Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਤਤ। (2) ਪ੍ਰਭੂ ਜੋ ਸਭ ਨੂੰ ਧਾਰਨ ਕਰਦਾ ਹੈ। ਕਰਤਾ ਪੁਰਖ। (3) ਧਾਉਣਾ, ਦੌੜ। (4) ਧਰਤੀ ਵਿਚੋਂ ਨਿਕਲਣ ਵਾਲਾ ਖਣਿਜ ਪਦਾਰਥ (ਨਿਰਣੈ,ਦਰਪਣ), (ਭਾਵ) ਜੀਵ ਆਤਮਾ (ਮਹਾਨਕੋਸ਼)। (5) ਗੁਣ (ਮਹਾਨਕੋਸ਼), ਬੀਜ, ਮੂਲ (ਨਿਰਣੈ), ਅਸਲਾ (ਦਰਪਣ)। (6) ਮਾਇਆ, ਧਾਉਣ ਵਾਲੀ, ਨਾਸ਼ਵੰਤ। (7) ਭੱਜ ਕੇ ਦੂਰ ਜਾਣ/ਮਾਇਆ ਵਾਲਾ।
|
| Mahan Kosh Encyclopedia |
(ਦੇਖੋ, ਧਾ ਧਾਤੁ). ਸੰ. {ਸੰਗ੍ਯਾ}. ਕਰਤਾਰ, ਜੋ ਸਭ ਨੂੰ ਧਾਰਣ ਕਰਦਾ ਹੈ. "ਅਸੁਲੂ ਇਕੁਧਾਤੁ". (ਜਪੁ)। (2) ਵੈਦ੍ਯਕ ਅਨੁਸਾਰ ਸ਼ਰੀਰ ਨੂੰ ਧਾਰਣ ਵਾਲੇ ਸੱਤ ਪਦਾਰਥ- ਰਸ, ਰਕ੍ਤ, ਮਾਂਸ, ਮੇਦ, ਅਸ੍ਥਿ, ਮੱਜਾ ਅਤੇ ਵੀਰਯ। (3) ਵਾਤ, ਪਿੱਤ ਅਤੇ ਕਫ ਦੇਹ ਦੇ ਆਧਾਰ ਰੂਪ ਖ਼ਿਲਤ। (4) ਖਾਨਿ ਤੋਂ ਨਿਕਲਿਆਂ ਪਦਾਰਥ- ਸੋਨਾ (ਸੁਵਰਣ), ਚਾਂਦੀ, ਤਾਂਬਾ, ਲੋਹਾ ਆਦਿ. ਦੇਖੋ, ਉਪਧਾਤੁ ਅਤੇ ਅਸਟਧਾਤੁ. "ਸੁਇਨਾ ਰੁਪਾ ਸਭ ਧਾਤੁ ਹੈ ਮਾਟੀ ਰਲਿਜਾਈ". (ਮਾਰੂ ਅਃ ਮਃ ੧)। (5) ਸ਼ਬਦ, ਸਪਰਸ਼, ਰੂਪ, ਰਸ, ਗੰਧ ਇਹ ਪੰਜ ਵਿਸੇ. "ਹਰਿ ਆਪੇ ਪੰਚਤਤੁ ਬਿਸਥਾਰਾ ਵਿਚਿ ਧਾਤੂ ਪੰਚ ਆਪਿ ਪਾਵੈ". (ਬੈਰਾ ਮਃ ੪) "ਇੰਦ੍ਰੀਧਾਤੁ ਸਬਲ ਕਹੀਅਤ ਹੈ". (ਮਾਰੂ ਮਃ ੩) ਦੇਖੋ, ਗੁਣਧਾਤੁ। (6) ਇੰਦ੍ਰੀਆਂ, ਜੋ ਵਿਸਿਆਂ ਨੂੰ ਧਾਰਣ ਕਰਦੀਆਂ ਹਨ. "ਮਨੁ ਮਾਰੇ ਧਾਤੁ ਮਰਿਜਾਇ". (ਗਉ ਮਃ ੩)। (7) ਪੰਜ ਤੱਤ, ਜੋ ਦੇਹ ਨੂੰ ਧਾਰਣ ਕਰਦੇ ਹਨ. "ਜਬ ਚੂਕੈ ਪੰਚਧਾਤੁ ਕੀ ਰਚਨਾ". (ਮਾਰੂ ਕਬੀਰ)। (8) ਮਾਇਆ. "ਲਿਵ ਧਾਤੁ ਦੁਇ ਰਾਹ ਹੈ". (ਵਾਰ ਸ੍ਰੀ ਮਃ ੩) ਕਰਤਾਰ ਦੀ ਪ੍ਰੀਤਿ ਅਤੇ ਮਾਇਆ ਦੋ ਮਾਰਗ ਹਨ. "ਨਾਨਕ ਧਾਤੁ ਲਿਵੈ ਜੋੜ ਨ ਆਵਈ". (ਵਾਰ ਗਉ ੧. ਮਃ ੪)। (9) ਅਵਿਦ੍ਯਾ. "ਸੇਇ ਮੁਕਤ ਜਿ ਮਨੁ ਜਿਣਹਿ ਫਿਰਿ ਧਾਤੁ ਨ ਲਾਗੈ ਆਇ". (ਗੂਜ ਮਃ ੩)। (10) ਜੀਵਾਤਮਾ. "ਧਾਤੁ ਮਿਲੈ ਫੁਨ ਧਾਤੁ ਕਉ ਸਿਫਤੀ ਸਿਫਤਿ ਸਮਾਇ". (ਸ੍ਰੀ ਮਃ ੧)। (11) ਗੁਣ. ਸਿਫਤ. "ਜੇਹੀ ਧਾਤੁ ਤੇਹਾ ਤਿਨ ਨਾਉ". (ਸ੍ਰੀ ਮਃ ੧)। (12) ਵਸਤੂ. ਦ੍ਰਵ੍ਯ. ਪਦਾਰਥ. "ਤ੍ਰੈ ਗੁਣ ਸਭਾ ਧਾਤੁ ਹੈ". (ਸ੍ਰੀ ਮਃ ੩)। (13) ਸੁਭਾਉ. ਪ੍ਰਕ੍ਰਿਤਿ. ਵਾਦੀ. "ਕੁਤੇ ਚੰਦਨ ਲਾਈਐ ਭੀ ਸੋ ਕੁਤੀ ਧਾਤੁ". (ਵਾਰ ਮਾਝ ਮਃ ੧)। (14) ਵਾਸਨਾ. ਰੁਚਿ. "ਪੰਜਵੈ ਖਾਣ ਪੀਅਣ ਕੀ ਧਾਤੁ". (ਮਾਰ ਮਾਝ ਮਃ ੧)। (15) ਵੀਰਯ. ਮਣੀ। (16) ਵ੍ਯਾਕਰਣ ਅਨੁਸਾਰ ਸ਼ਬਦ ਦਾ ਮੂਲ, ਜਿਸ ਤੋਂ ਕ੍ਰਿਯਾ ਬਣਦੀਆਂ ਹਨ. ਮਸਦਰ, Verbalroot. ਸੰਸਕ੍ਰਿਤ ਭਾਸਾ ਦੇ ੧੭੦੮ ਧਾਤੁ ਹਨ। (17) ਦੁੱਧ ਦੇਣ ਵਾਲੀ ਗਊ। (18) ਭਾਵ- ਚਾਰ ਵਰਣ ਅਤੇ ਚਾਰ ਮਜਹਬ. "ਅਸਟ ਧਾਤੁ ਇਕ ਧਾਤੁ ਕਰਾਇਆ". (ਭਾਗੁ) ਇੱਕ ਧਾਤੁ ਦਾ ਅਰਥ ਸਿੱਖ ਧਰਮ ਹੈ। (19) ਸੰਗੀਤ ਅਨੁਸਾਰ ਲੈ ਤਾਰ ਵਿਚ ਬੰਨ੍ਹਿਆ ਹੋਇਆ ਗਾਉਣ ਯੋਗ੍ਯ ਪਦ। (20) ਸੰ. धावितृ- ਧਾਵਿਤ੍ਰਿ. ਵਿ- ਦੋੜਨ ਵਾਲਾ. ਚਲਾਇਮਾਨ. "ਹੋਰੁ ਬਿਰਹਾ ਸਭ ਧਾਤੁ ਹੈ, ਜਬਲਗੁ ਸਾਹਿਬੁ ਪ੍ਰੀਤਿ ਨ ਹੋਇ". (ਵਾਰ ਸ਼੍ਰੀ ਮਃ ੩).
Mahan Kosh data provided by Bhai Baljinder Singh (RaraSahib Wale);
See http://www.ik13.com
|
|