Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਅਨਹਦੁ ਵਾਜੈ ਭ੍ਰਮੁ ਭਉ ਭਾਜੈ  

When the unstruck sound current resounds, doubt and fear run away.  

ਅਨਹਦੁ = ਇਕ-ਰਸ, ਲਗਾਤਾਰ।
(ਉਸ ਗੁਰਮੁਖ ਦੇ ਹਿਰਦੇ ਵਿਚ) ਇਕ-ਰਸ (ਸਿਫ਼ਤ-ਸਾਲਾਹ ਦਾ ਵਾਜਾ ਵੱਜਦਾ ਰਹਿੰਦਾ ਹੈ, (ਉਸ ਦੇ ਅੰਦਰੋਂ) ਭਟਕਣਾ ਤੇ ਡਰ-ਸਹਿਮ ਦੂਰ ਹੋ ਜਾਂਦਾ ਹੈ।


ਸਗਲ ਬਿਆਪਿ ਰਹਿਆ ਪ੍ਰਭੁ ਛਾਜੈ  

God is all-pervading, giving shade to all.  

ਛਾਜੈ = ਛਾ ਰਿਹਾ ਹੈ, ਪਸਰ ਰਿਹਾ ਹੈ, ਵਿਆਪਕ ਹੈ।
(ਉਸ ਨੂੰ ਪਰਤੱਖ ਦਿੱਸ ਪੈਂਦਾ ਹੈ ਕਿ) ਪਰਮਾਤਮਾ ਸਾਰੇ ਸੰਸਾਰ ਵਿਚ ਮੌਜੂਦ ਹੈ ਤੇ ਸਭ ਉਤੇ (ਆਪਣੀ ਰੱਖਿਆ ਦੀ) ਛਾਂ ਕਰ ਰਿਹਾ ਹੈ।


ਸਭ ਤੇਰੀ ਤੂ ਗੁਰਮੁਖਿ ਜਾਤਾ ਦਰਿ ਸੋਹੈ ਗੁਣ ਗਾਇਦਾ ॥੧੦॥  

All belong to You; to the Gurmukhs, You are known. Singing Your Praises, they look beautiful in Your Court. ||10||  

xxx॥੧੦॥
ਹੇ ਪ੍ਰਭੂ! ਇਹ ਸਾਰੀ ਰਚਨਾ ਤੇਰੀ ਹੈ (ਤੇ ਤੂੰ ਹੀ ਇਸ ਦੀ ਰਾਖੀ ਕਰਨ ਵਾਲਾ ਹੈਂ)-('ਸਫਲ ਬਿਰਖ' ਗੁਰੂ ਤੋਂ ਨਾਮ-ਫਲ ਪ੍ਰਾਪਤ ਕਰਨ ਵਾਲਾ) ਗੁਰਮੁਖ ਇਹ ਗੱਲ ਸਮਝ ਲੈਂਦਾ ਹੈ, ਉਹ ਗੁਰਮੁਖ ਤੇਰੇ ਗੁਣ ਗਾਂਦਾ ਹੈ ਤੇ ਤੇਰੇ ਦਰ ਤੇ ਸੋਭਾ ਪਾਂਦਾ ਹੈ ॥੧੦॥


ਆਦਿ ਨਿਰੰਜਨੁ ਨਿਰਮਲੁ ਸੋਈ  

He is the Primal Lord, immaculate and pure.  

ਨਿਰੰਜਨੁ = {ਨਿਰ-ਅੰਜਨ} ਮਾਇਆ ਦੇ ਪ੍ਰਭਾਵ ਤੋਂ ਰਹਿਤ।
ਉਸ ਗੁਰਮੁਖ ਨੇ ਜਾਣ ਲਿਆ ਹੈ ਕਿ ਉਹ ਪਵਿੱਤ੍ਰ-ਸਰੂਪ ਪਰਮਾਤਮਾ ਹੀ ਸਾਰੀ ਸ੍ਰਿਸ਼ਟੀ ਦਾ ਮੁੱਢ ਹੈ ਤੇ ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ।


ਅਵਰੁ ਜਾਣਾ ਦੂਜਾ ਕੋਈ  

I know of no other at all.  

xxx
ਉਸ ਵਰਗਾ ਦੂਜਾ ਹੋਰ ਕੋਈ ਨਹੀਂ ਹੈ।


ਏਕੰਕਾਰੁ ਵਸੈ ਮਨਿ ਭਾਵੈ ਹਉਮੈ ਗਰਬੁ ਗਵਾਇਦਾ ॥੧੧॥  

The One Universal Creator Lord dwells within, and is pleasing to the mind of those who banish egotism and pride. ||11||  

ਏਕੰਕਾਰੁ = ਇਕ ਅਕਾਲ ਪੁਰਖ ॥੧੧॥
ਉਸ ਗੁਰਮੁਖ ਦੇ ਮਨ ਵਿਚ ਉਹੀ ਇੱਕ ਅਕਾਲ ਪੁਰਖ ਵੱਸਦਾ ਹੈ ਤੇ ਮਨ ਵਿਚ ਪਿਆਰਾ ਲੱਗਦਾ ਹੈ (ਇਸ ਦੀ ਬਰਕਤਿ ਨਾਲ ਉਹ ਆਪਣੇ ਅੰਦਰੋਂ) ਹਉਮੈ ਅਹੰਕਾਰ ਦੂਰ ਕਰ ਲੈਂਦਾ ਹੈ ॥੧੧॥


ਅੰਮ੍ਰਿਤੁ ਪੀਆ ਸਤਿਗੁਰਿ ਦੀਆ  

I drink in the Ambrosial Nectar, given by the True Guru.  

ਸਤਿਗੁਰਿ = ਗੁਰੂ ਨੇ।
ਜਿਸ ਗੁਰਮੁਖ ਨੂੰ ਸਤਿਗੁਰੂ ਨੇ ਨਾਮ-ਅੰਮ੍ਰਿਤ ਦਿੱਤਾ ਤੇ ਉਸ ਨੇ ਲੈ ਕੇ ਪੀਤਾ।


ਅਵਰੁ ਜਾਣਾ ਦੂਆ ਤੀਆ  

I do not know any other second or third.  

xxx
ਉਸ ਨੂੰ ਜਗਤ ਵਿਚ ਕਿਤੇ ਭੀ ਪਰਮਾਤਮਾ ਤੋਂ ਬਿਨਾ ਹੋਰ ਕੋਈ ਦੂਜਾ ਤੀਜਾ ਨਹੀਂ ਦਿੱਸਦਾ, (ਉਸ ਦੇ ਅੰਦਰ ਕੋਈ ਮੇਰ-ਤੇਰ ਨਹੀਂ ਰਹਿ ਜਾਂਦੀ)।


ਏਕੋ ਏਕੁ ਸੁ ਅਪਰ ਪਰੰਪਰੁ ਪਰਖਿ ਖਜਾਨੈ ਪਾਇਦਾ ॥੧੨॥  

He is the One, Unique, Infinite and Endless Lord; He evaluates all beings and places some in His treasury. ||12||  

ਅਪਰ = ਜਿਸ ਤੋਂ ਪਰੇ ਕੋਈ ਨਹੀਂ। ਪਰੰਪਰ = ਪਰੇ ਤੋਂ ਪਰੇ ॥੧੨॥
(ਉਸ ਗੁਰਮੁਖ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਹਰ ਥਾਂ) ਇਕੋ ਇਕ ਅਪਰ ਅਪਾਰ ਪਰਮਾਤਮਾ ਆਪ ਹੀ ਹੈ, ਉਹ ਆਪ ਹੀ ਜੀਵਾਂ ਦੇ ਕਰਮਾਂ ਨੂੰ) ਪਰਖ ਕੇ (ਤੇ ਪਸੰਦ ਕਰ ਕੇ ਉਹਨਾਂ ਨੂੰ) ਆਪਣੇ ਖ਼ਜ਼ਾਨੇ ਵਿਚ ਰਲਾ ਲੈਂਦਾ ਹੈ ॥੧੨॥


ਗਿਆਨੁ ਧਿਆਨੁ ਸਚੁ ਗਹਿਰ ਗੰਭੀਰਾ  

Spiritual wisdom and meditation on the True Lord are deep and profound.  

ਗਹਿਰ = ਡੂੰਘਾ। ਗੰਭੀਰਾ = ਵੱਡੇ ਜਿਗਰੇ ਵਾਲਾ।
ਹੇ ਡੂੰਘੇ ਤੇ ਵੱਡੇ ਜਿਗਰੇ ਵਾਲੇ! ਤੇਰੇ ਨਾਲ ਜਾਣ-ਪਛਾਣ ਪਾਣੀ ਤੇ ਤੇਰੇ ਚਰਨਾਂ ਵਿਚ ਜੁੜਨਾ ਹੀ ਸਦਾ-ਥਿਰ ਰਹਿਣ ਵਾਲਾ (ਉੱਦਮ) ਹੈ।


ਕੋਇ ਜਾਣੈ ਤੇਰਾ ਚੀਰਾ  

No one knows Your expanse.  

ਚੀਰਾ = ਪੱਲਾ, ਪਾਟ, ਖਿਲਾਰਾ।
(ਤੂੰ ਇਕ ਐਸਾ ਬੇਅੰਤ ਸਮੁੰਦਰ ਹੈਂ ਕਿ) ਤੇਰਾ ਖਿਲਾਰ ਕੋਈ ਸਮਝ ਨਹੀਂ ਸਕਦਾ।


ਜੇਤੀ ਹੈ ਤੇਤੀ ਤੁਧੁ ਜਾਚੈ ਕਰਮਿ ਮਿਲੈ ਸੋ ਪਾਇਦਾ ॥੧੩॥  

All that are, beg from You; You are attained only by Your Grace. ||13||  

ਜਾਚੈ = ਮੰਗਦੀ ਹੈ। ਕਰਮਿ = ਬਖ਼ਸ਼ਸ਼ ਦੀ ਰਾਹੀਂ ॥੧੩॥
ਜਿਤਨੀ ਭੀ ਸ੍ਰਿਸ਼ਟੀ ਹੈ ਇਹ ਸਾਰੀ ਦੀ ਸਾਰੀ ਤੈਥੋਂ ਹੀ (ਹਰੇਕ ਪਦਾਰਥ) ਮੰਗਦੀ ਹੈ। ਉਹ ਹੀ ਜੀਵ ਕੁਝ ਪ੍ਰਾਪਤ ਕਰਦਾ ਹੈ ਜਿਸ ਨੂੰ ਤੇਰੀ ਬਖ਼ਸ਼ਸ਼ ਨਾਲ ਕੁਝ ਮਿਲਦਾ ਹੈ ॥੧੩॥


ਕਰਮੁ ਧਰਮੁ ਸਚੁ ਹਾਥਿ ਤੁਮਾਰੈ  

You hold karma and Dharma in Your hands, O True Lord.  

ਸਚੁ = ਸਦਾ-ਥਿਰ ਰਹਿਣ ਵਾਲਾ। ਹਾਥਿ = ਹੱਥ ਵਿਚ।
(ਲੋਕ ਆਪੋ ਆਪਣੀ ਸਮਝ ਅਨੁਸਾਰ ਧਾਰਮਿਕ ਮਿਥੇ ਕਰਮ ਕਰਦੇ ਹਨ, ਪਰ) ਤੇਰੇ ਸਦਾ-ਥਿਰ ਨਾਮ ਦਾ ਸਿਮਰਨ ਹੀ ਅਸਲ ਕਰਮ ਹੈ ਅਸਲ ਧਰਮ ਹੈ।


ਵੇਪਰਵਾਹ ਅਖੁਟ ਭੰਡਾਰੈ  

O Independent Lord, Your treasures are inexhaustible.  

ਭੰਡਾਰੈ = ਖ਼ਜ਼ਾਨੇ ਵਿਚ।
ਹੇ ਬੇ-ਪਰਵਾਹ ਪ੍ਰਭੂ! ਇਹ ਨਾਮ ਤੇਰੇ ਕਦੇ ਨਾਹ ਮੁੱਕਣ ਵਾਲੇ ਖ਼ਜ਼ਾਨੇ ਵਿਚ ਮੌਜੂਦ ਹੈ।


ਤੂ ਦਇਆਲੁ ਕਿਰਪਾਲੁ ਸਦਾ ਪ੍ਰਭੁ ਆਪੇ ਮੇਲਿ ਮਿਲਾਇਦਾ ॥੧੪॥  

You are forever kind and compassionate, God. You unite in Your Union. ||14||  

xxx॥੧੪॥
ਹੇ ਪ੍ਰਭੂ! ਤੂੰ ਸਦਾ ਦਇਆ ਦਾ ਕਿਰਪਾ ਦਾ ਘਰ ਹੈ, ਸਭ ਦਾ ਮਾਲਕ (ਪ੍ਰਭੂ) ਹੈਂ, ਤੂੰ ਆਪ ਹੀ (ਆਪਣੇ ਖ਼ਜ਼ਾਨੇ ਵਿਚੋਂ ਇਹ ਦਾਤ ਦੇ ਕੇ) ਆਪਣੀ ਸੰਗਤ ਵਿਚ ਮਿਲਾ ਲੈਂਦਾ ਹੈ ॥੧੪॥


ਆਪੇ ਦੇਖਿ ਦਿਖਾਵੈ ਆਪੇ  

You Yourself see, and cause Yourself to be seen.  

xxx
ਪ੍ਰਭੂ ਆਪ ਹੀ (ਜੀਵਾਂ ਦੀ) ਸੰਭਾਲ ਕਰ ਕੇ ਆਪ ਹੀ (ਜੀਵਾਂ ਨੂੰ) ਆਪਣਾ ਦਰਸ਼ਨ ਕਰਾਂਦਾ ਹੈ।


ਆਪੇ ਥਾਪਿ ਉਥਾਪੇ ਆਪੇ  

You Yourself establish, and You Yourself disestablish.  

ਉਥਾਪੇ = ਨਾਸ ਕਰਦਾ ਹੈ, ਉਖੇੜਦਾ ਹੈ।
ਆਪ ਹੀ ਪੈਦਾ ਕਰਦਾ ਹੈ ਆਪ ਨਾਸ ਕਰਦਾ ਹੈ।


ਆਪੇ ਜੋੜਿ ਵਿਛੋੜੇ ਕਰਤਾ ਆਪੇ ਮਾਰਿ ਜੀਵਾਇਦਾ ॥੧੫॥  

The Creator Himself unites and separates; He Himself kills and rejuvenates. ||15||  

xxx॥੧੫॥
ਕਰਤਾਰ ਆਪ ਹੀ (ਆਪਣੇ ਚਰਨਾਂ ਵਿਚ) ਜੋੜਦਾ ਹੈ, ਆਪ ਹੀ (ਚਰਨਾਂ ਤੋਂ) ਵਿਛੋੜਦਾ ਹੈ, ਆਪ ਹੀ (ਕਿਸੇ ਨੂੰ) ਆਤਮਕ ਮੌਤੇ ਮਾਰਦਾ ਹੈ, ਆਪ ਹੀ ਆਤਮਕ ਜੀਵਨ ਦੇਂਦਾ ਹੈ ॥੧੫॥


ਜੇਤੀ ਹੈ ਤੇਤੀ ਤੁਧੁ ਅੰਦਰਿ  

As much as there is, is contained within You.  

ਤੇਤੀ = ਉਹ ਸਾਰੀ (ਲੁਕਾਈ)।
ਇਹ ਜਿਤਨੀ ਭੀ ਸ੍ਰਿਸ਼ਟੀ ਹੈ ਸਾਰੀ ਦੀ ਸਾਰੀ ਤੇਰੇ ਹੁਕਮ ਦੇ ਅੰਦਰ ਚੱਲ ਰਹੀ ਹੈ।


ਦੇਖਹਿ ਆਪਿ ਬੈਸਿ ਬਿਜ ਮੰਦਰਿ  

You gaze upon Your creation, sitting within Your royal palace.  

ਬੈਸਿ = ਬੈਠ ਕੇ। ਬਿਜ ਮੰਦਰਿ = ਪੱਕੇ ਮੰਦਰ ਵਿਚ।
ਤੂੰ ਆਪਣੇ ਸਦਾ-ਥਿਰ ਮਹਿਲ ਵਿਚ ਬੈਠ ਕੇ ਆਪ ਹੀ ਸਭ ਦੀ ਸੰਭਾਲ ਕਰ ਰਿਹਾ ਹੈਂ।


ਨਾਨਕੁ ਸਾਚੁ ਕਹੈ ਬੇਨੰਤੀ ਹਰਿ ਦਰਸਨਿ ਸੁਖੁ ਪਾਇਦਾ ॥੧੬॥੧॥੧੩॥  

Nanak offers this true prayer; gazing upon the Blessed Vision of the Lord's Darshan, I have found peace. ||16||1||13||  

xxx॥੧੬॥੧॥੧੩॥
ਹੇ ਹਰੀ! ਤੇਰਾ ਦਾਸ ਨਾਨਕ ਤੇਰਾ ਸਦਾ-ਥਿਰ ਨਾਮ ਸਿਮਰਦਾ ਹੈ (ਤੇਰੇ ਦੀਦਾਰ ਵਾਸਤੇ ਤੇਰੇ ਦਰ ਤੇ) ਬੇਨਤੀ ਕਰਦਾ ਹੈ (ਜਿਸ ਨੂੰ ਤੇਰਾ ਦੀਦਾਰ ਨਸੀਬ ਹੁੰਦਾ ਹੈ, ਉਹ ਉਸ) ਦੀਦਾਰ ਦੀ ਬਰਕਤਿ ਨਾਲ ਆਤਮਕ ਆਨੰਦ ਪ੍ਰਾਪਤ ਕਰਦਾ ਹੈ ॥੧੬॥੧॥੧੩॥


ਮਾਰੂ ਮਹਲਾ  

Maaroo, First Mehl:  

xxx
xxx


ਦਰਸਨੁ ਪਾਵਾ ਜੇ ਤੁਧੁ ਭਾਵਾ  

If I am pleasing to You, Lord, then I obtain the Blessed Vision of Your Darshan.  

ਪਾਵਾ = ਪਾਵਾਂ, ਮੈਂ ਪਾ ਸਕਾਂ। ਭਾਵਾ = ਭਾਵਾਂ, ਮੈਂ ਚੰਗਾ ਲੱਗਾਂ।
ਹੇ ਸਦਾ-ਥਿਰ ਪ੍ਰਭੂ! ਜੇ ਮੈਂ ਤੈਨੂੰ ਚੰਗਾ ਲੱਗਾਂ, ਤਾਂ ਹੀ ਤੇਰਾ ਦਰਸਨ ਕਰ ਸਕਦਾ ਹਾਂ,


ਭਾਇ ਭਗਤਿ ਸਾਚੇ ਗੁਣ ਗਾਵਾ  

In loving devotional worship, O True Lord, I sing Your Glorious Praises.  

ਭਾਇ = ਪ੍ਰੇਮ ਨਾਲ।
ਤੇ ਤੇਰੇ ਪ੍ਰੇਮ ਵਿਚ (ਜੁੜ ਕੇ) ਤੇਰੀ ਭਗਤੀ (ਕਰ ਸਕਦਾ ਹਾਂ, ਤੇ) ਤੇਰੇ ਗੁਣ ਗਾ ਸਕਦਾ ਹਾਂ।


ਤੁਧੁ ਭਾਣੇ ਤੂ ਭਾਵਹਿ ਕਰਤੇ ਆਪੇ ਰਸਨ ਰਸਾਇਦਾ ॥੧॥  

By Your Will, O Creator Lord, You have become pleasing to me, and so sweet to my tongue. ||1||  

ਭਾਣੇ = (ਜੇਹੜੇ) ਚੰਗੇ ਲੱਗੇ। ਭਾਵਹਿ = (ਉਹਨਾਂ ਨੂੰ) ਚੰਗਾ ਲੱਗਦਾ ਹੈਂ। ਕਰਤੇ = ਹੇ ਕਰਤਾਰ! ਰਸਨ = ਜੀਭ। ਰਸਾਇਦਾ = ਰਸੀਲੀ ਬਣਾਂਦਾ ਹੈਂ ॥੧॥
ਹੇ ਕਰਤਾਰ! ਜੇਹੜੇ ਬੰਦੇ ਤੈਨੂੰ ਪਿਆਰੇ ਲੱਗਦੇ ਹਨ ਤੂੰ ਉਹਨਾਂ ਨੂੰ ਪਿਆਰਾ ਲੱਗਦਾ ਹੈਂ। ਤੂੰ ਆਪ ਹੀ ਉਹਨਾਂ ਦੀ ਜੀਭ ਵਿਚ (ਆਪਣੇ ਨਾਮ ਦਾ) ਰਸ ਪੈਦਾ ਕਰਦਾ ਹੈਂ ॥੧॥


ਸੋਹਨਿ ਭਗਤ ਪ੍ਰਭੂ ਦਰਬਾਰੇ  

The devotees look beautiful in the Darbaar, the Court of God.  

xxx
ਹੇ ਪ੍ਰਭੂ! ਤੇਰੇ ਭਗਤ ਤੇਰੇ ਦਰਬਾਰ ਵਿਚ ਸੋਹਣੇ ਲੱਗਦੇ ਹਨ।


ਮੁਕਤੁ ਭਏ ਹਰਿ ਦਾਸ ਤੁਮਾਰੇ  

Your slaves, Lord, are liberated.  

ਮੁਕਤੁ = ਵਿਕਾਰਾਂ ਤੋਂ ਸੁਤੰਤਰ। ਹਰਿ = ਹੇ ਹਰੀ!
ਹੇ ਹਰੀ! ਤੇਰੇ ਦਾਸ (ਮਾਇਆ ਦੇ ਬੰਧਨਾਂ ਤੋਂ) ਸੁਤੰਤਰ ਹੋ ਜਾਂਦੇ ਹਨ।


ਆਪੁ ਗਵਾਇ ਤੇਰੈ ਰੰਗਿ ਰਾਤੇ ਅਨਦਿਨੁ ਨਾਮੁ ਧਿਆਇਦਾ ॥੨॥  

Eradicating self-conceit, they are attuned to Your Love; night and day, they meditate on the Naam, the Name of the Lord. ||2||  

ਆਪ = ਆਪਾ-ਭਾਵ। ਗਵਾਇ = ਗਵਾ ਕੇ। ਅਨਦਿਨੁ = ਹਰ ਰੋਜ਼ ॥੨॥
ਉਹ ਆਪਾ-ਭਾਵ ਮਿਟਾ ਕੇ ਤੇਰੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ, ਤੇ ਹਰ ਰੋਜ਼ (ਭਾਵ, ਹਰ ਵੇਲੇ) ਤੇਰਾ ਨਾਮ ਸਿਮਰਦੇ ਹਨ ॥੨॥


ਈਸਰੁ ਬ੍ਰਹਮਾ ਦੇਵੀ ਦੇਵਾ  

Shiva, Brahma, gods and goddesses,  

ਈਸਰੁ = ਸ਼ਿਵ।
ਸ਼ਿਵ, ਬ੍ਰਹਮਾ, ਅਨੇਕਾਂ ਦੇਵੀਆਂ ਤੇ ਦੇਵਤੇ,


ਇੰਦ੍ਰ ਤਪੇ ਮੁਨਿ ਤੇਰੀ ਸੇਵਾ  

Indra, ascetics and silent sages serve You.  

ਤਪੇ = ਤਪ ਕਰਨ ਵਾਲੇ।
ਇੰਦਰ ਦੇਵਤਾ, ਤਪੀ ਲੋਕ, ਰਿਸ਼ੀ ਮੁਨੀ-ਇਹ ਸਭ ਤੇਰੀ ਹੀ ਸੇਵਾ-ਭਗਤੀ ਕਰਦੇ ਹਨ (ਭਾਵ, ਭਾਵੇਂ ਇਹ ਕਿਤਨੇ ਹੀ ਵੱਡੇ ਮਿਥੇ ਜਾਣ, ਪਰ ਤੇਰੇ ਸਾਹਮਣੇ ਇਹ ਤੇਰੇ ਸਾਧਾਰਨ ਸੇਵਕ ਹਨ)।


ਜਤੀ ਸਤੀ ਕੇਤੇ ਬਨਵਾਸੀ ਅੰਤੁ ਕੋਈ ਪਾਇਦਾ ॥੩॥  

Celibates, givers of charity and the many forest-dwellers have not found the Lord's limits. ||3||  

xxx॥੩॥
ਅਨੇਕਾਂ ਜਤਧਾਰੀ, ਅਨੇਕਾਂ ਉੱਚ-ਆਚਰਨੀ, ਤੇ ਅਨੇਕਾਂ ਹੀ ਬਨਾਂ ਵਿਚ ਰਹਿਣ ਵਾਲੇ ਤਿਆਗੀ (ਤੇਰੇ ਗੁਣ ਗਾਂਦੇ ਹਨ, ਪਰ ਤੇਰੇ ਗੁਣਾਂ ਦਾ) ਕੋਈ ਭੀ ਅੰਤ ਨਹੀਂ ਲੱਭ ਸਕਦਾ ॥੩॥


ਵਿਣੁ ਜਾਣਾਏ ਕੋਇ ਜਾਣੈ  

No one knows You, unless You let them know You.  

xxx
ਜਦ ਤਕ ਪਰਮਾਤਮਾ ਆਪ ਸੂਝ ਨਾਹ ਬਖ਼ਸ਼ੇ ਕੋਈ ਜੀਵ (ਪਰਮਾਤਮਾ ਦੀ ਭਗਤੀ ਕਰਨ ਦੀ) ਸੂਝ ਪ੍ਰਾਪਤ ਨਹੀਂ ਕਰ ਸਕਦਾ।


ਜੋ ਕਿਛੁ ਕਰੇ ਸੁ ਆਪਣ ਭਾਣੈ  

Whatever is done, is by Your Will.  

ਭਾਣੈ = ਮਰਜ਼ੀ ਨਾਲ, ਰਜ਼ਾ ਵਿਚ।
ਪਰਮਾਤਮਾ ਜੋ ਕੁਝ ਕਰਦਾ ਹੈ ਆਪਣੀ ਰਜ਼ਾ ਵਿਚ (ਆਪਣੀ ਮਰਜ਼ੀ ਨਾਲ) ਕਰਦਾ ਹੈ।


ਲਖ ਚਉਰਾਸੀਹ ਜੀਅ ਉਪਾਏ ਭਾਣੈ ਸਾਹ ਲਵਾਇਦਾ ॥੪॥  

You created the 8.4 million species of beings; by Your Will, they draw their breath. ||4||  

ਸਾਹ = ਸੁਆਸ। ਲਵਾਇਦਾ = ਲੈਣ ਦੇਂਦਾ ਹੈ ॥੪॥
ਪਰਮਾਤਮਾ ਨੇ ਚੁਰਾਸੀ ਲੱਖ ਜੂਨਾਂ ਦੇ ਜੀਵ ਪੈਦਾ ਕੀਤੇ ਹਨ, ਉਹ ਆਪਣੀ ਮਰਜ਼ੀ ਨਾਲ ਹੀ ਇਹਨਾਂ ਜੀਵਾਂ ਨੂੰ ਸਾਹ ਲੈਣ ਦੇਂਦਾ ਹੈ (ਇਹਨਾਂ ਨੂੰ ਜਿਵਾਲੀ ਰੱਖਦਾ ਹੈ) ॥੪॥


ਜੋ ਤਿਸੁ ਭਾਵੈ ਸੋ ਨਿਹਚਉ ਹੋਵੈ  

Whatever is pleasing to Your Will, undoubtedly comes to pass.  

ਨਿਹਚਉ = ਜ਼ਰੂਰ।
(ਜਗਤ ਵਿਚ) ਜ਼ਰੂਰ ਉਹੀ ਕੁਝ ਹੁੰਦਾ ਹੈ ਜੋ ਉਸ ਕਰਤਾਰ ਨੂੰ ਚੰਗਾ ਲਗਦਾ ਹੈ।


ਮਨਮੁਖੁ ਆਪੁ ਗਣਾਏ ਰੋਵੈ  

The self-willed manmukh shows off, and comes to grief.  

ਆਪੁ = ਆਪਣੇ ਆਪ ਨੂੰ। ਗਣਾਏ = ਵੱਡਾ ਜਤਾਂਦਾ ਹੈ।
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਇਸ ਅਸਲੀਅਤ ਨੂੰ ਨਹੀਂ ਸਮਝਦਾ, ਉਹ) ਆਪਣੇ ਆਪ ਨੂੰ ਵੱਡਾ ਜਤਾਂਦਾ ਹੈ (ਤੇ ਹਉਮੈ ਵਿਚ ਹੀ) ਦੁਖੀ ਭੀ ਹੁੰਦਾ ਹੈ।


ਨਾਵਹੁ ਭੁਲਾ ਠਉਰ ਪਾਏ ਆਇ ਜਾਇ ਦੁਖੁ ਪਾਇਦਾ ॥੫॥  

Forgetting the Name, he finds no place of rest; coming and going in reincarnation, he suffers in pain. ||5||  

ਨਾਵਹੁ = ਨਾਮ ਤੋਂ ॥੫॥
ਪਰਮਾਤਮਾ ਦੇ ਨਾਮ ਤੋਂ ਖੁੰਝਾ ਹੋਇਆ (ਮਨਮੁਖ) ਕਿਤੇ ਆਤਮਕ ਸ਼ਾਂਤੀ ਦਾ ਟਿਕਾਣਾ ਨਹੀਂ ਲੱਭ ਸਕਦਾ, ਜੰਮਦਾ ਤੇ ਮਰਦਾ ਹੈ, ਜੰਮਦਾ ਤੇ ਮਰਦਾ ਹੈ, ਤੇ (ਇਸ ਗੇੜ ਵਿਚ ਹੀ) ਦੁੱਖ ਪਾਂਦਾ ਹੈ ॥੫॥


ਨਿਰਮਲ ਕਾਇਆ ਊਜਲ ਹੰਸਾ  

Pure is the body, and immaculate is the swan-soul;  

ਹੰਸਾ = ਜੀਵ।
ਉਹ ਸਰੀਰ ਪਵਿੱਤ੍ਰ ਹੈ ਜਿਸ ਵਿਚ ਪਵਿੱਤ੍ਰ (ਜੀਵਨ ਵਾਲਾ) ਜੀਵਾਤਮਾ ਵੱਸਦਾ ਹੈ,


ਤਿਸੁ ਵਿਚਿ ਨਾਮੁ ਨਿਰੰਜਨ ਅੰਸਾ  

within it is the immaculate essence of the Naam.  

ਤਿਸੁ ਵਿਚਿ = ਉਸ (ਕਾਇਆ) ਵਿਚ।
(ਕਿਉਂਕਿ) ਉਸ (ਸਰੀਰ) ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ, (ਉਹ ਜੀਵਾਤਮਾ ਸਹੀ ਅਰਥਾਂ ਵਿਚ) ਮਾਇਆ-ਰਹਿਤ ਪ੍ਰਭੂ ਦਾ ਅੰਸ ਹੈ।


ਸਗਲੇ ਦੂਖ ਅੰਮ੍ਰਿਤੁ ਕਰਿ ਪੀਵੈ ਬਾਹੁੜਿ ਦੂਖੁ ਪਾਇਦਾ ॥੬॥  

Such a being drinks in all his pains like Ambrosial Nectar; he never suffers sorrow again. ||6||  

ਅੰਮ੍ਰਿਤੁ ਕਰਿ = ਨਾਮ ਅੰਮ੍ਰਿਤ ਦੀ ਬਰਕਤਿ ਨਾਲ। ਪੀਵੈ = ਪੀ ਲੈਂਦਾ ਹੈ, ਮੁਕਾ ਲੈਂਦਾ ਹੈ। ਬਾਹੁੜਿ = ਮੁੜ, ਫਿਰ ॥੬॥
ਪ੍ਰਭੂ ਦੇ ਨਾਮ-ਅੰਮ੍ਰਿਤ ਦੀ ਬਰਕਤਿ ਨਾਲ ਉਹ ਮਨੁੱਖ ਆਪਣੇ ਸਾਰੇ ਦੁੱਖ ਮੁਕਾ ਲੈਂਦਾ ਹੈ, ਤੇ ਮੁੜ ਉਹ ਕਦੇ ਦੁੱਖ ਨਹੀਂ ਪਾਂਦਾ ॥੬॥


ਬਹੁ ਸਾਦਹੁ ਦੂਖੁ ਪਰਾਪਤਿ ਹੋਵੈ  

For his excessive indulgences, he receives only pain;  

ਸਾਦਹੁ = ਸੁਆਦ ਤੋਂ।
ਬਹੁਤੇ (ਭੋਗਾਂ ਦੇ) ਸੁਆਦਾਂ ਤੋਂ ਦੁੱਖ ਹੀ ਮਿਲਦਾ ਹੈ,


ਭੋਗਹੁ ਰੋਗ ਸੁ ਅੰਤਿ ਵਿਗੋਵੈ  

from his enjoyments, he contracts diseases, and in the end, he wastes away.  

ਭੋਗਹੁ = ਮਾਇਆ ਦੇ ਭੋਗਾਂ ਤੋਂ। ਵਿਗੋਵੈ = ਖ਼ੁਆਰ ਹੁੰਦਾ ਹੈ।
(ਕਿਉਂਕਿ) ਭੋਗਾਂ ਤੋਂ (ਆਖ਼ਿਰ) ਰੋਗ ਪੈਦਾ ਹੁੰਦੇ ਹਨ ਤੇ ਮਨੁੱਖ ਅੰਤ ਨੂੰ ਖ਼ੁਆਰ ਹੁੰਦਾ ਹੈ।


ਹਰਖਹੁ ਸੋਗੁ ਮਿਟਈ ਕਬਹੂ ਵਿਣੁ ਭਾਣੇ ਭਰਮਾਇਦਾ ॥੭॥  

His pleasure can never erase his pain; without accepting the Lord's Will, he wanders lost and confused. ||7||  

ਹਰਖਹੁ = ਖ਼ੁਸ਼ੀ ਤੋਂ ॥੭॥
(ਮਾਇਆ ਦੀਆਂ) ਖ਼ੁਸ਼ੀਆਂ ਤੋਂ ਭੀ ਚਿੰਤਾ ਹੀ ਪੈਦਾ ਹੁੰਦੀ ਹੈ ਜੋ) ਕਦੇ ਮਿਟਦੀ ਹੀ ਨਹੀਂ। ਪਰਮਾਤਮਾ ਦੀ ਰਜ਼ਾ ਵਿਚ ਤੁਰਨ ਤੋਂ ਬਿਨਾ ਮਨੁੱਖ ਭਟਕਣਾ ਵਿਚ ਪਿਆ ਰਹਿੰਦਾ ਹੈ ॥੭॥


ਗਿਆਨ ਵਿਹੂਣੀ ਭਵੈ ਸਬਾਈ  

Without spiritual wisdom, they all just wander around.  

ਵਿਹੂਣੀ = ਸੱਖਣੀ। ਸਬਾਈ = ਸਾਰੀ ਲੁਕਾਈ।
ਇਸ ਗੱਲ ਦੀ ਸਮਝ (ਕਿ ਪਰਮਾਤਮਾ ਸਾਰੇ ਥਾਵਾਂ ਤੇ ਵਿਆਪਕ ਹੈ) ਤੋਂ ਵਾਂਜੀ ਰਹਿ ਕੇ ਸਾਰੀ ਲੁਕਾਈ ਭਟਕ ਰਹੀ ਹੈ।


ਸਾਚਾ ਰਵਿ ਰਹਿਆ ਲਿਵ ਲਾਈ  

The True Lord is pervading and permeating everywhere, lovingly engaged.  

ਸਾਚਾ = ਸਦਾ-ਥਿਰ ਰਹਿਣ ਵਾਲਾ ਪ੍ਰਭੂ।
ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਸਾਰੀ ਸ੍ਰਿਸ਼ਟੀ ਵਿਚ ਗੁਪਤ ਵਿਆਪਕ ਹੈ।


ਨਿਰਭਉ ਸਬਦੁ ਗੁਰੂ ਸਚੁ ਜਾਤਾ ਜੋਤੀ ਜੋਤਿ ਮਿਲਾਇਦਾ ॥੮॥  

The Fearless Lord is known through the Shabad, the Word of the True Guru; one's light merges into the Light. ||8||  

ਜਾਤਾ = ਪਛਾਣ ਲਿਆ ॥੮॥
ਜਿਸ ਮਨੁੱਖ ਨੇ ਗੁਰੂ ਦਾ ਸ਼ਬਦ, ਜੋ ਨਿਰਭੈਤਾ ਦੇਣ ਵਾਲਾ ਹੈ, ਆਪਣੇ ਹਿਰਦੇ ਵਿਚ ਵਸਾਇਆ ਹੈ ਉਸ ਨੇ ਸਦਾ-ਥਿਰ ਪ੍ਰਭੂ ਨੂੰ ਸਾਰੀ ਸ੍ਰਿਸ਼ਟੀ ਵਿਚ ਵੱਸਦਾ ਪਛਾਣ ਲਿਆ ਹੈ। ਗੁਰੂ ਦਾ ਸ਼ਬਦ ਉਸ ਦੀ ਸੁਰਤ ਨੂੰ ਪਰਮਾਤਮਾ ਦੀ ਜੋਤਿ ਵਿਚ ਮਿਲਾ ਦੇਂਦਾ ਹੈ ॥੮॥


ਅਟਲੁ ਅਡੋਲੁ ਅਤੋਲੁ ਮੁਰਾਰੇ  

He is the eternal, unchanging, immeasurable Lord.  

xxx
ਮੁਰ (ਆਦਿਕ ਦੈਂਤਾਂ) ਦਾ ਵੈਰੀ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ। ਮਾਇਆ ਦੇ ਮੋਹ ਵਿਚ ਕਦੇ ਡੋਲਣ ਵਾਲਾ ਨਹੀਂ, ਉਸ ਦਾ ਸਰੂਪ ਕਦੇ ਤੋਲਿਆ ਮਿਣਿਆ ਨਹੀਂ ਜਾ ਸਕਦਾ।


ਖਿਨ ਮਹਿ ਢਾਹੇ ਫੇਰਿ ਉਸਾਰੇ  

In an instant, He destroys, and then reconstructs.  

ਫੇਰਿ = ਮੁੜ, ਫਿਰ।
ਉਹ (ਆਪਣੇ ਰਚੇ ਹੋਏ ਜਗਤ ਨੂੰ) ਇਕ ਖਿਨ ਵਿਚ ਢਾਹ ਸਕਦਾ ਹੈ ਤੇ ਮੁੜ ਪੈਦਾ ਕਰ ਸਕਦਾ ਹੈ।


ਰੂਪੁ ਰੇਖਿਆ ਮਿਤਿ ਨਹੀ ਕੀਮਤਿ ਸਬਦਿ ਭੇਦਿ ਪਤੀਆਇਦਾ ॥੯॥  

He has no form or shape, no limit or value. Pierced by the Shabad, one is satisfied. ||9||  

ਮਿਤਿ = ਮਰਯਾਦਾ, ਮਾਪ, ਮਿਣਤੀ। ਭੇਦਿ = ਵਿੱਝ ਕੇ ॥੯॥
ਉਸ ਦਾ ਕੋਈ ਖ਼ਾਸ ਰੂਪ ਨਹੀਂ ਦੱਸਿਆ ਜਾ ਸਕਦਾ ਹੈ, ਉਸ ਦੇ ਕੋਈ ਖ਼ਾਸ ਚਿਹਨ ਚੱਕ੍ਰ ਨਹੀਂ ਦੱਸੇ ਜਾ ਸਕਦੇ, ਉਹ ਕੇਡਾ ਵੱਡਾ ਹੈ ਤੇ ਕਿਹੋ ਜੇਹਾ ਹੈ-ਇਹ ਭੀ ਨਹੀਂ ਦੱਸਿਆ ਜਾ ਸਕਦਾ। ਜੇਹੜਾ ਮਨੁੱਖ (ਆਪਣੇ ਮਨ ਨੂੰ ਗੁਰੂ ਦੇ) ਸ਼ਬਦ ਵਿਚ ਵਿੰਨ੍ਹ ਲੈਂਦਾ ਹੈ ਉਹ ਉਸ ਪਰਮਾਤਮਾ (ਦੀ ਯਾਦ) ਵਿਚ ਪਤੀਜ ਜਾਂਦਾ ਹੈ ॥੯॥


        


© SriGranth.org, a Sri Guru Granth Sahib resource, all rights reserved.
See Acknowledgements & Credits