Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Farīḏ. ਬਾਰਵੀਂ ਸਦੀ ਦਾ ਇਕ ਸੂਫੀ ਫਕੀਰ ਜਿਸ ਦੇ 4 ਸ਼ਬਦ ਤੇ 117 ਸਲੋਕ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। Sufi saint of 12th century whose compositions have been included in Sri Guru Granth Sahib.
ਉਦਾਹਰਨ:
ਆਜੁ ਮਿਲਾਵਾ ਸੇਖ ਫਰੀਦ ਟਾਕਿਮ ਕੂੰਜੜੀਆਂ ਮਨਹੁ ਮਚਿੰਦੜੀਆ ॥ Raga Aaasaa, Farid, 2, 1:1 (P: 488).

Mahan Kosh Encyclopedia

ਅ਼. [فرِید] ਫ਼ਰੀਦ. ਵਿ. ਅਦੁਤੀ. ਲਾਸਾਨੀ। 2. ਨਾਮ/n. ਇੱਕ ਮਹਾਤਮਾ ਸੰਤ, ਜਿਨ੍ਹਾਂ ਦੀ ਸੰਖੇਪਕਥਾ ਇਹ ਹੈ:-
ਸ਼ੇਖ਼ ਫ਼ਰੀਦ ਜੀ ਦਾ ਜਨਮ ਸ਼ੇਖ ਜਲਾਲੁੱਦੀਨ ਸੁਲੈਮਾਨ ਦੇ ਘਰ (ਜੋ ਇਸਲਾਮ ਦੇ ਦੂਜੇ ਖਲੀਫਾ ਉਮਰ ਦੀ ਸੰਤਾਨ ਵਿੱਚੋਂ ਸਨ), ਮਾਤਾ ਮਰਿਯਮ ਦੇ ਉਦਰ ਤੋਂ ਕੋਠੀਵਾਲ ਪਿੰਡ ਵਿੱਚ (ਜੋ ਹੁਣ ਚਾਵਲੀ ਮਸ਼ਾਯਖ਼ ਕਰਕੇ ਪ੍ਰਸਿੱਧ ਹੈ), ਸੰਮਤ ੧੨੩੧ (ਸਨ ੧੧੭੩) ਵਿੱਚ ਹੋਇਆ. ਆਪ ਖ਼੍ਵਾਜਾ ਕੁਤਬੁੱਦੀਨ ਬਖ਼ਤਯਾਰ ਕਾਕੀ ਦੇ ਮੁਰੀਦ ਹੋਏ. ਫਰੀਦ ਜੀ ਵਡੇ ਵਿਦ੍ਵਾਨ, ਮਹਾ ਤਿਆਗੀ, ਪਰਮ ਤਪਸ੍ਵੀ ਅਰ ਕਰਤਾਰ ਦੇ ਅਨੰਨ (ਅਨਨ੍ਯ) ਉਪਾਸਕ ਸਨ. ਆਪ ਨੇ ਅਜੋਧਨ ਵਿੱਚ (ਜੋ ਹੁਣ ਪਾਕਪਟਨ ਅਰਥਾਤ- ਪਾਕਪੱਤਨ ਸੱਦੀਦਾ ਹੈ), ਰਹਾਇਸ਼ ਕੀਤੀ.
ਫ਼ਰੀਦ ਜੀ ਦੀ ਇੱਕ ਸ਼ਾਦੀ ਨਾਸਿਰੁੱਦੀਨ ਮਹ਼ਮੂਦ ਬਾਦਸ਼ਾਹ ਦਿੱਲੀ ਦੀ ਪੁਤ੍ਰੀ ਹਜ਼ਬਰਾ ਨਾਲ ਹੋਈ. ਜਿਸ ਨੂੰ ਉਨ੍ਹਾਂ ਨੇ ਦਰਵੇਸ਼ੀ ਲਿਬਾਸ ਪਹਿਨਾਕੇ ਆਪਣੇ ਸਾਥ ਰੱਖਿਆ. ਇਸ ਤੋਂ ਛੁੱਟ ਤਿੰਨ ਹੋਰ ਇਸਤ੍ਰੀਆਂ ਫਰੀਦ ਜੀ ਦੇ ਪਹਿਲਾਂ ਸਨ. ਆਪ ਦੇ ਪੰਜ ਪੁਤ੍ਰ, ਤਿੰਨ ਪੁਤ੍ਰੀਆਂ ਉਪਜੀਆਂ. ਸੰਮਤ ੧੩੨੩ (ਸਨ ੧੨੬੬) ਵਿੱਚ ਫਰੀਦ ਜੀ ਦਾ ਦੇਹਾਂਤ ਪਾਕਪਟਨ ਹੋਇਆ{1431} ਅਰ ਉਨ੍ਹਾਂ ਦੀ ਗੱਦੀ ਪੁਰ ਵਡਾ ਬੇਟਾ ਦੀਵਾਨ ਬਦਰੁੱਦੀਨ ਸੁਲੈਮਾਨ ਬੈਠਾ.
ਫਰੀਦ ਜੀ ਦੀ ਵੰਸ਼ਾਵਲੀ ਇਉਂ ਹੈ-
ਸ਼ੇਖ਼ ਜਮਾਲੁੱਦੀਨ

ਬਾਬਾ ਫ਼ਰੀਦੁੱਦੀਨ ਮਸਊ਼ਦ ਸ਼ਕਰਗੰਜ

ਦੀਵਾਨ ਬਦਰੁੱਦੀਨ ਸੁਲੈਮਾਨ

ਖ਼੍ਵਾਜਾ ਦੀਵਾਨ ਪੀਰ ਅ਼ਲਾਉੱਦੀਨ (ਮੌਜੇ ਦਰਯਾ)

ਖ਼੍ਵਾਜਾ ਦੀਵਾਨ ਪੀਰ ਮੁਇ਼ਜ਼ੁੱਦੀਨ

ਖ਼੍ਵਾਜਾ ਦੀਵਾਨ ਪੀਰਫ਼ਜ਼ਲ

ਖ਼੍ਵਾਜਾ ਮੁਨੱਵਰਸ਼ਾਹ

ਦੀਵਾਨ ਪੀਰ ਬਹਾਉੱਦੀਨ (ਹਾਰੂੰ)

ਦੀਵਾਨੇ ਸ਼ੇਖ ਅਹ਼ਮਦਸ਼ਾਹ

ਦੀਵਾਨ ਪੀਰ ਅ਼ਤ਼ਾਉੱਲਾ

ਖ਼੍ਵਾਜਾ ਸ਼ੇਖ ਮੁਹ਼ੰਮਦ

ਸ਼ੇਖਬ੍ਰਹਮ (ਇਬਰਾਹੀਮ)
ਸ਼੍ਰੀ ਗੁਰੂ ਨਾਨਕਦੇਵ ਜੀ ਦੀ ਮੁਲਾਕਾਤ “ਸ਼ੇਖ਼ਬ੍ਰਹਮ” (ਸ਼ੇਖ਼ ਇਬਰਾਹੀਮ ਜੀ) ਨਾਲ (ਜਿਨ੍ਹਾਂ ਦੇ ਨਾਮ ਫਰੀਦ ਸਾਨੀ, ਬਲਰਾਜਾ, ਸਾਲਿਸ ਫਰੀਦ ਆਦਿਕ ਹਨ) ਦੋ ਵਾਰ ਹੋਈ. ਪੁਰਾਣੀਆਂ ਸਾਖੀਆਂ ਅਤੇ ਨਾਨਕਪ੍ਰਕਾਸ਼ ਵਿੱਚ ਭੀ ਸ਼ੇਖਬ੍ਰਹਮ ਹੀ ਨਾਮ ਆਉਂਦਾ ਹੈ.
“ਸ਼ੇਖ਼ ਫਰੀਦ ਪਟਨ ਹੈ ਜਹਿੰਵਾ,
ਸ਼ੇਖ਼ਬ੍ਰਹਮ ਤਬ ਬਸਈ ਤਹਿੰਵਾ,
ਤਿਹ ਕੇ ਮਿਲਨ ਹੇਤ ਗਤਿਦਾਈ
ਦੋਇ ਕੋਸ ਪਰ ਬੈਠੇ ਜਾਈ.”
(ਨਾਪ੍ਰ ਉੱਤਰਾ ਅ: ੩੩)
ਫਰੀਦਸਾਨੀ ਦਾ ਦੇਹਾਂਤ ਸੰਮਤ ੧੬੧੦ ਵਿੱਚ ਹੋਇਆ ਹੈ, ਇਸ ਲਈ ਗੁਰੂ ਨਾਨਕ ਸ੍ਵਾਮੀ ਦੇ ਸਮਕਾਲੀ ਸਨ. ਸ਼ੇਖ ਫਰੀਦ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ. ਦੇਖੋ- ਗ੍ਰੰਥ ਸਾਹਿਬ। 3. ਸ਼ੇਖ ਫਰੀਦ ਜਹਾਂਗੀਰ ਦਾ ਖ਼ਜ਼ਾਨਚੀ, ਜਿਸ ਨੇ ਬਲਬਗੜ੍ਹ ਦੀ ਤਸੀਲ ਵਿੱਚ ਸਨ ੧੬੦੭ ਵਿੱਚ ਫਰੀਦਾਬਾਦ ਵਸਾਇਆ ਹੈ.

Footnotes:
{1431} ਗੁਲਸ਼ਨੇ ਔਲੀਆ ਵਿੱਚ ਫ਼ਰੀਦ ਜੀ ਦੀ ਉਮਰ ੧੨੦ ਵਰ੍ਹੇ ਦੀ ਲਿਖੀ ਹੈ, ਇਸ ਹਿਸਾਬ ਦੇਹਾਂਤ ਸੰਮਤ ੧੩੫੦ ਵਿੱਚ ਹੋਇਆ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits