Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Mukaṯ(i). ਮੁਕਤੀ । salvation, emancipation, delivrance.
ਉਦਾਹਰਨ:
ਸੰਤ ਸਭਾ ਗੁਰੁ ਪਾਈਐ ਮੁਕਤਿ ਪਦਾਰਥੁ ਧੇਣੁ ॥ Raga Sireeraag 1, 12, 1:2 (P: 18).
ਗੁਰ ਕੈ ਸਬਦਿ ਮਨੁ ਜੀਤਿਆ ਗਤਿ ਮੁਕਤਿ ਘਰੈ ਮਹਿ ਪਾਇ ॥ Raga Sireeraag 3, 35, 2:1 (P: 26).
ਉਦਾਹਰਨ:
ਬਨ ਕਾ ਮਿਰਗੁ ਮੁਕਤਿ ਸਭੁ ਹੋਗੁ ॥ Raga Gaurhee, Kabir, 4, 1:2 (P: 324).

Mahan Kosh Encyclopedia

ਸੰ. ਮੁਕ੍ਤਿ. ਨਾਮ/n. ਛੁਟਕਾਰਾ ਰਿਹਾਈ. ਇਸ ਦਾ ਮੂਲ ਮੁਚ੍‌ ਧਾਤੁ ਹੈ. “ਹਉਮੈ ਪੈਖੜੁ ਤੇਰੇ ਮਨੈ ਮਾਹਿ। ਹਰਿ ਨ ਚੇਤਹਿ ਮੂੜੇ, ਮੁਕਤਿਜਾਹਿ.” (ਬਸੰ ਅ: ਮਃ ੧) ਤਾਕਿ ਛੁਟ ਜਾਵੇਂ। 2. ਅਵਿਦ੍ਯਾ ਦੇ ਬੰਧਨਾਂ ਤੋਂ ਛੁਟਕਾਰਾ. ਕਲੇਸ਼ਾਂ ਤੋਂ ਰਿਹਾਈ. “ਮੁਕਤਿ ਪਾਈਐ ਸਾਧ ਸੰਗਤਿ.” (ਧਨਾ ਮਃ ੫)
ਮਤਾਂ ਦੇ ਭੇਦ ਕਰਕੇ ਮੁਕਤਿ ਦੇ ਸਰੂਪ ਭੀ ਜੁਦੇ ਜੁਦੇ ਹਨ:-
(ੳ) ਨ੍ਯਾਯ ਸ਼ਾਸਤ੍ਰ ਅਨੁਸਾਰ ਸ਼ਰੀਰ, ਮਨ ਸਮੇਤ ਛੀ ਇੰਦ੍ਰੀਆਂ, ਇੰਦ੍ਰੀਆਂ ਦੇ ਛੀ ਵਿਸ਼ੇ, ਇੰਦ੍ਰੀਆਂ ਦੇ ਛੀ ਗ੍ਯਾਨ, ਸੁਖ ਦੁਖ, ਇਨ੍ਹਾਂ ਇੱਕੀਆਂ ਦੁੱਖਾਂ ਦਾ ਜੋ ਨਾਸ਼ ਹੋਜਾਣਾ ਹੈ, ਇਹ ਮੁਕਤਿ ਹੈ.
(ਅ) ਵੈਸ਼ੇਸ਼ਿਕਮਤ ਅਨੁਸਾਰ ਜੀਵਾਤਮਾ, ਨੌ ਗੁਣ (ਗ੍ਯਾਨ, ਸੁਖ, ਦੁਖ ਇੱਛਾ, ਦ੍ਵੇਸ਼, ਪ੍ਰਯਤਨ, ਧਰਮ, ਅਧਰਮ ਅਤੇ ਭਾਵਨਾ) ਧਾਰਨ ਵਾਲਾ ਵਿਆਪਕ ਹੈ. ਵਿਚਾਰ ਅਤੇ ਅਭ੍ਯਾਸ ਨਾਲ ਨੌ ਗੁਣਾਂ ਤੋਂ ਜੀਵਾਤਮਾ ਦਾ ਅਸੰਗ ਹੋਜਾਣਾ ਮੁਕਤਿ ਹੈ.
(ੲ) ਪ੍ਰਕ੍ਰਿਤਿ ਅਤੇ ਪੁਰੁਸ਼ ਦਾ ਭਿੰਨ ਭਿੰਨ ਗ੍ਯਾਨ ਹੋਣ ਤੋਂ ਆਧ੍ਯਾਤਮਿਕ ਆਧਿਭੌਤਿਕ ਅਤੇ ਆਧਿਦੈਵਿਕ ਤਿੰਨ ਪ੍ਰਕਾਰ ਦੇ ਦੁੱਖਾਂ ਦਾ ਪੂਰੀ ਤਰਾਂ ਹਟ ਜਾਣਾ, ਸਾਂਖ੍ਯਮਤ ਦੀ ਮੁਕਤਿ ਹੈ.
(ਸ) ਯੋਗਮਤ ਅਨੁਸਾਰ ਅਵਿਦ੍ਯਾ ਆਦਿ ਪੰਜ ਕਲੇਸ਼ਾਂ ਦਾ{1701} ਸਮਾਧਿ ਅਤੇ ਅਭ੍ਯਾਸ ਦ੍ਵਾਰਾ ਮਿਟਜਾਣਾ ਅਤੇ ਜੀਵਾਤਮਾ ਨੂੰ ਸ੍ਵਤੰਤ੍ਰਤਾ ਦੀ ਪ੍ਰਾਪਤੀ ਹੋਣੀ ਮੁਕਤਿ ਹੈ.
(ਹ) ਅਗਨਿਹੋਤ੍ਰ ਜਪ ਦਾਨ ਆਦਿ ਕਰਮਾਂ ਤੋਂ ਅਖੈ ਸੁਰਗਸੁਖ ਦੀ ਪ੍ਰਾਪਤੀ, ਮੀਮਾਂਸਾਮਤ ਦੀ ਮੁਕਤਿ ਹੈ.
(ਕ) ਆਤਮਗ੍ਯਾਨ ਦ੍ਵਾਰਾ ਅਵਿਦ੍ਯਾ ਉਪਾਧੀ ਦੂਰ ਕਰਕੇ ਜੀਵ ਦਾ ਬ੍ਰਹਮ ਨਾਲ ਅਭੇਦ ਹੋਣਾ, ਵੇਦਾਂਤਮਤ ਦੀ ਮੁਕਤਿ ਹੈ.
(ਖ) ਸ਼ੈਵ ਵੈਸ਼ਨਵ ਆਦਿ ਮਤਾਂ ਦੀ ਮੁਕਤਿ ਹੈ ਕਿ ਆਪਣੇ ਆਪਣੇ ਇਸ਼੍ਟ ਦੇਵਤਾ ਦਾ ਪੂਜਨ ਧ੍ਯਾਨ ਕਰਨ ਤੋਂ ਉਪਾਸ੍ਯ ਦੇਵਤਾ ਦੇ ਲੋਕ ਵਿੱਚ ਜਾਕੇ ਅਖੈਸੁਖ ਭੋਗਣੇ ਆਦਿ.{1702}
(ਗ) ਜੈਨਮਤ ਅਨੁਸਾਰ ਤਪ ਅਹਿੰਸਾ ਆਦਿ ਕਰਮ ਕਰਨ ਤੋਂ ਕਰਮਾਂ ਦੇ ਬੰਧਨਾਂ ਦਾ ਅਭਾਵ ਹੋਣ ਤੇ ਜੀਵ ਦਾ ਉੱਚੇ ਲੋਕ ਵਿੱਚ ਲਗਾਤਾਰ ਚਲੇਜਾਣਾ ਅਤੇ ਮੁੜ ਹੇਠਾਂ ਨਾ ਆਉਣਾ ਹੀ ਮੁਕਤਿ ਹੈ.
(ਘ) ਇਸਲਾਮ ਮਤ ਅਨੁਸਾਰ ਕ਼ੁਰਾਨਸ਼ਰੀਫ ਦੇ ਵਚਨਾਂ ਤੇ ਅਮਲ ਕਰਨਾ ਅਤੇ ਨਮਾਜ਼ ਰੋਜ਼ੇ ਆਦਿ ਪੰਜ ਨਿਜਮਾਂ{1703} ਤੇ ਪੱਕੇ ਰਹਿਣਾ, ਪੈਗੰਬਰ ਮੁਹੰਮਦ ਤੇ ਨਿਸ਼ਚਾ ਰੱਖਣਾ, ਇਸ ਤੋਂ ਕ਼ਯਾਮਤ ਦੇ ਦਿਨ ਦੇ ਫੈਸਲੇ ਅਨੁਸਾਰ ਹਮੇਸ਼ਾ ਲਈ ਬਹਿਸ਼ਤ ਦੀ ਪ੍ਰਾਪਤੀ ਮੁਕਤਿ ਹੈ.
ਸੂਫ਼ੀ ਮੁਸਲਮਾਨ ਪਰਮਾਤਮਾ ਵਿੱਚ ਰੂਹ ਦੇ ਮਿਲਾਪ ਨੂੰ ਮੁਕਤਿ ਮੰਨਦੇ ਹਨ ਇਹ ਮਤ ਵੇਦਾਂਤ ਨਾਲ ਹੀ ਜਾ ਮਿਲਦਾ ਹੈ.
(ਙ) ਈਸਾਈ ਮਤ ਅਨੁਸਾਰ ਖੁਦਾ ਦੇ ਪੁਤ੍ਰ ਹਜਰਤ ਈਸਾ ਤੇ ਪੂਰਾ ਭਰੋਸਾ ਕਰਨ ਤੋਂ ਪਾਪਾਂ ਤੋਂ ਛੁਟਕਾਰਾ ਅਤੇ ਅਖੈਜੀਵਨ ਪਾਉਣਾ ਮੁਕਤਿ ਹੈ. ਉਨ੍ਹਾਂ ਦਾ ਖਿਆਲ ਹੈ ਕਿ ਕੋਈ ਆਦਮੀ ਬਿਨਾ ਪਾਪ ਨਹੀਂ ਅਰ ਪਾਪ ਦਾ ਫਲ ਮੌਤ ਹੈ. ਪੈਗੰਬਰ ਈਸਾ ਨੇ ਆਪਣੇ ਪ੍ਰਾਣ ਦੇਕੇ ਲੋਕਾਂ ਦੇ ਪਾਪਾਂ ਦਾ ਪ੍ਰਾਯਸ਼ਚਿੱਤ ਕੀਤਾ ਹੈ. ਜੋ ਉਸ ਤੇ ਈਮਾਨ ਲਿਆਉਣਗੇ, ਉਹ ਪਾਪਾਂ ਤੋਂ ਛੁਟਕਾਰਾ ਪਾਉਣਗੇ ਅਤੇ ਅਵਿਨਾਸ਼ੀਜੀਵਨ ਪ੍ਰਾਪਤ ਕਰਨਗੇ.
(ਚ) ਬੌੱਧਮਤ ਅਨੁਸਾਰ ਅੱਠ ਸ਼ੁਭ ਗੁਣਾਂ{1704} ਦੇ ਧਾਰਨ ਤੋਂ, ਸਰਵ ਇੱਛਾ ਦਾ ਤ੍ਯਾਗ ਹੋਣ ਤੇ ਨਿਰਵਾਣਪਦ ਦੀ ਪ੍ਰਾਪਤੀ ਮੁਕਤਿ ਹੈ.
(ਛ) ਸਿੱਖਮਤ ਦੀ ਮੁਕਤੀ ਹੈ- ਗੁਰਮੁਖਾਂ ਦੀ ਸੰਗਤਿ ਦ੍ਵਾਰਾ ਨਾਮ ਦੇ ਤਤ੍ਵ ਅਤੇ ਅਭ੍ਯਾਸ ਦੇ ਪ੍ਰਕਾਰ ਨੂੰ ਜਾਣਕੇ ਸਿਰਜਨਹਾਰ ਨਾਲ ਲਿਵ ਦਾ ਜੋੜਨਾ. ਹੌਮੈ ਤ੍ਯਾਗਕੇ ਪਰੋਪਕਾਰ ਕਰਨਾ. ਅੰਤਹਕਰਣ ਨੂੰ ਅਵਿਦ੍ਯਾ ਅਤੇ ਭ੍ਰਮਜਾਲ ਤੋਂ ਸ਼ਰੀਰ ਨੂੰ ਅਪਵਿਤ੍ਰਤਾ ਤੋਂ ਪਾਕ ਰੱਖਣਾ. ਅਰਥਾਤ- ਨਾਮ ਦਾਨ ਇਸਨਾਨ ਦਾ ਸੇਲਨ ਕਰਨਾ, ਜਿਸ ਤੋਂ ਭ੍ਰਮ ਬੰਧਨਾ ਤੋਂ ਛੁਟਕਾਰਾ ਹੋਦਾਂ ਹੈ.
ਉੱਪਰ ਲਿਖੇ ਮੁਕਤਿ ਦੇ ਸਾਧਨਾਂ ਦਾ ਗੁਰਬਾਣੀ ਵਿੱਚ ਇਉਂ ਵਰਣਨ ਹੈ-
“ਕਰਮ ਧਰਮ ਕਰਿ ਮੁਕਤਿ ਮੰਗਾਹੀ।
ਮੁਕਤਿ ਪਦਾਰਥੁ ਸਬਦਿ ਸਲਾਹੀ।
ਬਿਨ ਗੁਰਸਬਦੈ ਮੁਕਤਿ ਨ ਹੋਈ,
ਪਰਪੰਚੁ ਕਰਿ ਭਰਮਾਈ ਹੇ.
(ਮਾਰੂ ਸੋਲਹੇ ਮਃ ੧)
ਮੁਕਤੇ ਸੋਈ ਭਾਲੀਅਹਿ ਜਿ ਸਚਾ ਨਾਮੁ ਸਮਾਲਿ.
(ਸ੍ਰੀ ਮਃ ੫)
ਤ੍ਰੈਗੁਣ ਵਖਾਣੈ ਭਰਮੁ ਨ ਜਾਇ।
ਬੰਧਨ ਨ ਤੂਟਹਿ ਮੁਕਤਿ ਨ ਪਾਇ।
ਮੁਕਤਿਦਾਤਾ ਸਤਿਗੁਰੁ ਜਗ ਮਾਹਿ। (ਗਉ ਮਃ ੩)
ਮੁਕਤਿ ਪਾਈਐ ਸਾਧਸੰਗਤਿ
ਬਿਨਸਜਾਇ ਅੰਧਾਰੁ. (ਧਨਾ ਮਃ ੫)
ਮੁਕਤਿਦੁਆਰਾ ਸੋਈ ਪਾਏ ਜਿ ਵਿਚਹੁ ਆਪੁ ਗਵਾਇ.
(ਮਲਾ ਅ: ਮਃ ੩)
ਗਹਿਰ ਗੰਭੀਰ ਅੰਮ੍ਰਿਤ ਨਾਮੁ ਤੇਰਾ।
ਮੁਕਤਿ ਭਇਆ ਜਿਸੁ ਰਿਦੈ ਵਸੇਰਾ. (ਮਾਝ ਮਃ ੫)
ਮੁਕਤਿ ਭਇਆ ਬੰਧਨ ਗੁਰਿ ਖੋਲੇ,
ਜਨ ਨਾਨਕ ਹਰਿਗੁਣ ਗਾਏ. (ਗਉ ਮਃ ੫)
ਮੁਕਤਿ ਭਏ ਸਾਧਸੰਗਤਿ ਕਰਿ,
ਤਿਨ ਕੇ ਅਵਗਨ ਸਭਿ ਪਰਹਰਿਆ.
(ਸਾਰ ਅ: ਮਃ ੫)
ਕਹੁ ਨਾਨਕ ਗੁਰਿ ਖੋਲੇ ਕਪਾਟ।
ਮੁਕਤੁ ਭਏ ਬਿਨਸੇ ਭ੍ਰਮਥਾਟ.” (ਗਉ ਮਃ ੫)
(ਜ) ਹੋਰ ਚਾਰਵਾਕ ਆਦਿ ਅਨੰਤਮਤ ਹਨ, ਜਿਨ੍ਹਾਂ ਦੀਆਂ ਮੁਕਤੀਆਂ ਅਨੇਕ ਹਨ. ਮੁਕਤਿ ਵਿਸ਼ਯ ਸਭ ਦਾ ਸਿੱਧਾਂਤ ਵਿਚਾਰੀਏ ਤਾਂ ਦੁੱਖਾਂ ਤੋਂ ਛੁਟਕਾਰਾ ਅਤੇ ਆਨੰਦ ਦੀ ਪ੍ਰਾਪਤੀ ਹੀ ਮੁਕਤਿ ਸਿੱਧ ਹੁੰਦੀ ਹੈ।
3. ਵਿ. ਮੁਕ੍ਤ ਦੀ ਥਾਂ ਭੀ ਮੁਕਤਿ ਸ਼ਬਦ ਆਇਆ ਹੈ. “ਹਰਖ ਸੋਗ ਜਾਕੈ ਨਹੀ ਬੈਰੀ ਮੀਤ ਸਮਾਨ ×× ਮੁਕਤਿ ਤਾਹਿ ਤੈ ਜਾਨ.” (ਸ: ਮਃ ੯) 4. ਨਾਮ/n. ਮੌਕ੍ਤਿਕ (ਮੁਕ੍ਤਾ) ਮੋਤੀ. “ਮੁਕਤਿਮਾਲ ਕਨਿਕ ਲਾਲ ਹੀਰਾ.” (ਜੈਤ ਮਃ ੫).

Footnotes:
{1701} ਦੇਖੋ- ਕਲੇਸ਼ 5.
{1702} ਦੇਖੋ- ਚਾਰ ਮੁਕਤਿ.
{1703} ਦੇਖੋ- ਇਸਲਾਮ 4.
{1704} ਦੇਖੋ- ਬੁੱਧ ਸ਼ਬਦ ਵਿੱਚ ਮੁਕਤਿਮਾਰਗ ਦੇ ਅੱਠ ਸਾਧਨ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits