Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



English Translation
(1) adj.m. two fold, double. (2) n.m. a verse metre, rhymed couplet, distich.

Mahan Kosh Encyclopedia

ਵਿ. ਦੁਹਰਾ. “ਘੁਰੇ ਨਗਾਰੇ ਦੋਹਰੇ.” (ਚੰਡੀ ੩) 2. ਨਾਮ/n. ਇੱਕ ਮਾਤ੍ਰਿਕਛੰਦ, ਦੋਹਾਂ. ਲੱਛਣ- ਦੋ ਚਰਣ (ਤੁਕਾਂ) ਪ੍ਰਚਿਤਰਣ ੨੪ ਮਾਤ੍ਰਾ{1165}. ਪਹਿਲਾ ਵਿਸ਼੍ਰਾਮ ੧੩ ਪੁਰ, ਦੂਜਾ ੧੧ ਪੁਰ ਅੰਤ ਗੁਰੁ ਲਘੁ. ਇਸ ਲੱਛਣ ਤੋਂ ਛੁੱਟ ਵਿਦ੍ਵਾਨਾਂ ਨੇ ਇਹ ਭੀ ਨਿਯਮ ਥਾਪਿਆ ਹੈ ਕਿ ਦੋਹੇ ਦੇ ਆਦਿ ਜਗਣਰੂਪ ਇੱਕ ਪਦ ਨਾ ਆਵੇ. ਦੋਹੇ ਦੀ ਚਾਲ ਤਦ ਸੁੰਦਰ ਰਹਿਂਦੀ ਹੈ ਜੇ ਆਦਿ ਦੋ ਡਗਣ ਅਥਵਾ- ਢਗਣ ਰੱਖੀਏ, ਅਰਥਾਤ- ਚੌਕਲ ਨਾਲ ਚੌਕਲ ਦਾ ਅਤੇ ਤ੍ਰਿੱਕਲ ਨਾਲ ਤ੍ਰਿੱਕਲ ਦਾ ਸੰਯੋਗ ਕਰੀਏ. ਦੋ ਮਾਤ੍ਰਿਕ ਗਣਾਂ ਦੇ ਸੰਯੋਗ ਕਰਕੇ ਹੀ “ਦੋਹਾ” ਨਾਮ ਹੈ.
ਮਾਤ੍ਰਿਕਗਣਾਂ ਦੇ ਏਰ ਫੇਰ ਕਰਕੇ ਦੋਹੇ ਦੇ ਅਨੰਤ ਭੇਦ ਕਵੀਆਂ ਨੇ ਕਲਪੇ ਹਨ, ਪਰ ਅਸੀਂ ਇੱਥੇ ਉਹ ਰੂਪ ਦਿਖਾਉਨੇ ਹਾਂ, ਜੋ ਸਿੱਖਕਾਵ੍ਯ ਵਿੱਚ ਆਏ ਹਨ-
(1) ਜਿਸ ਦੋਹਰੇ ਵਿੱਚ ਚਾਰ ਗੁਰੁ ਅਤੇ ੪੦ ਲਘੁ ਹੋਣ, ਉਸ ਦੀ “ਵ੍ਯਾਲ” ਸੰਗ੍ਯਾ ਹੈ. ਉਦਾਹਰਣ-
ਤਿਹ ਪਰ ਭੂਖਨ ਸ਼ਸ੍‌ਤ੍ਰ ਲਘੁ, ਰਤਨ ਪੁਰਟਮਯ ਸਾਜ,
ਚਮਕਤ ਦਮਕਤ ਨਵਲ ਛਬਿ, ਝਕਤ ਥਕਤ ਕਵਿਰਾਜ.
(ਸਿੱਖੀਪ੍ਰਭਾਕਰ)
(2) ਜਿਸ ਦੋਹਰੇ ਵਿੱਚ ੫ ਗੁਰੁ ਅਤੇ ੩੮ ਲਘੁ ਹੋਣ, ਉਸ ਦੀ “ਅਹਿਵਰ” ਸੰਗ੍ਯਾ ਹੈ. ਉਦਾਹਰਣ-
ਸ਼੍ਰੀ ਸਤਿਗੁਰੁ ਬਰ ਅਮਰਜੀ, ਸਰਨ ਨਰਨ ਦੁਖ ਹਰਨ,
ਕਾਰਨ ਕਰਨ ਸੁ ਜਾਨ ਮਨ, ਨਮਸਕਾਰ ਤਿਨ ਚਰਨ.
(ਨਾਪ੍ਰ)
(3) ਜਿਸ ਵਿੱਚ ਛੀ ਗੁਰੁ ਅਤੇ ੩੬ ਲਘੁ ਹੋਣ, ਉਸ ਦਾ ਨਾਮ “ਸਾਰਦੂਲ” ਹੈ. ਉਦਾਹਰਣ-
ਯਦਿ ਪ੍ਰਤਿਬੰਧਕ ਸਘਨ ਘਨ,
ਅਨਗਨ ਭੇ ਮਗ ਬੀਚ,
ਪ੍ਰਲਯ ਪ੍ਰਭੰਜਨਿ ਪ੍ਰਬਲ ਵਤ,
ਦਿਯ ਉਡਾਯ ਹਨ ਨੀਚ.
(ਸਿੱਖੀਪ੍ਰਭਾਕਰ)
(4) ਜਿਸ ਦੇ ਸੱਤ ਗੁਰ ਅਤੇ ੩੪ ਲਘੁ ਹੋਣ, ਓਹ “ਮੱਛ” ਦੋਹਾ ਹੈ. ਉਦਾਹਰਣ-
ਤਪ ਕਿਯ ਜਿਨਹਿ ਸਬਾਸਨਾ,
ਜਨਮ ਅਨਤ ਧਰ ਸੋਇ,
ਪਾਇ ਰਾਜ ਜਗ ਬਿਖੈ ਫਸ,
ਨਰਕ ਗਮਨ ਪੁਨ ਹੋਇ.
(ਨਾਪ੍ਰ)
(5) ਜਿਸ ਵਿੱਚ ੮ ਗੁਰੁ ਅਤੇ ੩੨ ਲਘੁ ਹੋਣ, ਉਸ ਦੀ “ਕੱਛਪ” ਸੰਗ੍ਯਾ ਹੈ. ਉਦਾਹਰਣ-
ਸ਼੍ਰੀ ਅੰਗਦ ਕੰਦਨ ਵਿਘਨ,
ਬਦਨ ਸੁ ਮੰਗਲ ਸਾਲ,
ਪਰਨ ਸਰਨ ਕਰ ਚਰਨ ਕੋ,
ਨਮਸਕਾਰ ਧਰ ਭਾਲ.
(ਨਾਪ੍ਰ)
(6) ਜਿਸ ਵਿੱਚ ੯ ਗੁਰੁ ਅਤੇ ੩੦ ਲਘੁ ਹੋਣ, ਓਹ “ਤਿੱਰਕਲ” ਦੋਹਾ ਹੈ. ਉਦਾਹਰਣ-
ਦਰਸ਼ਨ ਸ਼੍ਰੀ ਹਰਿਕ੍ਰਿਸ਼੍ਨ ਕੋ,
ਨਿਪੁਨ ਹਰਨ ਜੁਰ ਤੀਨ,
ਚਰਨ ਮਨੋਹਰ ਬੰਦਨਾ,
ਜਿਨ ਸਿੱਖਨ ਸੁਖ ਦੀਨ.
(ਨਾਪ੍ਰ)
(7) ਜਿਸ ਦੋਹਰੇ ਵਿਚ ੧੦ ਗੁਰੁ ਅਤੇ ੨੮ ਲਘੁ ਹੋਣ, ਓਹ “ਵਾਨਰ” ਹੈ. ਉਦਾਹਰਣ-
ਆਏ ਪ੍ਰਭ ਸਰਨਾਗਤੀ,
ਕਿਰਪਾਨਿਧਿ ਦਇਆਲ,
ਏਕ ਅਖਰ ਹਰਿ ਮਨਿ ਬਸਤ,
ਨਾਨਕ ਹੋਤ ਨਿਹਾਲ.
(ਬਾਵਨ)
(8) ਜਿਸ ਵਿੱਚ ੧੧ ਗੁਰੁ ਅਤੇ ੨੬ ਲਘੁ ਹੋਣ, ਓਹ “ਚਲ” ਅਥਵਾ- “ਬਲ” ਸੰਗ੍ਯਾ ਦਾ ਦੋਹਰਾ ਹੈ.
ਉਦਾਹਰਣ-
ਸਾਥਿ ਨ ਚਾਲੈ ਬਿਨ ਭਜਨ,
ਬਿਖਿਆ ਸਗਲੀ ਛਾਰ,
ਹਰਿ ਹਰਿ ਨਾਮ ਕਮਾਵਣਾ,
ਨਾਨਕ ਇਹੁ ਧਨ ਸਾਰ.
(ਸੁਖਮਨੀ)
(9) ਜਿਸ ਦੋਹਰੇ ਵਿੱਚ ੧੨ ਲਘੁ ਅਤੇ ੨੪ ਗੁਰੁ ਹੋਣ, ਉਸ ਦੀ “ਚਾਰਣੀ” ਅਥਵਾ “ਪਯੋਧਰ” ਸੰਗ੍ਯਾ ਹੈ. ਉਦਾਰਹਣ-
ਦੀਨ ਦਰਦ ਦੁਖ ਭੰਜਨਾ, ਘਟਿ ਘਟਿ ਨਾਥ ਅਨਾਥ,
ਸਰਣਿ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ.
(ਸੁਖਮਨੀ)
ਜਿਸ ਨੋ ਸਾਜਨ ਰਾਖਸੀ, ਦੁਸਮਨ ਕੌਨ ਵਿਚਾਰ?
ਛ੍ਵੈ ਨ ਸਕੈ ਤਿਹ ਛਾਂਹ ਕੋ, ਨਿਹਫਲ ਜਾਤ ਗਵਾਰ.
(ਵਿਚਿਤ੍ਰ)
(10) ਜਿਸ ਵਿੱਚ ੧੩ ਗੁਰੁ ਅਤੇ ੨੨ ਲਘੁ ਹੋਣ, ਉਸ ਦਾ ਨਾਉਂ “ਗਯੰਦ” ਅਤੇ ਮਦਕਲ ਹੈ.
ਉਦਾਹਰਣ-
ਏਕ ਸਮੇਂ ਸ੍ਰੀ ਆਤਮਾ, ਉਚਰਯੋ ਮਤਿ ਸੋ ਬੈਨ,
ਸਥ ਪ੍ਰਤਾਪ ਜਗਦੀਸ ਕੋ, ਕਹੋ ਸਕਲ ਬਿਧਿ ਤੈਨ.
(ਅਕਾਲ)
(11) ਚੌਦਾਂ ਗੁਰੁ ਅਤੇ ਵੀਹ ਲਘੁ ਵਾਲਾ ਦੋਹਾ “ਹੰਸ” ਹੈ. ਉਦਾਹਰਣ-
ਏਕੰਕਾਰਾ ਸਤਿਗੁਰੂ, ਜਿਹ ਪ੍ਰਸਾਦਿ ਸਚੁ ਹੋਇ,
ਵਾਹਗੁਰੂ ਜੀ ਕੀ ਫਤੇ, ਵਿਘਨਵਿਨਾਸਨ ਸੋਇ.
(ਨਾਪ੍ਰ)
(12) ਪੰਦਰਾਂ ਗੁਰੁ ਅਤੇ ਅਠਾਰਾਂ ਲਘੁ ਜਿਸ ਵਿੱਚ ਹੋਣ, ਓਹ “ਨਰ” ਦੋਹਾ ਹੈ. ਉਦਾਹਰਣ-
ਹਊਮੈ ਏਹਾ ਜਾਤਿ ਹੈ, ਹਊਮੈ ਕਰਮ ਕਮਾਹਿ,
ਹਉਮੈ ਏਈ ਬੰਧਨਾ, ਫਿਰਿ ਫਿਰਿ ਜੋਨੀ ਪਾਹਿ.
(ਵਾਰ ਆਸਾ)
(13) ਜਿਸ ਵਿੱਚ ੧੬ ਗੁਰੁ ਅਤੇ ੧੬ ਲਘੁ ਹੋਣ, ਓਹ “ਕਰਭ” ਦੋਹਰਾ ਹੈ. ਉਦਾਹਰਣ-
ਕਹੋ ਸੁ ਸਮ ਕਾਸੋਂ ਕਹੈਂ, ਦਮ ਕੋ ਕਹਾਂ ਕਹੰਤ?
ਕੋ ਸੂਰਾ ਦਾਤਾ ਕਵਨ, ਕਹੋ ਤੰਤ ਕੋ ਮੰਤ?
(ਅਕਾਲ)
(14) ਜਿਸ ਵਿੱਚ ੧੭ ਗੁਰੁ ਅਤੇ ੧੪ ਲਘੁ ਹੋਣ, ਉਸ ਦੀ “ਮਰਕਟ” ਸੰਗ੍ਯਾ ਹੈ. ਉਦਾਹਰਣ-
ਕਹਾਂ ਨੇਮ ਸੰਜਮ ਕਹਾਂ, ਕਹਾਂ ਗ੍ਯਾਨ ਅਗ੍ਯਾਨ?
ਕੋ ਰੋਗੀ ਸੋਗੀ ਕਵਨ, ਕਹਾਂ ਭਰਮ ਕੀ ਹਾਨ?
(ਅਕਾਲ)
(15) ਜਿਸ ਦੋਹਰੇ ਵਿੱਚ ੧੮ ਗੁਰੁ ਅਤੇ ੧੨ ਲਘੁ ਹੋਣ, ਉਸ ਦੀ “ਮੰਡੂਕ” ਸੰਗ੍ਯਾ ਹੈ. ਉਦਾਹਰਣ-
ਮੈ ਭੋਲਾਵਾ ਪੱਗ ਦਾ ਮਤ ਮੈਲੀ ਹੋਜਾਇ,
ਗਹਿਲਾ ਰੂਹ ਨ ਜਾਣਈ ਸਿਰ ਭੀ ਮਿੱਟੀ ਖਾਇ.
(ਸ. ਫਰੀਦ)
(16) ਜਿਸ ਵਿੱਚ ੧੯ ਗੁਰੁ ਅਤੇ ੧੦ ਲਘੁ ਹੋਣ, ਉਸ ਦੋਹੇ ਦੀ ਸੰਗ੍ਯਾ “ਸ਼੍ਯੇਨ” ਹੈ. ਉਦਾਹਰਣ-
ਪੂਰਾ ਪ੍ਰਭੁ ਆਰਾਧਿਆ, ਪੂਰਾ ਜਾਕਾ ਨਾਉ,
ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਉ.
(ਸੁਖਮਨੀ)
(17) ਜਿਸ ਵਿੱਚ ੨੧ ਗੁਰੁ ਅਤੇ ੬ ਲਘੁ ਹੋਣ, ਉਸ ਦੋਹੇ ਦੀ “ਭ੍ਰਾਮਰ” ਸੰਗ੍ਯਾ ਹੈ. ਉਦਾਹਰਣ-
ਸ਼੍ਰੀ ਗੁਰੁ ਪ੍ਯਾਰੇ ਖਾਲਸੇ, ਬਾਂਕੇ ਭਾਰੀ ਬੀਰ,
ਵੈਰਾਗੀ ਤ੍ਯਾਗੀ ਤਪੀ, ਗ੍ਯਾਨੀ ਧ੍ਯਾਨੀ ਧੀਰ.
(ਸਿੱਖੀਪ੍ਰਭਾਕਰ)
(18) ਸਰਬਲੋਹ ਵਿੱਚ “ਦੋਹਰਾ ਵਡਾ” ਸਿਰਲੇਖ ਹੇਠ ੨੮ ਮਾਤ੍ਰਾ ਦਾ ਦੋਹਾ ਛੰਦ ਹੈ. ਪਹਿਲਾ ਵਿਸ਼੍ਰਾਮ ੧੫ ਪੁਰ, ਦੂਜਾ ੧੩ ਮਾਤ੍ਰਾ ਪੁਰ, ਅੰਤ ਗੁਰੁ ਲਘੁ.
ਉਦਾਹਰਣ-
ਹੈ ਚਤੁਰ ਬਹੁਤ ਅਸ਼੍ਟਾਕਰੀ, ਨਰ ਸਿੰਘੀ ਜਿਹ ਕੋ ਭੇਸ,
ਪ੍ਰਹਲਾਦ ਉਬਾਰ੍ਯੋ ਦੁਖ ਹਰ੍ਯੋ, ਹਰਨਾਖਸ ਹਰ੍ਯੋਨਰੇਸ.

Footnotes:
{1165} ਇੱਕ ਇੱਕ ਤੁਕ ਦੇ ਦੋ ਦੋ ਚਰਣ ਮੰਨਕੇ ਚਾਰ ਚਰਣ ਹਨ. ਪਹਿਲੇ ਅਤੇ ਤੀਜੇ ਚਰਣ ਦੀ ਤੇਰਾਂ ਤੇਰਾਂ ਮਾਤ੍ਰਾ, ਦੂਜੇ ਅਤੇ ਚੌਥੇ ਦੀਆਂ ਗ੍ਯਾਰਾਂ ਗ੍ਯਾਰਾਂ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits