Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or GurmukhiSGGS Gurmukhi-Gurmukhi Dictionary
Ŧāp. 1. ਦੁੱਖ, ਕਲੇਸ਼। 2. ਤਪਸਿਆ। 3. ਤਪਸ਼, ਗਰਮੀ, ਬੁਖਾਰ, ਰੋਗ। 1. agony, pain. 2. penance, worship. 3. fever, agony. 1. ਉਦਾਹਰਨ: ਤਾਪ ਗਏ ਪਾਈ ਪ੍ਰਭਿ ਸਾਂਤਿ ॥ Raga Gaurhee 5, 128, 1:1 (P: 191). ਉਦਾਹਰਨ: ਹਉ ਤਾਪ ਬਿਨਸੇ ਸਦਾ ਸਰਸੇ ਪ੍ਰਭ ਮਿਲੇ ਚਿਰੀ ਵਿਛੁੰਨਿਆ ॥ (ਸਾੜੇ). Raga Soohee 5, Chhant 3, 4:4 (P: 779). ਉਦਾਹਰਨ: ਤੀਨੇ ਤਾਪ ਨਿਵਾਰਣਹਾਰਾ ਦੁਖ ਹੰਤਾ ਸੁਖ ਰਾਸਿ ॥ (ਤਿੰਨ ਤਾਪ ਹਨ - ਆਧ (ਮਨ ਦਾ), ਬਿਆਧ (ਸਰੀਰ ਦਾ), ਉਪਾਧ (ਭੁਲੇਖੇ ਦਾ). Raga Todee 5, 13, 1:1 (P: 714). 2. ਉਦਾਹਰਨ: ਕਾਹੂ ਜਾਪ ਕਾਹੂ ਤਾਪ ਕਾਹੂ ਪੂਜਾ ਹੋਮ ਨੇਮ ॥ Raga Gaurhee 5, 155, 2:1 (P: 213). 3. ਉਦਾਹਰਨ: ਤਾਤਾ ਕਛੂ ਨ ਹੋਈ ਹੈ ਜਉ ਤਾਪ ਨਿਵਾਰੈ ਆਪ ॥ (ਹਉਮੈ ਦਾ ਤਾਪ). Raga Gaurhee 5, Baavan Akhree, 32:7 (P: 257). ਉਦਾਹਰਨ: ਤ੍ਰਉਦਸੀ ਤੀਨਿ ਤਾਪ ਸੰਸਾਰ ॥ (ਤ੍ਰੈ ਗੁਣਾਂ ਰਜੋ ਤਮੋ ਸਤੋ ਤੋਂ ਉਪਜਿਆ ਵਿਕਾਰ). Raga Gaurhee 5, Thitee, 13:1 (P: 299).

SGGS Gurmukhi-English Dictionary
[1. Sk. P. n. 2. P. n. 3. n.] 1. heat, warmth, fever. 2. (from Samtāpa) affliction. 3. (from Sk. Tapa) austerity
SGGS Gurmukhi-English Data provided by Harjinder Singh Gill, Santa Monica, CA, USA.

English Translation
n.m. heat; fever.

Mahan Kosh Encyclopedia

(ਦੇਖੋ, ਤਪ੍‌ ਧਾ.) ਸੰ. {ਸੰਗ੍ਯਾ}. ਗਰਮੀ. ਤੇਜ. ਉਸ੍ਣਤਾ। (2) ਸੰ. ਜ੍ਵਰ.੧ ਹ਼ੁੱਮਾ. Fever. ਬੁਖ਼ਾਰ. ਜ੍ਵਰ ਦਾ ਨਾਉਂ ਤਾਪ ਇਸ ਲਈ ਹੋ ਗਿਆ ਹੈ ਕਿ ਇਸ ਦੇ ਅਸਰ ਨਾਲ ਸ਼ਰੀਰ ਤਪਜਾਂਦਾ ਹੈ. ਅਯੋਗ ਅਹਾਰ ਵਿਹਾਰ ਤੋਂ ਕੋਠੇ ਦੀ ਅਗਨਿ ਲਹੂ ਨੂੰ ਤਪਾ ਦਿੰਦੀ ਹੈ, ਸ਼ਰੀਰ ਅਤੇ ਮਨ ਦਾ ਤਪਣਾ ਹੀ ਤਾਪ ਦਾ ਰੂਪ ਹੈ. ਤਾਪ ਤੋਂ ਸ਼ਰੀਰ ਵਿੱਚ ਸੁਸਤੀ ਅਤੇ ਬੇਚੈਨੀ ਵਿਆਪ ਜਾਂਦੀ ਹੈ, ਮੂੰਹ ਬੇਸੁਆਦ ਹੁੰਦਾ ਹੈ, ਅੱਖਾਂ ਤੋਂ ਪਾਣੀ ਵਹਿਂਦਾ ਹੈ, ਅਵਾਸੀਆਂ ਬਹੁਤ ਆਉਂਦੀਆਂ ਹਨ, ਦਿਲ ਦੀ ਹਰਕਤ ਕਾਹਲੀ ਹੁੰਦੀ ਹੈ, ਭੁੱਖ ਬੰਦ ਹੋ ਜਾਂਦੀ ਹੈ, ਹੱਡਭੰਨਣੀ ਲਗਦੀ ਹੈ, ਦਾਹ ਹੁੰਦਾ ਹੈ, ਆਦਿ. "ਤਾਪ ਉਤਾਰਿਆ ਸਤਿਗੁਰਿ ਪੂਰੈ". (ਸੋਰ ਮਃ ੫) ਤਾਪ ਦੇ ਅਨੇਕ ਭੇਦ ਹਨ, ਪਰ ਅਸੀ ਇਸ ਗ੍ਰੰਥ ਵਿੱਚ ਉਹੀ ਲਿਖੇ ਹਨ, ਜੋ ਸਿੱਖਮਤ ਦੇ ਗ੍ਰੰਥਾਂ ਵਿੱਚ ਆਏ ਹਨ. ਅੱਖਰਕ੍ਰਮ ਅਨੁਸਾਰ ਉਹ ਸਭ ਅੱਗੇ ਦਿਖਾਏ ਜਾਂਦੇ ਹਨ- (ੳ) ਉਸਨ ਤਾਪ. ਦੇਖੋ, ਉਸਨ ਤਾਪ. (ਅ) ਅਠਵਾੜਾ ਤਾਪ. ਇਹ ਤਾਪ ਇੱਕ ਦਿਨ ਜ਼ੋਰ ਦਾ ਅਤੇ ਛੀ ਦਿਨ ਬੇਮਾਲੂਮ ਰਹਿਂਦਾ ਹੈ. ਕਦੇ ਛੀ ਦਿਨ ਜ਼ੋਰ ਦਾ ਅਤੇ ਇੱਕ ਦਿਨ ਬੇਮਾਲੂਮ ਹੁੰਦਾ ਹੈ. ਇਸ ਦਾ ਉੱਤਮ ਇਲਾਜ ਹੈ ਕਿ- ਫਟਕੜੀ ਦੀ ਖਿੱਲ ਇੱਕ ਤੋਲਾ, ਲੌਂਗ ਤਿੰਨ ਮਾਸ਼ੇ, ਮਿਸ਼ਰੀ ਇੱਕ ਤੋਲਾ, ਸਭ ਬਰੀਕ ਪੀਸਕੇ ਸਤਾਈ ਪੁੜੀਆਂ ਬਣਾਉਣੀਆਂ. ਇੱਕ ਪੁੜੀ ਸਵੇਰੇ, ਇੱਕ ਦੁਪਹਿਰ ਨੂੰ, ਇੱਕ ਸੰਝ ਨੂੰ ਕੋਸੇ ਦੁੱਧ ਜਾਂ ਜਲ ਨਾਲ ਛਕਾਉਣੀ. ਮੁਲੱਠੀ. ਪਟੋਲਪਤ੍ਰ, ਕੜੂ, ਅੰਬ ਦੀ ਗਿਰੂ, ਹਰੜ ਦੀ ਛਿੱਲ ਸਮਾਨ ਲੈਕੇ, ਕਾੜ੍ਹਾ ਬਣਾਕੇ, ਮਿਸ਼ਰੀ ਪਾਕੇ ਪਿਆਉਣਾ. ਚਰਾਇਤਾ, ਨਿੰਮ, ਕੜੂ, ਨਾਗਰਮੋਥਾ, ਪਿੱਤਪਾਪੜਾ, ਗਿਲੋ, ਇਨ੍ਹਾਂ ਦਾ ਕਾੜ੍ਹਾ ਦੇਣਾ. ਖਸਰੇ ਆਦਿ ਰੋਗਾਂ ਦੇ ਤਾਪ ਭੀ ਅਠਾਵਾੜਾ ਤਾਪ ਕਹੇ ਜਾਂਦੇ ਹਨ. ਇਨ੍ਹਾਂ ਸਭਨਾਂ ਦਾ ਸਿਆਣੇ ਵੈਦ ਹਕੀਮ ਡਾਕਟਰ ਦੀ ਸਲਾਹ ਨਾਲ ਮੌਸਮ ਅਤੇ ਰੋਗੀ ਦੀ ਹਾਲਤ ਅਨੁਸਾਰ ਇਲਾਜ ਹੋਣਾ ਚਾਹੀਏ. "ਅਸਟ ਦਿਵਸਿਯਾ ਅਰੁ ਬੀਸਾਯਾ". (ਚਰਿਤ੍ਰ ੪੦੫) (ੲ) ਸ਼ੀਤ ਜ੍ਵਰ ਅਥਵਾ ਸੀਤਲ ਜ੍ਵਰ. ਪਾਲਾ ਲੱਗਕੇ ਹੋਣ ਵਾਲਾ ਤਾਪ.੧.੧ ਹ਼ੱਮਾ ਗ਼ਿੱਬ. ਕਾਂਬੇ ਦਾ ਤਾਪ Ague fever. ਇਸ ਦਾ ਕਾਰਣ ਹੈ- ਗੰਦੀ ਸੜੀ ਹਵਾ ਵਿੱਚ ਰਹਿਣਾ, ਮੱਛਰਾਂ ਦਾ ਲੜਨਾ, ਸਲ੍ਹਾਬੇ ਵਿੱਚ ਸੌਣਾ, ਖਾਣ ਪੀਣ ਦਾ ਸੰਜਮ ਨਾ ਰੱਖਣਾ, ਅੰਤੜੀ ਵਿੱਚ ਮਲ ਦਾ ਜਮਾ ਹੋਣਾ ਆਦਿ. ਇਸ ਦਾ ਉਪਾਉ ਹੈ- ਰੋਟੀ ਛੱਡਕੇ ਚਾਰ ਪੰਜ ਡੰਗ ਗਊ ਦਾ ਕੋਸਾ ਦੁੱਧ ਪੀਣਾ, ਸੰਗਤਰੇ ਆਦਿ ਫਲ ਖਾਣੇ. ਨਸਾਦਰ ਇੱਕ ਤੋਲਾ, ਨੂਣ ਛੀ ਮਾਸ਼ੇ, ਕਾਲੀ ਮਿਰਚਾਂ ਤਿੰਨ ਮਾਸ਼ੇ, ਸਭ ਬਰੀਕ ਪੀਸਕੇ ਮਾਸ਼ੇ ਮਾਸ਼ੇ ਦੀਆਂ ਪੁੜੀਆਂ ਬਣਾਕੇ ਤਿੰਨ ਜਾਂ ਚਾਰ ਗਰਮ ਜਲ ਨਾਲ ਨਿੱਤ ਖਾਣੀਆਂ. ਤੁਲਸੀ ਦੇ ਹਰੇ ਪੱਤੇ ਪੰਜ ਤੋਲੇ, ਕਾਲੀਆਂ ਮਿਰਚਾਂ ਇੱਕ ਤੋਲਾ, ਬਰੀਕ ਪੀਸਕੇ ਰੱਤੀ ਰੱਤੀ ਦੀਆਂ ਗੋਲੀਆਂ ਬਣਾਕੇ ਦੋ ਦੋ ਚਾਰ ਗੋਲੀਆਂ ਦਿਨ ਵਿੱਚ ਪੰਜ ਵਾਰ ਗਊ ਦੇ ਦੁੱਧ ਜਾਂ ਜਲ ਨਾਲ ਖਾਣੀਆਂ. ਫਟਕੜੀ ਦੀ ਖਿੱਲ ਨਾਲ ਮਿਸ਼ਰੀ ਮਿਲਾਕੇ ਮਾਸ਼ੇ ਮਾਸ਼ੇ ਦੀਆਂ ਤਿੰਨ ਪੁੜੀਆਂ ਜਲ ਨਾਲ ਤਿੰਨ ਵਾਰ ਛਕਣੀਆਂ. ਸੀਤ ਜ੍ਵਰ ਲਈ ਕੁਨੀਨ ਸਿੱਧ ਔਖਧ ਹੈ. ਇਸ ਨੂੰ ਤਾਪ ਹੋਣ ਤੋਂ ਪਹਿਲਾਂ ਗੋਲੀਆਂ ਦੀ ਸ਼ਕਲ ਵਿੱਚ ਜਾਂ ਗੰਧਕ ਦੇ ਤੇਜਾਬ ਵਿੱਚ ਹੱਲ ਕਰਕੇ ਅਰਕ ਦੀ ਸ਼ਕਲ ਵਿੱਚ ਵਰਤੋ. ਪਾਨ ਦੇ ਪੱਤੇ ਵਿੱਚ ਇੱਕ ਮਾਸ਼ਾ ਨਸਾਦਰ ਜੇ ਤਾਪ ਚੜ੍ਹਨ ਤੋਂ ਪਹਿਲਾਂ ਚੱਬਿਆ ਜਾਵੇ. ਤਾਂ ਬਹੁਤ ਲਾਭਦਾਇਕ ਹੈ. "ਸੀਤਲ ਜ੍ਵਰ ਅਰ ਉਸਨ ਤਾਪ ਭਨ". (ਚਰਿਤ੍ਰ ੪੦੫) (ਸ) ਸੂਖਾ ਜ੍ਵਰ. ਸੰ. शोष ज्वर. ਸ਼ੋਸਜ੍ਵਰ. Anaemia fever. ਇਸ ਦੇ ਕਾਰਣ ਹਨ- ਆਪਣੀ ਤਾਕਤ ਤੋਂ ਵਧਕੇ ਮਿਹਨਤ ਕਰਨੀ, ਮਲ ਮੂਤ੍ਰ ਭੁੱਖ ਤੇਹ ਨੀਂਦ ਆਦਿਕ ਦਾ ਵੇਗ ਰੋਕਣਾ, ਬਹੁਤ ਮੈਥੁਨ ਕਰਨਾ, ਸ਼ਰਾਬ ਦਾ ਪੀਣਾ, ਚਿੰਤਾ ਭੈ ਕ੍ਰੋਧ ਦਾ ਹੋਣਾ, ਭੁੱਖੇ ਤਿਹਾਏ ਰਹਿਣਾ, ਰੁੱਖੇ ਪਦਾਰਥ ਖਾਣੇ ਪੀਣੇ, ਸ਼ਰੀਰ ਦੀ ਤਰਾਵਤ ਦਾ ਜਾਂਦੇ ਰਹਿਣਾ, ਵੇਲੇ ਸਿਰ ਅਹਾਰ ਨੀਂਦ ਆਦਿਕ ਦਾ ਨਾ ਹੋਣਾ. ਇਸ ਤਾਪ ਵਿੱਚ ਸ਼ਰੀਰ ਦੀ ਤੁਚਾ ਰੁੱਖੀ ਹੋ ਜਾਂਦੀ ਹੈ, ਜੋੜ ਢਿੱਲੇ ਪੈ ਜਾਂਦੇ ਹਨ, ਸਿਰ ਭਾਰੀ ਹੁੰਦਾ ਹੈ, ਮੱਠਾ ਮੱਠਾ ਤਾਪ ਹਰ ਵੇਲੇ ਬਣਿਆ ਰਹਿਂਦਾ ਹੈ. ਜੇ ਇਸ ਦਾ ਛੇਤੀ ਇਲਾਜ ਨਾ ਕੀਤਾ ਜਾਵੇ ਤਾਂ ਕੁਝ ਸਮਾਂ ਪਾਕੇ ਤਪਦਿੱਕ ਦੀ ਸ਼ਕਲ ਵਿੱਚ ਬਦਲ ਜਾਂਦਾ ਹੈ. ਇਸ ਦਾ ਇਲਾਜ ਹੈ- ਦਾਲ (ਦਾਰੁ) ਚੀਨੀ ਇੱਕ ਤੋਲਾ, ਛੋਟੀ ਇਲਾਇਚੀ ਦੋ ਤੋਲੇ, ਮਘਾਂ ਚਾਰ ਤੋਲੇ, ਬੰਸਲੋਚਨ ਅੱਠ ਤੋਲੇ, ਮਿਸ਼ਰੀ ਸੋਲਾਂ ਤੋਲੇ, ਇਨ੍ਹਾਂ ਦਾ ਚੂਰਣ ਕਰਕੇ ਦੁਗਣਾ ਸ਼ਹਿਦ ਅਤੇ ਤਿੰਨ ਗੁਣਾਂ ਘੀ ਮਿਲਾਕੇ ਛੀ ਛੀ ਮਾਸ਼ੇ ਦਿਨ ਵਿੱਚ ਤਿੰਨ ਵਾਰ ਚਟਾਉਣਾ. ਖਾਣ ਲਈ ਹਲਕੇ ਅਤੇ ਤਰ ਪਦਾਰਥ ਦੇਣੇ. ਗਊ ਅਤੇ ਬੱਕਰੀ ਦਾ ਦੁੱਧ, ਚਾਵਲ ਪਾਲਕ ਆਦਿ ਭੋਜਨ ਉੱਤਮ ਹਨ. "ਸੂਖਾ ਜ੍ਵਰ ਤੇਈਆ ਚੌਥਾਯਾ". (ਚਰਿਤ੍ਰ ੪੦੫) (ਹ) ਚੌਥਾਯਾ ਤਾਪ. ਚਾਤੁਰਥਿਕ ਜ੍ਵਰ.੧ ਹ਼ੱਮਾ ਰੁਬਅ਼ Quartan fever. ਇਹ ਤਾਪ ਇੱਕ ਦਿਨ ਹੋਕੇ ਦੋ ਦਿਨ ਗੁਪਤ ਹੋ ਜਾਂਦਾ ਹੈ, ਫੇਰ ਚੌਥੇ ਦਿਨ ਹੁੰਦਾ ਹੈ. ਕਦੇ ਦੋ ਦਿਨ ਹੋਕੇ ਚੌਥੇ ਦਿਨ ਗੁਪਤ ਹੋ ਜਾਂਦਾ ਹੈ. ਮਾਮੂਲੀ ਤਾਪ ਪਿੱਛੋਂ ਖਾਣ ਪੀਣ ਦੀ ਬਦਪਰਹੇਜੀ ਕਰਨ ਤੋਂ ਇਹ ਹੁੰਦਾ ਹੈ. ਇਸ ਦਾ ਕਾਰਣ ਭੀ ਮਲੇਰੀਏ (malaria) ਦਾ ਅਸਰ ਹੈ. ਇਹ ਤਾਪ ਬਹੁਤ ਦੇਰ ਰਹਿਂਦਾ ਹੈ, ਪਰ ਭਿਆਨਕ ਰੋਗ ਨਹੀਂ ਹੈ. ਜੇ ਇਸ ਵਿੱਚ ਯਰਕਾਨ, ਖ਼ੂਨੀਖਾਂਸੀ ਆਦਿਕ ਰੋਗ ਹੋ ਜਾਣ, ਤਾਂ ਇਹੀ ਭਯੰਕਰ ਰੋਗ ਹੈ. ਇਸ ਤਾਪ ਦੇ ਚੜ੍ਹਨ ਵੇਲੇ ਸਰਦੀ ਲਗਦੀ ਹੈ, ਉਤਰਨ ਵੇਲੇ ਤ੍ਰੇਲੀ ਆਉਂਦੀ ਹੈ. ਸਾਧਾਰਣ ਇਲਾਜ ਇਹ ਹੈ ਕਿ- ਫਟਕੜੀ ਦੀ ਖਿੱਲ ਛੀ ਰੱਤੀ, ਖੰਡ ਇੱਕ ਮਾਸ਼ਾ, ਐਸੀਆਂ ਤਿੰਨ ਪੁੜੀਆਂ ਰੋਜ ਪਾਣੀ ਨਾਲ ਦੇਣੀਆਂ. ਕੁਨੀਨ ਤਿੰਨ ਵਾਰ ਪੰਜ ਪੰਜ ਗ੍ਰੇਨ ਖਵਾਉਣੀ. ਤੁਲਸੀ ਦੇ ਪੱਤੇ ਦਿਨ ਵਿੱਚ ਚਾਰ ਵਾਰ ਚਾਰ ਚਾਰ ਛਕਾਉਣੇ. ਚਿੱਟਾ ਜੀਰਾ ਤਿੰਨ ਮਾਸ਼ੇ, ਇੱਕ ਤੋਲਾ ਗੁੜ, ਤਾਪ ਦੀ ਵਾਰੀ ਤੋਂ ਇੱਕ ਘੰਟਾ ਪਹਿਲਾਂ ਖਵਾਉਣਾ. ਸੱਤ ਦਿਨ ਕੇਵਲ ਦੁੱਧ ਪੀਣ ਨੂੰ ਦੇਣਾ ਅਤੇ ਹੋਰ ਕੁਝ ਨਾ ਖਵਾਉਣਾ. ਸੁੰਢ, ਨਾਗਰਮੋਥਾ, ਕੁਟਕੀ, ਚਰਾਇਤਾ, ਲਾਲਚੰਦਨ, ਆਉਲੇ, ਗਿਲੋ, ਸਭ ਦੋ ਦੋ ਮਾਸ਼ੇ ਲੈਕੇ ਕਾੜ੍ਹਾ ਕਰਕੇ ਪਿਆਉਣੇ. "ਸੂਖਾ ਜ੍ਵਰ ਤੇਈਆ ਚੌਥਾਯਾ". (ਚਰਿਤ੍ਰ ੪੦੫) (ਕ) ਡੇਢਮਾਸੀਆ ਤਾਪ. ਇਹ ਤਾਪ ਡੇਢ ਮਹੀਨਾ ਨਿਰੰਤਰ ਰਹਿਂਦਾ ਹੈ, ਜਾਂ ਡੇਢ ਮਹੀਨੇ ਪਿੱਛੋਂ ਦੌਰਾ ਕਰਦਾ ਹੈ. ਇਹ ਭੀ ਵਿਖਮ ਜ੍ਵਰਾਂ ਵਿੱਚੋਂ ਹੈ. ਇਸ ਦਾ ਇਲਾਜ ਉਹੀ ਸਮਝਣਾ ਚਾਹੀਏ ਜੋ ਤੇਈਏ ਚੌਥਾਏ ਤਾਪ ਵਿੱਚ ਹੈ. ਕਦੇ ਕਦੇ ਤੋਰਕੀ ਦਾ ਤਾਪ ਭੀ ਡੇਢ ਮਹੀਨਾ ਰਹਿਂਦਾ ਹੈ. ਦੇਖੋ, ਬੀਸਾਯਾ ਤਾਪ. "ਡੇਢਮਾਸੀਆ ਫੁਨ ਤਪ ਭਯੋ". (ਚਰਿਤ੍ਰ ੪੦੫) (ਖ) ਤੇਈਆ ਤਾਪ. ਤ੍ਰਿਤੀਯਕ ਜ੍ਵਰ.੧ ਹ਼ੁੱਮਾ ਸਲਾਸਿਯਹ. Tertian fever. ਇਹ ਤਾਪ ਇੱਕ ਦਿਨ ਚੜ੍ਹਦਾ ਹੈ, ਦੂਜੇ ਦਿਨ ਨਹੀਂ, ਫੇਰ ਤੀਜੇ ਦਿਨ ਅਸਰ ਕਰਦਾ ਹੈ. ਇਸ ਦੇ ਚੜ੍ਹਨ ਵੇਲੇ ਪਾਲਾ ਲਗਦਾ (ਕਾਂਬਾ ਹੁੰਦਾ) ਹੈ. ਇਹ ਮਲੇਰੀਏ ਦੀ ਕਿਸਮ ਦਾ ਨੌਬਤੀ ਬੁਖ਼ਾਰ ਹੈ. ਸੁਸ਼੍ਰਤ ਵਿੱਚ ਲਿਖਿਆ ਹੈ ਕਿ ਕੰਠ ਗਤ ਦੋਸ ਇੱਕ ਦਿਨ ਰਾਤ ਵਿੱਚ ਹਿਰਦੇ ਵਿੱਚ ਜਾਂਦੇ ਹਨ, ਹਿਰਦੇ ਤੋਂ ਆਮਾਸ਼ਯ ਵਿੱਚ ਪਹੁਚਦੇ ਹਨ, ਉੱਥੇ ਪਹੁਚਕੇ ਤੇਈਆ ਤਾਪ ਪੈਦਾ ਕਰਦੇ ਹਨ. ਵੈਦਕ ਵਿੱਚ ਤੇਈਏ ਦੀਆਂ ਤਿੰਨ ਕਿਸਮਾਂ ਦੱਸੀਆਂ ਹਨ. ਕਫ ਅਤੇ ਪਿੱਤ ਦੀ ਅਧਿਕਤਾ ਵਾਲਾ ਪਹਿਲੋਂ ਤਿਹੱਡੇ ਤੋਂ ਸ਼ੁਰੂ ਹੋਕੇ ਸਾਰੇ ਸ਼ਰੀਰ ਵਿੱਚ ਫੈਲਦਾ ਹੈ. ਵਾਤ ਅਤੇ ਕਫ ਦੀ ਅਧਿਕਤਾ ਵਾਲਾ ਪਿੱਠ ਤੋਂ ਸ਼ੁਰੂ ਹੋਕੇ ਸਾਰੇ ਸ਼ਰੀਰ ਵਿੱਚ ਫੈਲਦਾ ਹੈ. ਵਾਤ ਪਿੱਤ ਦੀ ਅਧਿਕਤਾ ਵਾਲਾ ਸਿਰ ਤੋਂ ਸ਼ੁਰੂ ਹੋਕੇ ਸਾਰੇ ਸ਼ਰੀਰ ਵਿੱਚ ਫੈਲਦਾ ਹੈ. ਇਸ ਦੇ ਸਾਧਾਰਣ ਇਲਾਜ ਚੌਥਾਏ ਵਾਲੇ ਹੀ ਹਨ, ਪਰ ਕੁਨੀਨ ਦਾ ਵਰਤਣਾ ਇਸ ਤਾਪ ਵਿੱਚ ਬਹੁਤ ਗੁਣਕਾਰੀ ਹੈ. ਕੁਟਕੀ ਦਾ ਚੂਰਣ, ਨਿੰਮ ਅਤੇ ਤੁਲਸੀ ਦੇ ਪੱਤੇ, ਗਿਲੇ, ਚਰਾਇਤੇ ਅਤੇ ਧਨੀਏ ਦਾ ਕਾੜ੍ਹਾ, ਪੁਠਕੰਡੇ ਦੇ ਢਾਈ ਪੱਤੇ, ਸੁਦਰਸ਼ਨ ਚੂਰਨ ਆਦਿਕ ਦਵਾਈਆਂ ਭੀ ਤੇਈਆ ਤਾਪ ਦੂਰ ਕਰਦੀਆਂ ਹਨ. ਜੇ ਕਬਜ ਹੋਵੇ ਤਾਂ ਹਲਕਾ ਜੁਲਾਬ ਦੇ ਦੇਣਾ ਚਾਹੀਏ. ਖਾਣ ਨੂੰ ਦੁੱਧ ਮੂੰਗੀ ਪਾਲਕ ਚਾਉਲ ਆਦਿਕ ਨਰਮ ਗਿਜਾ, ਪੀਣ ਨੂੰ ਨਿਰਮਲ ਪਾਣੀ ਉਬਾਲਿਆ ਹੋਇਆ ਦੇਣਾ ਲੋੜੀਏ. ਰੋਗੀ ਨੂੰ ਸ੍ਵੱਛ ਪੌਣ ਵਿੱਚ ਰੱਖਣਾ ਚਾਹੀਏ. ਕਈ ਲੋਕ ਤੇਈਆ ਤਾਪ ਹਟਾਉਣ ਲਈ ਜੰਤ੍ਰ ਮੰਤ੍ਰ ਟੂਣੇ ਆਦਿ ਭੀ ਕਰਦੇ ਹਨ, ਪਰ ਇਹ ਕੇਵਲ ਅਗ੍ਯਾਨ ਦਾ ਕਰਮ ਹੈ. "ਸੂਖਾ ਜ੍ਵਰ ਤ਼ੇਈਆ ਚੌਥਾਯਾ". (ਚਰਿਤ੍ਰ ੪੦੫) (ਗ) ਪੀਤਜ੍ਵਰ. ਜ਼ਰਦ ਬੁਖ਼ਾਰ. ਦੇਖੋ, ਉਸਨ ਤਾਪ ਅਤੇ ਯਰਕਾਨ. (ਘ) ਬੀਸਾਯਾ ਤਾਪ. ਇਹ ਭੀ ਵਾਰੀ ਦਾ ਤਾਪ (ਨੌਬਤੀ) ਹੈ, ਜੋ ਚੌਥਾਏ ਤੇਈਏ ਵਾਂਙ ਵੀਹ ਦਿਨਾਂ ਪਿੱਛੋਂ ਆਉਂਦਾ ਹੈ. ਜੋ ਵੀਹ ਦਿਨ ਲਗਾਤਾਰ ਤਾਪ ਰਹੇ, ਉਹ ਭੀ ਬੀਸਾਯਾ ਹੈ.੧ ਹ਼ੁੱਮਾ ਮੁਤ਼ਬਿਕ਼ਾ ਮੁਤਨਾਕ਼ਿਸਹ. Typhoid fever. ਅਥਵਾ आन्त्रज्वर- ਆਂਤ੍ਰਜ੍ਵਰ Enteric fever. ਤੋਰਕੀ ਦਾ ਤਾਪ. ਪਾਣੀਝਾਰਾ. ਇਹ ਤਾਪ ਆਂਦ ਵਿੱਚ ਸੜੇ ਬੁਸੇ ਪਦਾਰਥ ਜਾਣ ਤੋਂ ਪੈਦਾ ਹੁੰਦਾ ਹੈ. ਅੰਤੜੀ ਅੰਦਰ ਛਾਲੇ ਹੋ ਜਾਂਦੇ ਹਨ. ਇਹ ਛੂਤ ਦਾ ਰੋਗ ਹੈ. ਬੀਸਾਏ ਤਾਪ ਵਿੱਚ ਕਦੇ ਖਾਂਸ਼ੀ ਅਤੇ ਪਸਲੀ ਦੇ ਦਰਦ ਦੀ ਸ਼ਕਾਇਤ ਭੀ ਹੋ ਜਾਂਦੀ ਹੈ. ਬਦਬੂਦਾਰ ਮਲ ਦਸਤਾਂ ਨਾਲ ਝੜਦੀ ਹੈ. ਇਸ ਤਾਪ ਦਾ ਇਲਾਜ ਕਿਸੇ ਸਿਆਣੇ ਤੋਂ ਛੇਤੀ ਕਰਾਉਣਾ ਚਾਹੀਏ. ਅਨਾਜ ਬੰਦ ਕਰਕੇ ਕੇਵਲ ਦੁੱਧ ਦੇਣਾ ਬਹੁਤ ਗੁਣਕਾਰੀ ਹੈ. ਅਰਕ ਬੇਦਮੁਸ਼ਕ ਅਰਕ ਗਾਉਜੁਬਾਨ ਪਿਆਉਣਾ, ਮੰਜੇ ਤੇ ਆਰਾਮ ਨਾਲ ਰਹਿਣਾ, ਘਰ ਵਸਤ੍ਰ ਆਦਿ ਦੀ ਪੂਰੀ ਸਫਾਈ ਰੱਖਣੀ, ਸ੍ਵੱਛ ਹਵਾ ਵਿੱਚ ਰਹਿਣਾ, ਸੁਗੰਧ ਵਾਲੇ ਫੁੱਲਾਂ ਦਾ ਪਾਸ ਰੱਖਣਾ, ਫਲਾਂ ਦਾ ਰਸ ਪੀਣਾ, ਧਨੀਆ, ਚੰਨਣ ਦਾ ਬੂਰ, ਕਪੂਰ, ਸਿਰਕਾ, ਅਰਕ ਗੁਲਾਬ ਵਿੱਚ ਮਿਲਾਕੇ ਸੁੰਘਾਉਣਾ ਲਾਭਦਾਇਕ ਹਨ. ਹੇਠ ਲਿਖੀਆਂ ਪੁੜੀਆਂ ਬੀਸਾਏ ਤਾਪ ਦਾ ਸਿੱਧ ਇਲਾਜ ਹਨ- ਵੰਸਲੋਚਨ, ਛੋਟੀਆਂ ਇਲਾਇਚੀਆਂ, ਸਤਗਿਲੋ, ਚਿੱਟਾ ਜੀਰਾ, ਕੌਲਡੋਡੇ ਦੀ ਗਿਰੂ, ਮਿਸ਼ਰੀ, ਇਹ ਸਭ ਇੱਕ ਇੱਕ ਤੋਲਾ, ਸੁੱਚੇ ਸਿੱਪ ਅਤੇ ਅਭਰਕ ਦਾ ਕੁਸ਼ਤਾ ਤਿੰਨ ਤਿੰਨ ਮਾਸ਼ੇ, ਕਹਿਰਵਾ ਤਿੰਨ ਮਾਸ਼ੇ, ਮੋਤੀ ਅਣਵਿੱਧ ਇੱਕ ਮਾਸ਼ਾ, ਇੱਕ ਤੋਲਾ ਰੂਹ ਕੇਉੜੇ ਵਿੱਚ ਖਰਲ ਕਰਕੇ ਇੱਕ ਮਾਸ਼ਾ ਚਾਂਦੀ ਦੇ ਵਰਕ ਮਿਲਾਉਣੇ, ਸਵਾ ਤੋਲਾ ਸਾਬਤ ਅਤੇ ਸਾਫ਼ ਖ਼ੂਬਕਲਾਂ ਸਾਰੀ ਦਵਾਈਆਂ ਨਾਲ ਮਿਲਾਕੇ ਬਾਸਠ (੬੨) ਪੁੜੀਆਂ ਕਰਨੀਆਂ. ਜੁਆਨ ਰੋਗੀ ਨੂੰ ਚਾਰ ਪੁੜੀਆਂ ਰੋਜ ਤਿੰਨ ਤਿੰਨ ਘੰਟੇ ਪਿੱਛੋਂ ਦੁੱਧ ਜਾਂ ਗਉਜੁਬਾਨ ਦੇ ਅਰਕ ਨਾਲ ਦੇਣੀਆਂ. "ਅਸਟ ਦਿਵਸਿਯਾ ਅਰੁ ਬੀਸਾਯਾ". (ਚਰਿਤ੍ਰ ੪੦੫)। (3) ਸੰਤਾਪ. ਦੁੱਖ. ਕਲੇਸ਼। (4) ਫਿਕਰ. "ਤਾਪ ਪਾਪ ਸੰਤਾਪ ਬਿਨਾਸੇ". (ਬਿਲਾ ਮਃ ੫)। (5) ਦੇਹ ਨੂੰ ਤਪਾਉਣ ਦਾ ਕਰਮ. ਤਪਸ੍ਯਾ. "ਹਰਿਧਨ ਜਾਪ ਹਰਿਧਨ ਤਾਪ". (ਗੂਜ ਮਃ ੫) "ਜਾਪ ਤਾਪ ਗਿਆਨ ਸਭ ਧਿਆਨ". (ਸੁਖਮਨੀ)। (6) ਦੇਖੋ, ਤਿੰਨ ਤਾਪ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits