Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Arjan. ਸਿੱਖਾਂ ਦੇ ਪੰਜਵੇਂ ਗੁਰੂ, ਗੁਰੂ ਰਾਮਦਾਸ ਜੀ ਦੇ ਘਰ ਬੀਬੀ ਭਾਣੀ ਦੀ ਕੁੱਖੋਂ ਗੋਇੰਦਵਾਲ ਜ਼ਿਲ੍ਹਾ ਅੰਮ੍ਰਿਤਸਰ ਵਿਖੇ 15 ਅਪ੍ਰੈਲ, 1563 ਨੂੰ ਜਨਮ ਹੋਇਆ। ਸਤੋਗੁਣੀ ਸੁਭਾ ਦੇ ਸਨ। 1588 ਵਿਚ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਈ, ਅੰਮ੍ਰਿਤਸਰ ਸ਼ਹਿਰ ਵਸਾਇਆ। 1590 ਵਿਚ ਤਰਨਤਾਰਨ ਦੇ ਸਰੋਵਰ ਦਾ ਨਿਰਮਾਣ ਆਰੰਭ ਹੋਇਆ ਮੰਨਿਆ ਜਾਂਦਾ ਹੈ। ਲਾਹੌਰ ਬਉਲੀ ਸਾਹਿਬ ਤਿਆਰ ਕਰਵਾਈ। ਕਰਤਾਰਪੁਰ ਨਗਰ ਆਬਾਦ ਕੀਤਾ। 1604 ਈ. ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਕੀਤਾ। 30 ਮਈ 1606 ਨੂੰ ਆਪ ਜੀ ਨੂੰ ਵੇਲੇ ਦੀ ਸਰਕਾਰ ਵਲੋਂ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਆਪ ਜੀ ਦੀ ਇਕੋ ਇਕ ਸੰਤਾਨ ਗੁਰੂ ਹਰਿਗੋਬਿੰਦ ਸਾਹਿਬ ਸਨ ਜੋ ਆਪ ਪਿਛੋਂ ਛੇਵੇਂ ਗੁਰੂ ਦੇ ਰੂਪ ਵਿਚ ਗਦੀ ਤੇ ਬਿਰਾਜਮਾਨ ਹੋਏ। ਗੁਰੂ ਅਰਜਨ ਦੇਵ 24 ਸਾਲ 9 ਮਹੀਨੇ ਗੁਰਗਦੀ ਤੇ ਬਿਰਾਜਮਾਨ ਰਹੇ। ਆਪ ਜੀ ਦੀ ਕੁਲ ਆਯੂ 43 ਸਾਲ 1 ਮਹੀਨਾ 15 ਦਿਨ ਸੀ। fifth Guru of the Sikhs.
ਉਦਾਹਰਨ:
ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ ॥ Raga Raamkalee, Balwand & Sata, 8:5 (P: 968).

SGGS Gurmukhi-English Dictionary
The fifth Guru of the Sikhs
SGGS Gurmukhi-English Data provided by Harjinder Singh Gill, Santa Monica, CA, USA.

English Translation
n.m. acquisition, collection, accumulation.

Mahan Kosh Encyclopedia

ਸੰ. ਅਰਜਨ. ਨਾਮ/n. ਕਮਾਉਣਾ. ਖੱਟਣਾ. ਦੇਖੋ- ਅਰਜ੍‌ ਧਾ। 2. ਸੰਗ੍ਰਹ (ਜਮਾ) ਕਰਨਾ. “ਸ੍ਰੀ ਅਰਜਨ ਅਰਜਨ ਕਰੀ ਅਰਜਨ ਬਾਨੀ ਜੈਸ” (ਪੰਪ੍ਰ) 3. ਸੰ. ਅਰਜੁਨ. ਇੱਕ ਬਿਰਛ, ਜੋ ਸਦਾਬਹਾਰ ਜਾਤੀ ਵਿੱਚੋਂ ਹੈ. ਇਸ ਦੀ ਸੰਘਣੀ ਛਾਂ ਅਤੇ ਲੱਕੜ ਬਹੁਤ ਮਜਬੂਤ ਹੁੰਦੀ ਹੈ. L. Terminalia-Arjuna। 4. ਪਾਂਡਵਾਂ ਵਿੱਚੋਂ ਮੰਝਲਾ ਭਾਈ, ਜੋ ਧਨੁਖਵਿਦ੍ਯਾ ਵਿੱਚ ਆਪਣੇ ਸਮੇਂ ਅਦੁਤੀ ਸੀ. ਸਵ੍ਯਸਾਚੀ. ਕਪਿਧ੍ਵਜ. ਗਾਂਡੀਵੀ. ਗੁੜਾਕੇਸ਼. ਧੰਨਜਯ. ਪਾਰਯ ਫਾਲਗੁਨ. ਬ੍ਰਿਹੱਨਲ. ਵਿਜਯ.
ਮਹਾਭਾਰਤ ਵਿੱਚ ਲਿਖਿਆ ਹੈ ਕਿ ਕੁੰਤੀ ਦੇ ਉਦਰ ਤੋਂ ਇਹ ਇੰਦ੍ਰ ਦੇ ਸੰਜੋਗ ਨਾਲ ਜਨਮਿਆ ਸੀ. ਵਿਰਾਟ ਪਰਬ ਦੇ ਚੌਤਾਲੀਸਵੇਂ ਅਧ੍ਯਾਯ ਵਿੱਚ ਲੇਖ ਹੈ ਕਿ ਅਰਜੁਨ (ਉੱਜਲ) ਕਰਮ ਕਰਨ ਤੋਂ ਨਾਉਂ ਅਰਜੁਨ ਹੋਇਆ.{139} ਦਸਮਗ੍ਰੰਥ ਵਿੱਚ ਅਰਜੁਨ ਬਾਈਸਵਾਂ ਅਵਤਾਰ ਲਿਖਿਆ ਹੈ:-
ਕਥਾ ਬ੍ਰਿੱਧ ਕਸ ਕਰੋਂ ਵਿਚਾਰਾ?
ਬਾਇਸਵੋਂ ਅਰਜਨ ਅਵਤਾਰਾ. (ਨਰਾਵ)
5. ਕ੍ਰਿਤਵੀਰਯ ਦਾ ਪੁਤ੍ਰ ਸਹਸ੍ਰਵਾਹੁ, ਜਿਸ ਦਾ ਨਾਉਂ ਸਹਸ੍ਰਾਰਜੁਨ ਭੀ ਹੈ. ਇਹ ਹੈਹਯ ਵੰਸ਼ ਦਾ ਪ੍ਰਤਾਪੀ ਰਾਜਾ ਸੀ. ਦੇਖੋ- ਸਹਸ੍ਰਬਾਹੁ ਅਤੇ ਪਰਸਰਾਮ। 6. ਚਿੱਟੇ ਰੰਗ ਦੀ ਕਨੇਰ. Pterospermum Acerifolium। 7. ਮੋਰ। 8. ਇੰਦ੍ਰ। 9. ਸਿੱਖਕ਼ੌਮ ਦੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ, ਜਿਨ੍ਹਾਂ ਦਾ ਜਨਮ ਵੈਸਾਖ ਪ੍ਰਵਿਸ਼੍ਠਾ ੧੯ (ਵੈਸਾਖ ਵਦੀ ੭) ਸੰਮਤ ੧੬੨੦ (੧੫ ਏਪ੍ਰਿਲ ਸਨ ੧੫੬੩) ਨੂੰ ਸ਼੍ਰੀ ਗੁਰੂ ਰਾਮਦਾਸ ਜੀ ਦੇ ਘਰ ਬੀਬੀ ਭਾਨੀ ਜੀ ਦੇ ਉਦਰ ਤੋਂ ਗੋਇੰਦਵਾਲ ਹੋਇਆ. ੨੩ ਹਾੜ ਸੰਮਤ ੧੬੩੬ ਨੂੰ ਕ੍ਰਿਸਨਚੰਦ ਦੀ ਸੁਪੁਤ੍ਰੀ ਗੰਗਾਦੇਵੀ ਜੀ ਨਾਲ ਮਉ ਪਿੰਡ ਵਿਆਹ ਹੋਇਆ, ਜਿਸ ਦੇ ਉਦਰ ਤੋਂ ਮਹਾਵੀਰ ਸੁਪੁਤ੍ਰ ਗੁਰੂ ਹਰਗੋਬਿੰਦ ਜੀ ਜਨਮੇ.
ਗੁਰੂ ਅਰਜਨ ਸਾਹਿਬ ੨ ਅੱਸੂ ਸੰਮਤ ੧੬੩੮ (੧ ਸਤੰਬਰ ਸਨ ੧੫੮੧) ਨੂੰ ਗੁਰੁਗੱਦੀ ਤੇ ਵਿਰਾਜੇ ਅਤੇ ਉੱਤਮ ਰੀਤੀ ਨਾਲ ਸਿੱਖਧਰਮ ਦਾ ਪ੍ਰਚਾਰ ਕੀਤਾ. ਕੌਮੀ ਕਾਰਜਾਂ ਦੇ ਨਿਰਵਾਹ ਲਈ ਸਿੱਖਾਂ ਦੀ ਧਰਮਕਿਰਤ ਵਿੱਚੋਂ ਦਸਵੰਧ (ਦਸ਼ਮਾਂਸ਼) ਲੈਣ ਦੀ ਮਰਜਾਦਾ ਬੰਨ੍ਹੀ. ਸੰਮਤ ੧੬੪੫ ਵਿੱਚ ਸੰਤੋਖਸਰ ਤਾਲ ਪੱਕਾ ਕਰਵਾਇਆ ਅਰ ਸੰਮਤ ੧੬੪੫ ਵਿੱਚ ਹੀ ਹਰਿਮੰਦਿਰ ਦੀ ਨਿਉਂ ਰੱਖੀ, ਸੰਮਤ ੧੬੪੭ ਵਿੱਚ ਤਰਨਤਾਰਨ ਤਾਲ ਰਚਿਆ. ਸੰਮਤ ੧੬੫੧ ਵਿੱਚ ਕਰਤਾਰਪੁਰ ਨਗਰ (ਜਿਲਾ ਜਾਲੰਧਰ ਵਿੱਚ) ਵਸਾਇਆ, ਸੰਮਤ ੧੬੫੯-੬੦ ਵਿੱਚ ਰਾਮਸਰ ਅਤੇ ਸੰਮਤ ੧੬੬੧ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕੀਤੀ. ਇਸੇ ਸਾਲ ਸਿੱਖਧਰਮ ਦੇ ਪੁਸਤਕ ਨੂੰ ਹਰਿਮੰਦਿਰ ਅੰਦਰ ਥਾਪਕੇ ਬਾਬਾ ਬੁੱਢਾ ਜੀਨੂੰ ਗ੍ਰੰਥੀ ਠਹਿਰਾਇਆ.
ਗੁਰੁਮਤ ਦੇ ਨਿਯਮਾਂ ਦੀ ਰਾਖੀ ਕਰਦੇ ਹੋਏ ਅਤੇ ਸਤ੍ਯਪ੍ਰਤਿਗ੍ਯਾ ਸਹਨਸ਼ੀਲਤਾ ਅਤੇ ਭਾਣਾ ਮੰਨਣ ਦੀ ਕਸੌਟੀ ਉੱਤੇ ਸਿੱਖਾਂ ਨੂੰ ਅਚਲ ਰਹਿਣ ਦਾ ਸਬਕ ਦੱਸਣ ਲਈ ਜੇਠ ਸੁਦੀ ੪ (੨ ਹਾੜ੍ਹ) ਸੰਮਤ ੧੬੬੩ (੩੦ ਮਈ ਸਨ ੧੬੦੬) ਨੂੰ ਰਾਵੀ ਦੇ ਕਿਨਾਰੇ ਲਹੌਰ ਜੋਤੀਜੋਤਿ ਸਮਾਏ.{140} ਆਪ ਦਾ ਪਵਿਤ੍ਰ ਦੇਹਰਾ ਕਿਲੇ ਪਾਸ ਇਸ ਸਮੇਂ ਸਿੱਖਾਂ ਦਾ ਯਾਤ੍ਰਾ ਅਸਥਾਨ ਹੈ. ਦੇਖੋ- ਲਹੌਰ ਦਾ ਅੰਗ ੪.
ਪੰਜਵੇਂ ਸਤਿਗੁਰੂ ਨੇ ੨੪ ਵਰ੍ਹੇ ੯ ਮਹੀਨੇ ਗੁਰਿਆਈ ਕੀਤੀ ਅਤੇ ੪੩ ਵਰ੍ਹੇ ੧ ਮਹੀਨਾ ੧੫ ਦਿਨ ਸਾਰੀ ਉਮਰ ਭੋਗੀ.
“ਗੁਰੁਅਰਜੁਨ ਸਿਰਿ ਛਤ੍ਰ ਆਪਿ ਪਰਮੇਸਰਿ ਦੀਅਉ.” ਅਤੇ- “ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ.” (ਸਵੈਯੇ ਮਃ ੫ ਕੇ) 10. ਵਿ. ਚਿੱਟਾ. ਉੱਜਲ। 11. ਨਿਰਮਲ. ਸ਼ੁੱਧ.
ਭਾਈ ਸੰਤੋਖ ਸਿੰਘ ਜੀ ਨੇ ਅਰਜਨ ਅਤੇ ਅਰਜੁਨ ਸ਼ਬਦ ਇੱਕੋ ਕਰ ਦਿੱਤਾ ਹੈ, ਜਿਵੇਂ-
ਅਰਜਨ{141} ਸੁਨਤ ਸੁ ਦਾਸਨ ਕੋ ਦਾਨ ਦੇਤ
ਮੋਹ ਕੇ ਵਿਦਾਰਬੇ ਕੋ ਵਾਕ ਸਰ ਅਰਜਨ,{142}
ਅਰਜਨ{143} ਯਸ ਵਿਸਤੀਰਨ ਸੰਤੋਖ ਸਿੰਘ
ਜਹਾਂ ਤਹਾਂ ਜਾਨਿਯਤ ਮਾਨੋ ਤਰੁ ਅਰਜਨ,{144}
ਅਰਜਨ{145} ਭਏ ਗਨ ਮੋਖਪਦ ਲਏ ਤਿਨ
ਸ੍ਯਾਮਘਨ ਤਨ ਹੋਯ ਤੋਰੇ ਯਮਲਾਰਜਨ,{146}
ਅਰਜ{147}ਨ ਜਾਨ੍ਯੋਜਾਇ ਕੇਤੋ ਹੈ ਵਿਥਾਰ ਤੇਰੋ
ਐਸੋ ਰੂਪ ਧਾਰ ਆਇ ਰਾਜੈਂ ਗੁਰੁ ਅਰਜਨ.
(ਗੁਪ੍ਰਸੂ).

Footnotes:
{139} करोमि कर्म्म शुद्धञ्च तेन नामन्अर्जुन विदुः
{140} ਦੇਖੋ- ਜਹਾਂਗੀਰ ੨ ਦਾ ਫੁਟਨੋਟ.
{141} ਅਰਜਾਂ, ਬੇਨਤੀਆਂ.
{142} ਅਰਜੁਨ ਪਾਂਡਵ.
{143} ਉੱਜਲ.
{144} ਅਰਜੁਨ ਬਿਰਛ. ਚਿੱਟੀ ਕਨੇਰ। 2. ਦੇਖੋ- ਤਰੁ ਅਰਜਨ.
{145} ਨਿਰਮਲ, ਸ਼ੁੱਧ ਅੰਤਹਕਰਣ ਹੈ ਜਿਸ ਦਾ.
{146} ਕ੍ਰਿਸ਼ਨ ਰੂਪ ਧਾਰਕੇ ਅਰਜੁਨ ਬਿਰਛਾਂ ਦੀ ਯਮਲ (ਜੋੜਾ) ਤੋੜਿਆ. ਦੇਖੋ- ਜਮਲਾਰਜਨ ਸ਼ਬਦ.
{147} ਚੌੜਾਨ. ਭਾਵ- ਫੈਲਾਉ. ਵਿਸ੍ਤਾਰ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits