦੇ ਹਨ, ਤਿਹੋ ਜਿਹਾ ਹੋਰਨਾਂ ਦੇ ਮਨ ਨੂੰ ਸਮਝਦੇ ਹਨ (ਭਾਵ, ਜਿਵੇਂ ਆਪਣੇ ਆਪ ਨੂੰ ਮਾਇਆ-ਵੱਸ ਜਾਣਦੇ ਹਨ ਤਿਵੇਂ ਹੋਰਨਾਂ ਨੂੰ ਭੀ ਮਾਇਆ ਦੇ ਲੋਭੀ ਸਮਝਦੇ ਹਨ। ਇਸ ਵਾਸਤੇ ਕੋਈ ਕਿਸੇ ਉਤੇ ਇਤਬਾਰ ਨਹੀਂ ਕਰਦਾ)।


ਜੈਸੀ ਮਨਸਾ ਤੈਸੀ ਦਸਾ  

According to one's desires, one's condition is determined.  

ਮਨਸਾ = ਕਾਮਨਾ, ਖ਼ਾਹਸ਼। ਦਸਾ = ਹਾਲਤ, ਅਵਸਥਾ।
(ਮਨੁੱਖ ਦੇ ਅੰਦਰ) ਜਿਹੋ ਜਿਹੀ ਕਾਮਨਾ ਉੱਠਦੀ ਹੈ ਤਿਹੋ ਜਿਹੀ ਉਸ ਦੇ ਆਤਮਕ ਜੀਵਨ ਦੀ ਹਾਲਤ ਹੋ ਜਾਂਦੀ ਹੈ,


ਜੈਸਾ ਕਰਮੁ ਤੈਸੀ ਲਿਵ ਲਾਵੈ  

According to one's actions, one is focused and tuned in.  

ਕਰਮੁ = ਕੰਮ। ਲਿਵ = ਲਗਨ।
(ਉਸ ਦਸ਼ਾ ਦੇ ਅਧੀਨ) ਮਨੁੱਖ ਜਿਹੋ ਜਿਹਾ ਕੰਮ (ਨਿੱਤ) ਕਰਦਾ ਹੈ, ਉਹੋ ਜਿਹੀ ਉਸ ਦੀ ਲਗਨ ਬਣਦੀ ਜਾਂਦੀ ਹੈ।


ਸਤਿਗੁਰੁ ਪੂਛਿ ਸਹਜ ਘਰੁ ਪਾਵੈ ॥੩॥  

Seeking the advice of the True Guru, one finds the home of peace and poise. ||3||  

ਪੂਛਿ = ਪੁੱਛ ਕੇ। ਸਹਜ ਘਰੁ = ਆਤਮਕ ਅਡੋਲਤਾ ਦਾ ਟਿਕਾਣਾ, ਉਹ ਘਰ ਜਿਥੇ ਆਤਮਕ ਅਡੋਲਤਾ ਮਿਲ ਸਕੇ ॥੩॥
(ਇਸ ਗੇੜ ਵਿਚ ਫਸਿਆ ਮਨੁੱਖ ਸਾਰੀ ਉਮਰ ਮਾਇਆ ਦੀ ਖ਼ਾਤਰ ਭਟਕਦਾ ਫਿਰਦਾ ਹੈ)। ਸਤਿਗੁਰੂ ਪਾਸੋਂ ਸਿੱਖਿਆ ਲੈ ਕੇ ਹੀ ਮਨੁੱਖ ਆਤਮਕ ਅਡੋਲਤਾ ਦਾ ਟਿਕਾਣਾ ਲੱਭ ਸਕਦਾ ਹੈ ॥੩॥


ਰਾਗਿ ਨਾਦਿ ਮਨੁ ਦੂਜੈ ਭਾਇ  

In music and song, the mind is caught by the love of duality.  

ਰਾਗਿ = ਰਾਗ ਦੀ ਰਾਹੀਂ। ਨਾਦਿ = ਨਾਦ ਦੀ ਰਾਹੀਂ। ਰਾਗਿ ਨਾਦਿ = (ਦੁਨੀਆ ਦੇ) ਰਾਗ ਰੰਗ ਦੀ ਰਾਹੀਂ। ਭਾਇ = ਪਿਆਰ ਵਿਚ। ਭਉ = ਪਿਆਰ।
(ਦੁਨੀਆ ਵਾਲਾ ਰਾਗ-ਰੰਗ ਭੀ ਮਾਇਆ ਦਾ ਹੀ ਸਰੂਪ ਹੈ। ਵਿਕਾਰ-ਵਾਸਨਾ ਪੈਦਾ ਕਰਨ ਵਾਲੇ) ਰਾਗ-ਰੰਗ ਵਿਚ ਫਸ ਕੇ ਮਨੁੱਖ ਦਾ ਮਨ ਪਰਮਾਤਮਾ ਤੋਂ ਬਿਨਾ ਹੋਰ ਹੋਰ ਮੋਹ ਵਿਚ ਫਸਦਾ ਹੈ।


ਅੰਤਰਿ ਕਪਟੁ ਮਹਾ ਦੁਖੁ ਪਾਇ  

Filled with deception deep within, one suffers in terrible pain.  

ਕਪਟੁ = ਖੋਟ।
(ਇਸ ਰਾਗ-ਰੰਗ ਦੀ ਰਾਹੀਂ ਜਿਉਂ ਜਿਉਂ ਵਿਕਾਰ-ਵਾਸਨਾ ਵਧਦੀ ਹੈ) ਮਨੁੱਖ ਦੇ ਅੰਦਰ ਖੋਟ ਪੈਦਾ ਹੁੰਦਾ ਹੈ (ਤੇ ਖੋਟ ਦੇ ਕਾਰਨ) ਮਨੁੱਖ ਬਹੁਤ ਦੁੱਖ ਪਾਂਦਾ ਹੈ।


ਸਤਿਗੁਰੁ ਭੇਟੈ ਸੋਝੀ ਪਾਇ  

Meeting with the True Guru, one is blessed with clear understanding,  

ਭੇਟੈ = ਮਿਲਦਾ ਹੈ।
ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ (ਸਹੀ ਜੀਵਨ ਰਾਹ ਦੀ) ਸਮਝ ਆ ਜਾਂਦੀ ਹੈ।


ਸਚੈ ਨਾਮਿ ਰਹੈ ਲਿਵ ਲਾਇ ॥੪॥  

and remains lovingly attuned to the True Name. ||4||  

xxx ॥੪॥
ਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜੀ ਰੱਖਦਾ ਹੈ ॥੪॥


ਸਚੈ ਸਬਦਿ ਸਚੁ ਕਮਾਵੈ  

Through the True Word of the Shabad, one practices Truth.  

ਸਚੁ = ਸਦਾ-ਥਿਰ ਸਿਮਰਨ ਦੀ ਕਾਰ।
(ਜਿਸ ਮਨੁੱਖ ਨੂੰ ਗੁਰੂ ਮਿਲਦਾ ਹੈ ਉਹ) ਗੁਰੂ ਦੇ ਸੱਚੇ ਸ਼ਬਦ ਵਿਚ ਜੁੜ ਕੇ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਕਾਰ ਕਮਾਂਦਾ ਹੈ,


ਸਚੀ ਬਾਣੀ ਹਰਿ ਗੁਣ ਗਾਵੈ  

He sings the Glorious Praises of the Lord, through the True Word of His Bani.  

xxx
ਉਹ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਜੁੜਦਾ ਹੈ ਉਹ ਪਰਮਾਤਮਾ ਦੇ ਗੁਣ (ਸਦਾ) ਗਾਂਦਾ ਹੈ।


ਨਿਜ ਘਰਿ ਵਾਸੁ ਅਮਰ ਪਦੁ ਪਾਵੈ  

He dwells in the home of his own heart deep within, and obtains the immortal status.  

ਘਰਿ = ਘਰ ਵਿਚ। ਅਮਰ ਪਦੁ = ਉਹ ਦਰਜਾ ਜਿੱਥੇ ਆਤਮਕ ਜੀਵਨ ਬਣਿਆ ਰਹਿੰਦਾ ਹੈ।
ਉਹ (ਬਾਹਰ ਮਾਇਆ ਦੇ ਪਿੱਛੇ ਭਟਕਣ ਦੇ ਥਾਂ) ਆਪਣੇ ਅੰਤਰ ਆਤਮੇ ਹੀ ਟਿਕਦਾ ਹੈ, ਉਸ ਨੂੰ ਉਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਜਿਥੇ ਸਦਾ ਉੱਚਾ ਆਤਮਕ ਜੀਵਨ ਬਣਿਆ ਰਹਿੰਦਾ ਹੈ।


ਤਾ ਦਰਿ ਸਾਚੈ ਸੋਭਾ ਪਾਵੈ ॥੫॥  

Then, he is blessed with honor in the Court of the True Lord. ||5||  

ਦਰਿ = (ਪ੍ਰਭੂ ਦੇ) ਦਰ ਤੇ ॥੫॥
ਤਦੋਂ ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਆਦਰ ਪਾਂਦਾ ਹੈ ॥੫॥


ਗੁਰ ਸੇਵਾ ਬਿਨੁ ਭਗਤਿ ਹੋਈ  

Without serving the Guru, there is no devotional worship,  

xxx
ਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ,


ਅਨੇਕ ਜਤਨ ਕਰੈ ਜੇ ਕੋਈ  

even though one may make all sorts of efforts.  

xxx
ਭਾਵੇਂ ਕੋਈ ਮਨੁੱਖ ਅਨੇਕਾਂ ਜਤਨ ਭੀ ਕਰ ਲਏ। (ਹਉਮੈ ਤੇ ਮਮਤਾ ਮਨੁੱਖ ਦਾ ਮਨ ਭਗਤੀ ਵਿਚ ਜੁੜਨ ਨਹੀਂ ਦੇਂਦੇ)


ਹਉਮੈ ਮੇਰਾ ਸਬਦੇ ਖੋਈ  

If one eradicates egotism and selfishness through the Shabad,  

ਖੋਈ = ਨਾਸ ਹੁੰਦਾ ਹੈ।
ਇਹ ਹਉਮੈ ਤੇ ਮਮਤਾ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਨੁੱਖ (ਆਪਣੇ ਅੰਦਰੋਂ) ਦੂਰ ਕਰ ਸਕਦਾ ਹੈ।


ਨਿਰਮਲ ਨਾਮੁ ਵਸੈ ਮਨਿ ਸੋਈ ॥੬॥  

the Immaculate Naam comes to abide in the mind. ||6||  

ਸੋਈ = ਉਹੀ ॥੬॥
ਜਿਸ ਮਨੁੱਖ ਦੇ ਮਨ ਵਿਚ (ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ) ਪਵਿਤ੍ਰ ਨਾਮ ਵੱਸ ਪੈਂਦਾ ਹੈ ਉਹ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ ॥੬॥


ਇਸੁ ਜਗ ਮਹਿ ਸਬਦੁ ਕਰਣੀ ਹੈ ਸਾਰੁ  

In this world, the practice of the Shabad is the most excellent occupation.  

ਸਾਰੁ = ਸ੍ਰੇਸ਼ਟ।
ਸਤਿਗੁਰੂ ਦਾ ਸ਼ਬਦ (ਹਿਰਦੇ ਵਿਚ ਵਸਾਣਾ) ਇਸ ਜਗਤ ਵਿਚ ਸਭ ਤੋਂ ਸ੍ਰੇਸ਼ਟ ਕਰਤੱਬ ਹੈ।


ਬਿਨੁ ਸਬਦੈ ਹੋਰੁ ਮੋਹੁ ਗੁਬਾਰੁ  

Without the Shabad, everything else is the darkness of emotional attachment.  

ਗੁਬਾਰੁ = ਹਨੇਰਾ।
ਗੁਰ-ਸ਼ਬਦ ਤੋਂ ਬਿਨਾ ਮਨੁੱਖ ਦੀ ਜਿੰਦ ਵਾਸਤੇ (ਚਾਰ ਚੁਫੇਰੇ) ਹੋਰ ਸਭ ਕੁਝ ਮੋਹ (-ਰੂਪ) ਘੁੱਪ ਹਨੇਰਾ ਪੈਦਾ ਕਰਨ ਵਾਲਾ ਹੈ।


ਸਬਦੇ ਨਾਮੁ ਰਖੈ ਉਰਿ ਧਾਰਿ  

Through the Shabad, the Naam is enshrined within the heart.  

ਉਰਿ = ਹਿਰਦੇ ਵਿਚ।
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਟਿਕਾ ਕੇ ਰੱਖਦਾ ਹੈ,


ਸਬਦੇ ਗਤਿ ਮਤਿ ਮੋਖ ਦੁਆਰੁ ॥੭॥  

Through the Shabad, one obtains clear understanding and the door of salvation. ||7||  

ਗਤਿ = ਉੱਚੀ ਆਤਮਕ ਅਵਸਥਾ ॥੭॥
ਉਹ ਸ਼ਬਦ ਵਿਚ ਜੁੜ ਕੇ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ਉਸ ਦੀ ਮੱਤ ਸੁਚੱਜੀ ਹੋ ਜਾਂਦੀ ਹੈ, ਉਹ (ਮਾਇਆ ਦੇ ਮੋਹ ਤੋਂ) ਖ਼ਲਾਸੀ ਪਾਣ ਦਾ ਰਸਤਾ ਲੱਭ ਲੈਂਦਾ ਹੈ ॥੭॥


ਅਵਰੁ ਨਾਹੀ ਕਰਿ ਦੇਖਣਹਾਰੋ  

There is no other Creator except the All-seeing Lord God.  

ਕਰਿ = (ਜਗਤ) ਪੈਦਾ ਕਰ ਕੇ। ਦੇਖਣਹਾਰੋ = ਸੰਭਾਲ ਕਰਨ ਵਾਲਾ।
(ਗੁਰੂ ਦੇ ਸ਼ਬਦ ਵਿਚ ਜੁੜਨ ਵਾਲੇ ਨੂੰ ਇਹ ਸਮਝ ਆ ਜਾਂਦੀ ਹੈ ਕਿ) ਜਗਤ ਰਚ ਕੇ ਇਸ ਦੀ ਸੰਭਾਲ ਕਰਨ ਵਾਲਾ ਇਕ ਪਰਮਾਤਮਾ ਹੀ ਹੈ, ਹੋਰ ਕੋਈ ਦੂਜਾ ਨਹੀਂ ਹੈ।


ਸਾਚਾ ਆਪਿ ਅਨੂਪੁ ਅਪਾਰੋ  

The True Lord Himself is Infinite and Incomparably Beautiful.  

ਅਨੂਪੁ = (ਉਪਮਾ-ਰਹਿਤ) ਬੇ-ਮਿਸਾਲ, ਮਹਾਂ ਸੁੰਦਰ। ਅਪਾਰੋ = ਜਿਸ ਦੇ ਗੁਣਾਂ ਦਾ ਪਾਰਲਾ ਬੰਨਾ ਨਾਹ ਦਿੱਸੇ।
ਉਹ ਪ੍ਰਭੂ ਆਪ ਸਦਾ-ਥਿਰ ਰਹਿਣ ਵਾਲਾ ਹੈ, ਉਸ ਵਰਗਾ ਹੋਰ ਕੋਈ ਨਹੀਂ, ਤੇ ਉਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ।


ਰਾਮ ਨਾਮ ਊਤਮ ਗਤਿ ਹੋਈ  

Through the Lord's Name, one obtains the most sublime and exalted state.  

xxx
ਉਹ ਮਨੁੱਖ ਪ੍ਰਭੂ ਦਾ ਨਾਮ ਜਪ ਕੇ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ।


ਨਾਨਕ ਖੋਜਿ ਲਹੈ ਜਨੁ ਕੋਈ ॥੮॥੧॥  

O Nanak, how rare are those humble beings, who seek and find the Lord. ||8||1||  

xxx ॥੮॥੧॥
ਪਰ, ਹੇ ਨਾਨਕ! ਕੋਈ ਵਿਰਲਾ ਮਨੁੱਖ ਹੀ (ਗੁਰੂ ਦੇ ਸ਼ਬਦ ਦੀ ਰਾਹੀਂ) ਭਾਲ ਕਰ ਕੇ ਪਰਮਾਤਮਾ ਦੀ ਪ੍ਰਾਪਤੀ ਕਰਦਾ ਹੈ ॥੮॥੧॥


ਪ੍ਰਭਾਤੀ ਮਹਲਾ  

Prabhaatee, First Mehl:  

xxx
XXX


ਮਾਇਆ ਮੋਹਿ ਸਗਲ ਜਗੁ ਛਾਇਆ  

Emotional attachment to Maya is spread out all over the world.  

ਮੋਹਿ = ਮੋਹ ਨੇ। ਛਾਇਆ = ਪ੍ਰਭਾਵਿਤ ਕੀਤਾ ਹੋਇਆ ਹੈ।
(ਪ੍ਰਭੂ ਦੇ ਨਾਮ ਤੋਂ ਖੁੰਝੇ ਹੋਏ) ਸਾਰੇ ਜਗਤ ਨੂੰ ਮਾਇਆ ਦੇ ਮੋਹ ਨੇ ਪ੍ਰਭਾਵਿਤ ਕੀਤਾ ਹੋਇਆ ਹੈ।


ਕਾਮਣਿ ਦੇਖਿ ਕਾਮਿ ਲੋਭਾਇਆ  

Seeing a beautiful woman, the man is overcome with sexual desire.  

ਕਾਮਣਿ = ਇਸਤ੍ਰੀ। ਕਾਮਿ = ਕਾਮ-ਵਾਸਨਾ ਵਿਚ।
(ਕਿਤੇ ਤਾਂ ਇਹ) ਇਸਤ੍ਰੀ ਨੂੰ ਵੇਖ ਕੇ ਕਾਮ-ਵਾਸਨਾ ਵਿਚ ਫਸਦਾ ਹੈ,


ਸੁਤ ਕੰਚਨ ਸਿਉ ਹੇਤੁ ਵਧਾਇਆ  

His love for his children and gold steadily increases.  

ਸੁਤ = ਪੁੱਤਰ। ਕੰਚਨ = ਸੋਨਾ। ਹੇਤੁ = ਮੋਹ, ਪ੍ਰੇਮ।
(ਕਿਤੇ ਇਹ ਜਗਤ) ਪੁੱਤਰਾਂ ਤੇ ਸੋਨੇ (ਆਦਿਕ ਧਨ) ਨਾਲ ਪਿਆਰ ਵਧਾ ਰਿਹਾ ਹੈ।


ਸਭੁ ਕਿਛੁ ਅਪਨਾ ਇਕੁ ਰਾਮੁ ਪਰਾਇਆ ॥੧॥  

He sees everything as his own, but he does not own the One Lord. ||1||  

xxx ॥੧॥
(ਜਗਤ ਨੇ ਦਿੱਸਦੀ) ਹਰੇਕ ਚੀਜ਼ ਨੂੰ ਆਪਣੀ ਬਣਾਇਆ ਹੋਇਆ ਹੈ, ਸਿਰਫ਼ ਪਰਮਾਤਮਾ ਨੂੰ ਹੀ (ਇਹ) ਓਪਰਾ ਸਮਝਦਾ ਹੈ ॥੧॥


ਐਸਾ ਜਾਪੁ ਜਪਉ ਜਪਮਾਲੀ  

I meditate as I chant on such a mala,  

ਜਪਉ = ਮੈਂ ਜਪਦਾ ਹਾਂ। ਜਪਮਾਲੀ = ਮਾਲਾ ਵਾਂਗ (ਜਿਵੇਂ ਮਾਲਾ ਦੇ ਮਣਕੇ ਕਿਤੇ ਮੁੱਕਦੇ ਨਹੀਂ) ਇਕ-ਤਾਰ।
(ਜਿਵੇਂ ਮਾਲਾ ਦੇ ਮਣਕੇ ਮੁੱਕਦੇ ਨਹੀਂ, ਮਣਕਿਆਂ ਦਾ ਗੇੜ ਜਾਰੀ ਰਹਿੰਦਾ ਹੈ) ਮੈਂ ਇਕ-ਤਾਰ (ਸਦਾ) ਅਜੇਹੇ ਤਰੀਕੇ ਨਾਲ ਪਰਮਾਤਮਾ ਦੇ ਗੁਣਾਂ ਦਾ ਜਾਪ ਜਪਦਾ ਹਾਂ,


ਦੁਖ ਸੁਖ ਪਰਹਰਿ ਭਗਤਿ ਨਿਰਾਲੀ ॥੧॥ ਰਹਾਉ  

that I rise above pleasure and pain; I attain the most wondrous devotional worship of the Lord. ||1||Pause||  

ਪਰਹਰਿ = ਤਿਆਗ ਕੇ। ਨਿਰਾਲੀ = ਨਿਰੀ, ਕੇਵਲ ॥੧॥ ਰਹਾਉ ॥
ਕਿ ਦੁੱਖਾਂ ਦੀ ਘਬਰਾਹਟ ਤੇ ਸੁਖਾਂ ਦੀ ਲਾਲਸਾ ਛੱਡ ਕੇ ਪ੍ਰਭੂ ਦੀ ਕੇਵਲ (ਪ੍ਰੇਮ-ਭਰੀ) ਭਗਤੀ ਹੀ ਕਰਦਾ ਹਾਂ ॥੧॥ ਰਹਾਉ ॥


ਗੁਣ ਨਿਧਾਨ ਤੇਰਾ ਅੰਤੁ ਪਾਇਆ  

O Treasure of Virtue, Your limits cannot be found.  

ਗੁਣ ਨਿਧਾਨ = ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ!
ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! (ਤੇਰੀ ਕੁਦਰਤਿ ਦਾ) ਕਿਸੇ ਅੰਤ ਨਹੀਂ ਲੱਭਾ।


ਸਾਚ ਸਬਦਿ ਤੁਝ ਮਾਹਿ ਸਮਾਇਆ  

Through the True Word of the Shabad, I am absorbed into You.  

xxx
ਜੇਹੜਾ ਮਨੁੱਖ ਤੇਰੀ ਸਦਾ-ਥਿਰ ਰਹਿਣ ਵਾਲੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜਦਾ ਹੈ ਉਹੋ ਤੇਰੇ ਚਰਨਾਂ ਵਿਚ ਲੀਨ ਰਹਿੰਦਾ ਹੈ (ਉਹ ਤੈਨੂੰ "ਪਰਾਇਆ" ਨਹੀਂ ਜਾਣਦਾ)।


ਆਵਾ ਗਉਣੁ ਤੁਧੁ ਆਪਿ ਰਚਾਇਆ  

You Yourself created the comings and goings of reincarnation.  

ਆਵਾਗਉਣੁ = ਜਨਮ ਮਰਨ ਦਾ ਗੇੜ।
ਹੇ ਪ੍ਰਭੂ! ਜਨਮ ਮਰਨ ਦਾ ਗੇੜ ਤੂੰ ਆਪ ਹੀ ਬਣਾਇਆ ਹੈ,


ਸੇਈ ਭਗਤ ਜਿਨ ਸਚਿ ਚਿਤੁ ਲਾਇਆ ॥੨॥  

They alone are devotees, who focus their consciousness on You. ||2||  

ਸਚਿ = ਸਦਾ-ਥਿਰ ਪ੍ਰਭੂ ਵਿਚ ॥੨॥
ਜਿਨ੍ਹਾਂ ਨੇ ਤੇਰੇ ਸਦਾ-ਥਿਰ ਨਾਮ ਵਿਚ ਚਿੱਤ ਜੋੜਿਆ ਹੈ (ਉਹ ਇਸ ਗੇੜ ਵਿਚ ਨਹੀਂ ਪੈਂਦੇ, ਤੇ) ਉਹੀ (ਤੇਰੇ ਅਸਲ) ਭਗਤ ਹਨ ॥੨॥


ਗਿਆਨੁ ਧਿਆਨੁ ਨਰਹਰਿ ਨਿਰਬਾਣੀ  

Spiritual wisdom and meditation on the Lord, the Lord of Nirvaanaa  

ਨਰਹਰਿ = ਪਰਮਾਤਮਾ। ਨਿਰਬਾਣੀ = ਵਾਸਨਾ-ਰਹਿਤ।
ਉਸ ਵਾਸਨਾ-ਰਹਿਤ ਪ੍ਰਭੂ ਨਾਲ ਡੂੰਘੀ ਸਾਂਝ ਤੇ ਉਸ ਦੇ ਚਰਨਾਂ ਵਿਚ ਜੁੜਨ (ਦੁਆਰਾ ਹੀ ਇਹ ਸੂਝ ਪੈਂਦੀ ਹੈ ਕਿ ਪਰਮਾਤਮਾ ਸਾਰੇ ਵਿਆਪਕ ਹੈ)


ਬਿਨੁ ਸਤਿਗੁਰ ਭੇਟੇ ਕੋਇ ਜਾਣੀ  

- without meeting the True Guru, no one knows this.  

xxx
ਸਤਿਗੁਰੂ ਨੂੰ ਮਿਲਣ ਤੋਂ ਬਿਨਾ ਕੋਈ ਮਨੁੱਖ ਨਹੀਂ ਸਮਝ ਸਕਦਾ,


ਸਗਲ ਸਰੋਵਰ ਜੋਤਿ ਸਮਾਣੀ  

The Lord's Light fills the sacred pools of all beings.  

ਸਰੋਵਰ = ਸਰੋਵਰਾਂ ਵਿਚ, ਸਰੀਰਾਂ ਵਿਚ।
ਕਿ ਪਰਮਾਤਮਾ ਦੀ ਜੋਤਿ ਸਾਰੇ ਹੀ ਸਰੀਰਾਂ ਵਿਚ ਵਿਆਪਕ ਹੈ।


ਆਨਦ ਰੂਪ ਵਿਟਹੁ ਕੁਰਬਾਣੀ ॥੩॥  

I am a sacrifice to the Embodiment of Bliss. ||3||  

ਵਿਟਹੁ = ਤੋਂ ॥੩॥
ਮੈਂ ਉਸ ਆਨੰਦ-ਸਰੂਪ ਪਰਮਾਤਮਾ ਤੋਂ ਸਦਕੇ (ਜਾਂਦਾ) ਹਾਂ ॥੩॥


ਭਾਉ ਭਗਤਿ ਗੁਰਮਤੀ ਪਾਏ  

Through the Guru's Teachings, one achieves loving devotional worship.  

xxx
ਜੇਹੜਾ ਮਨੁੱਖ ਗੁਰੂ ਦੀ ਮੱਤ ਤੇ ਤੁਰ ਕੇ ਪਰਮਾਤਮਾ ਨਾਲ ਪਿਆਰ ਕਰਨਾ ਸਿੱਖਦਾ ਹੈ ਪਰਮਾਤਮਾ ਦੀ ਭਗਤੀ ਕਰਦਾ ਹੈ,


ਹਉਮੈ ਵਿਚਹੁ ਸਬਦਿ ਜਲਾਏ  

The Shabad burns away egotism from within.  

ਵਿਚਹੁ = ਆਪਣੇ ਅੰਦਰੋਂ। ਸਬਦਿ = ਸ਼ਬਦ ਦੀ ਰਾਹੀਂ।
ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣੇ ਅੰਦਰੋਂ ਹਉਮੈ ਨੂੰ ਸਾੜ ਦੇਂਦਾ ਹੈ।


        


© SriGranth.org, a Sri Guru Granth Sahib resource, all rights reserved.
See Acknowledgements & Credits