Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



English Translation
n.m., adj. a sect of baptised Sikhs, any of its members; without taint, pure.

Mahan Kosh Encyclopedia

ਫ਼ਾ. [نہنّگ] ਨਾਮ/n. ਖੜਗ. ਤਲਵਾਰ. “ਬਾਹਤ ਨਿਹੰਗ। ਉੱਠਤ ਫੁਲਿੰਗ.” (ਸਲੋਹ) ਤਲਵਾਰ ਦੇ ਪ੍ਰਹਾਰ ਤੋਂ ਵਿਸ੍‌ਫੁਲਿੰਗ (ਚਿੰਗਾੜੇ) ਨਿਕਲਦੇ ਹਨ। 2. ਕਲਮ. ਲੇਖਨੀ। 3. ਘੜਿਆਲ. ਮਗਰਮੱਛ. मकर मत्स्य ਨਾਕੂ. Alligator. “ਜਨੁਕ ਲਹਿਰ ਦਰਯਾਵ ਤੇ ਨਿਕਸ੍ਯੋ ਬਡੋ ਨਿਹੰਗ.” (ਚਰਿਤ੍ਰ ੨੧੭) 4. ਡਿੰਗ. ਘੋੜਾ. ਅਸ਼੍ਵ. ਤੁਰੰਗ. “ਬਿਚਰੇ ਨਿਹੰਗ। ਜੈਸੇ ਪਿਲੰਗ.” (ਵਿਚਿਤ੍ਰ) ਚਿਤ੍ਰੇ ਵਾਂਙ ਛਾਲਾਂ ਮਾਰਦੇ ਘੋੜੇ ਵਿਚਰੇ। 5. ਸੰ. निः शङ्क ਨਿਹਸ਼ੰਕ. ਵਿ. ਜਿਸ ਨੂੰ ਮੋਤ ਦੀ ਚਿੰਤਾ ਨਹੀਂ. ਬਹਾਦੁਰ. ਦਿਲੇਰ. “ਨਿਰਭਉ ਹੋਇਓ ਭਇਆ ਨਿਹੰਗਾ.” (ਆਸਾ ਮਃ ੫) “ਪਹਿਲਾ ਦਲਾਂ ਮਿਲੰਦਿਆਂ ਭੇੜ ਪਿਆ ਨਿਹੰਗਾ.” (ਚੰਡੀ ੩) 6. ਸੰ. निः सङ्ग- ਨਿਹਸੰਗ. ਨਿਰਲੇਪ. ਆਤਮਗ੍ਯਾਨੀ. ਦੁੰਦ (ਦ੍ਵੰਦ੍ਵ) ਦਾ ਤਿਆਗੀ. “ਨਿਹੰਗ ਕਹਾਵੈ ਸੋ ਪੁਰਖ ਦੁਖ ਸੁਖ ਮੰਨੇ ਨ ਅੰਗ.” (ਪ੍ਰਾਪੰਪ੍ਰ) “ਮੁੱਲਾ ਬ੍ਰਾਹਮਣ ਨਾ ਬੁਝੈ, ਬੂਝੈ ਫਕਰ ਨਿਹੰਗ.” (ਮਗੋ)
7. ਸਿੰਘਾਂ ਦਾ ਇੱਕ ਫਿਰਕਾ, ਜੋ ਸੀਸ ਪੁਰ ਫਰਹਰੇ ਵਾਲਾ ਉੱਚਾ ਦੁਮਾਲਾ, ਚਕ੍ਰ, ਤੋੜਾ, ਖੰਡਾ, ਕ੍ਰਿਪਾਨ, ਗਜਗਾਹ ਆਦਿਕ ਸ਼ਸਤ੍ਰ ਅਰ ਨੀਲਾ ਬਾਣਾ ਪਹਿਨਦਾ ਹੈ. ਨਿਹੰਗ ਸਿੰਘ ਮਰਣ ਦੀ ਸ਼ੰਕਾ ਤਿਆਗਕੇ ਹਰਵੇਲੇ ਸ਼ਹੀਦੀ ਪਾਉਣ ਨੂੰ ਤਿਆਰ ਅਤੇ ਮਾਇਆ ਤੋਂ ਨਿਰਲੇਪ ਰਹਿਂਦਾ ਹੈ, ਜਿਸ ਲਈ ਇਹ ਨਾਮ ਹੈ.
ਬਹੁਤ ਸਿੰਘਾਂ ਤੋਂ ਸੁਣੀਦਾ ਹੈ ਕਿ ਇੱਕ ਵਾਰ ਸਾਹਿਬਜ਼ਾਦਾ ਫਤੇ ਸਿੰਘ ਜੀ ਵਿਲਾਸ ਕਰਦੇ ਹੋਏ ਸੀਸ ਤੇ ਦੁਮਾਲਾ ਸਜਾਕੇ ਦਸ਼ਮੇਸ਼ ਦੇ ਹਜੂਰ ਆਏ, ਜਿਸ ਪੁਰ ਪਿਤਾ ਜੀ ਨੇ ਫਰਮਾਇਆ ਕਿ ਇਸ ਬਾਣੇ ਦਾ ਇੱਕ ਨਿਹੰਗਪੰਥ ਹੋਵੇਗਾ.
ਕਈ ਆਖਦੇ ਹਨ ਕਿ ਜਦ ਕਲਗੀਧਰ ਨੇ ਉੱਚਪੀਰ ਵਾਲਾ ਨੀਲਾ ਬਾਣਾ ਅਗਨੀ ਵਿੱਚ ਸਾੜਿਆ, ਉਸ ਸਮੇਂ ਇੱਕ ਲੀਰ ਕਟਾਰ ਨਾਲ ਬੰਨ੍ਹੀ, ਜਿਸ ਤੋਂ ਨੀਲਾਂਬਰੀ ਸੰਪ੍ਰਦਾਯ ਚੱਲੀ, ਜੇਹਾ ਕਿ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ-
ਸਗਲੇ ਫੂਕਚੁਕੇ ਨੀਲਾਂਬਰ ਤਨਿਕ ਤਿਸੀ ਤੇ ਰਾਖਲਯਾ,
ਜਮਧਰ ਸੰਗ ਬੰਧਕਰ ਸੋਊ ਪੰਥਬੇਖ ਹਿਤ ਸਭਿਨ ਛਯਾ.
(ਗੁਪ੍ਰਸੂ)
ਭਾਈ ਸੰਤੋਖ ਸਿੰਘ ਜੀ ਇਹ ਭੀ ਲਿਖਦੇ ਹਨ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਾਨ ਸਿੰਘ ਨੂੰ ਵਰ ਦਿੱਤਾ ਕਿ ਤੇਰਾ ਨਿਹੰਗ ਪੰਥ ਚੱਲੇਗਾ, ਯਥਾ-
“ਹ੍ਵੈ ਪ੍ਰਸੰਨ ਬਰ ਦੇਵਤ ਜੋਵੈ।
ਪੰਥ ਖਾਲਸੇ ਮੇ ਤਵ ਹੋਵੈ।
ਤੁਝ ਸਮ ਬੇਖ{1277} ਸੁਭਾਉ ਬਿਸਾਲੀ।
ਨਾਮ ਨਿਹੰਗ ਅਨੇਕ ਅਕਾਲੀ.” (ਗੁਪ੍ਰਸੂ)
ਬਹੁਤ ਨਿਹੰਗ ਸਿੰਘ ਇਹ ਭੀ ਆਖਦੇ ਹਨ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਸ੍ਵਾਮੀ ਨੇ ਸਿੰਘਾਂ ਦੇ ਸੀਸ ਦੁਮਾਲੇ ਦਾ ਫਰਹਰਾ ਨਿਸ਼ਾਨ ਦਾ ਚਿੰਨ੍ਹ ਥਾਪਿਆ, ਪਰ ਗੁਰੁਪੁਰਨਿਵਾਸੀ ਵ੍ਰਿੱਧ ਵਿਵੇਕਾ ਸਿੰਘ ਜੀ ਅਮ੍ਰਿਤਸਰੀ ਦੇ ਕਥਨ ਅਨੁਸਾਰ ਬਾਬਾ ਨੈਣਾ ਸਿੰਘ (ਨਾਰਾਇਣ ਸਿੰਘ) ਨੇ ਸਭ ਤੋਂ ਪਹਿਲਾਂ ਫ਼ੌਜ ਦੇ ਨਿਸ਼ਾਨਚੀ ਦੇ ਸਿਰ ਉੱਪਰ ਦੁਮਾਲਾ ਸਜਾਕੇ ਨਿਸ਼ਾਨ ਦਾ ਫਰਹਰਾ ਝੁਲਾਇਆ, ਤਾਕਿ ਉਹ ਸਭ ਤੋਂ ਅੱਗੇ ਨਿਸ਼ਾਨ ਦੀ ਥਾਂ ਭੀ ਹੋਵੇ ਅਤੇ ਹੱਥ ਵੇਹਲੇ ਹੋਣ ਕਰਕੇ ਸ਼ਸਤ੍ਰ ਭੀ ਚਲਾ ਸਕੇ.
ਬਾਬਾ ਨੈਣਾ ਸਿੰਘ ਦਾ ਚਾਟੜਾ ਅਕਾਲੀ ਫੂਲਾ ਸਿੰਘ ਸਿੱਖਦਲ ਵਿੱਚ ਪ੍ਰਸਿੱਧ ਸੈਨਾਪਤਿ ਹੋਇਆ ਹੈ. ਨਿਹੰਗ ਸਿੰਘ ਅਕਾਲ ਦੇ ਉਪਾਸਕ ਅਤੇ ਅਕਾਲ! ਅਕਾਲ! ਜਪਦੇ ਹਨ, ਇਸ ਕਾਰਣ “ਅਕਾਲੀ” ਨਾਮ ਭੀ ਮਸ਼ਹੂਰ ਹੋ ਗਿਆ ਹੈ. ਦੇਖੋ- ਅਕਾਲੀ.
ਨਿਹਾਲ ਸਿੰਘ ਜੀ ਨਿਹੰਗਾਂ ਬਾਬਤ ਦਸ਼ਮੇਸ਼ ਦਾ ਫ਼ਰਮਾਨ ਲਿਖਦੇ ਹਨ-
ਧਰਮ ਦੇ ਧੁਰੰਧਰ ਉਦਾਰਤਾ ਕੇ ਧਾਰਾਧਰ
ਭੋਲੇ ਭਾਲ ਭ੍ਰਾਜਤੇ ਝਕੋਲ ਪ੍ਰੇਮ ਰੰਦ ਮੈ,
ਸਰਬਲੋਹ ਪ੍ਯਾਰੇ ਅਰਬ ਖਰਬ ਲੌ ਨ ਦਰਬ ਬੰਧ
ਨੈਕ ਹੂੰ ਨ ਗਰਬ ਪੁੰਨ ਪਰਬ ਯਾਕੇ ਸੰਗ ਮੈ,
ਸਾਜਕੈ ਸੁਬਾਨੋ ਸੂਰ ਗਾਜਕੈ ਮ੍ਰਿਗੇਂਦ੍ਰ ਭੂਰਿ
ਭਾਜਕੈ ਗਨੀਮ ਕੋ ਬਿਦਾਰੈਂ ਜੋਰ ਜੰਗ ਮੈ,
ਮੋਦ ਕੇ ਤਰੰਗ ਮੈ ਉਮੰਗ ਕੈ ਉਤੰਗ ਪੰਥ
ਲੋਕ ਦੰਗ ਕੈਬੇ ਕੋ ਸੁ ਕੀਨੇ ਏ ਨਿਹੰਗ ਮੈ.

Footnotes:
{1277} ਇਸ ਤੋਂ ਜਾਂਣੀਦਾ ਹੈ ਕਿ ਮਾਨਸਿੰਘ ਜੀ ਪਹਿਲਾਂ ਹੀ ਨਿਹੰਗ ਵੇਸ਼ ਰਖਦੇ ਸਨ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits