Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chiṯar. 1. ਤਸਵੀਰ। 2. ਚਿਤਰੀ ਹੋਈ।
ਉਦਾਹਰਨਾ:
1. ਚਚਾ ਰਚਿਤ ਚਿਤ੍ਰ ਹੈ ਭਾਰੀ ॥ Raga Gaurhee, Kabir, Baavan Akhree, 12:1 (P: 340).
2. ਨਾਨਕ ਮੂਰਤਿ ਚਿਤ੍ਰ ਜਿਉ ਛਾਡਿਤ ਨਾਹਿਨ ਭੀਤਿ ॥ Salok 9, 37:2 (P: 1428).

SGGS Gurmukhi-English Dictionary
[Sk. n.] Painting
SGGS Gurmukhi-English Data provided by Harjinder Singh Gill, Santa Monica, CA, USA.

English Translation
n.m. picture, painting, portrait, likeness; illustration, representation; figure, diagram, sketch; mural, engraving, drawing, tattooing, graphics.

Mahan Kosh Encyclopedia

ਸੰ. चित्र्. ਧਾ. ਤਸਵੀਰ ਖਿੱਚਣਾ, ਅਚਰਜ ਕਰਨਾ ਅਤੇ ਅਚਰਜ ਦੇਖਣਾ। 2. ਨਾਮ/n. ਲਿਖੀਹੋਈ ਤਸਵੀਰ. “ਚਚਾ, ਰਚਿਤ ਚਿਤ੍ਰ ਹੈ ਭਾਰੀ.” (ਗਉ ਬਾਵਨ ਕਬੀਰ) ਇਸ ਥਾਂ ਜਗਤਰੂਪ ਮੂਰਤਿ ਹੈ। 3. ਦੇਖੋ- ਚੰਚਲਾ ੫।
4. ਕਾਵ੍ਯ ਦਾ ਇੱਕ ਅਲੰਕਾਰ.
ਰਚਨਾ ਵਰਣਨ ਕੀ ਜਹਾਂ ਕੀਜੈ ਅਧਿਕ ਵਿਚਿਤ੍ਰ,
ਕਵਿਅਨ ਕੇ ਮਤ ਜਾਨਿਯੇ ਅਲੰਕਾਰ ਸੋ ਚਿਤ੍ਰ.
ਇਹ ਸ਼ਬਦਾਲੰਕਾਰ ਹੈ. ਚਿਤ੍ਰਕਾਵ੍ਯ ਨੂੰ ਵਿਦ੍ਵਾਨਾਂ ਨੇ ਅਧਮ ਕਾਵ੍ਯ ਲਿਖਿਆ ਹੈ, ਕਿਉਂਕਿ ਇਸ ਵਿੱਚ ਕੋਈ ਚਮਤਕਾਰੀ ਕਵਿਤਾ ਨਹੀਂ ਹੋਸਕਦੀ, ਕੇਵਲ ਬਾਲਲੀਲ੍ਹਾ ਅਤੇ ਖੇਲਮਾਤ੍ਰ ਰਚਨਾ ਹੁੰਦੀ ਹੈ. ਭਾਵੇਂ ਅਨੇਕ ਕਵੀਆਂ ਨੇ ਇਸ ਅਲੰਕਾਰ ਦੇ ਬਹੁਤ ਭੇਦ ਥਾਪੇ ਹਨ, ਪਰ ਮੁੱਖ ਪੰਜ ਹਨ, ਜਿਨ੍ਹਾਂ ਦੇ ਅੰਦਰ ਸਾਰੇ ਹੀ ਭੇਦ ਆਜਾਂਦੇ ਹਨ:-
ਵਰਣਚਿਤ੍ਰ, ਸ੍‌ਥਾਨਚਿਤ੍ਰ, ਆਕਾਰਚਿਤ੍ਰ, ਗਤਿਚਿਤ੍ਰ ਅਤੇ ਭਾਸ਼ਾਚਿਤ੍ਰ.
(ੳ) ਵਰਣਚਿਤ੍ਰ ਇੱਕ ਪ੍ਰਕਾਰ ਦਾ ਅਕ੍ਸ਼ਰਖੇਲ ਹੈ, ਅਰਥਾਤ- ਇੱਕ ਅੱਖਰ ਵਿੱਚ ਹੀ ਛੰਦਰਚਨਾ ਕਰਨੀ, ਜਾਂ ਛੰਦ ਦੇ ਸਾਰੇ ਅੱਖਰ ਲਘੁ ਅਥਵਾ- ਗੁਰੁ ਹੋਣ ਅਤੇ ਕਿਸੇ ਅੱਖਰ ਨੂੰ ਮਾਤ੍ਰਾ ਨਾ ਲਾਉਣੀ,{858} ਆਦਿ.
(ਅ) ਸ੍‌ਥਾਨਚਿਤ੍ਰ ਉਸ ਨੂੰ ਆਖਦੇ ਹਨ ਕਿ ਅੱਖਰਾਂ ਦੇ ਅਸਥਾਨ{859} ਵਿਚਾਰਕੇ, ਇੱਕ ਥਾਂ ਬੋਲਣ ਵਾਲੇ ਹੀ ਅੱਖਰ ਇੱਕ ਛੰਦ ਵਿੱਚ ਵਰਤਣੇ, ਦੂਜੇ ਥਾਂ ਦਾ ਅੱਖਰ ਨਾ ਵਰਤਣਾ. ਇਸੇ ਦੇ ਅੰਦਰ ਨਿਰੋਸ਼੍ਠ{860} ਭੀ ਆਜਾਂਦਾ ਹੈ.
(ੲ) ਆਕਾਰਚਿਤ੍ਰ ਉਹ ਹੈ ਕਿ ਕਮਲ, ਗਊ, ਚੌਰ ਆਦਿ ਦੀ ਮੂਰਤੀ ਲਿਖਕੇ ਉਸ ਵਿੱਚ ਛੰਦ ਲਿਖਣਾ, ਯਥਾ ਕਮਲਚਿਤ੍ਰ:-:: fig.

ਜਿਨ ਦਾਨ ਦੀਨ, ਤਿਨ ਮਾਨ ਲੀਨ,
ਗੁਨ ਗ੍ਯਾਨ ਹੀਨ, ਜਨ ਜਾਨ ਖੀਨ.
(ਸ) ਗਤਿਚਿਤ੍ਰ ਉਸ ਦਾ ਨਾਮ ਹੈ ਕਿ ਸਿੱਧਾ ਪੜ੍ਹੀਏ ਤਦ ਹੋਰ ਪਾਠ, ਪੁੱਠਾ ਪੜ੍ਹੀਏ ਤਦ ਹੋਰ ਪਾਠ{861} ਅਥਵਾ- ਸਿੱਧਾ ਪੁੱਠਾ ਪੜ੍ਹਨ ਤੋਂ ਇੱਕੋ ਪਾਠ ਰਹੇ{862} ਇਤ੍ਯਾਦਿ.
(ਹ) ਭਾਸ਼ਾਚਿਤ੍ਰ ਉਸ ਨੂੰ ਕਹੀਦਾ ਹੈ ਕਿ ਅਨੇਕ ਭਾਸ਼ਾ ਮਿਲਾਕੇ ਛੰਦਰਚਨਾ ਕੀਤੀ ਜਾਵੇ. ਇਸ ਦੀ ਸੰਗ੍ਯਾ “ਭਾਸ਼ਾਸਮਕ” ਭੀ ਹੈ.
ਉਦਾਹਰਣ-
ਮੀਰਾ ਦਾਨਾ ਦਿਲ ਸੋਚ,
ਮੁਹਬਤੇ ਮਨਿ ਤਨਿ ਬਸੈ ਸਚੁ ਸਾਹ ਬੰਦੀਮੋਚ.
ਦੀਦਨੇ ਦੀਦਾਰ ਸਾਹਿਬ ਕਛੁ ਨਹੀ ਇਸ ਕਾ ਮੋਲੁ,
ਪਾਕ ਪਰਵਦਿਗਾਰ ਤੂ ਖੁਦਿ ਖਸਮੁ ਵਡਾ ਅਤੋਲੁ,
ਦਸ੍ਤਗੀਰੀ ਦੇਹਿ ਦਿਲਾਵਰ ਤੂਹੀ ਤੂਹੀ ਏਕ,
ਕਰਤਾਰ ਕੁਦਰਤਿ ਕਰਣ ਖਾਲਕ ਨਾਨਕ ਤੇਰੀ ਟੇਕ.
(ਤਿਲੰ ਮਃ ੧)
ਗਾਜੇ ਮਹਾਸੂਰ ਘੂੰਮੀ ਰਣੰ ਹੂਰ
ਭ੍ਰੰਮੀ ਨਭੰ ਪੂਰ ਬੇਖੰ ਅਨੂਪੰ,
ਵਲੇ ਵਲੀ ਸਾਂਈਂ ਜੀਵੀਂ ਜੁਗਾਂ ਤਾਈਂ
ਤੈਂਡੇ ਘੋਲੀ ਜਾਂਈ ਅਲਾਵੀ ਤ ਐਸੇ,
ਲਗੋ ਲਾਰ ਥਾਨੇ ਬਰੋ ਰਾਜ ਮ੍ਹਾਨੇ
ਕਹੋ ਔਰ ਕਾਨੇ ਹਠੀ ਛਾਡ ਥੇਸੌ,
ਬਰੋ ਆਨ ਮੋਕੋ ਭਜੋ ਆਜ ਤੋਕੋ
ਚਲੋ ਦੇਵਲੋਕੋ ਤਜੋ ਬੇਗ ਲੰਕਾ.
(ਰਾਮਾਵ)
ਆਫਤਾਬ ਸੇ ਰੌਸ਼ਨ ਹੋ ਤੁਮ ਹਿਮਕਰ ਸੇ ਅਤਿ ਸੀਤ,
ਧਰਤੀ ਵਾਂਙ ਖਿਮਾਂ ਨੂੰ ਧਰਦੇ ਰਹੋਂ ਸਦਾ ਨਿਰਭੀਤ.
5. ਚਿਤ੍ਰ ਅਲੰਕਾਰ ਦਾ ਇੱਕ ਭੇਦ “ਅਰਥਚਿਤ੍ਰ” ਭੀ ਕਵੀਆਂ ਨੇ ਮੰਨਿਆ ਹੈ, ਜੋ ਉਭਯਾਲੰਕਾਰ ਹੈ. ਇਸ ਦਾ ਰੂਪ ਹੈ ਕਿ ਪ੍ਰਸ਼ਨ ਦਾ ਪਦ ਹੀ ਉੱਤਰ ਹੋਵੇ.
ਜਹਿਂ ਬੂਝਤ ਕਛੁ ਬਾਤ ਕੋ ਉੱਤਰ ਸੋਈ ਬਾਤ,
ਚਿਤ੍ਰ ਕਹਿਤ ਮਤਿਰਾਮ ਕਵਿ ਸਕਲ ਸੁ ਮਤਿ ਅਵਦਾਤ.
(ਲਲਿਤ ਲਲਾਮ)
ਉਦਾਹਰਣ-
ਕੋ ਕਹਿਯੇ ਜਲ ਤੇ ਸੁਖੀ, ਕਾ ਕਹਿਯੇ ਪਰ ਸ਼੍ਯਾਮ?
(ਚਿਤ੍ਰਚੰਦ੍ਰਿਕਾ)
ਕੋ ਕਹਿਯੇ ਜਲ ਤੇ ਸੁਖੀ?
ਇਸ ਦਾ ਉੱਤਰ- ਕੋਕ ਹਿਯੇ ਜਲ ਤੇ ਸੁਖੀ.
ਕਾ ਕਹਿਯੇ ਪਰ ਸ਼੍ਯਾਮ?
ਇਸ ਦਾ ਉੱਤਰ- ਕਾਕ ਹਿਯੇ ਪਰ ਸ਼੍ਯਾਮ.
(ਅ) ਅਨੇਕ ਪ੍ਰਸ਼ਨਾਂ ਦਾ ਇੱਕ ਪਦ ਨਾਲ ਹੀ ਉੱਤਰ ਦੇਣਾ, ਇਹ ਅਰਥਚਿਤ੍ਰ ਦਾ ਦੂਜਾ ਰੂਪ ਹੈ. ਇਸ ਦੀ ਸੰਗ੍ਯਾ ਸ਼ਾਸਨੋੱਤਰ ਹੈ.
ਪ੍ਰਸ਼੍ਨ ਅਨੇਕਨ ਕੋ ਇੱਕ ਉੱਤਰ।
ਭੇਦ ਚਿਤ੍ਰ ਜਾਨੋ ਸ਼ਾਸਨੋਤਰ.
ਉਦਾਹਰਣ-
ਕੋ ਸ਼ਤ੍ਰੂ ਰਤਿਨਾਥ ਕੋ? ਸ਼ਿਵਅਰਿ ਕੋ ਕ੍ਯਾ ਨਾਮ?
ਕਿਹ ਬਿਨ ਜੀਵਨ ਦੁਖੀ ਹੈ? ਉੱਤਰ ਦੀਨੋ ‘ਕਾਮ’.
ਤਿੰਨਾਂ ਪ੍ਰਸ਼ਨਾ ਉੱਤਰ “ਕਾਮ” ਪਦ ਨਾਲ ਦਿੱਤਾ. “ਕਾਮ” ਦਾ ਅਰਥ ਹੈ ਮਹਾਦੇਵ, ਅਨੰਗ ਅਤੇ ਕੰਮ.
ਰਾਜਦ੍ਵਾਰ ਅਰੁ ਮਾਨਸਰ ਕਮਲ ਦੇਵਤਾਅੰਗ, ਕਿਸ ਸੇ ਸ਼ੋਭਨ ਹੋਤ ਹੈਂ? ਉੱਤਰ ਹੈ ਸਾਰੰਗ. “ਸਾਰੰਗ” ਸ਼ਬਦ ਨਾਲ ਚੌਹਾਂ ਪ੍ਰਸ਼ਨਾਂ ਦਾ ਉੱਤਰ ਦਿੱਤਾ, ਅਰਥਾਤ- ਰਾਜਦ੍ਵਾਰ ਹਾਥੀ ਘੋੜੇ ਨਾਲ ਸੋਭਦਾ ਹੈ, ਮਾਨਸਰੋਵਰ ਰਾਜਹੰਸਾਂ ਸਾਥ, ਕਮਲ ਭੌਰਿਆਂ ਕਰਕੇ ਅਤੇ ਦੇਵਤਾ ਦੇ ਅੰਗ ਚੰਦਨ ਕਪੂਰ ਨਾਲ ਸ਼ੋਭਾ ਪਾਉਂਦੇ ਹਨ.
6. ਅਰਥਪ੍ਰਹੇਲਿਕਾ ਅਰਥਾਲੰਕਾਰ ਚਿਤ੍ਰ ਦਾ ਤੀਜਾ ਰੂਪ ਹੈ. ਇਹ ਐਸੀ ਬੁਝਾਰਤ ਹੋਇਆ ਕਰਦੀ ਹੈ ਜਿਸ ਦੇ ਅਰਥਵਿਚਾਰ ਤੋਂ ਵਸਤੁ ਦਾ ਗ੍ਯਾਨ ਹੋਵੇ, ਪਰ ਬੁਝਾਰਤ ਵਿੱਚ ਸਪਸ਼੍ਟ ਨਾਮ ਨਾ ਦੱਸਿਆ ਜਾਵੇ.
ਉਦਾਹਰਣ-
ਪਉਣੈ ਪਾਣੀ ਅਗਨੀ ਕਾ ਮੇਲ,
ਚੰਚਲ ਚਪਲਬੁਧਿ ਕਾ ਖੇਲੁ,
ਨਉ ਦਰਵਾਜੇ ਦਸਵਾਂ ਦੁਆਰੁ,
ਬੁਝੁ ਰੇ ਗਿਆਨੀ ਏਹੁ ਬੀਚਾਰੁ.”
(ਗਉ ਮਃ ੧)
ਇਸ ਬੁਝਾਰਤ ਵਿੱਚ ਸ਼ਰੀਰ ਦਾ ਵਰਣਨ ਹੈ.
ਪੰਚ ਮਨਾਏ ਪੰਚ ਰੁਸਾਏ,
ਪੰਚ ਵਸਾਏ ਪੰਚ ਗਵਾਏ,{863}
ਇਨ ਬਿਧਿ ਨਗਰੁ ਵੁਠਾ ਮੇਰੇ ਭਾਈ.
(ਆਸਾ ਅ: ਮਃ ੫)
ਸਾਰਾ ਪਉਣਾ ਦੂਜਾ ਗਉਣਾ,
ਨਰ ਨਾਰੀ ਥੇ ਦੋਨੋ ਭਉਣਾ,
ਕੁਛ ਖਾਧਾ ਕੁਛ ਲੈਕੇ ਸਉਣਾ,
ਉੱਤਰ ਦੇਹ ਗੁਰੂ ਜੀ ਕਉਣਾ?
ਇੱਕ ਰਾਜਕੁਮਾਰੀ ਨੇ ਦਸ਼ਮੇਸ਼ ਪਾਸ ਇਹ ਪ੍ਰਸ਼ਨ ਕੀਤੇ, ਜਿਨ੍ਹਾਂ ਦਾ ਉੱਤਰ ਭਾਈ ਸੰਤੋਖ ਸਿੰਘ ਜੀ ਦੇ ਲਿਖਣ ਅਨੁਸਾਰ ਇਹ ਹੈ:-
ਜਾਣੋ ਸਾਰਾ ਦੇਵਤਨ ਪੌਣਾ ਮਾਣਸਦੇਹ,
ਦੁਵਿਧਾ ਦੂਜੀ ਕਰ ਗਮਨ ਨਰ ਨਾਰੀ ਹ੍ਵੈ ਖੇਹ,
ਉਭੈ ਲੋਕ ਭੌਦਾਂ ਫਿਰੈ ਖਾਧਾ ਖਰਚ ਜਮਾਲ,
ਪ੍ਰਲੈ ਭਈ ਸੌਣਾ ਹੂਆ ਉੱਤਰ ਤੁਮਰਾ ਬਾਲ.
(ਗੁਪ੍ਰਸੂ)
ਪਾਨੀ ਮੇ ਨਿਸ ਦਿਨ ਰਹੇ ਜਾਂਕੇ ਹਾਡ ਨ ਮਾਸ,
ਕਾਮ ਕਰੇ ਤਰਵਾਰ ਕੋ ਫਿਰ ਪਾਨੀ ਮੇ ਬਾਸ.
(ਚਿਤ੍ਰਚੰਦ੍ਰਿਕਾ)
ਇਹ ਕੁੰਭਕਾਰ (ਕੁਮ੍ਹਿਆਰ) ਦਾ ਡੋਰਾ ਹੈ। 7. ਦੇਖੋ- ਚਿਤ੍ਰਕੁਸ਼੍ਟ। 8. ਚਰਾਇਤਾ। 9. ਵਿ. ਰੰਗਬਰੰਗਾ. ਡੱਬਖੜੱਬਾ.

Footnotes:
{858} ਇਸ ਨੂੰ ਅਮੱਤ ਭੀ ਆਖਦੇ ਹਨ, ਯਥਾ: ਚਰਨ ਸਰਨ ਅਘ ਗਨ ਕਰ ਹਰਨ.
{859} ਅਕ੍ਸ਼ਰਾਂ ਦੇ ਅਸਥਾਨ ਇਹ ਹਨ: ਅ ਹ ਵਿਸਰਗਾਂ (:) ਕ ਖ ਗ ਘ ਙ ਦਾ ਕੰਠ ਅਸਥਾਨ ਹੈ. ੲ ਸ਼ ਚ ਛ ਜ ਝ ਞ ਯ ਦਾ ਤਾਲੂ ਅਸਥਾਨ ਹੈ. ਸ਼ ਟ ਠ ਡ ਢ ਣ ਰ ੜ ਦਾ ਮੂਰਧ ਅਸਥਾਨ ਹੈ. ਸ ਤ ਥ ਦ ਧ ਨ ਲ ਦਾ ਦੰਦਾਂ ਵਿੱਚ ਅਸਥਾਨ ਹੈ. ੳ ਪ ਫ ਬ ਭ ਮ ਵ ਦਾ ਹੋਠ ਅਸਥਾਨ ਹੈ, ਅਤੇ ਵ ਦਾ ਦੰਦ ਅਸਥਾਨ ਭੀ ਹੈ. ਙ ਞ ਣ ਨ ਮ ਦਾ ਨੱਕ ਵਿੱਚ ਨਿਵਾਸ ਹੈ. ਇਹ ਅੱਖਰ ਆਪਣੇ ਆਪਣੇ ਵਰਗਾਂ ਦਾ ਅਸਥਾਨ ਭੀ ਰਖਦੇ ਹਨ.
{860} ਨਿਰੋਸ਼੍‌ਠ ਉਹ ਹੈ ਜਿਸ ਦੇ ਪੜ੍ਹਨ ਸਮੇਂ ਹੋਠ ਨਾ ਹਿੱਲਣ. ਇਸ ਵਿੱਚ ਹੋਠਾਂ ਦੇ ਅਸਥਾਨ ਬੋਲਣ ਵਾਲੇ ਅੱਖਰਾਂ ਦਾ ਤ੍ਯਾਗ ਕੀਤਾਜਾਂਦਾ ਹੈ. ਇਸ ਨੂੰ ਅਧਰਵਿਛੋਹਾ ਭੀ ਆਖਦੇ ਹਨ. ਉਦਾਹਰਣ: ਕਲਗੀਧਰ ਧਰ ਦੁਖ ਹਰਨ, ਦਾਯਕ ਦਾਸ ਅਨੰਦ.
{861} ਯਥਾ:- ਦਾਸ ਖਾਸ ਤੀਯ ਖੇਲ.
{862} ਇਸ ਨੂੰ “ਗਤਾਗਤ” ਭੀ ਆਖਦੇ ਹਨ, ਯਥਾ:- ਹਯ ਗਜ ਰਥਿ ਨ ਹੈ ਨ ਥਿਰ ਜਗ ਯਹ.
{863} ਸਤ੍ਯ ਸੰਤੋਖ ਦਯਾ ਧਰਮ ਅਤੇ ਧੀਰਜ ਮਨਾਏ, ਕਾਮ ਕ੍ਰੋਧ ਲੋਭ ਮੋਹ ਅਤੇ ਅਹੰਕਾਰ ਰੁਸਾਏ, ਪੰਜ ਤੱਤਾਂ ਦੇ ਗੁਣ ਖਿਮਾ ਆਦਿ ਵਸਾਏ, ਸ਼ਬਦ ਸਪਰਸ਼ ਆਦਿ ਪੰਜ ਵਿਸ਼ਯ ਗਵਾਏ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits