Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
(1) ਨਾਦ, ਸੰਗੀਤ। (2) ਅਲਾਪੀ, ਗਾਈ। ਉਦਾਹਰਣ: ਅਨਹਦ ਧੁਨੀ ਦਰਿ ਵਜਦੇ ਦਰਿ ਸਚੈ ਸੋਭਾ ਪਾਇ॥ {ਸਿਰੀ ੪, ੭੦, ੩:੩ (42)}। ਸੋਰਠਿ ਗੋਂਡ ਮਲਾਰੀ ਧੁਨੀ॥ {ਰਾਗੁ ੧:੫੧ (1430)}।

English Translation
n.f. tune musical mode, musical sound, tone, melody, sound speech sound.

Mahan Kosh Encyclopedia
ਸੰ. {ਸੰਗ੍ਯਾ}. ਨਦੀ ਦਰਿਆ। (2) ਸੰ. ਧ੍ਵਨਿ. ਸ਼ਬਦ. ਨਾਦ. "ਅਨਹਦ ਧੁਨੀ ਦਰਿ ਵਜਦੇ". (ਸ੍ਰੀ ਮਃ ੪)। (3) ਆਵਾਜ਼ ਦੀ ਗੂੰਜ। (4) ਕਾਵ੍ਯ ਅਨੁਸਾਰ ਉਹ ਗੂਢ ਅਰਥ ਦਾ ਭਾਵ, ਜੋ ਅੱਖਰਾਂ ਦੇ ਅਰਥ ਤੋਂ ਭਿੰਨ ਵ੍ਯੰਜਨਾ ਸ਼ਕਤਿ ਦ੍ਵਾਰਾ ਪ੍ਰਗਟ ਹੋਵੇ, ਜਿਵੇਂ- "ਮੇਟੀ ਜਾਤਿ ਹੂਏ ਦਰਬਾਰਿ". (ਗੌਡ ਰਵਿਦਾਸ) ਇਸ ਤੋਂ ਉਹ ਧੁਨੀ (ਧ੍ਵਨਿ) ਨਿਕਲੀ ਕਿ ਜੋ ਜਾਤਿ- ਅਭਿਮਾਨੀ ਹਨ, ਉਹ ਕਰਤਾਰ ਦੇ ਦਰਬਾਰ ਦੇ ਅਧਿਕਾਰੀ ਨਹੀਂ। ¹ ੫. ਗਾਉਣ ਦੀ ਧਾਰਨਾ. ਗਾਉਣ ਦਾ ਢੰਗ. ਸ਼੍ਰੀ ਗੁਰੂ ਅਰਜਨ ਸਾਹਿਬ ਨੇ ਨੌ ਵਾਰਾਂ ਅਜੇਹੀਆਂ ਚੁਣੀਆਂ, ਜਿਨ੍ਹਾਂ ਦੇ ਗਾਉਣ ਦੀ ਧਾਰਨਾ ਪੁਰਾਣੇ ਯੋਧਿਆਂ ਦੀਆਂ ਵਾਰਾਂ ਅਨੁਸਾਰ ਰਬਾਬੀਆਂ ਨੂੰ ਦੱਸੀ, ਅਰ ਪੁਰਾਣੀਆਂ ਵਾਰਾਂ ਦੇ ਪਤੇ ਵਾਰਾਂ ਦੇ ਮੁੱਢ ਲਿਖੇ. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਢਾਡੀਆਂ ਤੋਂ ਇਹ ਨੌ ਧੁਨੀਆਂ ਵੀਰ ਰਸ ਦੀ ਵ੍ਰਿੱਧੀ ਲਈ ਗਵਾਈਆਂ, ਜੋ ਹੁਣ ਤੀਕ. ਟਕਸਾਲੀਏ ਰਾਗੀ ਰਬਾਬੀ ਗਾਉਂਦੇ ਹਨ. ਬਹੁਤ ਲੇਖਕਾਂ ਨੇ ਲਿਖਿਆ ਹੈ ਕਿ ਧੁਨੀਆਂ ਛੀਵੇਂ ਸਤਿਗੁਰੂ ਨੇ ਚੜ੍ਹਾਈਆਂ ਹਨ, ਪਰ ਇਹ ਅਸਤ੍ਯ ਹੈ.² ਨੌ ਧੁਨੀਆਂ ਇਹ ਹਨ:- (ੳ) ਮਾਝ ਕੀ ਵਾਰ, ਮਲਕ ਮਰੁਦੀ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ. ਮਲਿਕ ਜਾਤੀ ਦਾ ਮੁਰੀਦ ਖ਼ਾਂਨ ਅਤੇ ਸੋਹੀ ਜਾਤਿ ਦਾ ਚੰਦ੍ਰਹੜਾ ਦੋਵੇਂ ਅਕਬਰ ਦੇ ਫ਼ੌਜੀ ਸਰਦਾਰ ਆਪੋ ਵਿੱਚੀ ਵਿਰੋਧ ਰਖਦੇ ਸਨ. ਇੱਕ ਵਾਰ ਬਾਦਸ਼ਾਹ ਨੇ ਸਰਹੱਦੀ ਮੁੰਹਿਮ ਤੇ ਮਲਿਕ ਨੂੰ ਤੋਰ ਦਿੱਤਾ. ਮਾਲਿਕ ਨੇ ਵੈਰੀ ਨੂੰ ਜਿੱਤਕੇ ਮੁਲਕ ਪੁਰ ਕ਼ਬਜਾ ਕੀਤਾ ਅਤੇ ਅਮਨ ਕ਼ਾਇਮ ਕਰਨ ਲਈ ਕੁਝ ਸਮਾਂ ਉੱਥੇ ਠਹਿਰਿਆ. ਚੰਦ੍ਰਹੜਾ ਨੇ ਚਾਲਾਕੀ ਨਾਲ ਬਾਦਸ਼ਾਹ ਨੂੰ ਇਹ ਜਤਾਇਆ ਕਿ ਮਲਿਕ ਮੁਲਕ ਤੇ ਕ਼ਾਬਿਜ ਹੋਕੇ ਬਾਗ਼ੀ ਹੋਗਿਆ ਹੈ. ਇਸ ਪੁਰ ਬਾਦਸ਼ਾਹ ਨੇ ਚੰਦ੍ਰਹੁੜਾ ਨੂੰ ਮਲਿਕ ਦੇ ਹੋਸ਼ ਠਿਕਾਣੇ ਕਰਨ ਭੇਜਿਆ. ਦੋਵੇਂ ਯੋਧਾ ਮੈਦਾਨ ਜੰਗ ਵਿੱਚ ਕਟਕੇ ਮਰਗਏ. ਢਾਡੀਆਂ ਨੇ ਉਨ੍ਹਾਂ ਦੀ ਵਾਰ ਇਸ ਵਜ਼ਨ ਤੇ ਬਣਾਈ- "ਕਾਬੁਲ ਵਿੱਚ ਮੁਰੀਦਖਾਂ ਫੜਿਆ ਬਡ ਜੋਰ, ਚੰਦ੍ਰਹੜਾ ਲੈ ਫੌਜ ਕੋ ਚੜਿਆ ਬਡ ਤੌਰ, ਦੁਹਾਂ ਕੰਧਾਰਾਂ ਮੁਹ ਜੁੜੇ ਦਾਮਾਮੇ ਦੌਰ, ਸਸਤ੍ਰ ਪਜੂਤੇ ਸੂਰਿਆਂ ਸਿਰ ਬੱਧੇ ਟੌਰ, ਹੋਲੀ ਖੇਲੇ ਚੰਦ੍ਰਹੜਾ ਰੰਗ ਲੱਗੇ ਸੌਰ, ਦੋਵੇਂ ਤਰਫਾਂ ਜੁੱਟੀਆਂ ਸਰ ਵੱਗਨ ਕੌਰ, ਮੈ ਭੀ ਰਾਇ ਸਦਾਇਸਾਂ ਵੜਿਆ ਲਾਹੌਰ, ਦੋਵੇਂ ਸੂਰੇ ਸਾਮਣੇ ਜੂਝੇ ਉਸ ਠੌਰ". ਇਸ ਨਾਲ ਅਠ ਤੁਕੀ ਪੌੜੀ ਮਾਝ ਵਾਰ ਦੀ ਦੇਖੋ- "ਤੂੰ ਕਰਤਾ ਪੁਰਖੁ ਅਗੰਮੁ ਹੈ ਆਪਿ ਸ੍ਰਿਸਟਿ ਉਪਾਤੀ". ××× (ਅ) ਗਉੜੀ ਕੀ ਵਾਰ ਮਹਲਾ ੫. ਰਾਇ ਕਮਾਲ ਦੀ ਮੋਜਦੀ ਕੀ ਵਾਰ ਕੀ ਧੁਨੀ. ਵਾਰ ਦੇਸ਼ ਦੇ ਮਾਲਿਕ ਕਮਾਲੁੱਦੀਨ ਨੇ ਆਪਣੇ ਭਾਈ ਨੂੰ ਛਲ ਨਾਲ ਜ਼ਹਿਰ ਦੇਕੇ ਮਾਰਦਿੱਤਾ. ਉਸ ਦੀ ਇਸਤ੍ਰੀ ਨਾਬਾਲਿਗ਼ ਮੁਅ਼ੱਜ਼ੁੱਦੀਨ³ (__) ਨੂੰ ਲੈਕੇ ਪੇਕੇ ਘਰ ਜਾ ਰਹੀ. ਜਦ ਮੁਅ਼ੱਜ਼ੁੱਦੀਨ ਜਵਾਨ ਹੋਇਆ ਤਦ ਨਾਨਕਿਆਂ ਦੀ ਭਾਰੀ ਜਮਾਤ ਨਾਲ ਲੈਕੇ ਆਪਣੇ ਚਾਚੇ ਨੂੰ ਜੰਗ ਲਈ ਵੰਗਾਰਿਆ ਅਰ ਅਜੇਹੀ ਬਹਾਦੁਰੀ ਨਾਲ ਲੜਿਆ ਕਿ ਕਮਾਲੁੱਦੀਨ ਨੂੰ ਸੰਸਾਰ ਤ੍ਯਾਗਣਾ ਪਿਆ. ਢਾਡੀਆਂ ਨੇ ਇਸ ਜੰਗ ਦੀ ਵਾਰ ਇਸ ਵਜ਼ਨ ਪੁਰ ਰੁਚੀ:- "ਰਾਣਾ ਰਾਇ ਕਮਾਲਦੀਂ ਰਣ ਭਾਰਾ ਬਾਹੀ, ਮੌਜੁੱਦੀਂ ਤਲਵੰਡੀਓਂ ਚੜਿਆ ਸਾਬਾਹੀ, ਢਾਲੀਂ ਅੰਬਰ ਛਾਇਆ ਫੁੱਲੇ ਅਕ ਕਾਹੀ, ਜੁੱਟੇ ਆਮ੍ਹੋ ਸਾਮ੍ਹਣੇ ਨੇਜੇ ਝਲਕਾਹੀ, ਮੌਜੇ ਘਰ ਵਾਧਾਈਆਂ ਘਰ ਚਾਚੇ ਧਾਹੀ". ਇਸ ਨਾਲ ਧੁਨੀ ਮਿਲਾਉਣ ਲਈ ਪੰਜ ਤੁਕੀ ਪੌੜੀ ਗਉੜੀ ਵਾਰ ਦੀ ਦੇਖੋ, "ਜੋ ਤੁਧੁ ਭਾਵੈ ਸੋ ਭਲਾ ਸਚੁ ਤੇਰਾ ਭਾਣਾ". ××× (ੲ) ਆਸਾ ਕੀ ਵਾਰ. ਟੁੰਡੇ ਅਸਰਾਜੈ ਕੀ ਧੁਨੀ. ਸਾਰੰਗ ਦਾ ਪੁਤ੍ਰ ਅਸਰਾਜ ਸੀ. ਉਸ ਦੀ ਛੋਟੀ ਮਾਂ ਜੋ ਨਵਯੋਵਨਾ ਸੀ, ਅਸਰਾਜ ਤੇ ਮੋਹਿਤ ਹੋਗਈ, ਅਰ ਆਪਣੀ ਮੰਦਭਾਵਨਾ ਪ੍ਰਗਟ ਕੀਤੀ, ਪਰ ਧਰਮਾਤਮਾ ਅਸ ਨੇ ਦ੍ਰਿੜ੍ਹਤਾ ਨਾਲ ਧਰਮ ਪਾਲਿਆ. ਮਤੇਈ ਨੇ ਵਿਸਯਲੰਪਟ ਰਾਜੇ ਨੂੰ ਭੜਕਾਕੇ ਪੁਤ੍ਰ ਤੇ ਅਯੋਗ ਕਲੰਕ ਲਾਇਆ ਅਤੇ ਹੱਥ ਕਟਵਾਕੇ ਦੇਸੋਂ ਕਢਵਾ ਦਿੱਤਾ. ਦੈਵ ਯੋਗ ਨਾਲ ਟੁੰਡਾ ਅਸਰਾਜ ਵਿਦੇਸ਼ ਵਿੱਚ ਜਾਕੇ ਆਪਣੇ ਸ਼ੁਭ ਗੁਣਾਂ ਦ੍ਵਾਰਾ ਸਭ ਸੰਪਦਾ ਸਹਿਤ ਹੋਗਿਆ. ਜਦ ਪਿਤਾ ਨੂੰ ਸਮਾਂ ਪਾਕੇ ਅਸਲ ਹਾਲ ਮਲੂਮ ਹੋਇਆ ਤਦ ਪੁਤ੍ਰ ਨੂੰ ਚਿੱਠੀ ਲਿਖਕੇ ਬੁਲਾਇਆ, ਪਰ ਅਸਰਾਜ ਦੀ ਮਤੇਈ ਦੇ ਪੁਤ੍ਰ ਖਾਨ ਅਤੇ ਸੁਲਤਾਨ ਨੇ ਫ਼ੌਜ਼ਾਂ ਲੈਕੇ ਵਡੇ ਭਾਈ ਦਾ ਮੁਕ਼ਾਬਲਾ ਕੀਤਾ. ਕਰਤਾਰ ਦੀ ਕ੍ਰਿਪਾ ਨਾਲ ਅਸਰਾਜ ਨੇ ਫਤੇ ਪਾਕੇ ਪਿਤਾ ਦੇ ਚਰਣਾਂ ਪੁਰ ਪ੍ਰਣਾਮ ਕੀਤਾ. ਸਾਰੰਗ ਨੇ ਪਿਛਲੀ ਆਪਣੀ ਕਰਤੂਤ ਪੁਰ ਲੱਜਿਤ ਹੋਕੇ ਅਸਰਾਜ ਨੂੰ ਰਾਜਸਿੰਘਾਸਨ ਤੇ ਬੈਠਾਕੇ ਆਪ ਏਕਾਂਤਾਸ ਅਖਤਿਆਰ ਕੀਤਾ. ਇਸ ਘਟਨਾ ਦੀ ਵਾਰ ਜੋ ਰਚੀ ਉਸ ਦੀ ਪੌੜੀ ਇਹ ਹੈ:- ਭਬਕਿਆ ਸੇਰ ਸਰਦੂਲ ਰਾਇ ਰਣ ਮਾਰੂ ਬੱਜੇ, ਸੁਲਤਾਨ ਖਾਨ ਬਡ ਸੂਰਮੇ ਵਿਚ ਰਣ ਦੇ ਗੱਜੇ, ਖਤ ਲਿਖੇ ਟੰਡੇ ਅਸਰਾਜ ਨੂੰ ਪਤਸਾਹੀ ਅੱਜੇ, ਟਿੱਕਾ ਸਾਰੰਗ ਬਾਪ ਨੇ ਦਿੱਤਾ ਭਰ ਲੱਜੇ, ਫਤੇ ਪਾਇ ਅਸਰਾਜ ਜੀ ਸ਼ਾਹੀ ਪਰ ਸੱਜੇ. ਇਸ ਪੰਜ ਤੁਕੀ ਪੌੜੀ ਨਾਲ ਆਸਾ ਵਾਰ ਦੀ ਪੰਜ ਤੁਕੀ ਪੋੜੀ ਦੀ ਧੁਨੀ ਸਤਿਗੁਰੂ ਨੇ ਮਿਲਾਈ "ਆਪੀ ਨੈ ਆਪ ਸਾਜਿਓ ਆਪੀਨੈ ਰਚਿਓ ਨਾਉ". (ਸ) ਗੂਜਰੀ ਕਾ ਵਾਰ, ਸਿਕੰਦਰ ਬਿਰਾਹਿਮ ਕੀ ਧੁਨੀ. ਸਿਕੰਦਰ ਅਤੇ ਇਬਰਾਹੀਮ ਦੋ ਇੱਕੋ ਖ਼ਾਨਦਾਨ ਦੇ ਰਈਸ ਸਨ. ਇਬਰਾਹੀਮ ਵਿਭਚਾਰੀ ਅਤੇ ਸਿਕੰਦਰ ਧਰਮਾਤਮਾ ਸੀ. ਇੱਕ ਵਾਰ ਇਬਰਾਹੀਮ ਨੇ ਕਿਸੇ ਦੀ ਕੰਨ੍ਯਾ ਦਾ ਧਰਮਭੰਗ ਕਰਨਾ ਚਾਹਿਆ. ਕੰਨ੍ਯਾ ਦਾ ਪਿਤਾ ਸਿਕੰਦਰ ਦੀ ਸ਼ਰਣ ਗਿਆ ਅਰ ਇਬਰਾਹੀਮ ਦਾ ਅਤ੍ਯਾਚਾਰ ਦੱਸਿਆ. ਸਿਕੰਦਰ ਸੈਨਾ ਲੈਕੇ ਇਬਰਾਹੀਮ ਪੁਰ ਚੜ੍ਹਆਇਆ ਅਤੇ ਜੰਗ ਜਿੱਤਕੇ ਕੈਦੀ ਕਰਲਿਆ. ਅੰਤ ਨੂੰ ਇਬਰਾਹੀਮ ਨੇ ਆਪਣੇ ਜੀਵਨ ਨੂੰ ਸੁਧਾਰਣ ਦਾ ਪ੍ਰਣ ਕਰਕੇ ਸਿਕੰਦਰ ਤੋਂ ਛੁਟਕਾਰਾ ਪਾਇਆ. ਇਸ ਪ੍ਰਸੰਗ ਦੀ ਵਾਰ ਜੋ ਬਣੀ ਉਸ ਦੀ ਪੌੜੀ ਇਹ ਹੈ:- "ਪਾਪੀ ਖਾਨ ਬਿਰਾਮ ਪਰ ਚੜਿਆ ਸੇਕੰਦਰ, ਭੇੜ ਦੁਹਾਂ ਦਾ ਮੱਚਿਆ ਬਡ ਰਣ ਦੇ ਅੰਦਰ, ਫੜਿਆ ਖਾਨ ਬਿਰਾਮ ਨੂੰ ਕਰ ਬਡ ਆਡੰਬਰ, ਬੱਧਾ ਸੰਗਲ ਪਾਇਕੈ ਜਣੁ ਕੀਲੇ ਬੰਦਰ, ਅਪਨਾ ਹੁਕਮ ਮਨਾਇਕੈ ਛੱਡਿਆ ਜਗ ਅੰਦਰ". ਇਸ ਪੰਜ ਤੁਕੀ ਪੌੜੀ ਨਾਲ ਗੂਜਰੀ ਦੀ ਪੰਜ ਤੁਕੀ ਪੌੜੀ ਦੇਖੋ, "ਆਪਣਾ ਆਪੁ ਉਪਾਇਓਨੁ ਤਦਹੁ ਹੋਰੁ ਨ ਕੋਈ". ××× (ਹ) ਵਡਹੰਸ ਕੀ ਵਾਰ ਲਲਾ ਬਹਿਲੀਮਾ ਕੀ ਧੁਨੀ. ਲਲਾ ਅਤੇ ਬਹਿਲੀਮ ਪੜੌਸੀ ਪਹਾੜੀ ਰਾਜਾ ਸਨ. ਲਲਾ ਦਾ ਇ਼ਲਾਕ਼ਾ ਖ਼ੁਸ਼ਕ ਅਰ ਬਹਿਲੀਮ ਦਾ ਸਰ ਸਬਜ਼ ਸੀ. ਇੱਕ ਵਾਰ ਬਰਸਾਤ ਕਮ ਹੋਣ ਕਰਕੇ ਲਲਾ ਨੇ ਬਹਿਲੀਮ ਤੋਂ ਨਿੱਤ ਵਹਿਣ ਵਾਲੀ ਕੂਲ੍ਹ ਦਾ ਪਾਣੀ ਮੰਗਿਆ ਅਰ ਪੈਦਾਵਾਰ ਦਾ ਛੀਵਾਂ ਹਿੱਸਾ ਦੇਣਾ ਕੀਤਾ, ਪਰ ਫਸਲ ਤਿਆਰ ਹੋਣ ਪੁਰ ਲਲਾ ਬਚਨੋਂ ਫਿਰ ਗਿਆ, ਜਿਸ ਪੁਰ ਦੋਹਾਂ ਦਾ ਯੁੱਧ ਹੋਇਆ ਅਰ ਫਤੇ ਬਹਿਲੀਮ ਦੇ ਹਿੱਸੇ ਆਈ. ਉਨ੍ਹਾਂ ਦੀ ਵਾਰ ਦੀ ਪੌੜੀ ਇਉਂ ਹੈ- "ਕਾਲ ਲਲਾ ਦੇ ਦੇਸ ਦਾ ਖੋਇਆ ਬਹਿਲੀਮਾ, ਹਿੱਸਾ ਛਠਾ ਮਨਾਇਕੈ ਜਲ ਨਹਿਰੋਂ ਦੀਮਾ, ਫਿਰਾਹੂਨ ਹੁਇ ਲਲਾ ਨੇ ਰਣ ਮੰਡਿਆ ਧੀਮਾ, ਭੇੜ ਦੁਹੂੰ ਦਿਸ ਮੱਚਿਆ ਸਟਪਟੀ ਅਜੀਮਾ, ਸਿਰ ਧੜ ਡਿੱਗੇ ਖੇਤ ਵਿੱਚ ਜਿਉ ਵਾਹਣ ਢੀਮਾ, ਮਾਰ ਲਲਾ ਬਹਲੀਮ ਨੇ ਰਣ ਮੇ ਧਰ ਸੀਮਾ". ਇਸ ਛੀ ਤੁਕੀ ਪੌੜੀ ਨਾਲ ਗੁਰੂ ਸਾਹਿਬ ਨੇ ਗੂਜਰੀ ਵਾਰ ਦੀ ਛੀ ਤੁਕੀ ਪੌੜੀ ਦੀ ਧੁਨੀ ਮਿਲਾਈ- "ਤੂ ਆਪੇ ਹੀ ਆਪਿ ਆਪਿ ਹੈ ਆਪਿ ਕਾਰਣੁ ਕੀਆ". ××× (ਕ) ਰਾਮਕਲੀ ਕੀ ਵਾਰ ਮਃ ੩, ਜੋਧੇ ਵੀਰੈ ਪੂਰਬਾਣੀ ਕੀ ਧੁਨੀ. ਪੂਰਬਾਣੀ ਰਾਜਪੂਤ ਦੇ ਪੁਤ੍ਰ ਜੋਧ ਅਤੇ ਵੀਰ ਮਸ਼ਹੂਰ ਧਾੜਵੀ ਸਨ. ਇਨ੍ਹਾਂ ਨੂੰ ਕਈ ਵਾਰ ਅਕਬਰ ਨੇ ਸ਼ਾਹੀ ਨੌਕਰ ਹੋਣ ਲਈ ਆਖਿਆ ਪਰ ਇਨ੍ਹਾਂ ਨੇ ਸਦਾ ਇਹ ਕਰਾਰਾ ਉੱਤਰ ਦਿੱਤਾ ਕਿ ਅਸੀਂ ਓਹ ਰਾਜਪੂਤ ਨਹੀਂ ਜੋ ਧੀਆਂ ਵੇਚਕੇ ਤੇਰੀ ਗ਼ੁਲਾਮੀ ਕਰਨ ਵਾਲੇ ਹਨ. ਇਹ ਚੁਭਵੀਂ ਗੱਲ ਸੁਣਕੇ ਅਕਬਰ ਨੇ ਇਨ੍ਹਾਂ ਦੀ ਆਕੜ ਭੰਨਣ ਨੂੰ ਫੌਜ ਭੇਜੀ ਅਰ ਇਹ ਦੋਵੇਂ ਭਾਈ ਬਹਾਦੁਰੀ ਨਾਲ ਮੁਕ਼ਾਬਲਾ ਕਰਕੇ ਲੜ ਮੋਏ. ਭੱਟਾਂ ਨੇ ਇਸ ਵਜ਼ਨ ਦੀ ਵਾਰ ਬਣਾਈ- ਜੋਧ ਵੀਰ ਪੂਰਬਾਣੀਏ ਦੋ ਗੱਲਾਂ ਕਰੀ ਕਰਾਰੀਆਂ, ਫੌਜ ਚੜਾਈ ਬਾਦਸ਼ਾਹ ਅਕਬਰ ਰਣ ਭਾਰੀਆਂ, ਸਨਮੁਖ ਹੋਏ ਰਾਜਪੂਤ ਸ਼ੁਤਰੀ ਰਣਕਾਰੀਆਂ, ਧੂਹ ਮਿਆਨੋ ਕੱਢੀਆਂ ਬਿਜੁੱਲਚਮਕਾਰੀਆਂ, ਇੰਦਰ ਸਣੇ ਅਪੱਛਰਾਂ ਮਿਲ ਕਰਨ ਜੁਹਾਰੀਆਂ, ਏਹੀ ਕੀਤੀ ਜੋਧ ਵੀਰ ਪਤਸ਼ਾਹੀ ਗੱਲਾਂ ਸਾਰੀਆਂ. ਇਸ ਛੀ ਤੁਕੀ ਪੋੜੀ ਨਾਲ ਰਾਮਕਲੀ ਦੀ ਛੀ ਤੁਕੀ ਪੌੜੀ ਦੀ ਧੁਨਿ ਮਿਲਾਈ- "ਸਚੈ ਤਖਤੁ ਰਚਾਇਆ ਬੈਸਣ ਕਉ ਜਾਈ". ××× (ਖ) ਸਾਰੰਗ ਕੀ ਵਾਰ. ਰਾਇ ਮਹਮੇ ਹਸਨੇ ਕੀ ਧੁਨਿ. ਮਹਿਮਾ ਹਸਨਾ ਭਟੀ ਰਾਜਪੂਤ ਸਨ. ਹਸਨਾ ਸ਼ਾਹੀ ਮੁਲਾਜ਼ਮ ਸੀ ਪਰ ਕਿਸੇ ਅਪਰਾਧ ਤੋਂ ਮੌਕੂਫ਼ ਹੋਗਿਆ ਅਰ ਮਹਿਮੇ ਦੀ ਪਨਾਹ ਲਈ. ਮਹਿਮੇ ਨੇ ਉਸ ਨੂੰ ਆਪਣਾ ਪ੍ਰਧਾਨ ਥਾਪਿਆ ਅਤੇ ਸ਼ਾਹੀ ਟੇਕ੍‌ਸ ਅਦਾ ਕਰਨ ਲਈ ਉਸੇ ਨੂੰ ਭੇਜਦਾ ਰਿਹਾ. ਹਸਨੇ ਨੇ ਰਾਜਕਰ (ਸਰਕਾਰੀ ਮੁਆਮਲਾ) ਸਦਾ ਆਪਣੇ ਨਾਮ ਦਾਖ਼ਿਲ ਕਰਵਾਕੇ ਮਹਿਮੇ ਨੂੰ ਗ਼ੈਰਹ਼ਾਜਿਰ ਲਿਖਵਾਇਆ. ਮੁਆਮਲਾ ਨਾ ਦੇਣ ਦੇ ਅਪਰਾਧ ਵਿਚ ਮਹਿਮਾ ਕ਼ੈਦ ਕੀਤਾ ਗਿਆ ਪਰ ਅੰਤ ਭੇਦ ਖੁਲ੍ਹ ਜਾਣ ਪੁਰ ਮਹਿਮਾ ਸ਼ਾਹੀ ਫੌਜ ਨਾਲ ਹਸਨੇ ਨੂੰ ਕਰਮਫਲ ਭੁਗਤਾਉਣ ਲਈ ਭੇਜਿਆ ਗਿਆ. ਮਹਿਮੇ ਨੇ ਫਤੇ ਪਾਕੇ ਹਸਨਾ ਕ਼ੈਦ ਕੀਤਾ, ਪਰ ਉਸ ਦੀ ਦੀਨਤਾ ਪੁਰ ਆਪਣੇ ਕ੍ਰਿਪਾਲੁ ਸੁਭਾਉ ਅਨੁਸਾਰ ਹਸਨੇ ਦਾ ਅਪਰਾਧ ਬਖਸ਼ ਦਿੱਤਾ. ਢਾਡੀਆਂ ਨੇ ਇਸ ਦੀ ਵਾਰ ਰਚੀ- ਮਹਿਮਾ ਹਸਨਾ ਰਾਜਪੂਤ ਰਾਇ ਭਾਰੇ ਭੱਟੀ, ਡਸਨੇ ਬੇਈਮਾਨਗੀ ਨਾਲ ਮਹਿਮੇ ਥੱਟੀ, ਭੇੜ ਦੁਹਾਂ ਦਾ ਮੱਚਿਆ ਸਰ ਵਗੇ ਸਫੱਟੀ, ਮਹਿਮੇ ਪਾਈ ਫਤੇ ਰਨ ਗਲ ਹਸਨੇ ਘੱਟੀ, ਬੰਨ ਹਸਨੇ ਨੂੰ ਛੱਡਿਆ ਜਸ ਮਹਿਮੇ ਖੱਟੀ, ਇਸ ਪੰਜ ਤੁਕੀ ਪੌੜੀ ਨਾਲ ਸਾਰੰਗ ਵਾਰ ਦੀ ਪੰਜਤੁਕੀ ਪੌੜੀ ਮਿਲਾਈ ਗਈ- "ਆਪੇ ਆਪਿ ਨਿਰੰਜਨਾ ਜਿਨਿ ਆਪੁ ਉਪਾਇਆ". (ਗ) ਮਲਾਰ ਕੀ ਵਾਰ. ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨਿ. ਰਾਣਾ ਕੈਲਾਸਦੇਵ ਅਤੇ ਮਾਲਦੇਵ ਰਾਜਪੂਤ, ਦੋਵੇਂ ਸਕੇ ਭਾਈ ਪਹਾੜੀ ਰਈਸ ਸਨ. ਵਡੇ ਭਾਈ ਨੇ ਰਾਜ ਪਾਕੇ ਛੋਟੇ ਭਾਈ ਨਾਲ ਅਯੋਗ ਵਰਤਾਉ ਕੀਤਾ. ਮਾਲਦੇਵ ਅਣਖ ਵਾਲਾ ਯੋਧਾ ਸੀ, ਉਸ ਨੇ ਆਪਣੇ ਰਸੂਖ਼ ਨਾਲ ਸੈਨਾ ਅਤੇ ਪ੍ਰਜਾ ਨੂੰ ਆਪਣੀ ਵੱਲ ਕਰ ਲੀਤਾ, ਅਰ ਕੈਲਾਸਦੇਵ ਨੂੰ ਜੰਗ ਵਿੱਚ ਸ਼ਿਕਸ੍ਤ ਦੇਕੇ ਰਿਆਸਤ ਦਾ ਪ੍ਰਬੰਧ ਆਪਣੇ ਹੱਥ ਲਿਆ. ਜਦ ਕੈਲਾਸ ਨੇ ਪਛਤਾਕੇ ਭਾਈ ਤੋਂ ਮੁਆ਼ਫ਼ੀ ਮੰਗੀ, ਤਦ ਧਰਮਾਤਮਾ ਮਾਲਦੇਉ ਨੇ ਅੱਧੀ ਰਿਆਸਤ ਉਸ ਦੇ ਹਵਾਲੇ ਕਰ ਦਿੱਤੀ. ਇਨ੍ਹਾਂ ਦੋਹਾਂ ਰਾਜਪੁਤ੍ਰਾਂ ਦੀ ਵਾਰ ਜੋ ਢਾਡੀਆਂ ਨੇ ਬਣਾਈ, ਉਸ ਦਾ ਨਮੂਨਾ ਇਹ ਹੈ- "ਧਰਤ ਘੋੜਾ ਪਰਬਤ ਪਲਾਣ ਸਿਰ ਟੱਟਰ ਅੰਬਰ, ਨਉ ਸੈ ਨਦੀ ਨੜਿੰਨਵੇ ਰਾਣਾ ਜਲ ਕੰਧਰ, ਢੁੱਕਾ ਰਾਇ ਅਮੀਰਦੇ ਕਰ ਮੇਘਅਡੰਬਰ, ਆਨਤ ਖੰਡਾ ਰਾਣਿਆ ਕੈਲਾਸੇ ਅੰਦਰ, ਬਿਜੁੱਲ ਜ੍ਯੋਂ ਚਮਕਾਣੀਆਂ ਤੇਗਾਂ ਵਿੱਚ ਅੰਬਰ, ਮਾਲਦੇਵ ਕੈਲਾਸ ਨੂੰ ਬੰਨ੍ਹਿਆ ਕਰ ਸੰਘਰ, ਫਿਰ ਅੱਧਾ ਧਨ ਮਾਲ ਦੇ ਛੱਡਿਆ ਗੜ੍ਹ ਅੰਦਰ, ਮਾਲਦੇਉ ਜਸ ਖੱਟਿਆ ਜਿਉ ਸ਼ਾਹ ਸਿੰਕਦਰ". ਇਸ ਅਠਤੁਕੀ ਪੌੜੀ ਨਾਲ ਮਲਾਰ ਵਾਰ ਦੀ ਅਠਤੁਕੀ ਧੁਨਿ ਮਿਲਾਈ "ਆਪੀ ਨੈ ਆਪੁ ਸਾਜਿ ਆਪੁ ਪਛਾਣਿਆ". ××× (ਘ) ਕਾਨੜੇ ਦੀ ਵਾਰ. ਮੂਸੇ ਕੀ ਵਾਰ ਕੀ ਧੁਨੀ. ਮੂਸਾ ਰਾਠ ਵਡਾ ਬਹਾਦੁਰ ਯੋਧਾ ਸੀ. ਉਸ ਦੀ ਮੰਗ ਕਿਸੇ ਹੋਰ ਨੇ ਵਿਆਹ ਲਈ. ਇਸ ਪੁਰ ਮੂਸੇ ਨੇ ਵੈਰੀ ਨੂੰ ਜੰਗ ਵਿੱਚ ਕ਼ੈਦ ਕਰਕੇ ਇਸਤ੍ਰੀ ਸਮੇਤ ਘਰ ਲਿਆਂਦਾ ਅਰ ਇਸਤ੍ਰੀ ਤੋਂ ਪੁੱਛਿਆ ਕਿ ਤੇਰਾ ਕੀ ਸੰਕਲਪ ਹੈ? ਉਸ ਪਤਿਵ੍ਰਤਾ ਨੇ ਕਿਹਾ ਕਿ ਮੈਂ ਉਸੇ ਦੀ ਇਸਤ੍ਰੀ ਰਹਾਂਗੀ ਜਿਸ ਨੇ ਮੈਨੂੰ ਵਿਆਹਿਆ ਹੈ ਅਤੇ ਜਿਸ ਦੇ ਘਰ ਮੈਂ ਵਸ ਚੁੱਕੀ ਹਾਂ. ਮੂਸਾ ਇਹ ਯੋਗ੍ਯ ਬਾਤ ਸੁਣਕੇ ਪ੍ਰਸੰਨ ਹੋਇਆ ਅਰ ਵੈਰੀ ਨੂੰ ਇਸਤ੍ਰੀ ਦੇਕੇ ਸਨਮਾਨ ਨਾਲ ਵਿਦਾ ਕੀਤਾ. ਇਸ ਬਹਾਦੁਰੀ ਦੀ ਵਾਰ ਜੋ ਢਾਡੀਆਂ ਨੇ ਬਣਾਈ ਉਸ ਦੀ ਪੌੜੀ ਇਹ ਹੈ- "ਤ੍ਰੈ ਸੈ ਸੱਠ ਮਰਾਤਬਾ ਇਕ ਘੁਰਿਐ ਡੱਗੇ, ਚੜਿਆ ਮੂਸਾ ਪਾਤਸਾਹ ਸਭ ਸੁਣਿਆ ਜੱਗੇ, ਦੰਦ ਚਿਟੇ ਬਡ ਹਾਥੀਆਂ ਕਹੁ ਕਿੱਤ ਵਰੱਗੇ, ਰੁੱਤ ਪਛਾਤੀ ਬਗੁਲਿਆਂ ਘਟ ਕਾਲੀ ਬੱਗੇ. ਏਹੀ ਕੀਤੀ ਮੂਸਿਆ ਕਿਨ ਕਰੀ ਨ ਅੱਗੇ". ਇਸ ਪੰਜ ਤੁਕੀ ਪੌੜੀ ਨਾਲ ਕਾਨੜਾਵਾਰ ਦੀ ਪੰਜ ਤੁਕੀ ਪੌੜੀ ਦੀ ਧੁਨੀ ਮਿਲਾਕੇ ਸਤਿਗੁਰਾਂ ਨੇ ਗਾਉਣ ਦੀ ਧਾਰਣਾ ਥਾਪੀ- "ਤੂੰ ਆਪੇ ਹੀ ਸਿਧ ਸਾਧਿਕੋ ਤੂ ਆਪੇ ਹੀ ਜੁਗਜੋਗੀਆ". ××× ੬. ਧੂਨਨ ਕੀਤੀ. ਹਿਲਾਈ. ਕੰਬਾਈ. "ਕੋਪ ਮੁੰਡੀ ਧੁਨੀ". (ਰਾਮਾਵ) ਕ੍ਰੋਧ ਵਿੱਚ ਸਿਰ ਹਿਲਾਇਆ. ਦੇਖੋ, ਧੁਨ ੧. ਅਤੇ ਧੁਣਨ. [¹ਸ਼ਬਦ ਤੋਂ ਅਰਥ, ਅਰਥ ਤੋਂ ਵ੍ਯੰਗ, ਵ੍ਯੰਗ ਤੋਂ ਧ੍ਵਨਿ ਹੋਇਆ ਕਰਦੀ ਹੈ. ²ਜਿੰਨ੍ਹਾਂ ਵਾਰਾਂ ਦੀਆਂ ਧੁਨੀਆਂ ਗਾਉਣ ਲਈ ਪਸੰਦ ਕੀਤੀਆਂ ਗਈਆਂ, ਉਹ ਗੁਰਮਤ ਅਨੁਕੂਲ ਹਨ ਜਾਂ ਨਹੀਂ. ਇਸ ਦਾ ਇੱਥੇ ਸਵਾਲ ਨਹੀਂ, ਕੇਵਲ ਗਾਉਣ ਦੀ ਤ਼ਰਜ਼ ਲਈ ਗਈ ਹੈ, ਜਿਵੇਂ ਲੱਛੀ ਦੇ ਗੀਤ ਦੀ ਧਾਰਣਾ ਅਨੁਸਾਰ ਕਈ ਸਿੱਖ ਸ਼ਬਦ ਗਾਂਉਂਦੇ ਹਨ. ਲੱਛੀ ਧਰਮਾਤਮਾ ਸੀ ਜਾਂ ਨਹੀਂ. ਇੱਥੇ ਇਹ ਸਵਾਲ ਕਰਨਾ ਅਗ੍ਯਾਨ ਹੈ. ³ਭਾਈ ਸੰਤੋਖ ਸਿੰਘ ਆਦਿ ਲੇਖਕਾਂ ਨੇ ਰਾਜੇ ਦਾ ਨਾਉਂ ਬਿਸ਼ਨਸਿੰਘ ਲਿਖਿਆ ਹੈ, ਯਥਾ:- "ਸਤਿਗੁਰੁ ਕੀ ਮਰਜੀ ਲਈ ਬਿਸ਼ਨਸਿੰਘ ਮਹਿਪਾਲ। ਕਰ੍ਯੋ ਕੂਚ ਆਗੇ ਚਲ੍ਯੋ ਲਖੀ ਮੁਹਿੰਮ ਵਿਸਾਲ". (ਗੁਪ੍ਰਸੂ ਰਾਸਿ ੧੨, ਅਃ ੪) ਪਰ ਇਹ ਭਾਰੀ ਭੁੱਲ ਹੈ. ਰਾਜਾ ਬਿਸ਼ਨਸਿੰਘ ਸ਼੍ਰੀ ਗੁਰੂ ਤੇਗ਼ਬਹਾਦੁਰ ਸਾਹਿਬ ਦੇ ਕਾਮਰੂਪ ਜਾਟ ਸਮੇ ਜੰਮਿਆ ਭੀ ਨਹੀਂ ਸੀ ਅਤੇ ਉਨ੍ਹਾਂ ਦੇ ਜੋਤੀਜੋਤ ਸਮਾਉਣ ਵੇਲੇ ਚਾਰ ਪੰਜ ਵਰ੍ਹੇ ਦਾ ਸੀ. ਇਸ ਸੰਬੰਧ ਵਿੱਚ ਦੇਖੋ, ਮਕਾਲਿਫ ਸਾਹਿਬ ਕ੍ਰਿਤ ਸਿੱਖ ਰੀਲੀਜਨ (The Sikh Religion) ਦੀ ਜਿਲਦ ੪. ਪੰਨਾ ੩੪੮, ਦਾ ਫੁਟਨੋਟ. ਕਰਨੈਲ ਜੇਮਸ ਟਾਡ ਰਾਜਸਥਾਨ ਵਿੱਚ ਅੰਬਰ ਦੇ ਇਤਿਹਾਸ ਅੰਦਰ ਲਿਖਦਾ ਹੈ- Ram Singh who succeeded (Mirda Jai Singh), had the mansab of four thousand (ਚਾਰ ਹਜ਼ਾਰੀ) conferredon him, and was sent against the Assamese. Upon his death, Bishan Singh××× succeeded.]
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits